ਸਾਲ 2020’ਚ ਉੱਠਿਆ ਕਿਸਾਨੀ ਅੰਦੋਲਨ ਸਿਆਸੀ ਪਾਰਟੀਆਂ ਨੂੰ ਵਾਹਣੀ ਪਾਉਣ ਦਾ ਗਵਾਹ ਬਣਿਆ

ਨਿਰੋਲ ਕਿਸਾਨੀ ਅੰਦੋਲਨ ਨੇ ਸਿਆਸੀ ਧਿਰਾਂ ਦੀ ਜ਼ਮੀਨ ਖਿਸਕਾਈ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਲ 2020 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਆਰਡੀਨੈਸਾਂ ਨੂੰ ਕਾਨੂੰਨਾਂ ਦਾ ਰੂਪ ਦੇਣ ਕਰਕੇ ਪੰਜਾਬ ਦੀ ਧਰਤੀ ਤੋਂ ਉੱਠੇ ਕਿਸਾਨੀ ਅੰਦੋਲਨ ਨੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਵਾਹਣੀ ਪਾਈ ਰੱਖਿਆ। ਇੱਥੋਂ ਤੱਕ ਕਿ ਕਿਸਾਨੀ ਅੰਦੋਲਨ ਦੇ ਸੇਕ ਨੇ ਹੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ 25 ਸਾਲ ਪੁਰਾਣੀ ਸਾਂਝ ਖੇਰੂ ਖੇਰੂ ਕਰ ਦਿੱਤੀ। ਆਲਮ ਇਹ ਰਿਹਾ ਕਿ ਬਾਦਲ ਪਰਿਵਾਰ ਦੀ ਨੂੰਹ ਨੂੰ ਕਿਸਾਨੀ ਰੋਹ ਕਾਰਨ ਹੀ ਕੇਂਦਰ ਦੀ ਵਜ਼ੀਰੀ ਤੋਂ ਹੱਥ ਧੋਣੇ ਪਏ। ਕਿਸਾਨੀ ਅੰਦੋਲਨ ਦੀ ਵੱਡੀ ਗੱਲ ਇਹ ਰਹੀ ਕਿ ਇਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਹੀ ਹਿਲਾ ਕੇ ਰੱਖ ਦਿੱਤਾ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਕਾਲ ਦੇ ਸਮੇਂ ਦੌਰਾਨ ਜੂਨ ਮਹੀਨੇ ਦੌਰਾਨ ਖੇਤੀ ਆਰਡੀਨੈਂਸ ਲਿਆਂਦੇ ਗਏ। ਇਨ੍ਹਾਂ ਆਰਡੀਨੈਂਸਾਂ ਦੇ ਉਜਾਗਰ ਹੋਣ ਤੋਂ ਬਾਅਦ ਹੀ ਪੰਜਾਬ ਅੰਦਰ ਕਿਸਾਨਾਂ ਨੇ ਕਮਰ ਕੱਸ ਲਈ ਅਤੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਮਾਰੂ ਗਰਦਾਨਿਆ ਗਿਆ। ਇਸ ਤੋਂ ਬਾਅਦ ਸਤੰਬਰ ਮਹੀਨੇ ਦੌਰਾਨ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਦਾ ਰੂਪ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਆਰ-ਪਾਰ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ।

ਇਸੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਇਨ੍ਹਾਂ ਕਾਨੂੰਨਾਂ ਖਿਲਾਫ਼ 15 ਸਤੰਬਰ ਨੂੰ ਲੰਬੀ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਉਂਜ ਇਸ ਤੋਂ ਪਹਿਲਾਂ ਅਕਾਲੀ ਦਲੀ ਵੱਲੋਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦਾ ਹਿਤੈਸੀ ਹੋਣ ਦੀ ਬਿਆਨਬਾਜੀ ਕੀਤੀ ਗਈ ਸੀ। ਕਿਸਾਨਾਂ ਵੱਲੋਂ ਇਨ੍ਹਾਂ ਮੋਰਚਿਆਂ ਦੁਆਰਾ ਅਕਾਲੀ ਦਲ ’ਤੇ ਪਏ ਦਬਾਅ ਅਤੇ ਆਪਣਾ ਵੋਟ ਬੈਂਕ ਖੁੱਸਦਾ ਦੇਖ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਵਜ਼ਾਰਤ ਦਾ ਮੋਹ ਤਿਆਗ ਕੇ ਅਸਤੀਫ਼ਾ ਦੇਣਾ ਪਿਆ।

ਭਖੇ ਕਿਸਾਨੀ ਸੰਘਰਸ ਕਾਰਨ ਕੁਝ ਦਿਨਾਂ ਬਾਅਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦੇਰ ਰਾਤ ਨੂੰ ਭਾਜਪਾ ਨਾਲ ਆਪਣੀ 25 ਸਾਲਾਂ ਦੀ ਸਾਂਝ ਨੂੰ ਤੋੜਨ ਦਾ ਐਲਾਨ ਕਰ ਦਿੱਤਾ ਗਿਆ। ਕਿਸਾਨੀ ਅੰਦੋਲਨ ਨੇ ਦੋਹਾਂ ਪਾਰਟੀਆਂ ਦੇ ਰਸਤੇ ਅਲੱਗ ਅਲੱਗ ਕਰ ਦਿੱਤੇ। ਕਿਸਾਨ ਜਥੇਬੰਦੀਆਂ ਨੇ ਆਪਣੇ ਸੰਘਰਸ਼ ਨੂੰ ਨਿਰੋਲ ਕਿਸਾਨੀ ਸੰਘਰਸ਼ ਰੱਖਿਆ ਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਤੋਂ ਦੂਰ ਰਹਿਣ ਦਾ ਐਲਾਨ ਕਰਨ ਤੋਂ ਬਾਅਦ ਇਨ੍ਹਾਂ ’ਚ ਅੰਦਰੋਂ ਅੰਦਰੀ ਭਾਜੜ ਮੱਚ ਗਈ। ਕਿਸਾਨ ਆਗੂਆਂ ਨੇ ਸਾਫ਼ ਕਹਿ ਦਿੱਤਾ ਕਿ ਕੋਈ ਵੀ ਆਗੂ ਆਪਣੇ ਪਾਰਟੀ ਦੇ ਝੰਡੇ ਦੀ ਥਾਂ ਕਿਸਾਨੀ ਝੰਡੇ ਹੇਠ ਇਸ ਸੰਘਰਸ਼ ’ਚ ਸ਼ਾਮਲ ਹੋਵੇ ਅਤੇ ਕਿਸੇ ਨੂੰ ਕਿਸਾਨੀ ਸਟੇਜ਼ ’ਤੇ ਚੜ੍ਹਨ ਦੀ ਆਗਿਆ ਨਹੀਂ ਹੋਵੇਗੀ।

ਸੱਤਾਧਿਰ ਕਾਂਗਰਸ ਪਾਰਟੀ ਵੱਲੋਂ ਭਾਵੇਂ ਕਿਸਾਨਾਂ ਦੇ ਹੱਕ ਵਿੱਚ ਕਈ ਰੋਸ਼ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ ਜਦਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਕਿਸਾਨੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰਕੇ ਕਿਸਾਨਾਂ ਦਾ ਹਮਦਰਦ ਬਣਨ ਦੀ ਪੂਰੀ ਵਾਹ ਲਾਈ ਗਈ। ਪੰਜਾਬ ਅੰਦਰ ਭਾਜਪਾ ਤਾਂ ਬੁਰੀ ਤਰ੍ਹਾਂ ਕਿਸਾਨੀ ਅੰਦੋਲਨ ’ਚ ਘਿਰੀ ਹੋਈ ਹੈ ਜਦਕਿ ਪਿਛਲੇ ਦਿਨੀਂ ਹੀ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਵੀ ਕੀਤਾ ਗਿਆ। ਪਿੰਡਾਂ ਵਿੱਚ ਕਿਸਾਨੀ ਕਾਨੂੰਨਾਂ ਦੇ ਫੈਲੇ ਭਾਰੀ ਵਿਰੋਧ ਨੇ ਵੋਟਾਂ ਵਟੋਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਡੂੰਘੇ ਫਿਕਰਾਂ ਵਿੱਚ ਪਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੇ ਅਗਲੇ ਸਿਆਸੀ ਭਵਿੱਖ ਦੀ ਸਮਝ ਨਹੀਂ ਆ ਰਹੀ। ਕਿਸਾਨੀ ਅੰਦੋਲਨ ਮੌਜੂਦਾ ਸਮੇਂ ਸਿਖਰਾਂ ’ਤੇ ਪੁੱਜਾ ਹੋਇਆ ਹੈ ਅਤੇ ਰਾਜਨੀਤਿਕ ਪਾਰਟੀਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।

ਕਿਸਾਨੀ ਹੱਕ ’ਚ ਵਜਾਈ ਆਪੋ-ਆਪਣੀ ਡਫਲੀ

ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਅੰਦਰ ਤਿੰਨ ਰੋਜ਼ਾ ਟਰੈਕਟਰ ਮਾਰਚ ਵੀ ਕੀਤੇ ਗਏ, ਪਰ ਕਿਸਾਨਾਂ ਨੇ ਬਹੁਤੀ ਤਵੱਜੋਂ ਨਹੀਂ ਦਿੱਤੀ। ਅਕਾਲੀ ਦਲ ਵੱਲੋਂ ਕਿਸਾਨੀ ਕਾਨੂੰਨਾਂ ਦੇ ਵਿਰੋਧ ’ਚ ਚੰਡੀਗੜ੍ਹ ਵਿਖੇ ਵੱਡਾ ਇਕੱਠ ਕੀਤਾ ਗਿਆ ਅਤੇ ਇਸ ਦੌਰਾਨ ਵੀ ਹਰਸਿਮਰਤ ਕੌਰ ਬਾਦਲ ਦੇ ਕਈ ਥਾਵਾਂ ਤੋਂ ਗੁਜ਼ਰਨ ਮੌਕੇ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ। ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਕਾਰਕੁੰਨਾਂ ’ਤੇ ਡਾਂਗ ਵੀ ਵਾਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.