ਜਿਸ ‘ਤੇ ਜੱਗ ਹੱਸਿਆ, ਉਸ ਨੇ ਇਤਿਹਾਸ ਰਚਿਆ!
ਸਹੀ ਸਮੇਂ ਕੀਤਾ ਸਹੀ ਫੈਸਲਾ ਸਫ਼ਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਬਰਾਬਰ ਹੁੰਦਾ ਹੈ। ਉਮਰਾਂ ਕਦੇ ਵੀ ਸਫ਼ਲਤਾ ਦੇ ਰਾਹ ਦਾ ਅੜਿੱਕਾ ਨਹੀਂ ਬਣਦੀਆਂ। ਮੰਜ਼ਿਲਾਂ ਉਮਰਾਂ ਦੀਆਂ ਮੁਹਤਾਜ਼ ਵੀ ਨਹੀਂ ਹੁੰਦੀਆਂ। ਆਪਣੇ ਹੁਨਰ ਨੂੰ ਪਛਾਣ ਕੇ ਚੁਣਿਆ ਰਸਤਾ ਕਦੇ ਗਲਤ ਨਹੀਂ ਹੁੰਦਾ। ਜਿਸ ਦੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਹੋਵੇ, ਉਸ ਨੂੰ ਸਫ਼ਲਤਾ ਮਿਲੇ ਬਿਨਾਂ ਨਹੀਂ ਰਹਿੰਦੀ। ਸਫ਼ਲਤਾ ਕਿਸੇ ਵਿਸ਼ੇਸ਼ ਵਿਅਕਤੀ ਦੀ ਮੁਹਤਾਜ਼ ਨਹੀਂ। ਜੋ ਵੀ ਸੱਚੇ ਦਿਲੋਂ, ਇਮਾਨਦਾਰੀ ਤੇ ਪੱਕੇ ਇਰਾਦੇ ਨਾਲ ਮਿਹਨਤ ਕਰਦਾ ਹੈ, ਸਫ਼ਲਤਾ ਲਾਜ਼ਮੀ ਉਸ ਦੇ ਪੈਰ ਚੁੰਮਦੀ ਹੈ। ਮਹਾਨ ਵਿਅਕਤੀ ਦੁੱਖ ਆਉਣ ‘ਤੇ ਆਪਣੀ ਕਿਸਮਤ ਨੂੰ ਨਹੀਂ ਕੋਸਦੇ। ਅਸਫ਼ਲਤਾ ਨੂੰ ਸਫਲਤਾ ‘ਚ ਬਦਲਣ ਲਈ ਉਹ ਹੋਰ ਪਕੇਰੀ ਲਗਨ ਨਾਲ ਮਿਹਨਤ ਕਰਦੇ ਹਨ। ਆਮ ਲੋਕਾਂ ਵਾਂਗ ਉਹ ਕਿਸਮਤ, ਸਮੇਂ ਤੇ ਹੋਰ ਕਾਰਨਾਂ ਪ੍ਰਤੀ ਸ਼ਿਕਵੇ ਨਹੀਂ ਪ੍ਰਗਟਾਉਂਦੇ ਕਿਉਂਕਿ ਉੱਚੀ ਉਡਾਨ ਦੇ ਪਰਿੰਦੇ ਕਦੇ ਸ਼ਿਕਵੇ ਨਹੀਂ ਕਰਦੇ।
ਉਕਤ ਕਥਨ ਮਹਾਨ ਤੇ ਸਫ਼ਲ ਵਿਅਕਤੀਆਂ ‘ਤੇ ਪੂਰੀ ਤਰ੍ਹਾਂ ਢੁੱਕਦੇ ਹਨ। ਅਜਿਹੀਆਂ ਕੁਝ ਸੰਸਾਰ ਪ੍ਰਸਿੱਧ ਸ਼ਖਸੀਅਤਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ‘ਪਾਗਲ’ ਕਿਹਾ ਤੇ ਟਿੱਚਰਾਂ ਵੀ ਕੀਤੀਆਂ ਪਰ ਸਦਕੇ ਜਾਈਏ ਉਨ੍ਹਾਂ ਸਿਦਕਵਾਨਾਂ ਦੇ ਜਿਨ੍ਹਾਂ ਨੇ ਜ਼ਮਾਨੇ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣੇ ਉਦੇਸ਼ ਨੂੰ ਪਾਉਣ ਲਈ ਅਡਿੱਗ ਰਹੇ। ਆਪਣੇ ਹਾਲਾਤਾਂ ਨੂੰ ਆਪਣੇ ‘ਤੇ ਕਦੇ ਇਨ੍ਹਾਂ ਨੇ ਹਾਵੀ ਨਹੀਂ ਹੋਣ ਦਿੱਤਾ ਸਗੋਂ ਹਾਲਾਤਾਂ ਨੂੰ ਆਪਣੇ ਅਨੁਕੂਲ ਬਣਾ ਕੇ ਇਨ੍ਹਾਂ ਨੇ ਮਹਾਨਤਾ ਰੂਪੀ ਬੁਲੰਦੀ ਨੂੰ ਛੋਹਿਆ ਹੈ।
ਭਾਰਤ ਰਤਨ ਡਾ. ਭੀਮ ਰਾਉ ਅੰਬੇਦਕਰ ਜੋ ਗਰੀਬੀ ਤੇ ਛੂਤਛਾਤ ਦੀ ਦਲਦਲ ਨੂੰ ਪਾਰ ਕਰਕੇ ਉਸ ਮੁਕਾਮ ‘ਤੇ ਪਹੁੰਚੇ, ਜਿੱਥੇ ਪਹੁੰਚਣਾ ਸਹੂਲਤਾਂ ਭੋਗੀਆਂ ਲਈ ਵੀ ਸੰਭਵ ਨਹੀਂ ਹੋ ਸਕਿਆ। ਸਕੂਲ-ਕਾਲਜ ‘ਚ ਵਿਤਕਰਾ, ਖੁਦ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ, ਅਧਿਆਪਕ ਤੇ ਬੱਚੇ ਪਰਛਾਵੇਂ ਤੋਂ ਵੀ ਡਰਦੇ ਸਨ। ਪਰਿਵਾਰ ਦੇ ਰਹਿਣ ਲਈ ਮਾਤਰ ਇੱਕ ਕਮਰਾ ਜੋ ਘਰ ਦੇ ਸਾਮਾਨ ਨਾਲ ਭਰਿਆ ਹੋਇਆ ਸੀ, ਰੌਸ਼ਨੀ ਦਾ ਕੋਈ ਤਸੱਲੀਬਖਸ਼ ਪ੍ਰਬੰਧ ਨਹੀਂ ਸੀ। ਹਰ ਪਾਸੇ ਮੁਸ਼ਕਲਾਂ ਦਾ ਸਮੁੰਦਰ ਸੀ ਤੇ ਉਹ ਇਸ ਸਮੁੰਦਰ ਵਿੱਚ ਆਪਣੀ ਬੁੱਧੀ ਤੇ ਜਨੂੰਨ ਦੇ ਸਿਰ ‘ਤੇ ਕੁੱਦ ਪਏ ਬੱਸ ਫਿਰ ਕੀ ਸੀ ਹਰ ਮੁਸ਼ਕਲ ਉਨ੍ਹਾਂ ਦੇ ਸਿਰੜ ਅੱਗੇ ਛੋਟੀ ਪੈਂਦੀ ਗਈ। ਆਪਣੇ ਕੰਮ ਪ੍ਰਤੀ ਲਗਨ ਤੇ ਬੇਹੱਦ ਡੂੰਘੇ ਅਧਿਐਨ ਨੇ ਉਨ੍ਹਾਂ ਨੂੰ ‘ਸਿੰਬਲ ਆਫ ਨਾਲੇਜ਼’ ਬਣਾ ਦਿੱਤਾ ਅਤੇ ਉਨ੍ਹਾਂ ਦੀ ਵਿਦਵਤਾ ਦਾ ਲੋਹਾ ਸਾਰਾ ਸੰਸਾਰ ਮੰਨਦਾ ਹੈ।
ਥਾਮਸ ਅਲਵਾ ਐਡੀਸਨ, ਜਿਨ੍ਹਾਂ ਦਾ ਬਣਾਇਆ ਬੱਲਬ ਹਰ ਘਰ ਨੂੰ ਰੁਸ਼ਨਾ ਰਿਹਾ ਹੈ, ਉਨ੍ਹਾਂ ਨੂੰ ਸਕੂਲ ‘ਚੋਂ ‘ਮੰਦਬੁੱਧੀ’ ਕਹਿ ਕੇ ਕੱਢ ਦਿੱਤਾ ਸੀ। ਇਸੇ ਤਰ੍ਹਾਂ ਹੀ ਸਰ ਜਗਦੀਸ਼ ਚੰਦਰ ਬੋਸ, ਜੋ ਭਾਰਤ ‘ਚ ਪੈਦਾ ਹੋਏ, ਉਨ੍ਹਾਂ ਨੂੰ ਬਨਸਪਤੀ ਨਾਲ ਕਾਫੀ ਮੋਹ ਸੀ। ਸਕੂਲੋਂ ਇਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਇਜ਼ਾਦ ਕੀਤੀ ਮਸ਼ੀਨ ‘ਕਰੈਸਕੋਗ੍ਰਾਫ’ ਜੋ ਇਹ ਦੱਸਦੀ ਹੈ ਕਿ ਪੌਦੇ ਵੀ ਸੰਗੀਤ ਸੁਣ ਕੇ ਖੁਸ਼ ਹੁੰਦੇ ਹਨ ਤੇ ਦੁੱਖ-ਦਰਦ ਵੀ ਮਹਿਸੂਸ ਕਰਦੇ ਹਨ।
ਸਦੀ ਦੇ ਮਹਾਨ ਅਦਾਕਾਰ ਅਮਿਤਾਭ ਬਚਨ ਨੂੰ ਰੇਡੀਓ ਅਨਾਊਂਸਰ ਦੀ ਨੌਕਰੀ ਇਹ ਕਹਿ ਕੇ ਨਾ ਦਿੱਤੀ ਕਿ ਉਨ੍ਹਾਂ ਦੀ ਆਵਾਜ਼ ਖਰਾਬ ਹੈ ਤੇ ਰੇਡੀਓ ‘ਤੇ ਅਜਿਹੀ ਆਵਾਜ਼ ਕਿਸੇ ਕੰਮ ਦੀ ਨਹੀਂ, ਪਰ ਉਨ੍ਹਾਂ ਦੀ ਆਵਾਜ਼ ‘ਚ ਬੋਲੇ ਡਾਇਲਾਗ ਅੱਜ ਮੀਲ ਪੱਥਰ ਹਨ। ਮਾਈਕ੍ਰੋਸਾਫਟ ਦੇ ਨਿਰਮਾਤਾ ਬਿਲ ਗੇਟਸ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਆਮ ਪਰਿਵਾਰ ‘ਚ ਪੈਦਾ ਹੋ ਕੇ ਉਨ੍ਹਾਂ ਉਹ ਕਰ ਦਿਖਾਇਆ, ਜੋ ਬੇਮਿਸਾਲ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ‘ਚ ਸ਼ੁਮਾਰ ਹਨ। ਉਹ ਅਕਸਰ ਕਹਿੰਦੇ ਹਨ, ‘ਜੇਕਰ ਤੁਸੀਂ ਗਰੀਬ ਘਰ ਜੰਮੇ ਹੋ ਇਹ ਤੁਹਾਡੀ ਗਲਤੀ ਨਹੀਂ, ਪਰ ਜੇਕਰ ਤੁਸੀਂ ਗਰੀਬ ਹੀ ਮਰਦੇ ਹੋ, ਇਹ ਗਲਤੀ ਤੁਹਾਡੀ ਹੈ।’
ਜ਼ਿੰਦਗੀ ‘ਚ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਇਤਿਹਾਸ ‘ਚ ਜੋ ਵੀ ਮਹਾਨ ਵਿਅਕਤੀ ਹਨ, ਉਹ ਇੱਕ ਦਿਨ ‘ਚ ਹੀ ਮਹਾਨ ਨਹੀਂ ਬਣੇ, ਸਗੋਂ ਸਾਲਾਂਬੱਧੀ ਸਖ਼ਤ ਮਿਹਨਤ ਤੇ ਅਸਫ਼ਲਤਾ ਦੇ ਕਈ-ਕਈ ਝਟਕਿਆਂ ਤੋਂ ਬਾਅਦ ਹੀ ਇਨ੍ਹਾਂ ਨੇ ਆਪਣੇ ਮੁਕਾਮ ਪਾਏ ਹਨ। ਸੰਕਟ ਤੇ ਸੰਘਰਸ਼ ਸਦਾ ਇਨ੍ਹਾਂ ਦੇ ਨਾਲ ਚੱਲਦੇ ਰਹੇ ਹਨ ਪਰ ਇਨ੍ਹਾਂ ਨੇ ਜਿਸ ਵੀ ਕੰਮ ਨੂੰ ਹੱਥ ‘ਚ ਲਿਆ, ਉਸ ਨੂੰੂ ਪੂਰਾ ਕਰ ਕੇ ਹੀ ਸਾਹ ਲਿਆ। ਇਨ੍ਹਾਂ ਨੇ ਜਿਉਣਾ ਹੀ ਸੰਕਟਾਂ ਤੇ ਮੁਸ਼ਕਲਾਂ ਤੋਂ ਸਿੱਖਿਆ, ਕਿਉਂਕਿ ਸੰਕਟ ਤੇ ਮੁਸ਼ਕਲਾਂ ਵੀ ਜ਼ਿੰਦਗੀ ਦੀਆਂ ਉਸਤਾਦ ਹਨ, ਜੋ ਸਾਨੂੰ ਜਿਉਣਾ ਸਿਖਾਉਂਦੀਆਂ ਹਨ। ਸਫ਼ਲ ਹੋਣ ਲਈ ਮੁੱਖ ਤੌਰ ‘ਤੇ ਇਹ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਸਭ ਤੋਂ ਪਹਿਲਾਂ ਆਪਣੀ ਪ੍ਰਤਿਭਾ ਪਛਾਨਣੀ, ਦੂਰਦ੍ਰਿਸ਼ਟੀ ਨਾਲ ਸੋਚ-ਵਿਚਾਰ ਤੇ ਨਿਸ਼ਾਨਾ ਤੈਅ ਕਰਨਾ, ਪੱਕਾ ਤੇ ਮਜ਼ਬੂਤ ਇਰਾਦਾ, ਇਮਾਨਦਾਰੀ ਨਾਲ ਸਖ਼ਤ ਮਿਹਨਤ ਅਤੇ ਸੰਜਮ ਸਫ਼ਲਤਾ ਦਾ ਮੂਲ ਮੰਤਰ ਹੈ।
ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਸ ਲਈ ਸੰਜਮ ਰੱਖੋ। ਕਦੇ ਵੀ ਕਾਹਲ ਨਾ ਕਰੋ। ਸਹਿਯੋਗ ਦੇਣ ਅਤੇ ਲੈਣ ਦੀ ਸਮਰੱਥਾ ਵਧਾਓ, ਜਿਸ ਨਾਲ ਚੰਗਾ ਸਿੱਖਣ ਦੀ ਸਮਰੱਥਾ ਵਧੇਗੀ। ਗਲਤ ਤਰੀਕਿਆਂ ਨਾਲ ਸਫ਼ਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸਫ਼ਲ ਹੋ ਵੀ ਜਾਂਦੇ ਹੋ, ਤੁਹਾਡੇ ਅੰਦਰ ਭੈਅ ਘਰ ਕਰ ਜਾਵੇਗਾ ਤੇ ਆਨੰਦ ਸਦਾ ਲਈ ਉਡਾਰੀ ਮਾਰ ਜਾਵੇਗਾ। ਤੁਹਾਡੀ ਆਤਮਾ ਤਹਾਨੂੰ ਸਦਾ ਧੋਖੇਬਾਜ਼ ਕਹਿੰਦੀ ਰਹੇਗੀ। ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ ਆਪਣੀ ਸ਼ਕਤੀ ਵਧਾਓ, ਦੂਜਿਆਂ ਤੋਂ ਜ਼ਿਆਦਾ ਸੋਚ-ਵਿਚਾਰ ਕੇ ਜ਼ਿਆਦਾ ਮਿਹਨਤ ਕਰੋ, ਸਫ਼ਲਤਾ ਤੁਹਾਡੇ ਦਰਵਾਜ਼ੇ ‘ਤੇ ਖੜ੍ਹੀ ਮਿਲੇਗੀ।
ਜਿਸ ਖੇਤਰ ‘ਚ ਤੁਸੀਂ ਮਿਹਨਤ ਕਰਨੀ ਹੈ, ਉਸ ‘ਚ ਤੁਹਾਡੀ ਦਿਲਚਸਪੀ ਲਾਜ਼ਮੀ ਹੈ। ਉਂਜ ਮਹਾਨ ਤੇ ਸਫ਼ਲ ਲੋਕ ਸਫ਼ਲਤਾ ਲਈ ਨੀਰਸ ਕੰਮ ਨੂੰ ਵੀ ਕਰਨ ਦੀ ਸਮਰੱਥਾ ਰੱਖਦੇ ਹਨ ਤੇ ਕਰਦੇ ਹਨ। ਕੰਮ ਜਾਂ ਮਿਹਨਤ ਆਨੰਦ ਮਾਣਦਿਆਂ ਕਰੋ ਨਾ ਕਿ ਬੋਝ ਸਮਝ ਕੇ। ਕਦੇ ਵੀ ਨਾਂਹ ਪੱਖੀ ਲੋਕਾਂ ਦੀ ਸੋਹਬਤ ਨਾ ਕਰੋ ਕਿਉਂਕਿ ਉਹ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਖਤਮ ਕਰ ਸਕਦੇ ਹਨ ਤੇ ਤੁਹਾਡੇ ਹੌਂਸਲੇ ਨੂੰ ਢਾਹ ਲਾ ਸਕਦੇ ਹਨ
ਇੱਕ ਸਮੇਂ ਇੱਕ ਹੀ ਕੰਮ ਕਰੋ ਤਾਂ ਚੰਗਾ ਹੈ। ਸਾਰਾ ਧਿਆਨ ਇੱਕ ਨਿਸ਼ਾਨੇ ‘ਤੇ ਹੀ ਕੇਂਦਰਿਤ ਕਰੋ। ਇਸਨੂੰ ਬਿਖਰਨ ਨਾ ਦਿਓ। ਉੱਤਲ ਲੈਂਜ਼ ਦੀ ਇਹ ਖੂਬੀ ਹੈ ਕਿ ਜੇਕਰ ਧੁੱਪ ‘ਚ ਉਸ ਦੇ ਹੇਠਾਂ ਕਾਗਜ਼ ਰੱਖ ਦੇਈਏ ਤਾਂ ਕੁਝ ਸਮੇਂ ਬਾਅਦ ਕਾਗਜ਼ ਸੜਣ ਲੱਗ ਜਾਂਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿ ਸਾਰੀਆਂ ਕਿਰਨਾਂ ਇੱਕ ਫੋਕਸ ‘ਤੇ ਕੇਂਦਰਿਤ ਹੋ ਜਾਂਦੀਆਂ ਹਨ।
ਤਣਾਅ ਤੇ ਚਿੰਤਾ ਤੋਂ ਦੂਰੀ ਬਣਾ ਕੇ ਰੱਖੋ। ਜ਼ਿੰਦਗੀ ਦਾ ਕੋਈ ਵੀ ਫੈਸਲਾ ਚਿੰਤਾ ਜਾਂ ਜ਼ਿਆਦਾ ਖੁਸ਼ੀ ‘ਚ ਨਹੀਂ ਕਰਨਾ ਚਾਹੀਦਾ। ਚਿੰਤਾ ਚਿਤਾ ਦਾ ਕੰਮ ਕਰਦੀ ਹੈ, ਜੋ ਹੌਲੀ-ਹੌਲੀ ਤੁਹਾਡੀਆਂ ਮਾਨਸਿਕ ਸ਼ਕਤੀਆਂ ਤੇ ਆਤਮਬਲ ਨੂੰ ਹਰਾ ਦਿੰਦੀ ਹੈ। ਚਿੰਤਾ ‘ਚ ਕੀਤਾ ਕੰਮ ਕਦੇ ਵੀ ਸਹੀ ਢੰਗ ਨਾਲ ਸਿਰੇ ਨਹੀਂ ਚੜ੍ਹਦਾ ਕਿਉਂਕਿ ਚਿੰਤਾ ਦੇ ਨਾਲ ਸੋਚ-ਵਿਚਾਰ ਕਰਨ ਦੀ ਸ਼ਕਤੀ ਵੀ ਨਾ ਮਾਤਰ ਰਹਿ ਜਾਂਦੀ ਹੈ।
ਸਫਲਤਾ ਬੰਦ ਦਰਵਾਜ਼ੇ ‘ਚ ਪਈ ਚੀਜ਼ ਦੇ ਸਾਮਾਨ ਹੈ ਤੇ ਸਖ਼ਤ ਮਿਹਨਤ ਇਸ ਦੀ ਕੁੰਜੀ ਹੈ, ਜੋ ਇਸ ਨੂੰ ਖੋਲ੍ਹ ਸਕਦੀ ਹੈ। ਸਫ਼ਲਤਾ ਹਾਸਲ ਕਰਨ ਲਈ ਸਾਡੀ ਕਹਿਣੀ ਤੇ ਕਰਨੀ ਇੱਕ ਹੌਣੀ ਚਾਹੀਦੀ ਹੈ। ਜ਼ਿਆਦਾ ਖਾਣਾ, ਜ਼ਿਆਦਾ ਸੌਣਾ ਤੇ ਜ਼ਿਆਦਾ ਗੱਲਾਂ ਕਰਨੀਆਂ ਛੱਡ ਦਿਓ, ਬੱਸ ਮਿਹਨਤ ਕਰੋ। ਕਾਮਯਾਬ ਵਿਅਕਤੀਆਂ ਨੇ 15-18 ਘੰਟੇ ਰੋਜ਼ ਦੀ ਮਿਹਨਤ ਤੇ ਉਹ ਵੀ ਸਾਲਾਂਬੱਧੀ ਕੀਤੀ ਹੁੰਦੀ ਹੈ ਤੇ ਭੁੱਖ-ਨੀਂਦ ਤਾਂ ਉਹ ਭੁੱਲ ਹੀ ਜਾਂਦੇ ਸਨ।
ਹਰ ਸਫ਼ਲ ਵਿਅਕਤੀ ਦੀ ਦਰਦ ਭਰੀ ਕਹਾਣੀ ਹੁੰਦੀ ਤੇ ਇਸ ਦਰਦ ਭਰੀ ਕਹਾਣੀ ਦਾ ਅੰਤ ਸਫ਼ਲਤਾ ਹੁੰਦਾ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਇੱਕ ਜਜ਼ਬਾ ਹੋਣਾ ਚਾਹੀਦੈ ਕਿ ਅਸੀਂ ਦੇਸ਼, ਸਮਾਜ ਨੂੰ ਕੁਝ ਚੰਗਾ ਦੇਣਾ ਹੈ ਅਤੇ ਇਤਿਹਾਸ ਰਚਣਾ ਹੈ। ਜੋ ਲੋਕ ਸਾਡੇ ਉੱਪਰ ਹੱਸਦੇ ਹਨ, ਸਫ਼ਲਤਾ ਨਾਲ ਉਨ੍ਹਾਂ ਦਾ ਮੂੰਹ ਹਰ ਹੀਲੇ ਬੰਦ ਕਰਨਾ ਹੈ। ਜੇਕਰ ਸਫ਼ਲ ਨਾ ਹੋਏ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ ਕਿਉਂਕਿ ਇੱਥੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਛਿਪਦੇ ਨੂੰ ਕੋਈ ਨਹੀਂ ਪੁੱਛਦਾ।
ਚੱਕ ਬਖਤੂ, ਬਠਿੰਡਾ
ਮੋ. 94641-72783
ਲੇਖਕ ਰੈਜ਼ੀਡੈਂਟ ਮੈਡੀਕਲ ਅਫਸਰ ਹੈ
ਡਾ. ਗੁਰਤੇਜ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ