ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ

ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ

ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿੱਚ ਵਿਆਹ ਕਰਨ ਆਉਂਦੇ ਹਨ, ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ। ਜਿਸ ਨੂੰ ਪੰਜਾਬੀ ਫੈਸ਼ਨ ਸਮਝ ਕੇ ਬਿਨਾ ਸੋਚੇ-ਸਮਝੇ ਅਪਣਾ ਲੈਂਦੇ ਹਨ। ਜਿਸ ਦੇ ਨਤੀਜੇ ਜ਼ਿਆਦਾਤਰ ਘਾਤਕ ਸਿੱਧ ਹੁੰਦੇ ਹਨ। ਪੈਲੇਸਾਂ ਦੇ ਵਿਆਹ, ਮਰਨ ਉਪਰੰਤ ਭੋਗ ’ਤੇ ਉੱਚ ਪੱਧਰ ਦਾ ਖਰਚਾ, ਬਿਰਧ ਆਸ਼ਰਮ, ਪ੍ਰੀ-ਵੈਡਿੰਗ ਇਨ੍ਹਾਂ ਪਰਦੇਸੀਆਂ ਦੀ ਹੀ ਦੇਣ ਹਨ।

ਪੰਜਾਬ ਦੇ ਵਿਆਹਾਂ ਵਿਚ ਇੱਕ ਨਵਾਂ ਸਿਲਸਿਲਾ ਚੱਲ ਰਿਹਾ ਹੈ ਜਿਸ ਵਿੱਚ ਪ੍ਰੀ-ਵੈਡਿੰਗ ਦੇ ਨਾਂਅ ਹੇਠ ਸਭ ਵਰਗ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਲੜਕੇ-ਲੜਕੀ ਦੀ ਅੰਗੂਠੀ ਦੀ ਰਸਮ (ਰਿੰਗ ਸੈਰੇਮਨੀ) ਤੋਂ ਬਾਅਦ, ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਬੰਧਨ ਵਿੱਚ ਬੱਝਣ ਜਾ ਰਹੀ ਜੋੜੀ ਆਪਣੀਆਂ ਯਾਦਾਂ ਦੀ ਇੱਕ ਫਿਲਮ ਤਿਆਰ ਕਰਦੀ ਹੈ, ਜਿਸ ਵਿੱਚ ਦੋਹਾਂ ਉੱਪਰ ਫਿਲਮਾਏ ਗਏ ਸੀਨ ਵਿਆਹ ਵਾਲੇ ਦਿਨ ਪੈਲਸਾਂ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਪਹੁੰਚੇ ਸੱਜਣਾਂ ਨੂੰ ਫਿਲਮ ਦੇ ਰੂਪ ਵਿੱਚ ਵਿਖਾਏ ਜਾਂਦੇ ਹਨ।

ਵਿਆਹ ਵਿੱਚ ਗੀਤ-ਸੰਗੀਤ ਮਨੋਰੰਜਨ ਦਾ ਸਾਧਨ ਸੀ। ਪਰੰਤੂ ਹੁਣ ਮਨੋਰੰਜਨ ਕਰਨ ਲਈ ਲੜਕੀ ਸਿਰਫ਼ ਵੇਖਣ ਵਾਲੀ ਵਸਤੂ ਹੀ ਸਮਝੀ ਜਾਂਦੀ ਹੈ। ਕਈ ਵਾਰ ਤਾਂ ਸ਼ਰਮ-ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ, ਛੋਟੇ ਕੱਪੜਿਆਂ ਵਾਲੇ ਅੱਧ-ਨੰਗੇ ਜਿਸਮ ਦੀ ਨੁਮਾਇਸ਼ ਲਾਉਂਦੇ ਘਟੀਆ ਨਾਚ ਵੀ ਦਿਖਾਏ ਜਾਂਦੇ ਹਨ। ਉਸ ਸਮੇਂ ਮੌਜੂਦ ਲੋਕ ਪਰ੍ਹੇ ਮੂੰਹ ਕਰ ਸਰਮਸ਼ਾਰ ਹੋ ਰਹੇ ਹੁੰਦੇ ਹਨ। ਲੜਕੀ ਦੇ ਮਾਪਿਆਂ ਲਈ ਇਹ ਸਭ ਕਿੰਨਾ ਕੁ ਸਹੀ ਹੈ ਆਪਾਂ ਸਭ ਭਲੀ-ਭਾਂਤ ਜਾਣਦੇ ਹਾਂ

ਸਾਡੇ ਸਮਾਜ ਦੀ ਮਾਨਸਿਕਤਾ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਇੱਕ ਪਿਉ, ਸਹੁਰਾ ਤੇ ਪਤੀ ਲੋਕਾਂ ਨੂੰ ਫਿਲਮ ਵਿਖਾ ਕੇ ਦੱਸ ਰਹੇ ਹੁੰਦੇ ਹਨ ਕਿ ਸਾਡੀ ਨੂੰਹ ਅਤੇ ਧੀ ਦੀ ਕੀ ਇੱਜ਼ਤ ਹੈ… ਸਾਡੀਆਂ ਨਜ਼ਰਾਂ ਵਿੱਚ। ਕੋਈ ਸਮਾਂ ਹੁੰਦਾ ਸੀ ਜਦੋਂ ਸਾਡੀ ਧੀ-ਭੈਣ ਨੂੰ ਵਿਆਹ-ਸ਼ਾਦੀ ਸਮੇਂ ਕੱਪੜਿਆਂ ਵਿੱਚ ਲਪੇਟ ਕੇ ਅਨੰਦ ਕਾਰਜਾਂ ਉੱਪਰ ਬਿਠਾਇਆ ਜਾਂਦਾ ਸੀ, ਸਰੀਰ ਦਾ ਕੋਈ ਵੀ ਅੰਗ ਉਨ੍ਹਾਂ ਕੱਪੜਿਆਂ ਤੋਂ ਬਾਹਰ ਦਿਖਾਈ ਨਹੀਂ ਦਿੰਦਾ ਸੀ ਜੋ ਕਿ ਸਾਡੇ ਸਮਾਜ ਅੰਦਰ ਪੰਜਾਬ ਦੇ ਸੱਭਿਆਚਾਰ ਵਿੱਚ ਸ਼ਾਮਿਲ ਹੈ।

ਜੇਕਰ ਕੋਈ ਵਿਅਕਤੀ ਲੜਕੀ ਅਤੇ ਲੜਕੇ ਦੇ ਮਾਤਾ-ਪਿਤਾ ਨੂੰ ਇਸ ਪ੍ਰੀ-ਵੈਡਿੰਗ ਬਾਰੇ ਸਵਾਲ ਕਰਦਾ ਹੈ ਤਾਂ ਉਹ ਬੜੇ ਫ਼ਖ਼ਰ ਨਾਲ ਕਹਿ ਰਹੇ ਹੁੰਦੇ ਹਨ ਕਿ ਇਹ ਆਧੁਨਿਕਤਾ ਦੀ ਨਿਸ਼ਾਨੀ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਔਰਤ ਇੱਕ ਵੇਖਣ ਵਾਲੀ ਵਸਤੂ ਹੈ?

ਸਾਡੀ ਧੀ ਜਾਂ ਨੂੰਹ ਕਦੇ ਪਰਦੇ ਵਿੱਚ ਰੱਖਣ ਦਾ ਰਿਵਾਜ਼ ਸੀ। ਸਮਾਂ ਬਦਲਣ ਨਾਲ ਸੋਚ ਬਦਲਣ ਲੱਗੀ, ਔਰਤ ਨੂੰ ਬਰਾਬਰਤਾ ਦਾ ਹੱਕ ਮਿਲਣ ਲੱਗਾ। ਅਜ਼ਾਦ ਹੋਈ ਔਰਤ ਨੇ ਪੜ੍ਹ-ਲਿਖ ਕੇ ਆਪਣੀ ਹਿੰਮਤ, ਆਪਣੇ ਗੁਣਾਂ ਸਦਕਾ, ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਔਰਤ ਦਾ ਰੁਤਬਾ ਬਹੁਤ ਉੱਚਾ ਹੈ। ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤੇ ਗਏ ਇਸ ਉੱਚੇ ਰੁਤਬੇ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਔਰਤ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹੋਏ ਲਿਖਿਆ ਹੈ ਕਿ ਰਾਜਿਆਂ ਰਾਣਿਆਂ?ਨੂੰ ਜਨਮ ਦੇਣ ਵਾਲੀ ਔਰਤ ਹੀ ਹੁੰਦੀ ਹੈ, ਉਸ ਨੂੰ?ਮੰਦਾ ਨਹੀਂ ਬੋਲਣਾ ਚਾਹੀਦਾ ਅਸੀਂ ਆਪਣੇ ਗੁਰੂਆਂ ਨੂੰ ਜ਼ਰੂਰ ਮੰਨਦੇ ਹਾਂ ਪਰ ਉਨ੍ਹਾਂ ਵੱਲੋਂ ਲਿਖੀ ਗਈ ਬਾਣੀ ਦੇ ਉੱਪਰ ਅਮਲ ਕਰਨ ਨੂੰ ਕੋਈ ਵੀ ਵਿਅਕਤੀ ਤਿਆਰ ਨਹੀਂ ਹੈ।

ਇਹ ਔਰਤ ਬਹਾਦਰ, ਮਮਤਾ ਦੀ ਮੂਰਤ, ਜੱਗ-ਜਣਨੀ, ਹਾਲਾਤਾਂ ਮੁਤਾਬਿਕ ਆਪਣੇ-ਆਪ ਨੂੰ ਬਦਲਣ ਦੇ ਸਮਰੱਥ ਹੈ। ਪਰੰਤੂ ਔਰਤ ਨੂੰ ਵੀ ਇਹ ਪਤਾ ਨਹੀਂ ਲੱਗਿਆ ਕਿ ਆਧੁਨਿਕਤਾ ਦੇ ਹੇਠ ਉਸਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਸਨੂੰ ਇੱਕ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਸਮੇਂ ਦੀ ਲੋੜ ਹੈ ਪੱਛਮੀ ਸੱਭਿਆਚਾਰ ਨਾਲ ਕਲੰਕਿਤ ਹੋਏ ਪੰਜਾਬੀ ਸੱਭਿਆਚਾਰ ਨੂੰ ਸ਼ਰਮ ਰੂਪੀ ਸਾਬਣ ਨਾਲ ਸਾਫ਼ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਰਾਣੀਆਂ ਸੱਭਿਅਕ ਪਿਰਤਾਂ ਨੂੰ ਕਾਇਮ ਰੱਖੀਏ ਅਸੀਂ ਧੀ-ਪੁੱਤ ਦੀ ਇੱਜ਼ਤ ਬਣਾਈ ਰੱਖਣ ਲਈ ਉਸਦਾ ਪਲ-ਪਲ ਖਿਆਲ ਰੱਖਦੇ ਹਾਂ। ਸ਼ੈਤਾਨ ਨਜ਼ਰਾਂ ਤੋਂ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਦੂਸਰੇ ਪਾਸੇ ਵਿਆਹ ਵਾਲੇ ਦਿਨ ਉਸੇ ਨੂੰਹ-ਧੀ ਨੂੰ ਵਸਤੂ ਬਣਾ ਕੇ ਦਿਖਾਵਾ ਕਰ ਰਹੇ ਹੁੰਦੇ ਹਾਂ।

ਆਧੁਨਿਕਤਾ ਦੇ ਨਾਂਅ ਹੇਠ ਪ੍ਰੀ-ਵੈਡਿੰਗ ਦੀ ਰਸਮ ਇੱਕ ਭੇਡ-ਚਾਲ ਹੈ ਜੋ ਔਰਤ ਦੇ ਅਸਲੀ ਕਿਰਦਾਰ ਨੂੰ ਢਾਹ ਲਾ ਰਹੀ ਹੈ। ਸਾਡੇ ਅਮੀਰ ਅਤੇ ਸ਼ਾਨੋ-ਸ਼ੌਕਤ ਵਾਲੇ ਸੱਭਿਆਚਾਰ ਦਾ ਸਰਾਸਰ ਘਾਣ ਹੈ। ਅਸੀਂ ਇੰਨੇ ਵੀ ਅਜ਼ਾਦ ਸੋਚ ਵਾਲੇ ਨਹੀਂ ਹਾਲੇ ਵੀ ਔਰਤ ਮਰਦ ਲਈ ਆਪੋ-ਆਪਣੀ ਮਰਿਆਦਾ ਤੈਅ ਹਨ ਇਨ੍ਹਾਂ ਮਰਿਆਦਾਵਾਂ ਦੀ ਉਲੰਘਣਾ ਕਰਨ ਕਰਕੇ ਅੱਜ ਵੀ ਤਲਾਕ ਹੋ ਰਹੇ ਹਨ । ਸੋ, ਇਹ ਇੱਕ ਦਿਖਾਵਾ ਤੇ ਸ਼ੋਸ਼ੇਬਾਜੀ ਤੋਂ ਸਿਵਾਏ ਕੁਝ ਨਹੀਂ। ਔਰਤ ਨੂੰ ਸਤਿਕਾਰ ਦੇਣ ਦੀ ਲੋੜ ਹੈ ਸਹੀ ਦਿਸ਼ਾ ਦੇਣ ਦੀ ਲੋੜ ਹੈ ਉੱਚਾ ਕਿਰਦਾਰ ਦੇਣ ਦੀ ਲੋੜ ਹੈ। ਔਰਤ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ। ਇਸ ਰਸਮ ਨਾਲ ਸਾਡਾ ਕੋਈ ਪਿਛੋਕੜ ਨਹੀਂ ਜੁੜਿਆ ਹੋਇਆ ਵਧੀਆ ਹੋਵੇ ਜੇ ਅਸੀਂ ਆਪਣੇ ਪੁਰਾਤਨ ਰੀਤੀ ਰਿਵਾਜਾਂ ਨਾਲ ਜੁੜ ਕੇ ਆਪਣੇ ਵਿਰਸੇ ਨੂੰ ਜਿਉਂਦਾ ਰੱਖੀਏ
ਬਰਨਾਲਾ
ਮੋ. 83605-89644
ਰਾਜਿੰਦਰ ਕੁਮਾਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.