ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਜਿੱਥੇ ਸਾਰੇ ਬੱਚਿਆਂ ਨੂੰ ਛੁੱਟੀਆਂ ਦਾ ਚਾਅ ਹੈ, ਉੱਥੇ ਹੀ ਦੂਸਰੇ ਪਾਸੇ ਸਕੂਲਾਂ ਦੇ ਵਧੇਰੇ ਸਿਲੇਬਸ ਕਾਰਨ ਸਕੂਲੀ ਬੱਚੇ ਕਾਫੀ ਪਰੇਸ਼ਾਨ ਜਾਪਦੇ ਹਨ ਅਜੋਕੇ ਪੜ੍ਹਾਈ ਦੇ ਦੌਰ ਵਿੱਚ ਭਾਵੇਂ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਨੂੰ ਸ੍ਰੇਸ਼ਟ ਬਣਾਉਣ ਲਈ ਲੱਖਾਂ ਉਪਰਾਲੇ ਕਰ ਰਿਹਾ ਹੈ ਪਰ ਇਹ ਸਭ ਦਾਅਵੇ ਉਦੋਂ ਖੋਖਲੇ ਸਾਬਿਤ ਹੋ ਜਾਂਦੇ ਹਨ, ਜਦੋਂ ਕਿਸੇ ਸਰਕਾਰੀ ਸਕੂਲ ਦੇ ਜ਼ਿਆਦਾਤਰ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਨਾਲ ਵਿਚਾਰ ਕਰਕੇ ਪਰਖਿਆ ਜਾਂਦਾ ਹੈ ਪਿਛਲੇ ਕੁਝ ਸਮੇਂ ਤੋਂ ਤਾਂ ਜ਼ਿਆਦਾਤਰ ਬੱਚਿਆਂ ਦੇ ਦਿਮਾਗ ਵਿੱਚ ਇਹ ਗੱਲ ਫਿੱਟ ਹੋ ਗਈ ਹੈ ਕਿ ਭਾਵੇਂ ਪੜ੍ਹੋ, ਜਾਂ ਨਾ ਪੜ੍ਹੋ ਅੱਠਵੀਂ ਕਲਾਸ ਤੱਕ ਤਾਂ ਸਾਨੂੰ ਕੋਈ ਫੇਲ੍ਹ ਨਹੀਂ ਕਰ ਸਕਦਾ ਇਸ ਕਾਰਨ ਉਹ ਪੜ੍ਹਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਜੋ ਕਿ ਉਨ੍ਹਾਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਬਣਿਆ ਹੈ ਅਣਭੋਲ ਛੋਟੇ ਸਕੂਲੀ ਬੱਚਿਆਂ ਦੇ ਮਨ ਵਿੱਚ ਪੈਦਾ ਹੋਇਆ ਇਹ ਖਿਆਲ ਉਨ੍ਹਾਂ ਦੇ ਭਵਿੱਖ ਨਾਲ ਕਿੱਡਾ ਖਿਲਵਾੜ ਹੈ, ਸ਼ਾਇਦ ਇਸ ਬਾਰੇ ਉਨ੍ਹਾਂ ਨੂੰ ਨਹੀਂ ਪਤਾ
ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਜ਼ਿਆਦਾਤਰ ਇਹ ਹੈ ਕਿ ਬੱਚਾ ਆਪਣੀਆਂ ਹਾਜ਼ਰੀਆਂ ਪੂਰੀਆਂ ਕਰੇ, ਪਾਸ ਤਾਂ ਆਪੇ ਹੋ ਜਾਊ ਜ਼ਿਆਦਾਤਰ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਗ੍ਰਾਫ ਉਸ ਸਮੇਂ ਜ਼ੀਰੋ ‘ਤੇ ਜਾ ਟਿਕਦਾ ਹੈ ਜਦੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਹੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਂਦੀ ਏਨੀ ਮਾੜੀ ਹਾਲਤ ਦੇਖਕੇ ਸਕੂਲਾਂ ਦੇ ਨਾਲ-ਨਾਲ ਬੱਚਿਆਂ ‘ਤੇ ਵੀ ਬਹੁਤ ਤਰਸ ਆਉਂਦਾ ਹੈ ਚੰਗੀ ਗੱਲ ਇਹ ਹੈ, ਜੇਕਰ ਸਰਕਾਰੀ ਸਕੂਲ ਵੀ ਉੱਚ ਪੱਧਰ ਦੇ ਹੋਣ, ਸਾਰੀਆਂ ਸਹੂਲਤਾਂ ਮੁਹੱਈਆ ਹੋਣ, ਤਾਂ ਜੋ ਪ੍ਰਾਈਵੇਟ ਸਕੂਲਾਂ ਦੀ ਲੋੜ ਹੀ ਨਾ ਪਵੇ ਪਰ ਇਸ ਤਰ੍ਹਾਂ ਸਰਕਾਰੀ ਅਣਦੇਖੀ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਘੱਟ ਰੁਚੀ ਉਨ੍ਹਾਂ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੈ
ਸਰਕਾਰ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਪੂਰਾ ਧਿਆਨ ਰੱਖਣ ਕਿ ਉਹ ਬੱਚਿਆਂ ਦੇ ਮਾਨਸਿਕ ਹਾਲਾਤਾਂ ਨੂੰ ਧਿਆਨ ‘ਚ ਰੱਖ ਕੇ ਹੀ ਸਿਲੇਬਸ ਤਿਆਰ ਕਰਨ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਦੂਸਰੇ ਪਾਸੇ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਵੀ ਘਾਟ ਹੈ ਸੋਚਣ ਵਾਲੀ ਗੱਲ ਹੈ ਕਿ ਜਦੋਂ ਸਕੂਲਾਂ ਵਿੱਚ ਅਧਿਆਪਕ ਹੀ ਨਹੀਂ, ਫੇਰ ਪੜ੍ਹਾਈ ਦੀ ਆਸ ਕਿੱਥੋਂ ਕਰੀਏ? ਸਕੂਲ ਦਾ ਇੱਕ ਅਧਿਆਪਕ ਵਿਚਾਰਾ ਕੀ-ਕੀ ਕਰੇ! ਉੱਤੋਂ ਹੋਰ ਸਰਕਾਰੀ ਕੰਮ, ਜਿਨ੍ਹਾਂ ਦਾ ਭਾਰ ਵੀ ਅਧਿਆਪਕਾਂ ਨੂੰ ਚੁੱਕਣਾ ਪੈਂਦਾ ਹੈ ਇਸ ਤਰ੍ਹਾਂ ਅਧਿਆਪਕਾਂ ਨੂੰ ਪੜ੍ਹਾਉਣ ਦਾ ਸਮਾਂ ਹੀ ਨਹੀਂ ਲੱਗਦਾ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਪ੍ਰਾਈਵੇਟ ਟੀਚਰ ਰੱਖੇ ਜਾਂਦੇ ਹਨ ਪਰ ਜ਼ਿਆਦਾਤਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਕੁ ਪ੍ਰਾਈਵੇਟ ਟੀਚਰਾਂ ਨੂੰ ਛੱਡ ਕੇ ਬਾਕੀਆਂ ਨੂੰ ਤਾਂ ਆਪਣੀ ਤਨਖ਼ਾਹ ਤੱਕ ਮਤਲਬ ਹੁੰਦਾ ਹੈ
ਇਸ ਤਰ੍ਹਾਂ ਆਪਣੇ ਸੁਆਰਥ ਲਈ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਚੰਗੀ ਗੱਲ ਨਹੀਂ ਅੱਜ-ਕੱਲ੍ਹ ਮੁਕਾਬਲੇ ਦਾ ਜ਼ਮਾਨਾ ਹੈ ਪੜ੍ਹਾਈ ਤੋਂ ਲੈ ਕੇ ਹਰ ਖੇਤਰ ਵਿੱਚ ਵੱਧ ਤੋਂ ਵੱਧ ਯੋਗ ਵਿਦਿਆਰਥੀ ਦੇਖਣ ਨੂੰ ਮਿਲਦੇ ਹਨ ਇਸ ਤਰ੍ਹਾਂ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਦੀ ਪੂਰੀ ਮੁਹਾਰਤ ਦੱਸੀ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਮਾਨਸਿਕ ਪੱਖੋਂ ਹੀ ਪੜ੍ਹਾਈ ਵੱਲ ਧਿਆਨ ਦੇਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕਿਸੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਉਹ ਆਪਣੇ ਫੈਸਲੇ ਖੁਦ ਲੈ ਸਕਣ ਵਿੱਚ ਸਮਰੱਥ ਹੋਣ ਪੜ੍ਹਾਈ ਤੋਂ ਇਲਾਵਾ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸ਼ੌਂਕ ਵੱਲ ਧਿਆਨ ਰੱਖ ਕੇ ਉਨ੍ਹਾਂ ਨੂੰ ਭਵਿੱਖ ਦੀ ਸਹੀ ਦਿਸ਼ਾ ਦੇਣ ਇਸ ਤੋਂ ਇਲਾਵਾ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਬੱਚੇ ਬਗੈਰ ਕਿਸੇ ਪਰੇਸ਼ਾਨੀ ਤੋਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾ ਸਕਣ, ਕਿਉਂਕਿ ਇਹ ਬੱਚੇ ਹੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ
ਹਰਦੀਪ ਸਿੰਘ ਦੁਤਾਲ,
ਮੋ. 85669-58521