ਜ਼ਿਲ੍ਹਾ ਸੰਗਰੂਰ ’ਚ ਕੌਮੀ ਖੇਡ ਹਾਕੀ ਨੂੰ ਲੰਮੇ ਸਮੇਂ ਤੋਂ ਕੀਤਾ ਜਾ ਰਿਹੈ ਅਣਗੌਲਿਆ

National Game of Hockey Sachkahoon

ਜ਼ਿਲ੍ਹੇ ਵਿੱਚ ਨਾ ਕੋਈ ਗਰਾਊਂਡ, ਜ਼ਿਲ੍ਹੇ ਵਿੱਚ ਸਿਰਫ਼ ਇੱਕ ਕੋਚ

ਮੱਧ ਵਰਗੀ ਪਰਿਵਾਰਾਂ ਦੇ ਬੱਚੇ ਖੁਦ ਆਪਣੇ ਖਰਚੇ ਸਹਾਰੇ ਕੌਮੀ ਖੇਡ ਨੂੰ ਦੇ ਰਹੇ ਨੇ ਹੁਲਾਰਾ

ਗੁਰਪ੍ਰੀਤ ਸਿੰਘ, ਸੰਗਰੂਰ 2020 ਦੀਆਂ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਹੋਈਆਂ ਉਲੰਪਿਕ ਖੇਡਾਂ ’ਚ ਭਾਰਤ ਦੀਆਂ ਹਾਕੀ ਟੀਮਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਪੁਰਸ਼ਾਂ ਦੀ ਹਾਕੀ ਵਿੱਚ ਕਾਂਸੀ ਦਾ ਤਗਮਾ ਮਿਲਣ ’ਤੇ ਲੜਕੀਆਂ ਚੌਥੇ ਸਥਾਨ ’ਤੇ ਰਹਿਣ ਕਾਰਨ ਭਾਰਤ ਦੀ ਇੱਕ ਕੌਮੀ ਖੇਡ ਪ੍ਰਤੀ ਨਵੀਂ ਪਨੀਰੀ ਦਾ ਰੁਝਾਨ ਇੱਕਦਮ ਜ਼ੋਰ ਫੜ ਗਿਆ ਹੈ ਹਰ ਰੋਜ਼ ਵੱਡੀ ਗਿਣਤੀ ਵਿੱਚ ਛੋਟੇ ਛੋਟੇ ਖਿਡਾਰੀ ਹੱਥਾਂ ਵਿੱਚ ਹਾਕੀ ਦੀਆਂ ਸਟਿਕਾਂ ਫੜ ਕੇ ਗਰਾਊਂਡਾਂ ਵੱਲ ਆਉਂਦੇ ਹਨ ਪਰ ਇਨ੍ਹਾਂ ਗਰਾਊਂਡਾਂ ’ਚ ਉਨ੍ਹਾਂ ਨੂੰ ਸਿਰਫ਼ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਕਿਉਂਕਿ ਇਸ ਖੇਡ ਪ੍ਰਤੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਕੀ ਨੂੰ ਉੱਚਾ ਚੁੱਕਣ ਲਈ ਹਾਲੇ ਤੱਕ ਕੋਈ ਹੰਭਲਾ ਨਹੀਂ ਮਾਰਿਆ ਗਿਆ ਜਿਸ ਕਾਰਨ ਖਿਡਾਰੀਆਂ ਦਾ ਉਤਸ਼ਾਹ ਠੰਢਾ ਪੈਂਦਾ ਨਜ਼ਰ ਆ ਰਿਹਾ ਹੈ।

ਜ਼ਿਲ੍ਹਾ ਸੰਗਰੂਰ ਵਿੱਚ ਕੌਮੀ ਖੇਡ ਹਾਕੀ ਦੀ ਸਥਿਤੀ ਜਾਣਨ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਜਗ੍ਹਾ ’ਤੇ ਹਾਕੀ ਲਈ ਪੂਰੀ ਤਰ੍ਹਾਂ ਢੁਕਵਾਂ ਸਟੇਡੀਅਮ ਤਿਆਰ ਹੀ ਨਹੀਂ ਹੈ ਅਮਰਗੜ੍ਹ ਵਿੱਚ ਐਸਟਰੋਟਰਫ਼ ਗਰਾਊਂਡ ਬਣਾਇਆ ਗਿਆ ਹੈ ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਇਆ ਗਿਆ ਹੈ ਸਰਕਾਰ ਦਾ ਉਸ ਵਿੱਚ ਕੋਈ ਯੋਗਦਾਨ ਨਹੀਂ ਸੰਗਰੂਰ ਵਿੱਚ 2010 ਵਿੱਚ ਇੱਕ ਮਿੰਨੀ ਐਸਟੋਟਰਫ਼ ਗਰਾਊਂਡ ਬਣਾਇਆ ਗਿਆ ਸੀ ਪਰ ਇਹ ਗਰਾਊਂਡ ਦੀ ਹਾਲਤ ਬੁਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ ਜ਼ਿਲ੍ਹੇ ਵਿੱਚ ਹੋਰ ਕਿਧਰੇ ਕੋਈ ਹਾਕੀ ਦਾ ਢੁਕਵਾਂ ਗਰਾਊਂਡ ਨਹੀਂ ਹੈ ਖੇਡ ਵਿਭਾਗ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਵਿੱਚ ਹਾਕੀ ਖੇਡ ਨਾਲ ਸਬੰਧਿਤ ਅਧਿਕਾਰਤ ਕੋਚ 2 ਸਨ ਉਨ੍ਹਾਂ ਵਿੱਚੋਂ ਵੀ ਇੱਕ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਜਿਸ ਕਾਰਨ ਮਹਿਜ਼ ਜ਼ਿਲ੍ਹੇ ਵਿੱਚ ਹਾਕੀ ਦੀ ਖੇਡ ਦਾ ਸਿਰਫ਼ ਇੱਕ ਕੋਚ ਰਹਿ ਗਿਆ ਹੈ।

ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਮੌਜ਼ੂਦ ਹਾਕੀ ਖੇਡਣ ਆਏ ਨੌਜਵਾਨਾਂ ਗਗਨਦੀਪ ਸਿੰਘ ਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਰਤ ਦੀ ਟੀਮ ਵੱਲੋਂ ਉਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਦੀ ਬੇਹੱਦ ਖੁਸ਼ੀ ਹੈ ਪਰ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਹੇਠਲੇ ਪੱਧਰ ਤੇ ਹਾਕੀ ਨੂੰ ਉਤਾਂਹ ਚੁੱਕਣ ਦੀ ਵੱਡੀ ਲੋੜ ਹੈ ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਹਾਕੀ ਸਟਿਕ ਦੀ ਹੈ ਜਿਹੜੀ ਕਾਫ਼ੀ ਮਹਿੰਗੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਕੋਈ ਹਾਕੀ ਸਟਿਕ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਬਾਜਾਰ ਵਿੱਚ ਤਕਰੀਬਨ 1500 ਰੁਪਏ ਦੀ ਕੀਮਤ ਦੀ ਖਰੀਦਣ ਤੋਂ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਅਸਮਰਥ ਹਨ ਕਿ ਉਂਕਿ ਇੱਕ ਵਾਰ ਹਾਕੀ ਸਟਿਕ ਟੁੱਟਣ ਕਾਰਨ ਉਨ੍ਹਾਂ ਦਾ ਖੇਡ ਨਾਲੋਂ ਸੰਪਰਕ ਹੀ ਟੁੱਟ ਜਾਂਦਾ ਹੈ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖਿਡਾਰੀਆਂ ਨੂੰ ਚੰਗੇ ਗਰਾਊਂਡ ’ਤੇ ਵਧੀਆ ‘ਡਾਈਟ’ (ਖਾਣ ਪੀਣ) ਦੀ ਲੋੜ ਹੈ ਫਿਰ ਹੀ ਕਿਸੇ ਤੋਂ ਬਿਹਤਰ ਨਤੀਜੇ ਦੀ ਆਸ ਕੀਤੀ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਹੁਣ ਜਿਹੜੇ ਵੀ ਖਿਡਾਰੀ ਹਾਕੀ ਖੇਡ ਰਹੇ ਹਨ, ਉਹ ਆਪਣੇ ਖਰਚੇ ’ਤੇ ਖੇਡ ਰਹੇ ਹਨ ਸਰਕਾਰ ਵੱਲੋਂ ਰੱਤੀ ਭਰ ਵੀ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਜਾ ਰਹੀ।

ਹਾਕੀ ਦੀ ਖੇਡ ਨੂੰ ਉਤਾਂਹ ਚੁੱਕਣ ਦੀ ਲੋੜ : ਪ੍ਰਧਾਨ ਹਾਕੀ ਐਸੋਸੀਏਸ਼ਨ

ਇਸ ਸਬੰਧੀ ਗੱਲਬਾਤ ਕਰਦਿਆਂ ਹਾਕੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਹਾਕੀ ਦੀ ਖੇਡ ਨੂੰ ਉਤਾਂਹ ਚੁੱਕਣ ਦੀ ਬੇਹੱਦ ਲੋੜ ਹੈ ਉਨ੍ਹਾਂ ਕਿਹਾ ਕਿ ਇਕੱਲੇ ਸੰਗਰੂਰ ਵਿੱਚ ਹਾਕੀ ਖੇਡਣ ਵਾਲਿਆਂ ਦੀ ਗਿਣਤੀ 150 ਤੋਂ ਜ਼ਿਆਦਾ ਹੈ ਜਿਨ੍ਹਾਂ ਵਿੱਚ ਮੁੰਡੇ ਕੁੜੀਆਂ ਚੌਦਾਂ ਸਾਲ ਤੋਂ ਘੱਟ, ਸਤਾਰਾਂ ਸਾਲਾਂ ਤੋਂ ਘੱਟ ਉਮਰ ਵਰਗ ਦੇ ਖਿਡਾਰੀ ਹਾਕੀ ਖੇਡ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਉਲੰਪਿਕ ਖੇਡਾਂ ਵਿੱਚ ਭਾਰਤ ਟੀਮ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕਰਨ ਕਾਰਨ ਬੱਚਿਆਂ ਵਿੱਚ ਹਾਕੀ ਖੇਡ ਪ੍ਰਤੀ ਉਤਸ਼ਾਹ ਬਹੁਤ ਜ਼ਿਆਦਾ ਵਧਿਆ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਕੌਮੀ ਖੇਡ ਨੂੰ ਹੋਰ ਬਿਹਤਰ ਬਣਾਉਣ ਲਈ ਐਸਟਰੋ ਟਰਫ਼ ਦੇ ਮੈਦਾਨ ਦੇ ਨਾਲ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਏ।

ਗਰਾਊਂਡ ਤਾਂ ਚੰਗੇ ਪਰ ਕੋਚਾਂ ਦੀ ਕਮੀ : ਜ਼ਿਲ੍ਹਾ ਖੇਡ ਅਫ਼ਸਰ

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਰਣਬੀਰ ਸਿੰਘ ਭੰਗੂ ਨੇ ਕਿਹਾ ਕਿ ਕੌਮੀ ਖੇਡ ਹਾਕੀ ਨੂੰ ਹੋਰ ਉੱਨਤੀ ਲਈ ਵਿਭਾਗ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਅਮਰਗੜ੍ਹ ਵਿੱਚ ਕਾਫ਼ੀ ਵਧੀਆ ਹਾਕੀ ਦੇ ਮੈਦਾਨ ਹਨ ਪਰ ਕੋਚਾਂ ਦੀ ਜ਼ਰੂਰ ਕਮੀ ਹੈ ਉਨ੍ਹਾਂ ਕਿਹਾ ਕਿ ਅਸੀਂ ਕੋਚਾਂ ਦੀ ਕਮੀ ਬਾਰੇ ਉੱਪਰ ਲਿਖ ਕੇ ਭੇਜਿਆ ਜਾ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਲੜਕੀਆਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ, ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਨੇ ਸਟੇਟ ਪੱਧਰ ਮੁਕਾਬਲੇ ਜਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ