ਸਿਹਤ ਤੇ ਸਿੱਖਿਆ ਦੀ ਮਿਕਦਾਰ ਨੂੰ ਉੱਚਾ ਚੁੱਕਣਾ ਲਾਜ਼ਮੀ

ਸਿਹਤ ਤੇ ਸਿੱਖਿਆ ਦੀ ਮਿਕਦਾਰ ਨੂੰ ਉੱਚਾ ਚੁੱਕਣਾ ਲਾਜ਼ਮੀ

ਅਧਿਆਪਨ ਤੇ ਡਾਕਟਰੀ ਕਿੱਤੇ ਹਰੇਕ ਦੀ ਜ਼ਿੰਦਗੀ ਉੱਪਰ ਸਿੱਧਾ ਅਸਰ ਕਰਦੇ ਹਨ। ਇਨ੍ਹਾਂ ਕਿੱਤਿਆਂ ਨਾਲ ਜੁੜਿਆ ਵਿਅਕਤੀ ਸੇਵਾ ਭਾਵਨਾ ਨਾਲ ਭਰਪੂਰ ਅਤੇ ਚੰਗੀ ਬੋਲ-ਬਾਣੀ ਵਾਲਾ ਹੋਣਾ ਚਾਹੀਦਾ ਹੈ। ਫਿਰ ਹੀ ਸਾਡਾ ਸਮਾਜ ਤੇ ਕੌਮ ਵਿੱਦਿਅਕ ਅਤੇ ਸਿਹਤ ਪੱਖੋਂ ਵਧੀਆ ਬਣ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਇਹ ਦੋਵੇਂ ਪਵਿੱਤਰ ਪੇਸ਼ੇ, ਇੱਕ ਧੰਦਾ ਬਣ ਕੇ ਰਹਿ ਗਏ ਹਨ। ਸਕੂਲਾਂ-ਕਾਲਜਾਂ ਦੀਆਂ ਪੜ੍ਹਾਈਆਂ ਨਾਲ ਅੱਜ ਪੁਜੀਸ਼ਨਾਂ ਨਹੀਂ ਆ ਰਹੀਆਂ ਅਤੇ ਨਾ ਹੀ ਵੱਡੇ ਕੋਰਸਾਂ ਵਿਚ ਦਾਖ਼ਲੇ ਮਿਲਦੇ ਹਨ। ਉਹ ਸਭ ਹਾਸਲ ਕਰਨ ਲਈ ਟਿਊਸ਼ਨ ਸੈਂਟਰਾਂ ਜਾਂ ਕੋਚਿੰਗ ਅਕੈਡਮੀਆਂ ਵਿੱਚ ਦਾਖ਼ਲੇ ਲੈਣੇ ਪੈਂਦੇ ਹਨ ਜਿਨ੍ਹਾਂ ਦੀਆਂ ਫ਼ੀਸਾਂ ਭਰਨੀਆਂ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ। ਇਸੇ ਤਰ੍ਹਾਂ ਸਿਹਤ ਖੇਤਰ ਵਿੱਚ ਪਹਿਲਾਂ ਵਾਂਗ ਰੱਬ ਰੂਪੀ ਡਾਕਟਰ ਮਿਲਣੇ ਮੁਸ਼ਕਲ ਹਨ।

ਪੈਸੇ ਦੀ ਦੌੜ ਨੇ ਹਰ ਕਾਰੋਬਾਰ ਨੂੰ ਮੁਸ਼ਕਲ ਕਰ ਦਿੱਤਾ ਹੈ। ਹਸਪਤਾਲਾਂ ਵਿੱਚ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦਿਆਂ ਇੱਕ ਤਰ੍ਹਾਂ ਸਾਰਾ ਪਰਿਵਾਰ ਹੀ ਰੋਗੀ ਬਣ ਜਾਂਦਾ ਹੈ। ਡਾਕਟਰਾਂ ਦੀ ਫ਼ੀਸ ਤੇ ਦਵਾਈਆਂ ਦੇ ਪੈਸੇ ਭਰਨੇ ਬਹੁਤੇ ਮੁਸ਼ਕਲ ਨਹੀਂ ਹੁੰਦੇ ਪਰ ਢੇਰ ਸਾਰੇ ਟੈਸਟਾਂ ਤੇ ਆਪਰੇਸ਼ਨਾਂ ਆਦਿ ਦੇ ਖ਼ਰਚੇ ਤੇ ਕਈ ਡਾਕਟਰਾਂ ਦਾ ‘ਕਮਿਸ਼ਨ’ ਮਰੀਜ਼ ਦੇ ਪਰਿਵਾਰ ਨੂੰ ਕੰਗਾਲ ਕਰ ਦਿੰਦਾ ਹੈ। ਸਹੀ ਸੋਚ ਵਾਲੇ ਡਾਕਟਰ ਇਸ ਨੂੰ ਪਸੰਦ ਨਹੀਂ ਕਰਦੇ। ਇਸ ‘ਕਮਿਸ਼ਨ’ ਦੇ ਰੋਗ ਤੋਂ ਲਗਭਗ ਹਰ ਖੇਤਰ ਪ੍ਰਭਾਵਿਤ ਹੈ। ਮੰਤਰੀ ਤੋਂ ਲੈ ਕੇ ਚਪੜਾਸੀ ਤੱਕ ਹਰ ਕੋਈ ਇਸ ਕਤਾਰ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ। ਸਾਡੇ ਮੁਲਕ ਵਿੱਚ ਵਿੱਦਿਆ ਤੇ ਸਿਹਤ ਸੇਵਾਵਾਂ ਦੀ ਹਾਲਤ ਹੋਰ ਬਦਤਰ ਹੋ ਗਈ। ਸਰਕਾਰੀ ਸਿਹਤ ਸੇਵਾਵਾਂ ਵਿੱਚ ਤਾਂ ਪਹਿਲਾਂ ਹੀ ਨਿਘਾਰ ਆ ਚੁੱਕਾ ਹੈ।

ਪ੍ਰਾਇਮਰੀ ਹੈਲਥ ਸੈਂਟਰ ਸਿਰਫ਼ ਨਾਂਅ ਦੀ ਸੇਵਾ ਕਰ ਰਹੇ ਹਨ, ਨਾ ਤਾਂ ਉੱਥੇ ਸਟਾਫ਼ ਪੂਰਾ ਹੁੰਦਾ ਹੈ ਤੇ ਨਾ ਹੀ ਲੋੜੀਂਦੀਆਂ ਦਵਾਈਆਂ। ਇਹੀ ਹਾਲ ਡਿਸਪੈਂਸਰੀਆਂ ਜਾਂ ਹੋਰ ਛੋਟੇ-ਮੋਟੇ ਸਰਕਾਰੀ ਹੈਲਥ ਸੈਂਟਰਾਂ ਦਾ ਹੈ। ਕੋਈ ਵੀ ਉੱਥੇ ਟਿਕ ਕੇ ਕੰਮ ਕਰਨ ਲਈ ਰਾਜ਼ੀ ਨਹੀਂ ਹੁੰਦਾ। ਸਿਵਲ ਹਸਪਤਾਲ ਸ਼ਹਿਰਾਂ ਵਿੱਚ ਹੁੰਦੇ ਹਨ। ਇਸ ਕਰਕੇ ਉੱਥੇ ਡਾਕਟਰ ਤੇ ਸਟਾਫ਼ ਤਾਂ ਲਗਭਗ ਪੂਰਾ ਨਹੀਂ ਪਰ ਆਮ ਮਰੀਜ਼ਾਂ ਦੀ ਸੁਣਵਾਈ ਉੱਥੇ ਵੀ ਘੱਟ ਹੀ ਹੁੰਦੀ ਹੈ। ਮਲਟੀਸਪੈਸ਼ਲਿਟੀ ਹਸਪਤਾਲ, ਭਾਵੇਂ ਉਹ ਕਿਸੇ ਮੈਡੀਕਲ ਕਾਲਜ ਨਾਲ ਅਟੈਚ ਹੋਣ ਜਾਂ ਪ੍ਰਾਈਵੇਟ, ਬਹੁਤ ਮਹਿੰਗੇ ਹੁੰਦੇ ਹਨ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ।

ਸਿਹਤ ਸੇਵਾਵਾਂ ਵਿੱਚ ਆਈ ਗਿਰਾਵਟ ਲਈ ਸਿਰਫ਼ ਡਾਕਟਰਾਂ ਨੂੰ ਹੀ ਕਸੂਰਵਾਰ ਨਹੀਂ ਕਿਹਾ ਜਾ ਸਕਦਾ। ਹਰ ਤਰ੍ਹਾਂ ਦੀ ਪੜ੍ਹਾਈ ਅੱਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਡਾਕਟਰੀ ਦੀ ਪੜ੍ਹਾਈ ਵਿੱਚ ਮੈਰਿਟ ਦੇ ਨਾਲ-ਨਾਲ ਵਧ ਚੁੱਕੀਆਂ ਫ਼ੀਸਾਂ, ਬਹੁਤਿਆਂ ਦੇ ਵੱਸ ਦੀ ਗੱਲ ਨਹੀਂ ਰਹੀ। ਇਸ ਤੋਂ ਇਲਾਵਾ ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਚੱਲਦੀ ਡੋਨੇਸ਼ਨ, ਏਨੀ ਵੱਡੀ ਰਕਮ ਸਿਰ ਚਾੜ੍ਹ ਕੇ ਕਿਹੜਾ ਡਾਕਟਰ ਸਿਰਫ਼ ਲੋਕ ਸੇਵਾ ਲਈ ਹਾਮੀ ਭਰੇਗਾ।

ਸਰਕਾਰੀ ਡਾਕਟਰਾਂ ਦੀ ਤਨਖ਼ਾਹ ਤੇ ਕਾਰਪੋਰੇਟ ਹਸਪਤਾਲਾਂ ਦੀ ਤਨਖ਼ਾਹ ਦਾ ਫ਼ਰਕ ਬਹੁਤੇ ਡਾਕਟਰਾਂ ਦੇ ਇਮਾਨ ’ਤੇ ਭਾਰੂ ਹੋ ਗਿਆ ਹੈ। ਸਿਆਸਤ ਵਿੱਚ ਨਾਕਾਬਲ ਵਿਅਕਤੀਆਂ ਦੇ ਪ੍ਰਵੇਸ਼ ਅਤੇ ਬੇਈਮਾਨੀ ਦੇ ਚਲਨ ਕਾਰਨ ਸਾਰੇ ਸਿਸਟਮ ਚਰਮਰਾ ਗਏ ਹਨ। ਇਸ ਤਰ੍ਹਾਂ ਦਾ ਮਾਹੌਲ ਸਿਰਜਣ ਲਈ ਕੀ ਅਸੀਂ ਆਮ ਲੋਕ ਹੀ ਜ਼ਿੰਮੇਵਾਰ ਨਹੀਂ? ਸਾਡੀ ਸਿਹਤ ਤੇ ਸਮਾਜ ਪ੍ਰਤੀ ਲਾਪ੍ਰਵਾਹੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਹੱਥੀਂ ਕੰਮ ਕਰਨ ਨੂੰ ਅੱਜ ਸਾਰੇ ਬੀਤ ਚੁੱਕੇ ਯੁੱਗ ਦੀ ਗੱਲ ਸਮਝਦੇ ਹਨ। ਇਸੇ ਕਰਕੇ ਵਕਤ ਬੀਤਣ ਨਾਲ ਬਿਮਾਰੀਆਂ ਤੇ ਬਿਮਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਮਸ਼ੀਨੀਕਰਨ ਵਧਣ ਨਾਲ ਬਿਮਾਰੀਆਂ ਵੀ ਵਧ ਗਈਆਂ ਹਨ। ਫਿਰ ਤੰਦਰੁਸਤ ਰਹਿਣ ਲਈ ਅਸੀਂ ਕੀ ਕਰ ਰਹੇ ਹਾਂ? ਸੈਰ ਵੀ ਅਸੀਂ ਡਾਕਟਰ ਵੱਲੋਂ ਮਿਲੀ ਚਿਤਾਵਨੀ ਤੋਂ ਬਾਅਦ ਹੀ ਸ਼ੁਰੂ ਕਰਦੇ ਹਾਂ। ਖੇਡ ਦੇ ਮੈਦਾਨ ਤੇ ਸ਼ਾਮਲਾਟ ਜ਼ਮੀਨਾਂ ਨਜਾਇਜ਼ ਕਬਜਿਆਂ ਨੇ ਮੁਕਾ ਦਿੱਤੀਆਂ ਹਨ। ਆਪਣੇ ਸਰੀਰ ਤੇ ਖਾਣੇ ਪ੍ਰਤੀ ਸਚੇਤ ਹੋਣਾ ਹੀ ਅਰੋਗਤਾ ਵੱਲ ਇੱਕ ਕਦਮ ਮੰਨਿਆ ਜਾਂਦਾ ਹੈ। ਬਾਜ਼ਾਰੀ ਖਾਣੇ ਦਾ ਦਰਵਾਜ਼ਾ ਹਸਪਤਾਲ ਵੱਲ ਖੁੱਲ੍ਹਦਾ ਹੈ। ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਸਚੇਤ ਲੋਕ ਹੀ ਤੰਦਰੁਸਤ ਹੁੰਦੇ ਹਨ। ਅੱਜ ਦਾ ਮਨੁੱਖ ਸਰੀਰਕ ਬਿਮਾਰੀਆਂ ਨਾਲੋਂ ਮਾਨਸਿਕ ਤੇ ਸਮਾਜਿਕ ਬਿਮਾਰੀਆਂ ਵਿੱਚ ਜ਼ਿਆਦਾ ਘਿਰਦਾ ਜਾ ਰਿਹਾ ਹੈ।

ਜੇ ਖੰਘ, ਤਾਪ, ਸਿਰ-ਦਰਦ, ਪੇਟ ਦਰਦ ਵਾਲਾ ਸਰੀਰਕ ਰੋਗੀ ਹੈ ਤਾਂ ਚੋਰ, ਡਾਕੂ, ਜੇਬ੍ਹ ਕਤਰਾ ਜਾਂ ਹੋਰ ਕਿਸੇ ਤਰ੍ਹਾਂ ਦੇ ਅਪਰਾਧੀ ਨੂੰ ਅਸੀਂ ਮਾਨਸਿਕ ਰੋਗੀ ਕਹਿ ਸਕਦੇ ਹਾਂ। ਇਸੇ ਤਰ੍ਹਾਂ ਬੇਈਮਾਨ, ਰਿਸ਼ਵਤਖੋਰ, ਲੋਕਾਂ ਤੇ ਦੇਸ਼ ਨੂੰ ਕੁਰਾਹੇ ਪਾਉਣ ਵਾਲਾ ਸਮਾਜਿਕ ਰੋਗੀ ਮੰਨਿਆ ਜਾਵੇਗਾ। ਚਲਾਕੀ ਨਾਲ ਕਿਸੇ ਨੂੰ ਬੇਵਕੂਫ਼ ਬਣਾਉਣ ਵਾਲਾ ਚਾਤਰ ਨਹੀਂ ਸਗੋਂ ਰੋਗ ਗ੍ਰਸਤ ਇਨਸਾਨ ਹੁੰਦਾ ਹੈ। ਸਹੀ ਤੇ ਤੰਦਰੁਸਤ ਦਿਮਾਗ਼ ਵਾਲਾ ਵਿਅਕਤੀ ਨਾ ਤਾਂ ਕਿਸੇ ਨੂੰ ਬੇਵਕੂਫ਼ ਬਣਾਉਂਦਾ ਹੈ ਅਤੇ ਨਾ ਹੀ ਕਿਸੇ ਨਾਲ ਫਰੇਬ ਕਰਨ ਬਾਰੇ ਸੋਚਦਾ ਹੈ।

ਅੱਜ ਸਾਨੂੰ ਸਿਰਫ਼ ਸਰੀਰਕ ਰੋਗਾਂ ਦੇ ਡਾਕਟਰਾਂ ਦੀ ਹੀ ਨਹੀਂ ਸਗੋਂ ਮਾਨਸਿਕ ਤੇ ਸਮਾਜਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਉਸ ਤੋਂ ਵੀ ਜ਼ਿਆਦਾ ਜ਼ਰੂਰਤ ਹੈ। ਦੁਨੀਆਂ ਦੇ ਵਿਕਸਿਤ ਦੇਸ਼ ਲੋਕਾਂ ਦੀ ਸਿਹਤ ਪ੍ਰਤੀ ਪੂਰੇ ਸਚੇਤ ਹਨ। ਉੱਥੇ ਡਾਕਟਰ ਦੀ ਸਲਾਹ ਬਿਨਾਂ ਨਾ ਕੋਈ ਦਵਾਈ ਖ਼ਰੀਦੀ ਤੇ ਨਾ ਖਾਧੀ ਜਾਂਦੀ ਹੈ।

ਹਰੀ ਕ੍ਰਾਂਤੀ ਨੇ ਵੀ ਸਾਡੀ ਸਿਹਤ ਉੱਪਰ ਮਾੜਾ ਅਸਰ ਪਾਇਆ ਹੈ। ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਫ਼ਸਲਾਂ ਦੇ ਝਾੜ ਤਾਂ ਵਧ ਗਏ ਹਨ ਪਰ ਉਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਰੀਰਕ ਤਾਕਤ ਘਟਦੀ ਜਾ ਰਹੀ ਹੈ। ਆਬਾਦੀ ਵਧਣ ਕਾਰਨ ਆਪਣੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣਾ ਸਾਡੇ ਵੱਸ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਭ ਲਾਪ੍ਰਵਾਹੀਆਂ, ਮਿਲਾਵਟੀ ਖਾਣੇ, ਅਸ਼ੁੱਧ ਪਾਣੀ ਤੇ ਵਧ ਰਹੇ ਨਸ਼ਿਆਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਮੋਟਾਪੇ ਵੱਲੋਂ ਵੀ ਪੰਜਾਬ ਦਾ ਨੰਬਰ ਉੱਪਰ ਆ ਰਿਹਾ ਹੈ।

ਪਿੰਡਾਂ ਤੇ ਸ਼ਹਿਰਾਂ ਵਿੱਚ ਕਾਫ਼ੀ ਗਿਣਤੀ ਵਿੱਚ ਬੱਚੇ ਕੁਪੋਸ਼ਣ ਤੋਂ ਪੀੜਤ ਹਨ। ਅੱਜ ਜ਼ਿੱਦੀ, ਪੜ੍ਹਾਈ ਤੋਂ ਡਰਨ, ਖੇਡਾਂ ਤੋਂ ਭੱਜਣ ਤੇ ਘੱਟ ਨੀਂਦ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਛੋਟੀਆਂ-ਛੋਟੀਆਂ ਬਿਮਾਰੀਆਂ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ। ਪਾਣੀ ਵਿੱਚ ਯੂਰੇਨੀਅਮ ਦੀ ਮਿਕਦਾਰ ਵਧਣਾ ਵੀ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਵਧ ਰਹੇ ਵਾਤਾਵਰਨ ਪ੍ਰਦੂਸ਼ਣ ਦਾ ਹੱਲ ਛੇਤੀ ਨਾ ਲੱਭਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਾ ਸਾਫ਼ ਪੀਣ ਵਾਲਾ ਪਾਣੀ ਮਿਲੇਗਾ ਤੇ ਨਾ ਹੀ ਸਾਹ ਲੈਣ ਲਈ ਸ਼ੁੱਧ ਹਵਾ। ਪੰਜ-ਆਬ ਦੀ ਧਰਤੀ ਉੱਪਰ ‘ਆਬ’ ਦਾ ਇੱਕ ਦਿਨ ਇਹ ਹਾਲ ਹੋਵੇਗਾ ਜੋ ਅੱਜ ਤੋਂ ਪੰਜਾਹ ਸਾਲ ਪਹਿਲਾਂ ਕਿਸੇ ਮਨੁੱਖ ਨੇ ਸੋਚਿਆ ਤੱਕ ਨਹੀਂ ਹੋਵੇਗਾ।
ਬੁਢਲਾਡਾ, ਮਾਨਸਾ
ਡਾ. ਵਨੀਤ ਸਿੰਗਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ