ਸਮੁੰਦਰ ਦੇ ਜਲ ਪੱਧਰ ’ਚ ਵਾਧਾ ਖਤਰਨਾਕ

ਅੱਜ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ’ਤੇ ਜਲ ਸਮਾਧਿ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਸਮੇਂ ’ਚ, ਹਰ ਸਾਲ ਸਮੁੰਦਰ ਦੇ ਜਲ ਪੱਧਰ ’ਚ ਔਸਤਨ 3.7 ਮਿਲੀਮੀਟਰ ਦਾ ਵਾਧਾ ਹੋਇਆ ਹੈ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ ਕਿ ਆਉਣ ਵਾਲੇ ਸਮੇਂ ’ਚ ਸਿਰਫ ਛੋਟੇ-ਛੋਟੇ ਹੀ ਨਹੀਂ, ਸਗੋਂ ਸੰਘਾਈ, ਢਾਕਾ, ਜਕਾਰਤਾ, ਲਾਗੋਸ, ਕਾਹਿਰਾ, ਲੰਡਨ, ਕੋਪਨਹੇਗਨ, ਨਿਊਯਾਰਕ, ਲਾਸ ਏਂਜਲਸ, ਬਿਊਨਸ ਆਇਰਸ, ਸੈਂਟੀਆਗੋ ਸਮੇਤ ਦੁਨੀਆ ਦੇ ਕਈ ਸ਼ਹਿਰ ਡੁੱਬ ਜਾਣਗੇ।

ਇਸ ਦਾ ਸਭ ਤੋਂ ਮਹੱਤਵਪੂਰਨ ਕਾਰਨ ਜਲਵਾਯੂ ਪਰਿਵਰਤਨ ਦੇ ਚੱਲਦੇ ਸਮੁੰਦਰ ਦੇ ਪਾਣੀ ਦੇ ਪੱਧਰ ਦਾ ਵਧਣਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ ਜੇਕਰ ਸਮੁੰਦਰ ਦਾ ਜਲ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦੁਨੀਆ ਦੀ ਲਗਭਗ 10 ਫੀਸਦੀ ਆਬਾਦੀ (90 ਕਰੋੜ ਲੋਕ) ਜੋ ਕਿ ਤੱਟਵਰਤੀ ਖੇਤਰਾਂ ’ਚ ਰਹਿੰਦੀ ਹੈ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗੀ। ਆਉਣ ਵਾਲੇ ਅੱਠ ਦਹਾਕਿਆਂ ਤੋਂ ਵੀ ਘੱਟ ਸਮੇਂ ’ਚ ਤਕਰੀਬਨ 25 ਤੋਂ 45 ਕਰੋੜ ਲੋਕਾਂ ਨੂੰ ਰਹਿਣ ਲਈ ਨਵੀਂ ਥਾਂ ਲੱਭਣੀ ਪਵੇਗੀ, ਜਿਸ ਕਾਰਨ ਜੀਵਨ ਲਈ ਜਰੂਰੀ ਸਾਧਨਾਂ ’ਚ ਭਾਰੀ ਕਮੀ ਆਵੇਗੀ। ਸੱਚ ਤਾਂ ਇਹ ਹੈ ਕਿ ਇਸ ਸਮੱਸਿਆ ਲਈ ਮਨੁੱਖੀ ਗਤੀਵਿਧੀਆਂ ਹੀ ਜ਼ਿੰਮੇਵਾਰ ਹਨ। ਬਰਫ ਤੇਜ਼ੀ ਨਾਲ ਪਿਘਲ ਰਹੀ ਹੈ, ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਗਰਮ ਹੋ ਰਹੇ ਹਨ ਤੇ ਉਨ੍ਹਾਂ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਗਲੋਬਲ ਤਾਪਮਾਨ ’ਚ ਵਾਧਾ ਇਸ ਦਾ ਮੁੱਖ ਕਾਰਨ ਹੈ। ਵਿਸ਼ਵ ਭਾਈਚਾਰਾ ਵੀ ਇਸ ਨੂੰ ਲੈ ਕੇ ਚਿੰਤਤ ਹੈ।

Sea ਦੇ ਜਲ ਪੱਧਰ ’ਚ ਵਾਧਾ ਖਤਰਨਾਕ

ਉਸ ਦੀ ਚਿੰਤਾ ਦਾ ਅਸਲ ਕਾਰਨ ਇਹ ਹੈ ਕਿ ਜੇਕਰ ਗਲੋਬਲ ਵਾਰਮਿੰਗ ਦੀ ਦਰ 1.5 ਡਿਗਰੀ ਤੱਕ ਸੀਮਤ ਰਹੀ ਤਾਂ ਅਗਲੇ ਦੋ ਹਜ਼ਾਰ ਸਾਲਾਂ ਤੱਕ ਸਮੁੰਦਰੀ ਜਲ ਪੱਧਰ ਹਰ ਸਾਲ ਦੋ ਤੋਂ ਤਿੰਨ ਮੀਟਰ ਤੱਕ ਵਧੇਗਾ। ਸੰਯੁਕਤ ਰਾਸ਼ਟਰ ਮੁਤਾਬਿਕ ਹਿਮਾਲਿਆ ’ਚ ਗਲੇਸ਼ੀਅਰ ਪਿਘਲਣ ਕਾਰਨ ਪਾਕਿਸਤਾਨ ਹੜ੍ਹਾਂ ਨਾਲ ਜੂਝ ਰਿਹਾ ਹੈ। ਜਿਵੇਂ-ਜਿਵੇਂ ਗਲੇਸ਼ੀਅਰ ਪਿਘਲਣਗੇ, ਨਦੀਆਂ ਸੁੰਗੜ ਜਾਣਗੀਆਂ ਤੇ ਸੁੱਕ ਜਾਣਗੀਆਂ। ਇਸ ਸਮੇਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਕਾਰਨ ਹੋਣ ਵਾਲੇ ਜਲਵਾਯੂ ਪਰਿਵਰਤਨ ਕਾਰਨ ਗਲੇਸ਼ੀਅਰਾਂ ਦਾ ਟੁੱਟਣਾ ਜਾਂ ਪਿੱਛੇ ਹਟਣਾ ਹੈ। ਸਾਡੇ ਨੀਤੀ ਨਿਰਮਾਤਾਵਾਂ ਨੂੰ ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਦੀ ਵਧਦੀ ਦਰ, ਇਸ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਹੋਰ ਨੀਤੀਆਂ ਬਣਾਉਣੀਆਂ ਪੈਣਗੀਆਂ। ਜੇਕਰ ਗਲੇਸ਼ੀਅਰ ਨਾ ਬਚੇ, ਦੇਸ਼ ਦੀਆਂ ਜੀਵਨ ਦੇਣ ਵਾਲੀਆਂ ਨਦੀਆਂ ਸੁੱਕ ਗਈਆਂ, ਜਿਨ੍ਹਾਂ ’ਤੇ ਤਕਰੀਬਨ ਦੇਸ਼ ਦੀ ਅੱਧੀ ਆਬਾਦੀ ਨਿਰਭਰ ਹੈ, ਤਾਂ ਇਸ ਆਬਾਦੀ ਦਾ ਕੀ ਹੋਵੇਗਾ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ