ਸਮਾਜਿਕ ਜੀਵਨ ’ਚ ਰਿਸ਼ਤਿਆਂ ਦੀ ਅਹਿਮੀਅਤ
ਅਸੀਂ ਕੁਦਰਤੀ ਤੌਰ ’ਤੇ ਹੀ ਸਮਾਜਿਕ ਪ੍ਰਾਣੀ ਹਾਂ। ਸਾਨੂੰ ਦੂਸਰਿਆਂ ਨਾਲ ਮਿਲ ਕੇ ਰਹਿਣਾ ਚੰਗਾ ਲੱਗਦਾ ਹੈ। ’ਕੱਲਿਆਂ ਰਹਿਣ ਕਰਕੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਅਸੀਂ ਸ਼ੁਰੂ ਤੋਂ ਹੀ ਇੱਕ-ਦੂਜੇ ਦਾ ਸਾਥ ਭਾਲਦੇ ਹਾਂ। ਇਸੇ ਸਾਥ ਲਈ ਅਸੀਂ ਸਾਰੀ ਜਿੰਦਗੀ ਰਿਸ਼ਤਿਆਂ ਵਿੱਚ ਬੱਝ ਕੇ ਰਹਿੰਦੇ ਹਾਂ। ਇਹ ਰਿਸ਼ਤੇ ਸਾਡੇ ਜੀਣ ਦਾ ਸਹਾਰਾ ਹੁੰਦੇ ਹਨ। ਪਰ ਅੱਜ-ਕੱਲ੍ਹ ਹਾਲਾਤ ਕੁਝ ਹੋਰ ਹੀ ਹੋ ਗਏ ਹਨ।
ਸ਼ਾਇਦ ਪੈਸੇ ਦੀ ਅੰਨ੍ਹੀ ਦੌੜ ਨੇ ਸਾਡੇ ਸਮਾਜਿਕ ਪਿਆਰ ਅਤੇ ਰਿਸ਼ਤਿਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਅਸੀਂ ਸਵਾਰਥੀ ਹੋ ਗਏ ਹਾਂ। ਜਦੋਂ ਸਾਨੂੰ ਜਰੂਰਤ ਹੁੰਦੀ ਹੈ ਉਦੋਂ ਅਸੀਂ ਰਿਸ਼ਤਿਆਂ ਦੇ ਬੂਟਿਆਂ ਨੂੰ ਪਾਣੀ ਪਾਉਂਦੇ ਹਾਂ, ਨਹੀਂ ਤਾਂ ਇਹ ਬੂਟੇ ਬਿਨਾਂ ਪਾਣੀ ਸੁੱਕ ਜਾਣ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ। ਦੂਜੀ ਗੱਲ ਇਹ ਕਿ ਅੱਜ-ਕੱਲ੍ਹ ਅਸੀਂ ਵਿਦੇਸ਼ੀ ਸੱਭਿਅਤਾ ਦੇ ਸ਼ਿਕਾਰ ਹੋ ਰਹੇ ਹਾਂ। ਅਸੀਂ ਦੇਸ਼ੀ ਕੱਪੜੇ ਛੱਡ ਕੇ ਵਿਦੇਸ਼ੀ ਕੱਪੜੇ ਤਾਂ ਪਹਿਲਾਂ ਹੀ ਪਾ ਲਏ ਸਨ ਤੇ ਬੋਲੀ ਵੀ ਅਸੀਂ ਵਿਦੇਸ਼ੀ ਹੀ ਬੋਲਣੀ ਪਸੰਦ ਕਰਦੇ ਹਾਂ। ਤਾਂ ਫੇਰ ਰਿਸ਼ਤੇ ਕਿਉਂ ਨਹੀਂ? ਹਾਂ ਬਿਲਕੁਲ ਸਹੀ ਸੋਚਿਆ ਤੁਸੀਂ ਕਿ ਰਿਸ਼ਤੇ ਵੀ ਅਸੀਂ ਹੁਣ ਵਿਦੇਸ਼ਾਂ ਵਾਂਗ ਹੀ ਨਿਭਾਉਣ ਲੱਗੇ ਹਾਂ।
ਅੱਜ-ਕੱਲ੍ਹ ਵਿਆਹਾਂ ਨਾਲੋਂ ਵੱਧ ਤਲਾਕ ਹੋਣ ਲੱਗ ਪਏ ਹਨ। ਵਿਆਹ ਵੀ ਮਰਜੀਆਂ ਨਾਲ ਹੁੰਦੇ ਹਨ ਤੇ ਤਲਾਕ ਵੀ ਕੁੱਝ ਹੀ ਚਿਰ ਪਿੱਛੋਂ ਹੋ ਜਾਂਦੇ ਹਨ। ਜਦੋਂ ਪਸੰਦ ਆਪਣੀ ਹੁੰਦੀ ਹੈ ਫੇਰ ਕਿਉਂ ਹੁੰਦੇ ਹਨ ਇਸ ਤਰ੍ਹਾਂ ਤਲਾਕ? ਇਸ ਗੱਲ ਦਾ ਜਵਾਬ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਨਹੀਂ ਦੇ ਰਹੇ ਹਾਂ ਜਾਂ ਇੰਝ ਕਹੀਏ ਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ। ਅੱਜ-ਕੱਲ੍ਹ ਮਾਪਿਆਂ ਨੂੰ ਨਾਲ ਰੱਖਣ ਦਾ ਰਿਵਾਜ ਨਹੀਂ ਰਿਹਾ। ਉਹ ਜਾਂ ਤਾਂ ਪਿੰਡਾਂ ਵਿੱਚ ’ਕੱਲੇ ਰਹਿੰਦੇ ਹਨ ਜਾਂ ਬਿਰਧ ਆਸ਼ਰਮਾਂ ਦਾ ਸ਼ਿੰਗਾਰ ਬਣ ਗਏ ਹਨ।
ਸਾਡੇ ਕੋਲ ਉਨ੍ਹਾਂ ਨੂੰ ਸੰਭਾਲਣ ਦਾ ਸਮਾਂ ਹੀ ਨਹੀਂ।ਘਰ ਵਿੱਚ ਬੱਚੇ ਵੀ ਇੱਕ ਜਾਂ ਦੋ ਹੀ ਹੁੰਦੇ ਹਨ ਤੇ ਮਾਂ-ਬਾਪ ਦੋਵੇਂ ਹੀ ਨੌਕਰੀਪੇਸ਼ਾ ਹੁੰਦੇ ਹਨ। ਹੁਣ ਬੱਚਿਆਂ ਨੂੰ ਸੰਸਕਾਰ ਕੌਣ ਦਵੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਕੱਲਤਾ ਦਾ ਮਾਹੌਲ ਮਿਲਦਾ ਹੈ, ਉਨ੍ਹਾਂ ਨੂੰ ਕਿਸੇ ਦੇ ਨਾਲ ਰਹਿਣ ਦੀ ਆਦਤ ਹੀ ਨਹੀਂ ਹੈ। ਉਹਨਾਂ ਨੂੰ ਘਰ ਵਿੱਚ ਸਿਰਫ ਟੀ. ਵੀ. ਜਾਂ ਮੋਬਾਇਲ ਫੋਨ ਦੀ ਜ਼ਰੂਰਤ ਹੈ, ਹੋਰ ਕੁੱਝ ਨਹੀਂ। ਖਾਣਾ ਬਣਾਉਣਾ ਸਿੱਖਣਾ ਤੇ ਸਿਖਾਉਣਾ ਕਿਸਨੇ ਹੈ? ਭੁੱਖ ਲੱਗੀ ਤਾਂ ਆਨਲਾਈਨ ਆਰਡਰ ਕਰਕੇ ਕੁੱਝ ਵੀ ਮੰਗਵਾ ਲਿਆ ਜਾਂ ਫੇਰ ਮੈਗੀ, ਪਾਸਤਾ, ਨਿਊਡਲ ਬਣਾ ਕੇ ਨਾਲ ਕੋਕ-ਸ਼ੋਕ ਪੀ ਲਿਆ।
ਹੁਣ ਦੱਸੋ ਕਿ ਕੀ ਜਰੂਰਤ ਰਹਿ ਗਈ ਆਪਸ ਵਿੱਚ ਮਿਲ ਕੇ ਰਹਿਣ ਦੀ? ਅੱਜ-ਕੱਲ੍ਹ ਬਹੁਤੇ ਘਰ ਮੋਬਾਇਲ ਫੋਨਾਂ ਦੇ ਵੀ ਪੱਟੇ ਹੋਏ ਹਨ। ਕੀ ਬੰਦਾ, ਕੀ ਜਨਾਨੀ ਤੇ ਕੀ ਬੱਚੇ ਵੱਡੇ… ਸਭ ਏਸੇ ’ਚ ਰੁੱਝੇ ਰਹਿੰਦੇ ਹਨ। ਘਰ ਵਿੱਚ ਜੇਕਰ ਚਾਰ ਜੀ ਹਨ ਤਾਂ ਚਾਰਾਂ ਕੋਲ ਫੋਨ ਹੁੰਦੇ ਹਨ। ਹਰ ਰੋਜ਼ ਕਿੰਨੇ ਹੀ ਮੁੰਡੇ ਕੁੜੀਆਂ ਫੇਸਬੁੱਕ ਅਤੇ ਹੋਰ ਕਈ ਐਪਸ ਰਾਹੀਂ ਬੇਵਕੂਫ ਬਣਦੇ ਜਾਂ ਬਣਾਉਂਦੇ ਹਨ। ਕਈਆਂ ਨੂੰ ਤਾਂ ਆਪਣਾ ਸਾਰਾ ਕੁੱਝ ਗਵਾ ਕੇ ਹੀ ਹੋਸ਼ ਆਉਂਦੀ ਹੈ।
ਉਂਜ ਵੀ ਅੱਜ-ਕੱਲ੍ਹ ਤਾਂ ਕੋਰੋਨਾ ਕਰਕੇ ਬੱਚਿਆਂ ਕੋਲ ਤਾਂ ਫੋਨ ਬਹੁਤ ਜਰੂਰੀ ਹੈ। ਪੜ੍ਹਾਈ ਭਾਵੇਂ ਕਰਨ ਨਾ ਕਰਨ ਹੋਰ ਵਥੇਰਾ ਕੁੱਝ ਕਰਦੇ ਹਨ ਫੋਨ ’ਤੇ। ਤੇ ਮਾਵਾਂ ਬੜੇ ਮਾਣ ਨਾਲ ਕਹਿਣਗੀਆਂ ਕਿ ਮੇਰਾ ਤਾਂ ਨਿੱਕਾ ਜਿਹਾ ਬੱਚਾ ਵੀ ਫੋਨ ’ਚੋਂ ਸਾਰਾ ਕੁੱਝ ਕੱਢ ਲੈਂਦਾ।
ਅੱਜ-ਕੱਲ੍ਹ ਮਾਮੇ, ਮਾਸੀਆਂ, ਭੂਆ ਘਰੇ ਜਾ ਕੇ ਰਹਿਣ ਦਾ ਰਿਵਾਜ ਹੀ ਨਹੀਂ ਰਿਹਾ। ਬੱਚਿਆਂ ਨੂੰ ਆਪਣੇ ਘਰ ਇੰਨੀਆਂ ਸੁਖ-ਸੁਵਿਧਾਵਾਂ ਮਿਲ ਗਈਆਂ ਹਨ ਕਿ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਰਹਿਣਾ ਚੰਗਾ ਨਹੀਂ ਲੱਗਦਾ। ਹੁਣ ਗੱਲ ਜੇਕਰ ਵੱਡਿਆਂ ਦੀ ਕਰੀਏ ਤਾਂ ਉਹਨਾਂ ਦਾ ਵੀ ਇਹੀ ਹਾਲ ਹੈ।
ਉਹਨਾਂ ਨੂੰ ਆਪਣੇ ਮਾਂ-ਬਾਪ ਨਾਲ ਹਹਿਣਾ ਵੀ ਔਖਾ ਲੱਗਦਾ ਹੈ, ਭੈਣ-ਭਰਾ ਤਾਂ ਬਹੁਤ ਦੂਰ ਦੀ ਗੱਲ ਹੈ।
ਹਰ ਕੋਈ ਨਿੱਜਤਾ ਚਾਹੁੰਦਾ ਹੈ। ਬਜੁਰਗਾਂ ਦੀਆਂ ਗੱਲਾਂ ਕਿਸੇ ਨੂੰ ਪਸੰਦ ਨਹੀਂ ਸਗੋਂ ਉਹਨਾਂ ਗੱਲਾਂ ਨੂੰ ਫਜੂਲ ਦੀ ਟੋਕਾ-ਟੋਕਾਈ ਮੰਨਿਆ ਜਾਂਦਾ ਹੈ। ਸੋ ਕਿਸੇ ਤਰ੍ਹਾਂ ਉਹਨਾਂ ਨੂੰ ਅਲੱਗ ਹੋਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਵੱਡੇ ਹੋ ਕੇ ਆਪਣੇ ਬੱਚੇ ਵੀ ਇਹੀ ਕਰਦੇ ਹਨ ਤਾਂ ਬਹੁਤ ਅਫਸੋਸ ਹੁੰਦਾ ਹੈ ਪਰ ਅਜੀਬ ਗੱਲ ਇਹ ਹੈ ਕਿ ਅਸੀਂ ਆਪ ਹੀ ਬੱਚਿਆਂ ਨੂੰ ਇਹ ਸਭ ਸਿਖਾਉਂਦੇ ਹਾਂ ਤੇ ਫੇਰ ਆਪ ਹੀ ਭੁਗਤਦੇ ਹਾਂ।
ਲੋੜ ਹੈ ਸਾਨੂੰ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮੇਂ ਸਿਰ ਸਮਝਣ ਦੀ। ਘਰ ਵਿੱਚ ਬਜੁਰਗਾਂ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾਂ ਨਾਲ ਘਰ ਵਿੱਚ ਰੌਣਕ ਵੀ ਰਹਿੰਦੀ ਹੈ ਤੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਚੰਗੇ ਸੰਸਕਾਰ ਵੀ ਮਿਲਦੇ ਹਨ। ਸੱਭ ਤੋਂ ਵੱਡੀ ਗੱਲ ਕਿ ਬਾਹਰ ਜਾ ਕੇ ਘਰ ਦੀ ਤੇ ਬੱਚਿਆਂ ਦੀ ਕੋਈ ਫਿਕਰ ਨਹੀਂ ਹੁੰਦੀ। ਚਲੋ ਸਮੇਂ ਸਿਰ ਆਪਣੇ ਇਹਨਾਂ ਮਹਾਨ ਰਿਸ਼ਤਿਆਂ ਦੀ ਸੰਭਾਲ ਕਰੀਏ ਤੇ ਇਹਨਾਂ ਦੀ ਅਹਿਮੀਅਤ ਸਮਝੀਏ ਤੇ ਆਪਣੇ ਘਰ ਅਤੇ ਜਿੰਦਗੀ ਨੂੰ ਬਿਹਤਰ ਬਣਾਈਏ।
ਸਾਬਕਾ ਪੀਈਐਸ-1,
ਸੇਵਾ ਮੁਕਤ ਪ੍ਰਿੰਸੀਪਲ, ਮਲੋਟ
ਵਿਜੈ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ