ਜ਼ਿੰਦਗੀ ’ਚ ਰਿਸ਼ਤਿਆਂ ਦੀ ਅਹਿਮੀਅਤ

Relations

Relationships : ਸਾਡੇ ਪੰਜਾਬੀਆਂ ਦੇ ਬਹੁਤ ਰਿਸ਼ਤੇ ਉਂਗਲਾਂ ’ਤੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਪੰਜ ਪ੍ਰਕਾਰ ਦੇ ਰਿਸ਼ਤੇ-ਨਾਤੇ ਸਾਡੀ ਜੀਵਨਸ਼ੈਲੀ ਵਿੱਚ ਪ੍ਰਚਲਿਤ ਹਨ। ਖੂਨ ਦੇ ਰਿਸ਼ਤੇ: ਖੂਨ ਦੇ ਰਿਸ਼ਤਿਆਂ ’ਚ ਭੈਣ-ਭਰਾ, ਭਾਈ-ਭਾਈ, ਭੈਣਾਂ-ਭੈਣਾਂ ਦੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਜਨਮ ਸਬੰਧੀ ਰਿਸ਼ਤੇ: ਇਸ ਵਿੱਚ ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਦੇ ਰਿਸ਼ਤੇ ਸ਼ਾਮਿਲ ਹਨ। ਪਰਿਵਾਰਿਕ ਰਿਸ਼ਤੇ: ਪਰਿਵਾਰਿਕ ਰਿਸ਼ਤਿਆਂ ਦੀ ਵੰਨਗੀ ਤਹਿਤ ਮਾਮਾ-ਭਾਣਜਾ, ਮਾਮਾ-ਭਣੇਵੀਂ, ਨਾਨਾ-ਦੋਹਤਾ, ਨਾਨੀ-ਦੋਹਤੀ, ਚਾਚਾ-ਭਤੀਜਾ, ਤਾਇਆ-ਭਤੀਜਾ, ਦਾਦਾ-ਪੋਤਾ, ਦਾਦੀ-ਪੋਤੀ, ਚਾਚੀ-ਤਾਈ, ਮਾਮੀ-ਭੂਆ ਤੇ ਇਨ੍ਹਾਂ ਦੇ ਬੱਚਿਆਂ ਨਾਲ ਸੰਬੰਧਿਤ ਰਿਸ਼ਤੇ ਗਿਣੇ ਜਾ ਸਕਦੇ ਹਨ। ਵਿਆਹ ਰਾਹੀਂ ਬਣੇ ਰਿਸ਼ਤੇ:- ਵਿਆਹ ਰਾਹੀਂ ਬਣੇ ਰਿਸ਼ਤੇ ਸੱਸ-ਨੂੰਹ, ਨੂੰਹ-ਸਹੁਰਾ, ਸਹੁਰਾ-ਜਵਾਈ, ਸੱਸ-ਜਵਾਈ, ਸਾਲਾ-ਭਣਵੱਈਆ, ਸਾਲਾ-ਸਾਲੇਹਾਰ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜੇਠਾਣੀ, ਪਤੀਸ, ਕੁੜਮ-ਕੁੜਮਣੀ ਆਦਿ ਰਿਸ਼ਤੇ।

ਭਾਵਨਾ ਤੇ ਪਿਆਰ ਵਾਲੇ ਰਿਸ਼ਤੇ | Relationships

ਇਹ ਉਹ ਰਿਸ਼ਤੇ ਹੁੰਦੇ ਹਨ ਜੋ ਮਨੁੱਖੀ ਪਿਆਰ-ਸਤਿਕਾਰ ਤੇ ਭਾਵਨਾਵਾਂ ਆਦਿ ਲਈ ਸਿਰਜ ਲਏ ਜਾਂਦੇ ਹਨ। ਇਨ੍ਹਾਂ ਵਿੱਚ ਦੋਸਤ, ਮਿੱਤਰ, ਸਹਿਕਰਮੀ, ਵਿਦਿਆਰਥੀ, ਅਧਿਆਪਕ ਆਦਿ ਸ਼ਾਮਿਲ ਹੁੰਦੇ ਹਨ। ਜਿਉਂ-ਜਿਉਂ ਸਮਾਂ ਆਪਣੀ ਚਾਲੇ ਤੇਜੀ ਨਾਲ ਬਦਲਦਾ ਗਿਆ, ਤਿਉਂ-ਤਿਉਂ ਮਨੁੱਖੀ ਜ਼ਿੰਦਗੀ ਵਿੱਚ ਵੀ ਵੱਡੇ ਬਦਲਾਅ ਆਏ। ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ ਸਾਡੇ ਵਿਹੜਿਆਂ ਦੀਆਂ ਰੌਣਕਾਂ ਅੱਜ-ਕੱਲ੍ਹ ਖਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ। (Relationships)

ਵਿਰਲੇ ਘਰਾਂ ਵਿੱਚ ਹੀ ਚਾਚੇ-ਤਾਇਆਂ ਦੇ ਪਰਿਵਾਰ ਇੱਕ ਛੱਤ ਥੱਲੇ ਰਹਿੰਦੇ ਹਨ। ਸਮੇਂ ਦੀ ਚਾਲ ਨੇ ਸਾਨੂੰ ਮਤਲਬੀ ਤੇ ਇਕੱਲੇ ਰਹਿਣਾ ਸਿਖਾ ਦਿੱਤਾ ਹੈ। ਅੱਜ ਹਰ ਇੱਕ ਮਾਂ-ਪਿਓ ਦੀ ਇੱਛਾ ਹੈ ਕਿ ਉਨ੍ਹਾਂ ਦੀ ਪਹਿਲੀ ਔਲਾਦ ਸਿਰਫ ਮੁੰਡਾ ਹੀ ਹੋਵੇ ਤੇ ਅੱਗੇ ਫੁੱਲ ਸਟਾਪ! ਪੜ੍ਹੇ-ਲਿਖੇ ਵਰਗ ਵਿੱਚ ਵੀ ਹੁਣ ਕੁੜੀ-ਮੁੰਡੇ ਦਾ ਫਰਕ ਵੱਡੀ ਹੱਦ ਤੱਕ ਖ਼ਤਮ ਹੋ ਗਿਆ ਹੈ। ਪਹਿਲਾ ਬੱਚਾ ਕੁੜੀ ਹੀ ਕਿਉਂ ਨਾ ਪੈਦਾ ਹੋਇਆ ਹੋਵੇ ਅੱਗੇ ਫੁੱਲ ਸਟਾਪ! ਉਹ ਸੋਚਦੇ ਹਨ ਮਹਿੰਗਾਈ ਦਾ ਜ਼ਮਾਨਾ ਹੈ, ਮੁੰਡਾ ਭਾਲਦੇ-ਭਾਲਦੇ ਜੇਕਰ ਹੋਰ ਕੁੜੀਆਂ ਜੰਮ ਪਈਆਂ ਤਾਂ ਕੌਣ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ ਆਦਿ ’ਤੇ ਖਰਚ ਕਰਕੇ ਬਿਗਾਨੇ ਘਰ ਤੋਰੂ।

ਖਤਮ ਹੁੰਦੇ ਰਿਸ਼ਤੇ

ਦੂਜੇ ਪਾਸੇ ਸਾਡੇ ਸੰਯੁਕਤ ਪਰਿਵਾਰ ਤਿੜਕਣ ਤੇ ਸਾਡੀ ਇਸ ਇੱਕ ਬੱਚੇ ਵਾਲੀ ਮਾਨਸਿਕਤਾ ਨਾਲ ਸਾਡੇ ਬਹੁਤੇ ਪਰਿਵਾਰਿਕ ਰਿਸ਼ਤੇ ਖਤਮ ਹੋ ਰਹੇ ਹਨ ਤੇ ਕਈ ਬਿਲਕੁਲ ਖਾਤਮੇ ਵੱਲ ਵਧ ਰਹੇ ਹਨ। ਜਿਸ ਦਾ ਇੱਕ ਪੁੱਤ ਹੈ ਉਸਦੇ ਬੱਚਿਆਂ ਲਈ ਭੂਆ ਤੇ ਤਾਏ-ਚਾਚੇ ਮੁੱਲ ਨਹੀਂ ਲੱਭਣੇ। ਜਿਸ ਦੇ ਇੱਕ ਧੀ ਹੈ ਉਸਦੇ ਬੱਚਿਆਂ ਨੂੰ ਮਾਸੀ ਤੇ ਮਾਮੇ ਨਹੀਂ ਮਿਲਣੇ। ਚਾਚੀ, ਤਾਈ, ਫੁੱਫੜ, ਮਾਸੜ, ਭੂਆ, ਚਾਚਾ, ਤਾਇਆ, ਸਾਲੀ, ਸਾਢੂ, ਨਨਾਣ, ਭਰਜਾਈ, ਦਰਾਣੀ, ਜੇਠਾਣੀ, ਪਤੀਸ, ਮਾਸੀ, ਮਾਮਾ, ਮਾਮੀ, ਆਦਿਕ ਰਿਸ਼ਤੇ ਆਉਣ ਵਾਲੀ ਪੀੜ੍ਹੀ ਨੂੰ ਜਵਾਨ ਹੋ ਕੇ ਸਮਝ ਆਉਣ ਤੱਕ ਲਗਭਗ ਖ਼ਤਮ ਵਰਗੇ ਹੀ ਹੋਣਗੇ।

Also Read : ਰੋਟਰੀ ਸੈਂਟਰਲ ਦੀ ਪ੍ਰਧਾਨ ਕੀਰਤੀ ਗਰੋਵਰ ਭਾਜਪਾ ’ਚ ਸ਼ਾਮਲ

ਪਹਿਲਾਂ ਸੰਯੁਕਤ ਪਰਿਵਾਰਾਂ ਵਿੱਚ ਘੱਟੋ-ਘੱਟ ਦਸ ਤੋਂ ਪੰਦਰਾਂ ਜੀ ਹੁੰਦੇ ਸਨ, ਕਈ ਟੱਬਰਾਂ ਦੇ ਤਾਂ ਇਸ ਤੋਂ ਵੀ ਵੱਧ ਮੈਂਬਰ ਹੁੰਦੇ ਸੀ। ਕੱਚੇ ਘਰ ਤੇ ਕੱਚੇ ਵਿਹੜੇ ਖੁੱਲ੍ਹੇ-ਡੁੱਲੇ ਹੁੰਦੇ ਸੀ। ਜਿੱਥੇ ਘਰ ਕੱਚੇ ਤੇ ਮਨ ਸੱਚੇ ਸਨ, ਉੱਥੇ ਖੁੱਲ੍ਹੇ ਵਿਹੜਿਆਂ ਦੀ ਤਰ੍ਹਾਂ ਦਿਲ ਵੀ ਖੁੱਲ੍ਹੇ ਸਨ। ਗਰਮੀਆਂ ਵਿੱਚ ਰਾਤਾਂ ਨੂੰ ਵਿਹੜੇ ਵਿੱਚ ਇੱਕ ਵਾਢਿਓ ਜੋੜ ਕੇ ਮੰਜੇ ਡਾਹੇ ਹੁੰਦੇ ਸੀ। ਆਪਸੀ ਪਿਆਰ ਦੇ ਕਾਰਨ ਇੱਕ ਮੰਜੇ’ ਤੇ ਦੋ-ਦੋ ਜਵਾਕ ਪਏ ਹੁੰਦੇ ਸੀ। ਮਾਂ ਨਾਲ ਸਭ ਤੋਂ ਛੋਟਾ ਜਵਾਕ ਭਾਵੇਂ ਉਹ ਬਾਰ੍ਹਾਂ ਸਾਲਾਂ ਦਾ ਹੁੰਦਾ ਸੀ, ਉਹੀ ਉਹਦੇ ਨਾਲ ਸੌਂਦਾ ਸੀ, ਮੰਜਾ ਭਾਵੇਂ ਭੀੜਾ ਹੀ ਹੁੰਦਾ ਸੀ। ਅੱਜ ਵਾਲੇ ਜਵਾਕ ਭਾਵੇਂ ਇੱਕ ਸਾਲ ਦਾ ਹੀ ਹੋਵੇ ਮਾਂ-ਪਿਓ ਉਸ ਨੂੰ ਅਲੱਗ ਪੰਘੂੜੀ ’ਤੇ ਪਾਉਂਦਾ ਹੈ। ਇਸਦੇ ਰਿਜਲਟ ਸਾਡੇ ਸਾਹਮਣੇ ਹਨ।

ਆਧੁਨਿਕਤਾ ਦੀ ਦੌੜ ਖਾ ਗਈ ਰਿਸ਼ਤੇ

ਪਹਿਲਾਂ ਸਾਡੇ ਚਾਚੇ, ਤਾਇਆ, ਮਾਸੀਆਂ, ਭੂਆ ਆਦਿ ਰਿਸ਼ਤੇਦਾਰੀਆਂ ਵਿੱਚ ਆਪਸੀ ਸਨੇਹ ਬਹੁਤ ਜ਼ਿਆਦਾ ਹੋਣ ਕਾਰਨ ਵਰਤ-ਵਰਤਾਵਾ ਬਹੁਤ ਹੁੰਦਾ ਸੀ ਜੋ ਅੱਜ ਆਧੁਨਿਕ ਦੌਰ ਵਿੱਚ ਕਿਧਰੇ ਖੰਭ ਲਾ ਕੇ ਉੱਡ ਗਿਆ ਹੈ। ਇਨ੍ਹਾਂ ਰਿਸ਼ਤੇ-ਨਾਤਿਆਂ ਨੂੰ ਅੱਜ-ਕੱਲ੍ਹ ਸਰੀਕੇਬਾਜੀ ਦਾ ਨਾਂਅ ਦਿੱਤਾ ਜਾਂਦਾ ਹੈ। ਸਾਡੀਆਂ ਰਿਸ਼ਤੇਦਾਰੀਆਂ ਦੇ ਮੁੱਖ ਆਧਾਰ ਨਾਨਕੇ ਤੇ ਦਾਦਕੇ ਹੁੰਦੇ ਹਨ। ਨਾਨਕਿਆਂ ਦਾ ਰਿਸ਼ਤਾ ਮਾਂ ਵੱਲ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਨਾਨਕਾ ਪਰਿਵਾਰ ਧੀ ਲਈ ਦਾਜ ਸੂਸਕ ਤੇ ਉਸਦੇ ਜਵਾਕਾਂ ਦੀ ਨਾਨਕੀ ਸ਼ੱਕ ਭਰਦੇ ਹਨ। ਕੁੜੀ ਵਿਆਹੁਣ ਨੂੰ ਕੰਨਿਆ ਦਾਨ ਕਿਹਾ ਜਾਂਦਾ ਹੈ।

ਵਿਆਹੁਤਾ ਕੁੜੀ ਲਈ ਨਾਨਕੇ ਵੱਖਰਾ ਗਹਿਣਾ-ਗੱਟਾ ਲਿਆਉਂਦੇ ਹਨ, ਜਵਾਈ ਦੋਹਤਰੇ ਲਈ ਸ਼ਗਨ ਤੇ ਕੁੜਮਾਈ ਦੀ ਮਿਲਣੀ ਵੀ ਨਾਨਕਿਆਂ ਜ਼ਿੰਮੇ ਹੀ ਹੁੰਦੀ ਹੈ। ਨਾਨਕੇ ਧੀਆਂ ਵਾਲੀ ਧਿਰ ਹੋਣ ਕਾਰਨ ਹਰ ਸ਼ਗਨ-ਵਿਹਾਰ ਸਮੇਂ ਕੁੱਝ ਨਾ ਕੁੱਝ ਹੱਥ ਝਾੜਦੇ ਹੀ ਰਹਿੰਦੇ ਹਨ। ਦੂਸਰਾ ਪੱਖ ਦਾਦਕਿਆਂ ਦਾ ਹੁੰਦਾ ਹੈ। ਦਾਦੀਆਂ ਤੋਂ ਵੀ ਪੋਤੇ-ਪੋਤੀਆਂ ਦਾ ਚਾਅ ਚੱਕਿਆ ਨਹੀਂ ਜਾਂਦਾ, ਹਰ ਰਿਸ਼ਤਾ-ਨਾਤਾ ਆਪੋ-ਆਪਣੀ ਥਾਂ ਮਾਇਨੇ ਰੱਖਦਾ ਹੈ। ਬੱਚਿਆਂ ਲਈ ਦਾਦਕੇ ਵੀ ਬਹੁਤ ਮਹੱਤਵ ਰੱਖਦੇ ਹਨ ਕਿਉਂਕਿ ਬੰਦੇ ਦੀਆਂ ਰਗਾਂ ਵਿੱਚ ਪਿਤਾ ਦਾ ਖੂਨ ਹੁੰਦਾ ਹੈ, ਜਿਸ ਨਾਲ ਉਹ ਪਿਤਾਪੁਰਖੀ ਕਿੱਤੇ ਤੇ ਰਸਮਾਂ ਰਿਵਾਜ਼ ਸਹਿਜ ਹੀ ਗ੍ਰਹਿਣ ਕਰ ਲੈਂਦਾ ਹੈ। ਸਾਡੇ ਰਿਸ਼ਤੇ-ਨਾਤੇ ਵੱਖੋ-ਵੱਖਰੇ ਫੁੱਲਾਂ ਦੀ ਤਰ੍ਹਾਂ ਮਹਿਕਾਂ ਵੰਡਦੇ ਹਨ। ਹਰੇਕ ਰਿਸ਼ਤੇ ਦਾ ਸਮਾਜਿਕ, ਮਾਨਸਿਕ, ਆਰਥਿਕ ਜਾਂ ਧਾਰਮਿਕ ਮਹੱਤਵ ਹੈ। ਰਿਸ਼ਤੇ ਸਾਡੇ ਸਮਾਜ ਦਾ ਥੰਮ੍ਹ ਹਨ।

ਰਿਸ਼ਤਿਆਂ ਤੇ ਮੁਹੱਬਤ ਦੀ ਟੁੱਟ ਭੱਜ | Relationships

ਅਜੋਕੇ ਸਮੇਂ ਦੀ ਟੈਕਨਾਲੋਜੀ ਵਾਲੇ ਜ਼ਮਾਨੇ ਅੰਦਰ ਸਾਡੇ ਰਿਸ਼ਤੇ-ਨਾਤਿਆਂ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਸਾਡੇ ਆਪਸੀ ਪਿਆਰ ਵਿੱਚ ਬਹੁਤ ਤੇਜੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤੀਆਂ ਦੁਸ਼ਮਣੀਆਂ ਵਿੱਚ ਬਦਲ ਰਹੀਆਂ ਹਨ। ਪਹਿਲਾਂ ਸਿਆਣੇ ਕਹਿੰਦੇ ਸੀ ਦੋਸਤ ਜਿੰਨਾ ਪੁਰਾਣਾ ਹੋਵੇ ਉਨਾ ਹੀ ਚੰਗਾ ਹੁੰਦਾ ਹੈ। ਪਰੰਤੂ ਇਹ ਤੱਥ ਅੱਜ-ਕੱਲ੍ਹ ਵੱਡੀ ਹੱਦ ਤੱਕ ਗਲਤ ਸਾਬਤ ਹੋ ਰਹੇ ਹਨ। ਹੁਣ ਤਾਂ ਪੁਰਾਣੇ ਸਬੰਧ ਵੀ ਪਲ ਵਿੱਚ ਤਿੜਕਦੇ ਨਜਰੀਂ ਪੈਂਦੇ ਹਨ। ਜਿਗਰੀ ਯਾਰੀਆਂ ਅੱਜ-ਕੱਲ੍ਹ ਜਾਨੀ ਦੁਸ਼ਮਣੀਆਂ ਵਿੱਚ ਬਦਲਦੀਆਂ ਦੇਖੀਆਂ ਜਾ ਸਕਦੀਆਂ ਹਨ। ਸੱਭਿਅਕ ਰਿਸ਼ਤੇ ਸਾਡੇ ਸੱਭਿਅਕ ਸਮਾਜ ਦਾ ਅਨਿੱਖੜਵਾਂ ਅੰਗ ਹਨ।

ਜੇਕਰ ਅੱਜ ਮਹਿੰਗਾਈ ਕਾਰਨ ਲੋਕ ਇੱਕ ਬੱਚਾ ਚਾਹੁੰਦੇ ਹਨ ਤਾਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਤੇ ਜਿਉਂਦਾ ਰੱਖਣ ਲਈ ਸਾਡੇ ਪੰਜਾਬੀ ਪਰਿਵਾਰ ਇਹ ਪ੍ਰਣ ਕਰਨ ਕਿ ਜੇਕਰ ਸਾਡੇ ਘਰ ਮੁੰਡਾ ਪੈਦਾ ਹੋਇਆ ਤਾਂ ਅਸੀਂ ਆਪਣੇ ਫਲਾਣੇ ਜਾਣ-ਪਹਿਚਾਣ ਵਾਲੇ ਘਰ ਪੈਦਾ ਹੋਈ ਕੁੜੀ ਨੂੰ ਆਪਣੀ ਧੀ ਸਮਝ ਕੇ, ਆਪਣੇ ਪੁੱਤ ਦੀ ਸਕੀ ਭੈਣ ਵਾਂਗ ਅਪਣਾ ਕੇ ਮਾਮੇ-ਭੂਆ ਵਾਂਗ ਵਰਤਾਂਗੇ ਤਾਂ ਜੋ ਰੱਖੜੀ ਤੋਂ ਗੁੱਟ ਸੁੰਨਾ ਨਾ ਹੋਵੇ ਤੇ ਭੈਣ ਦੀ ਨਾਨਕੀ ਸ਼ੱਕ ਪੂਰੀ ਜਾਵੇ।

ਸੱਭਿਅਕ ਸਮਾਜ ਸਿਰਜਣ ਲਈ ਸਾਨੂੰ ਖੁਦ ਹੀ ਆਪਣੇ ਸੁਭਾਅ ਬਦਲ ਕੇ ਉਪਰਾਲੇ ਕਰਨੇ ਪੈਣਗੇ ਜਿਸ ਨਾਲ ਪੰਜਾਬ ਅੰਦਰ ਮੁੜ ਕੁੜੀਆਂ ਚਿੜੀਆਂ ਦੀਆਂ ਕਿੱਕਲੀਆਂ ਤੇ ਅੰਬਰੀਂ ਪੀਂਘਾਂ ਚੜ੍ਹਾਉਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ। ਖਾਸ ਕਰ ਸਾਨੂੰ ਪੰਜਾਬੀਆਂ ਨੂੰ ਪੁਰਾਣੇ ਸਮਿਆਂ ਵਾਲੇ ਰਿਸ਼ਤੇ-ਨਾਤਿਆਂ ਨੂੰ ਮੁੜ ਆਪਣੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਆਪਸੀ ਪਿਆਰ, ਸਨੇਹ ਤੇ ਮੁਹੱਬਤ ਨੂੰ ਜਿਉਂਦਾ ਕਰਨ ਦੀ ਵੱਡੀ ਲੋੜ ਹੈ ਜਿਸ ਨਾਲ ਸਾਡੀਆਂ ਆਪਸੀ ਦੂਰੀਆਂ ਖ਼ਤਮ ਹੋਣਗੀਆਂ ਤੇ ਪਿਆਰ ਦੀ ਗੰਗਾ ਮੁੜ ਦੁਬਾਰਾ ਪੰਜਾਬ ਵਿੱਚ ਵਗਣੀ ਸ਼ੁਰੂ ਹੋਵੇਗੀ।

ਜਗਜੀਤ ਸਿੰਘ ਕੰਡਾ
ਕੋਟਕਪੂਰਾ
ਮੋ. 96462-00468