ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ

The Ethical Values

ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ

ਨਰੋਏ ਸਮਾਜ ਦੀ ਸਿਰਜਣਾ ਲਈ ਨੈਤਿਕ ਕਦਰਾਂ-ਕੀਮਤਾਂ ਦਾ ਹੋਣਾ ਬੇਹੱਦ ਜਰੂਰੀ ਹੈ। ਸਾਡੇ ਜੀਵਨ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਹੀ ਮਹੱਤਤਾ ਹੈ। ਇਹ ਜ਼ਰੂਰੀ ਨਹੀਂ ਕਿ ਵਿਦਿਆਰਥੀਆਂ ਨੂੰ ਹੀ ਨੈਤਿਕਤਾ ਦੀ ਜ਼ਰੂਰਤ ਹੈ।

ਬਜ਼ੁਰਗ, ਨੌਜਵਾਨ, ਔਰਤ ਹਰ ਉਮਰ ਦੇ ਇਨਸਾਨ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਤਾ ਹੋਣਾ ਜ਼ਰੂਰੀ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਵਾਲੇ ਇਨਸਾਨ ਦੀ ਸੋਚ ਬਹੁਤ ਵਧੀਆ ਭਾਵ ਉਸ ਦੇ ਵਧੀਆ ਵਿਚਾਰ, ਚੰਗਾ ਇਨਸਾਨ, ਰਹਿਣ ਸਹਿਣ, ਸਮਾਜ ਵਿੱਚ ਵਿਚਰਨਾ ਬਹੁਤ ਜ਼ਿਆਦਾ ਆਦਰਸ਼ ਹੁੰਦਾ ਹੈ। ਅਕਸਰ ਜਿਵੇਂ ਪਹਿਲੇ ਬੱਚੇ ਗੁਰੂਕੁਲ ਵਿੱਚ ਰਿਸ਼ੀਆਂ-ਮੁਨੀਆਂ ਕੋਲ ਪੜ੍ਹਦੇ ਸਨ, ਤਾਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰਾਂ, ਚੰਗਾ ਇਨਸਾਨ, ਇਮਾਨਦਾਰੀ, ਬਜ਼ੁਰਗਾਂ ਦਾ ਸਤਿਕਾਰ, ਆਗਿਆਕਾਰੀ, ਨਿਮਰਤਾ, ਪ੍ਰੀਤ, ਪਿਆਰ, ਸਹਿਣਸ਼ੀਲ ਬਣਨ ਲਈ ਸਿੱਖਿਆ ਵੀ ਦਿੱਤੀ ਜਾਂਦੀ ਸੀ। ਭਾਵ ਉਨ੍ਹਾਂ ਨੂੰ ਚੰਗੇ-ਮਾੜੇ ਬਾਰੇ ਸਭ ਦੱਸਿਆ ਜਾਂਦਾ ਸੀ। ਖਾਸਕਰ ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਕਰਨ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਸੀ।

ਦੱਸਿਆ ਜਾਂਦਾ ਸੀ ਕਿ ਮਾਂ-ਬਾਪ ਦੀ ਜਿੰਦਗੀ ਵਿਚ ਕਿੰਨੀ ਮਹੱਤਵਪੂਰਨ ਭੂਮਿਕਾ ਹੈ। ਤਾਏ-ਚਾਚੇ, ਭੂਆ- ਫੁੱਫੜ ਸਭ ਬਾਰੇ ਦੱਸਿਆ ਜਾਂਦਾ ਸੀ। ਬਜ਼ੁਰਗਾਂ ਦਾ ਸਤਿਕਾਰ ਕਰਨ ਬਾਰੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਜੇ ਕੋਈ ਬੱਚਾ ਉਸ ਸਮੇਂ ਗਲਤ ਵੀ ਹੁੰਦਾ ਸੀ, ਤਾਂ ਆਪਸ ਵਿੱਚ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਕੁਟਾਈ ਵੀ ਕਰ ਦਿੱਤੀ ਜਾਂਦੀ ਸੀ। ਜਦੋਂ ਬੱਚੇ ਦੇ ਮਾਂ-ਬਾਪ ਨੂੰ ਪਤਾ ਲੱਗਣਾ ਕਿ ਸਾਡੇ ਅੱਜ ਮੁੰਡੇ ਨੇ ਗਲਤੀ ਕੀਤੀ ਹੈ ਤਾਂ ਅੱਗੋਂ ਉਹ ਕਹਿੰਦੇ ਸਨ ਕਿ ਚੰਗਾ ਕੀਤਾ ਤੁਸੀਂ ਸਾਡੇ ਬੱਚਿਆਂ ਨੂੰ ਫਟਕਾਰ ਲਾਈ। ਭਵਿੱਖ ਵਿਚ ਅਜਿਹੀ ਗਲਤੀ ਨਹੀਂ ਕਰੇਗਾ। ਕਹਿਣ ਦਾ ਭਾਵ ਹੈ ਕਿ ਮਾਂ-ਬਾਪ ਨੂੰ ਬਿਲਕੁਲ ਵੀ ਇਤਰਾਜ਼ ਨਹੀਂ ਹੁੰਦਾ ਸੀ ਕਿ ਜਦੋਂ ਉਨ੍ਹਾਂ ਦਾ ਬੱਚਾ ਕੋਈ ਗਲਤੀ ਜਾਂ ਕਿਸੇ ਨੂੰ ਉੱਚਾ-ਨੀਵਾਂ ਬੋਲ ਬੋਲਦਾ ਸੀ, ਤੇ ਉਸ ਦੀ ਖਿਚਾਈ ਕੀਤੀ ਜਾਂਦੀ ਸੀ।

ਸਮਾਂ ਬਦਲਿਆ। ਮਾਂ-ਬਾਪ ਨੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਜੋ ਅੱਜ-ਕੱਲ੍ਹ ਦੀ ਸਿੱਖਿਆ ਹੈ, ਉਹ ਵਿਦਿਆਰਥੀਆਂ ਨੂੰ ਪੈਸਾ ਕਮਾਉਣ ਦੇ ਯੋਗ ਬਣਾ ਰਹੀ ਹੈ। ਅੱਜ ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਸੰਸਕਾਰਾਂ ਨੂੰ ਭੁੱਲ ਚੁੱਕੀ ਹੈ। ਇੱਕ-ਦੂਜੇ ਨਾਲ ਗੱਲ ਤੱਕ ਨਹੀਂ ਕਰਦੇ ਬੱਚੇ। ਰਿਸ਼ਤਿਆਂ ਦਾ ਬਿਲਕੁਲ ਵੀ ਨਹੀਂ ਪਤਾ ਹੈ। ਸਮਾਜਿਕ ਢਾਂਚਾ ਦਿਨ-ਪ੍ਰਤੀਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਜੇ ਬੱਚੇ ਅੱਜ-ਕੱਲ੍ਹ ਗਲਤੀ ਕਰਦੇ ਹਨ, ਤਾਂ ਸਕੂਲਾਂ ਵਿੱਚ ਮਾਸਟਰਾਂ ਨੂੰ ਇਜਾਜਤ ਨਹੀਂ ਹੈ ਕਿ ਬੱਚਿਆਂ ਨੂੰ ਡਾਂਟ-ਫਟਕਾਰ ਲਾਈ ਜਾਵੇ । ਜੇ ਕੋਈ ਮਾਸਟਰ ਬੱਚੇ ਦੀ ਗਲਤੀ ’ਤੇ ਉਸ ਨੂੰ ਝਿੜਕ ਵੀ ਦਿੰਦਾ ਹੈ ਤਾਂ ਮਾਂ-ਬਾਪ ਸਕੂਲ ਵਿਚ ਜਾ ਕੇ ਹੰਗਾਮਾ ਕਰ ਦਿੰਦੇ ਹਨ। ਆਪਣੇ ਬੱਚੇ ਦੀਆਂ ਗਲਤ ਹਰਕਤਾਂ ’ਤੇ ਪਰਦੇ ਪਾਉਂਦੇ ਹਨ। ਅੱਜ-ਕੱਲ੍ਹ ਦੇ ਮਾਂ-ਬਾਪ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਝਿੜਕਦੇ। ਤਾਏ-ਚਾਚੇ ਜਾਂ ਬਾਹਰ ਦਾ ਕੋਈ ਵਿਅਕਤੀ ਤਾਂ ਹੁਣ ਕੀ ਝਿੜਕੇਗਾ ਕਿਸੇ ਨੂੰ। ਜੇ ਬੱਚਾ ਗਲਤੀ ਕਰਦਾ ਹੈ ਤਾਂ ਮਾਂ-ਬਾਪ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਪਿਆਰ ਨਾਲ ਸਮਝਾਇਆ ਜਾਵੇ। ਉਸ ਨੂੰ ਦੱਸਿਆ ਜਾਵੇ ਕਿ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ।

ਹਮੇਸ਼ਾ ਜੋ ਬੱਚਾ ਹੁੰਦਾ ਹੈ ਉਹ ਘਰ ਤੋਂ ਹੀ ਸਿੱਖਦਾ ਹੈ। ਜੇ ਘਰ ਵਿੱਚ ਮਾਂ-ਬਾਪ ਬੱਚਿਆਂ ਨੂੰ ਆਪਸੀ ਪ੍ਰੇਮ, ਪਿਆਰ, ਸਹਿਣਸ਼ੀਲਤਾ ਵਰਗੇ ਗੁਣ ਦੇਣਗੇ ਤੇ ਬੱਚਿਆਂ ਨੂੰ ਦੱਸਣਗੇ ਕਿ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ, ਤਾਂ ਬੱਚਾ ਬਾਹਰ ਜਾ ਕੇ ਕਦੇ ਵੀ ਗਲਤੀ ਨਹੀਂ ਕਰੇਗਾ। ਸਾਰੇ ਲੋਕ ਬਾਹਰ ਦੇ ਬੱਚੇ ਦਾ ਆਦਰ-ਸਤਿਕਾਰ ਕਰਨਗੇ ਤੇ ਕਹਿਣਗੇ ਕਿ ਫਲਾਣੇ ਦੇ ਬੱਚਿਆਂ ਨੂੰ ਬਹੁਤ ਵਧੀਆ ਸਿਖਲਾਈ ਹੈ। ਆਦਰ-ਸਤਿਕਾਰ ਨਾਲ ਗੱਲ ਕਰਦੇ ਹਨ। ਮਾਂ-ਬਾਪ ਨੂੰ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਜਾਣੂੰ ਕਰਵਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ।

ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਰਿਹਾ ਹੈ। ਕੁਝ ਕੁ ਦਿਨ ਪਹਿਲਾਂ ਅੰਮਿ੍ਰਤਸਰ ਵਿੱਚ ਇੱਕ ਵਧੀਆ ਪੜ੍ਹੀ-ਲਿਖੀ ਫੈਮਿਲੀ ਦੀ ਕੁੜੀ ਚਿੱਟਾ ਵੇਚਦੀ ਫੜੀ ਗਈ। ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਮਾਂ-ਬਾਪ ਨੂੰ ਬੱਚਿਆਂ ਨੂੰ ਚੰਗੇ ਗੁਣਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ। ਦੱਸਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ’ਤੇ ਕੀ ਪ੍ਰਭਾਵ ਪਵੇਗਾ। ਨਸ਼ਾ ਚਾਹੇ ਕੋਈ ਵੀ ਹੈ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ।

ਪਹਿਲਾਂ ਤਾਂ ਮਾਂ-ਬਾਪ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਲਕੋ ਕੇ ਰੱਖਦੇ ਹਨ। ਜਦੋਂ ਬੱਚਾ ਗਲਤ ਸੰਗਤ ਵਿੱਚ ਪੈ ਜਾਂਦਾ ਹੈ ਫਿਰ ਬੱਚੇ ਨੂੰ ਸਮਝਾਉਂਦੇ ਹਨ। ਫਿਰ ਉਸ ’ਤੇ ਕੋਈ ਅਸਰ ਨਹੀਂ ਹੁੰਦਾ। ਮਾਂ-ਬਾਪ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਨੈਤਿਕ ਸਿੱਖਿਆ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਪੈਸੇ ਦੀ ਅੰਨ੍ਹੀ ਦੌੜ ਕਾਰਨ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਪੈਸੇ ਦੀ ਬੇਲੋੜੀ ਵਰਤੋਂ ਕਾਰਨ ਗੈਰ-ਕਾਨੂੰਨੀ ਕੰਮ ਵੀ ਜ਼ਿਆਦਾ ਹੋ ਰਹੇ ਹਨ। ਨਿੱਜੀ ਸੁਆਰਥ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੀ ਧੱੜਲੇ ਨਾਲ ਵਰਤੋਂ ਕਰ ਰਹੀ ਹੈ। ਉਹਨਾਂ ਨੂੰ ਇਸ ਚੀਜ ਦਾ ਪਤਾ ਹੀ ਨਹੀਂ ਹੈ ਕਿ ਇਸ ਨਾਲ ਕੀ ਨੁਕਸਾਨ ਹੋ ਸਕਦਾ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਪਿਆਰ, ਨਿਮਰਤਾ, ਸਹਿਣਸ਼ੀਲਤਾ ਵਰਗੇ ਗੁਣ ਕਿਤੇ ਵੀ ਨਹੀਂ ਦਿਸਦੇ। ਮਾਂ-ਬਾਪ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੋ ਚੁੱਕਿਆ ਹੈ। ਬੱਚਿਆਂ ’ਤੇ ਮਾੜੀ ਸੰਗਤ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ।

ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਣ ਲਈ ਬੱਚੇ ਅੱਜ-ਕੱਲ੍ਹ ਮਾਂ-ਬਾਪ ਨੂੰ ਬਿਲਕੁਲ ਵੀ ਨਹੀਂ ਪੁੱਛਦੇ। ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ, ਫਿਰ ਮਾਂ-ਬਾਪ ਨੂੰ ਬਾਹਰ ਤੋਂ ਹੀ ਪਤਾ ਲੱਗਦਾ ਹੈ। ਸਕੂਲ, ਕਾਲਜ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਸਰਟੀਫਿਕੇਟ, ਡਿਗਰੀਆਂ ਤਾਂ ਪ੍ਰਦਾਨ ਕਰ ਰਹੇ ਹਨ, ਪਰ ਨੈਤਿਕ ਕਦਰਾਂ-ਕੀਮਤਾਂ ਦੀ ਬਹੁਤ ਕਮੀ ਹੈ। ਪੈਸਾ ਕਿੱਥੇ ਅਤੇ ਸਹੀ ਵਰਤੋਂ ਕਿਵੇਂ ਕਰਨੀ ਹੈ ਇਹ ਵੀ ਨੈਤਿਕਤਾ ਦਾ ਬਹੁਤ ਵੱਡਾ ਗੁਣ ਹੈ। ਬੱਚਿਆਂ ਦੇ ਅੰਦਰ ਅਨੁਸ਼ਾਸਨ ਹੋਣਾ ਬਹੁਤ ਜਰੂਰੀ ਹੈ। ਸਮੇਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਮਾਂ-ਬਾਪ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦੱਸਣ। ਬੱਚਿਆਂ ਨੂੰ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਹੈ। ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ। ਕਿਸੇ ਲੋੜਵੰਦ ਦੀ ਮੱਦਦ ਕਰਨੀ ਵੀ ਨੈਤਿਕਤਾ ਦਾ ਗੁਣ ਹੈ। ਅਜਿਹੇ ਗੁਣਾਂ ਨਾਲ ਭਰਪੂਰ ਇਨਸਾਨ ਦੀ ਚਾਰ-ਚੁਫੇਰਿਓਂ ਫਿਰ ਬੱਲੇ ਬੱਲੇ ਹੁੰਦੀ ਹੈ।
ਮੋਹਾਲੀ :ਮੋ.- 78889-66168

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here