ਨੌਜਵਾਨਾਂ ’ਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਚਿੰਤਾਜਨਕ
ਅੱਜ ਸਾਡੇ ਦੇਸ਼ ’ਚ ਨਸ਼ਿਆਂ ਪ੍ਰਤੀ ਨੌਜਵਾਨਾਂ ਦਾ ਰੁਝਾਨ ਜਿਸ ਤਰ੍ਹਾਂ ਵਧ ਰਿਹਾ ਹੈ ਇਹ ਸਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਹ ਨੌਜਵਾਨ ਪੀੜ੍ਹੀ, ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ ਪਰ ਉਹ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਹੀ ਜਾ ਰਹੇ ਹਨ ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ।
ਨਸ਼ੇ ਦੀ ਸ਼ੁਰੂਆਤ ਭਾਵੇਂ ਨਕਲ, ਸ਼ੌਂਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇ੍ਹਰਾ ਕਰ ਦਿੰਦੀ ਹੈ, ਜਦੋਂ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ ਚੋਰੀ, ਡਾਕਾ ਅਤੇ ਲੁੱਟਾਂ-ਖੋਹਾਂ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ। ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ, ਅਨੇਕਾਂ ਘਰਾਂ ਦੇ ਚੁੱਲ੍ਹੇ ਠੰਢੇ ਕਰ ਛੱਡੇ ਹਨ। ਭੰਗ, ਅਫੀਮ, ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਹੁਣ ਨਵੇਕਲੇ, ਘਾਤਕ ਅਤੇ ਮਹਿੰਗੇ ਨਸ਼ੇ ਚਰਸ, ਬ੍ਰਾਊਨ ਸ਼ੂਗਰ, ਸਮੈਕ, ਹੈਰੋਇਨ, ਟੀਕੇ, ਗੋਲੀਆਂ ਤੇ ਕੈਪਸੂਲ ਆਦਿ ਦੀ ਵਰਤੋਂ ਬਰਬਾਦੀ ਹੀ ਹੈ।
ਕਿਉਂ ਵਧ ਰਿਹੈ ਨਸ਼ੇ ਦਾ ਰੁਝਾਨ?
ਪਰਿਵਾਰ ਵਿੱਚ ਜੇ ਕੋਈ ਮੈਂਬਰ ਨਸ਼ਾ ਕਰਦਾ ਹੈ ਤਾਂ ਜਿਆਦਾਤਰ ਦੇਖਿਆ ਗਿਆ ਹੈ ਕੇ ਉਸ ਨੂੰ ਦੇਖ ਕੇ ਹੀ ਘਰ ਦਾ ਕੋਈ ਛੋਟਾ ਬੱਚਾ ਜਾਂ ਮੈਂਬਰ ਵੀ ਨਸ਼ੇ ਦੀ ਵਰਤੋਂ ਕਰਨ ਲੱਗਦਾ ਹੈ। ਮਾਨਸਿਕ ਪ੍ਰੇਸ਼ਾਨੀ, ਘਬਰਾਹਟ, ਵਹਿਮ ਜਾਂ ਬਿਮਾਰੀ ਕਰਕੇ ਵੀ ਕਈ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ। ਜਵਾਨੀ ਦਾ ਸਮਾਂ ਮਿਹਨਤ, ਲਗਨ ਕਰਕੇ ਸਿੱਖਿਆ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਣ ਦਾ ਹੁੰਦਾ ਹੈ, ਪਰ ਕਈ ਜਵਾਨੀ ਦੇ ਦੌਰ ਨੂੰ ਸਿਰਫ ਜੋਸ਼, ਸ਼ੌਂਕ, ਮਨੋਰੰਜਨ, ਜਸ਼ਨ, ਖੁਸ਼ਹਾਲੀ ਕਹਿ ਕੇ ਖੁਸ਼ੀ ਮਨਾਉਣ ਲਈ ਨਸ਼ਾ ਕਰਦੇ ਹਨ।
ਰੁਜ਼ਗਾਰ ਨਾ ਮਿਲਣ, ਭਵਿੱਖ ਦੀ ਚਿੰਤਾ, ਪਰਿਵਾਰਕ ਲੜਾਈ-ਝਗੜੇ ਜਾਂ ਕੋਈ ਹੋਰ ਮਜ਼ਬੂਰੀ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਸਰੀਰਕ ਸਮਰੱਥਾ, ਕਾਰਜ-ਕੁਸ਼ਲਤਾ, ਜ਼ੋਰ-ਅਜਮਾਇਸ਼ ਕਰਨ ਜਾਂ ਸਰੀਰਕ ਤੇਜੀ ਲਿਆਉਣ ਲਈ ਵੀ ਨੌਜਵਾਨ ਨਸ਼ਾ ਕਰਦੇ ਹਨ। ਪਹਿਲੀ ਵਾਰ ’ਚ ਹੀ ਕਿਸੇ ਵੱਡੇ ਨਸ਼ੇ ਦਾ ਸੇਵਨ ਕਰ ਲੈਣਾ ਭੁਲਾਉਣਾ ਔਖਾ ਹੋ ਸਕਦਾ ਹੈ ਤੇ ਨਸ਼ੇ ਦੀ ਲਤ ਲੱਗਣ ਦਾ ਅਧਾਰ ਵੀ ਬਣ ਸਕਦਾ ਹੈ।
ਨਸ਼ੇ ਕਰਨ ਨਾਲ ਸਰੀਰ ਦੇ ਨਾੜੀ-ਤੰਤਰ, ਅੰਦਰੂਨੀ ਅੰਗਾਂ ਦਿਲ, ਜਿਗਰ, ਫੇਫੜੇ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਅਤੇ ਉਸ ਦਾ ਆਪਣੇ ਹੀ ਦਿਮਾਗ ’ਤੇ ਕੰਟਰੋਲ ਘਟ ਜਾਂਦਾ ਹੈ ਜਿਸ ਕਰਕੇ ਗੁੱਸਾ ਆਉਣਾ, ਗਾਲੀ-ਗਲੋਚ ਕਰਨਾ ਜਾਂ ਹਮਲਾ ਕਰਨਾ ਉਸ ਦਾ ਆਮ ਵਿਹਾਰ ਬਣ ਜਾਂਦਾ ਹੈ। ਨਸ਼ੇ ਕਰਨ ਵਾਲੇ ਨੂੰ ਕੋਈ ਮੂੰਹ ਨਹੀਂ ਲਾਉਣਾ ਚਾਹੁੰਦਾ। ਨਸ਼ੇ ਨਾਲ ਰੱਜਿਆ ਵਿਅਕਤੀ ਕੋਈ ਨੌਕਰੀ ਜਾਂ ਕੰਮ ਵੀ ਨਹੀਂ ਕਰ ਸਕਦਾ ਜਿਸ ਕਰਕੇ ਉਸ ਦਾ ਆਰਥਿਕ ਨੁਕਸਾਨ ਵੀ ਹੋਣਾ ਨਿਸ਼ਚਿਤ ਹੋ ਜਾਂਦਾ ਹੈ।
ਪਰ ਕਿਹਾ ਜਾਂਦਾ ਹੈ ਕਿ ਨਸ਼ੇ ਤੋਂ ਨਫਰਤ ਕਰੋ ਨਸ਼ੇ ਕਰਨ ਵਾਲੇ ਤੋਂ ਨਹੀਂ ਨਸ਼ੇ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ ਉਸਨੂੰ ਇੱਕ ਬਿਮਾਰ ਜਾਂ ਮਾਨਸਿਕ ਪੀੜਤ ਵਿਅਕਤੀ ਵਾਂਗ ਹੀ ਸਮਝਣਾ ਅਤੇ ਉਸਦਾ ਇਲਾਜ ਕਰਵਾਉਣਾ ਤੇ ਉਸਦੀ ਮੱਦਦ ਕਰਨੀ ਚਾਹੀਦੀ ਹੈ। ਨਸ਼ਿਆਂ ਦੀ ਦਲ-ਦਲ ’ਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਖਾਉਣ, ਸਮਾਜ ਵਿੱਚ ਉਨ੍ਹਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਤਹਿਤ ‘ਨਸ਼ਿਆਂ ਨੂੰ ਕਹੋ ਨਾ-ਜ਼ਿੰਦਗੀ ਨੂੰ ਕਹੋ ਹਾਂ’ ਦਾ ਸੁਨੇਹਾ ਦਿੱਤਾ ਜਾਂਦਾ ਹੈ।
ਪੰਜਾਬ ਵਿੱਚ ਨਸ਼ਾ ਪੀੜਤਾਂ ਦੇ ਮੁਫਤ ਇਲਾਜ ਲਈ 35 ਸਰਕਾਰੀ ਅਤੇ 108 ਦੇ ਕਰੀਬ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ (ਨਵ-ਜੀਵਨ ਕੇਂਦਰ), ਕਰੀਬ 199 ਓਟ ਸੈਂਟਰ ਅਤੇ 19 ਪੁਨਰਵਾਸ ਕੇਂਦਰਾਂ (ਨਵ-ਨਿਰਮਾਣ ਕੇਂਦਰਾਂ) ਦਾ ਨਿਰਮਾਣ ਕਰਨਾ ਅਤੇ ਇਹਨਾਂ ਸੰਸਥਾਵਾਂ ਵਿੱਚ ਮਨੋਚਿਕਿਤਸਕ, ਕਾਊਂਸਲਰ, ਸੋਸ਼ਲ ਵਰਕਰ ਅਤੇ ਹੋਰ ਮੈਡੀਕਲ, ਪੈਰਾ-ਮੈਡੀਕਲ ਸਟਾਫ ਭਰਤੀ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਨ੍ਹਾਂ ਸੈਂਟਰਾਂ ਵਿੱਚ ਮਰੀਜ਼ਾਂ ਲਈ ਖਾਣਾ, ਮਨੋਰੰਜਨ ਦੀਆਂ ਸੁਵਿ ਧਾਵਾਂ, ਯੋਗਾ-ਕਸਰਤ ਅਤੇ ਸਮਾਜ ਵਿੱਚ ਵਿਚਰਨ ਅਤੇ ਰੋਜ਼ੀ-ਰੋਟੀ ਦੇ ਕਾਬਲ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਹ ਠੀਕ ਹੈ ਕਿ ਸਿੱਖਿਆ, ਸਮਾਜਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਖੁਸ਼ਹਾਲੀ ਦੇ ਰਾਖਿਆਂ ਦੇ ਸਹਿਯੋਗ ਅਤੇ ਪੁਲਿਸ ਵਿਭਾਗ ਦੀ ਸਖਤੀ ਨੇ ਅਨੇਕਾਂ ਹੀ ਘਰਾਂ ਨੂੰ ਉੱਜੜਨ ਤੋਂ ਬਚਾਅ ਲਿਆ ਹੈ, ਜਿਨ੍ਹਾਂ ਨੇ ਤਾਂ ਸਮਾਂ ਸਾਂਭ ਲਿਆ ਅਤੇ ਮਨ ਪੱਕਾ ਕਰਕੇ ਨਸ਼ਾ ਛੱਡਣ ਦਾ ਤਹੱਈਆ ਕੀਤਾ, ਉਨ੍ਹਾਂ ਵਿਚੋਂ ਕੁਝ ਕੁ ਇਲਾਜ ਅਧੀਨ ਹਨ ਤੇ ਬਹੁਤੇ ਤੰਦਰੁਸਤ ਹੋ ਕੇ ਆਪਣੇ-ਆਪਣੇ ਪਰਿਵਾਰਾਂ ਨਾਲ ਇਸ ਖੂਬਸੂਰਤ ਜ਼ਿੰਦਗੀ ਦਾ ਅਨੰਦ ਵੀ ਮਾਣ ਰਹੇ ਹਨ। ਪਰ ਕਈ ਅਜੇ ਵੀ ਹਨ ਜੋ ਨਸ਼ੇ ਦੀ ਲਪੇਟ ਤੋਂ ਨਹੀਂ ਛੁੱਟ ਸਕੇ ਆਓ!
ਹੰਭਲਾ ਮਾਰੀਏ ਅਤੇ ਨਸ਼ਾ ਪੀੜਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਈਏ। ਛੋਟੀ ਉਮਰ ਵਿੱਚ ਹੀ ਮਾੜੀ ਸੰਗਤ ਵਿੱਚ ਸ਼ਾਮਲ ਹੋ ਕੇ ਨਸ਼ੇ ਕਰਨ ਵਾਲੇ ਬੱਚਿਆਂ ਦਾ ਕਈ ਵਾਰ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ?ਲੱਗਦਾ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੱਛਣ ਜਿਵੇਂ ਸਰੀਰਕ ਤੇ ਮਾਨਸਿਕ ਹਾਵ-ਭਾਵ, ਵਿਹਾਰ ’ਚ ਪਰਿਵਰਤਨ, ਚਿੜਚਿੜਾਪਣ, ਇਕੱਲੇ ਰਹਿਣਾ, ਜਿਆਦਾ ਖਰਚੀਲੇ ਹੋਣਾ ਜਾਂ ਪੈਸੇ ਚੋਰੀ ਕਰਨਾ, ਭੁੱਖ ਜਾਂ ਨੀਂਦ ’ਚ ਉਤਰਾਅ-ਚੜ੍ਹਾਅ ਜਾਂ ਬੇਚੈਨ ਰਹਿਣਾ ਵਰਗੇ ਲੱਛਣਾ ਨੂੰ ਭਲੀ-ਭਾਂਤ ਪਹਿਚਾਣ ਲੈਣ ਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਅ ਲੈਣ।
ਨਸ਼ੇ ਦੀ ਆਦਤ ਛੱਡਣ ਲਈ ਕੁਝ ਸੁਝਾਅ:
ਨਸ਼ੇ ਛੱਡਣ ਲਈ ਵਿਅਕਤੀ ਨਵੀਆਂ ਆਦਤਾਂ-ਰੁਝਾਨ ਭਾਲੇ ਜਿਸ ਵਿੱਚ ਉਸਨੂੰ ਅਨੰਦ ਤੇ ਖੁਸ਼ੀ ਮਿਲੇ ਅਤੇ ਧਿਆਨ ਲੱਗੇ ਜਿਵੇਂ ਸੰਗੀਤ ਸੁਣਨਾ, ਪੇਂਟਿੰਗ ਕਰਨੀ, ਖਾਣਾ ਬਣਾਉਣਾ, ਪੌਦਿਆਂ ਦੀ ਦੇਖਭਾਲ, ਘਰ ਦੇ ਕੰਮ-ਕਾਜ ਆਦਿ।
ਕਸਰਤ ਅਤੇ ਖੇਡਾਂ ਵਿੱਚ ਭਾਗ ਲੈਣਾ ਲਾਹੇਵੰਦ ਹੋ ਸਕਦਾ ਹੈ, ਲਹੂ-ਚੱਕਰ, ਦਿਲ ਦੀ ਧੜਕਣ ਅਤੇ ਫੇਫੜਿਆਂ ਦੀ ਸ਼ਕਤੀ ’ਤੇ ਪ੍ਰਭਾਵ ਪੈਂਦਾ ਹੈ। ਮੈਡੀਟੇਸ਼ਨ ਕਰਕੇ ਸਰੀਰਕ ਅਤੇ ਮਾਨਸਿਕ ਇੱਕਜੁਟਤਾ ’ਚ ਸੁਧਾਰ ਅਤੇ ਇਕਾਗਰਤਾ ’ਚ ਵਾਧਾ ਹੋ ਸਕਦਾ ਹੈ। ਚੰਗੀ ਖੁਰਾਕ ਦਾ ਸੇਵਨ ਕਰਨ ਨਾਲ ਸਰੀਰ ਰਿਸ਼ਟ-ਪੁਸ਼ਟ ਹੋ ਜਾਂਦਾ ਹੈ, ਰਿਕਵਰੀ ਕਰ ਰਹੇ ਵਿਅਕਤੀ ਲਈ ਸੰਤੁਲਿਤ ਆਹਾਰ ਲੈਣਾ ਫਾਇਦੇਮੰਦ ਹੋ ਸਕਦਾ ਹੈ।
ਸਮੁਦਾਇਕ ਭਾਗੀਦਾਰੀ ਕਰਨੀ ਚਾਹੀਦੀ ਹੈ, ਬੁੱਧੀਜੀਵੀਆਂ, ਸਹਿਪਾਠੀਆਂ, ਪੁਰਾਣੇ ਦੋਸਤਾਂ-ਮਿੱਤਰਾਂ ਅਤੇ ਆਂਢ-ਗੁਆਂਢ ਮਿਲਣ-ਗਿਲਣ ਨਾਲ ਮੁੜ-ਵਿਸ਼ਵਾਸ ਅਤੇ ਰੁਤਬਾ ਬਹਾਲ ਹੋ ਸਕਦਾ ਹੈ ਅਤੇ ਆਤਮ-ਵਿਸ਼ਵਾਸ ਵਧ ਸਕਦਾ ਹੈ। ਮਾੜੀ ਸੰਗਤ ਤੋਂ ਦੂਰ ਰਹੋ, ਤਾਂ ਜੋ ਦੁਬਾਰਾ ਉਸ ਮਾਹੌਲ ’ਚ ਸ਼ਾਮਲ ਨਾ ਹੋਵੋ ਅਤੇ ਨਸ਼ੇ ਦੀ ਤੋੜ ਨਾ ਲੱਗੇ, ਦਿਲ-ਦਿਮਾਗ ’ਤੇ ਕੰਟਰੋਲ ਰਹੇ ਅਤੇ ਇਰਾਦਾ ਦਿ੍ਰੜ ਬਣਿਆ ਰਹੇ।
ਕਿਸੇ ਸਮਾਜਸੇਵੀ ਸੰਸਥਾ, ਕਲੱਬ ਜਾਂ ਵਲੰਟੀਅਰ ਨਾਲ ਤਾਲਮੇਲ ਰੱਖੋ ਤਾਂ ਜੋ ਆਪਣੇ ਤਜ਼ਰਬੇ ਜਾਂ ਵਿਚਾਰ ਸਾਂਝੇ ਕਰਕੇ ਕਿਸੇ ਮੌਕੇ ਮੱਦਦ ਲਈ ਜਾ ਸਕੇ। ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਅਤੇ ਟੀਮ ਮੈਬਰਾਂ ਦੀ ਮੱਦਦ ਲੈਣੀ, ਸਲਾਹ ਕਰਨੀ ਆ ਰਹੀਆਂ ਸਰੀਰਕ ਤੇ ਮਾਨਸਿਕ ਮੁਸ਼ਕਲਾਂ ਸਬੰਧੀ ਜਾਣਕਾਰੀ ਸਾਂਝੀ ਕਰਕੇ ਸਹੀ ਇਲਾਜ ਕਰਵਾਉਣਾ ਚਾਹੀਦਾ ਹੈ।
ਨਸ਼ਾ ਛੱਡਣ ਵਾਲਾ ਵਿਅਕਤੀ ਜੇ ਹੋ ਸਕੇ ਤਾਂ ਜਲਦ ਤੋਂ ਜਲਦ ਆਪਣੀ ਪੜ੍ਹਾਈ ਮੁੜ ਜਾਰੀ ਕਰ ਲਵੇ, ਜੇ ਨੌਕਰੀ ਕਰਦਾ ਹੈ ਤਾਂ ਵਰਕ ਪਲੇਸ ਦੇ ਵਾਤਾਵਰਣ ’ਚ ਢਲ ਜਾਵੇ, ਜੇ ਬੇਰੁਜ਼ਗਾਰ ਹੈ ਤਾਂ ਰੂਚੀ ਮੁਤਾਬਿਕ ਕਿੱਤਾਮੁਖੀ ਕੋਰਸ ਦੀ ਚੋਣ ਕਰਕੇ ਬੈਂਕ ਲੋਨ ਲਈ ਯੋਗਤਾ ਪੂਰੀ ਕਰਕੇ ਸਵੈ-ਰੁਜ਼ਗਾਰ ਸਥਾਪਿਤ ਕੀਤਾ ਜਾ ਸਕਦਾ ਹੈ।
ਬਲਾਕ ਐਜੂਕੇਟਰ,
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ. 98146-56257
ਡਾ.ਪ੍ਰਭਦੀਪ ਸਿੰਘ ਚਾਵਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।