ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More

    ਮਹਾਂ-ਮੂਰਖ਼ | ਰੂਸੀ ਬਾਲ ਕਹਾਣੀ

    ਰੂਸੀ ਬਾਲ ਕਹਾਣੀ

    ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਔਲਾਦ ਦੇ ਨਾਂਅ ‘ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ ਘਰ ਦਾ ਮੁਖੀਆ ਜਿੱਥੇ ਦਿਨ-ਰਾਤ ਮਿਹਨਤ ਕਰਦਾ ਸੀ, ਉੱਥੇ ਉਸਦਾ ਪੁੱਤਰ ਸਿਰੇ ਦਾ ਨਿਕੰਮਾ ਅਤੇ ਆਲਸੀ ਸੀ

     ਜਦੋਂ ਦੀ ਉਸਦੀ ਸੁਰਤ ਸੰਭਲੀ ਸੀ, ਉਸਨੇ ਕਦੇ ਡੱਕਾ ਦੂਹਰਾ ਕਰਕੇ ਨਹੀਂ ਸੀ ਵੇਖਿਆ  ਉਹ ਬਿਨਾ ਨ੍ਹਾਤੇ-ਧੋਤੇ ਜੰਗਲ ਵੱਲ ਨਿੱਕਲ ਜਾਂਦਾ ਤੇ ਸਾਰੀ ਦਿਹਾੜੀ ਬੇਰੀਆਂ ਦੇ ਬੇਰ ਆਦਿ ਖਾਂਦਾ ਰਹਿੰਦਾ ਤੇ ਮੂੰਹ-ਹਨ੍ਹੇਰੇ ਹੀ ਘਰ ਵੜਦਾ ਜਦੋਂ ਵੀ ਕਦੇ ਉਸਦਾ ਪਿਤਾ ਉਸਨੂੰ ਕੋਈ ਕੰਮ-ਧੰਦਾ ਕਰਨ ਲਈ ਕਹਿੰਦਾ ਤਾਂ ਉਹ ਘੜਿਆ-ਘੜਾਇਆ ਬੱਸ ਇੱਕੋ ਜਵਾਬ ਹੀ ਦਿੰਦਾ ਕਿ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ

    ਇੰਜ ਦਿਨ ਬਤੀਤ ਹੁੰਦੇ ਗਏ, ਪਰਿਵਾਰ ਦਾ ਮੁਖੀਆ ਇੱਕ ਦਿਨ ਅਚਾਨਕ ਅਕਾਲ  ਚਲਾਣਾ ਕਰ ਗਿਆ ਬਜ਼ੁਰਗ ਪਿਤਾ ਦੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਹੁਣ ਉਸਦੀ ਘਰ ਵਾਲੀ ਉਸਨੂੰ ਕੋਈ ਕੰਮ-ਕਾਰ ਕਰਕੇ ਪੈਸਾ ਕਮਾਕੇ ਲਿਆਉਣ ਲਈ ਕਹਿੰਦੀ,  ਪ੍ਰੰਤੂ ਉਹ ਆਪਣੀ ਅੜੀ ਤੋਂ ਟੱਸ ਤੋਂ ਮੱਸ ਨਾ ਹੁੰਦਾ ਉਸਦੀ ਘਰਵਾਲੀ ਉਸਨੂੰ ਕੰਮ ਕਰਨ ਲਈ ਕਹਿੰਦੀ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਅਖੀਰ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਹ ਇਹ ਸੋਚ ਕੇ ਘਰੋਂ ਨਿੱਕਲ ਗਿਆ ਕਿ ਉਹ ਘਰ ਉਦੋਂ ਹੀ ਪਰਤੇਗਾ ਜਦੋਂ ਅਮੀਰ ਹੋ ਜਾਵੇਗਾ

    ਪਿਆਰੇ ਬੱਚਿਓ! ਮੰਜ਼ਿਲ ਤਾਂ ਉਸਦੀ ਕੋਈ ਹੈ ਹੀ ਨਹੀਂ ਸੀ ਉਹ ਨੱਕ ਦੀ ਸੇਧ ਘਰੋਂ ਤੁਰ ਪਿਆ ਤੁਰਦਿਆਂ-ਤੁਰਦਿਆਂ ਉਹ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਕਿ ਉਸਨੂੰ ਇੱਕ ਬਘਿਆੜ ਮਿਲ ਗਿਆ ਬਘਿਆੜ ਨੇ ਉਸਨੂੰ ਪੁੱਛਿਆ- ਦੋਸਤ ਕਿੱਥੇ ਜਾ ਰਿਹੈਂ? ਉਸਨੇ ਬਘਿਆੜ ਨੂੰ ਆਪਣੇ ਸਫ਼ਰ ‘ਤੇ ਜਾਣ ਦਾ ਮਨੋਰਥ ਦੱਸਦਿਆਂ ਕਿਹਾ ਕਿ ਉਹ ਕਿਸੇ ਅਜਿਹੇ ਮਨੁੱਖ ਦੀ ਭਾਲ ਵਿੱਚ ਹੈ ਜੋ ਉਸਨੂੰ ਇਹ ਗੁਰ ਦੱਸ ਸਕੇ ਕਿ ਬਿਨਾ ਹੱਥ ਹਿਲਾਇਆਂ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ ਬਘਿਆੜ ਨੇ ਉਸਨੂੰ ਕਿਹਾ ਕਿ ਜੇ ਤੈਨੂੰ ਕੋਈ ਅਜਿਹਾ ਮਨੁੱਖ ਮਿਲ ਜਾਵੇ ਤਾਂ ਤੂੰ ਮੇਰੇ ਬਾਰੇ ਵੀ ਜ਼ਰੂਰ ਪੁੱਛ ਕੇ ਆਵੀਂ ਕਿ ਮੇਰੇ ਢਿੱਡ ਵਿੱਚ ਹਮੇਸ਼ਾ ਹੀ ਮਿੰਨ੍ਹਾ-ਮਿੰਨ੍ਹਾ ਦਰਦ ਕਿਉਂ ਹੁੰਦਾ ਰਹਿੰਦਾ ਹੈ? ਇਹ ਕਿਵੇਂ ਠੀਕ ਹੋਵੇਗਾ? ਅੱਛਾ! ਕਹਿਕੇ ਉਹ ਅੱਗੇ ਤੁਰ ਪਿਆ

    ਇਹ ਵੀ ਪੜ੍ਹੋ : ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲੀ ਇਹ ਸਹੂਲਤ

    ਜੰਗਲ ਲੰਘਕੇ ਅੱਗੇ ਉਹ ਇੱਕ ਤਲਾਬ ਕੋਲ ਦੀ ਲੰਘ ਰਿਹਾ ਸੀ ਤਾਂ ਤਲਾਬ ਦੀ ਇੱਕ ਮੱਛੀ ਨੇ ਪਾਣੀ ਵਿੱਚੋਂ ਉੱਚੀ ਛਲਾਂਗ ਲਾਉਂਦਿਆਂ ਉਸਨੂੰ ਪੁੱਛਿਆ ਕਿ ਰਾਹੀਆ ਤੂੰ ਕਿੱਧਰ ਜਾ ਰਿਹੈਂ? ਤਾਂ ਉਸਨੇ ਮੱਛੀ ਨੂੰ ਆਪਣੇ ਸਫ਼ਰ ਦੇ ਮਕਸਦ ਬਾਰੇ ਦੱਸਿਆ ਤਾਂ ਮੱਛੀ ਨੇ ਝੱਟਪੱਟ ਉਸਨੂੰ ਕਿਹਾ ਕਿ ਜੇਕਰ ਤੈਨੂੰ ਕੋਈ ਅਜਿਹਾ ਕਰਾਮਾਤੀ ਇਨਸਾਨ ਮਿਲ ਜਾਵੇ ਤਾਂ ਫਿਰ ਮੇਰੇ ਬਾਰੇ ਵੀ ਪੁੱਛਕੇ ਆਵੀਂ- ਮੇਰੇ ਗਲੇ ਵਿੱਚ ਹਮੇਸ਼ਾ ਦਰਦ ਕਿਉਂ ਰਹਿੰਦਾ ਹੈ? ਅੱਛਾ! ਕਹਿਕੇ ਉਹ ਨੌਜਵਾਨ ਫਿਰ ਅੱਗੇ ਤੁਰ ਪਿਆ

    ਤੁਰਦਿਆਂ-ਤੁਰਦਿਆਂ ਉਸ ਨੂੰ ਰਾਤ ਪੈ ਗਈ ਰਾਤ ਦੇ ਹਨ੍ਹੇਰੇ ਵਿੱਚ ਉਹ ਇੱਕ ਵੱਡੇ ਸਾਰੇ ਜਾਮਣ ਦੇ ਦਰੱਖਤ ਦੇ ਟਾਹਣੇ ‘ਤੇ ਚੜ੍ਹਕੇ ਬੈਠ ਗਿਆ ਤਾਂ  ਕਿ ਕੋਈ ਮਾਸਾਹਾਰੀ  ਜਾਨਵਰ ਹੀ ਨਾ ਮਾਰ ਕੇ ਖਾ ਜਾਵੇ ਜਦੋਂ ਸਵੇਰ ਹੋਣ ‘ਤੇ ਉਹ ਉੱਥੋਂ ਤੁਰਨ ਲੱਗਾ ਤਾਂ ਉਸ ਜਾਮਣ ਦੇ ਦਰੱਖਤ ਨੇ ਉਸਨੂੰ ਪੁੱਛਿਆ ਕਿ ਹੇ ਰਾਹੀਆ ਤੂੰ ਕਿੱਧਰ ਜਾ ਰਿਹੈਂ? ਤਾਂ ਉਸਨੇ ਦਰੱਖਤ ਨੂੰ ਵੀ ਆਪਣੇ  ਸਫਰ ‘ਤੇ ਜਾਣ ਦਾ ਮਕਸਦ ਦਸ ਦਿੱਤਾ ਉਸਦੀ ਗੱਲ ਸੁਣਕੇ ਜਾਮਣ ਦਾ ਦਰੱਖਤ ਵੀ ਉਸਨੂੰ ਕਹਿਣ ਲੱਗਾ- ਹੇ ਭਲੇ ਮਨੁੱਖ ਜੇ ਤੈਨੂੰ ਕੋਈ ਅਜਿਹਾ ਦਰਵੇਸ਼ ਮਨੁੱਖ ਸੱਚਮੁੱਚ ਹੀ ਮਿਲ ਜਾਵੇ ਤਾਂ ਮੇਰੇ ਬਾਰੇ ਜਰੂਰ ਪੁੱਛਕੇ ਆਵੀਂ ਕਿ ਮੈਨੂੰ ਕਦੇ ਫੁੱਲ, ਫਲ ਕਿਉਂ ਨਹੀਂ ਲੱਗਦੇ? ਅੱਛਾ! ਕਹਿਕੇ ਉਹ ਫਿਰ ਅੱਗੇ ਤੁਰ ਪਿਆ

    ਉਹ ਤੁਰੀ ਜਾ ਰਿਹਾ ਸੀ ਤੇ ਅਗਲੀ ਰਾਤ ਪੈਣ ‘ਤੇ ਅਚਾਨਕ ਉਸਨੂੰ ਕੁਝ ਦੂਰੀ ‘ਤੇ ਇੱਕ ਝੁੱਗੀ ਦਿਸੀ ਜਿਸ ‘ਚੋਂ ਦੀਵੇ ਦੀ ਰੌਸ਼ਨੀ ਵੀ ਦਿਖਾਈ ਦੇ ਰਹੀ ਸੀ ਉਹ ਉਸ ਝੁੱਗੀ ਦੇ ਨੇੜੇ ਗਿਆ ਤਾਂ ਕੀ ਦੇਖਦਾ ਹੈ ਕਿ ਝੁੱਗੀ ਅੰਦਰ ਇੱਕ ਸਾਧੂ ਸਮਾਧੀ ਲਾਈ ਬੈਠਾ ਭਗਤੀ ਕਰ ਰਿਹਾ ਹੈ ਉਹ ਝੁੱਗੀ ਦੇ ਅੰਦਰ ਗਿਆ ਤੇ ਸਾਧੂ ਨੂੰ ਮੱਥਾ ਟੇਕ ਕੇ ਝੁੱਗੀ ਦੇ ਇੱਕ ਕੋਨੇ ਵਿੱਚ ਬੈਠ ਗਿਆ ਕੁਝ ਦੇਰ ਬਾਅਦ ਜਦੋਂ ਸਾਧੂ ਸਮਾਧੀ ‘ਚੋਂ ਉੱਠਿਆ ਤਾਂ ਉਸਨੇ ਉਸ ਨੌਜਵਾਨ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਧੂ ਨੂੰ ਬੜੀ ਨਿਮਰਤਾ ਨਾਲ ਆਪਣੀ ਸਾਰੀ ਕਹਾਣੀ ਸੁਣਾਈ ਕਿ ਉਹ ਕਿਸੇ ਅਜਿਹੇ ਮਹਾਤਮਾ ਦੀ ਭਾਲ ਵਿੱਚ ਹੈ ਜੋ ਉਸਨੂੰ ਇਹ ਗੁਰ ਦੱਸ ਦੇਵੇ ਕਿ ਬਿਨਾਂ ਹੱਥ ਹਿਲਾਇਆ ਅਮੀਰ ਕਿਵੇਂ ਬਣਿਆ ਜਾ ਸਕਦਾ ਹੈ

    ਇਸਦੇ ਨਾਲ ਹੀ ਉਸਨੇ ਆਪਣੇ ਸਫਰ ਦੌਰਾਨ ਬਘਿਆੜ, ਮੱਛੀ ਅਤੇ ਜਾਮਣ ਦੇ ਦਰੱਖਤ ਵਾਲੀ ਗੱਲ ਵੀ ਦੱਸੀ ਸਾਧੂ ਫਿਰ ਸਮਾਧੀ ‘ਚ ਲੀਨ ਹੋ ਗਿਆ ਕੁਝ ਦੇਰ ਬਾਅਦ ਉਸਨੇ ਸਮਾਧੀ ਖੋਲ੍ਹਦਿਆਂ ਕਿਹਾ ਕਿ ਜਿਹੜੇ ਜਾਮਣ ਦੇ ਦਰੱਖਤ ਨੂੰ  ਫੁੱਲ, ਫਲ ਨਾ ਲੱਗਣ ਦੀ ਗੱਲ ਹੈ ਉਸਦਾ ਦਾ ਉਪਾਅ ਤਾਂ ਇਹ ਹੈ ਕਿ ਉਸ ਦੀਆਂ ਜੜ੍ਹਾਂ ਹੇਠ ਹੀਰੇ ਜਵਾਹਰਾਤ ਦਾ ਖਜ਼ਾਨਾ ਦੱਬਿਆ ਹੋਇਆ ਹ ਜੇਕਰ ਉਸਨੂੰ ਕੱਢ ਦਿੱਤਾ ਜਾਵੇ ਤਾਂ ਉਸਨੂੰ ਫਲ ਲੱਗਣ ਲੱਗ ਪਵੇਗਾ ਮੱਛੀ ਦੇ ਗਲੇ ਵਿੱਚ ਹੀਰਾ ਫਸਿਆ ਹੋਇਆ ਹੈ ਤੇ ਉਸਦੇ ਨਿੱਕਲਣ ਤੋਂ ਬਾਅਦ ਹੀ ਉਹ ਠੀਕ ਹੋ ਸਕਦੀ ਹੈ

    ਰਹੀ ਗੱਲ ਬਘਿਆੜ ਦੀ ਉਸਦੇ ਢਿੱਡ ਦਾ ਦਰਦ ਤਾਂ ਹੀ ਠੀਕ ਹੋਵੇਗਾ ਜੇਕਰ ਉਹ ਕਿਸੇ ਮਹਾਂ-ਮੂਰਖ ਨੂੰ ਮਾਰ ਕੇ ਖਾ ਜਾਵੇ  ਸਾਰਾ ਕੁਝ ਸੁਣਨ ਤੋਂ ਬਾਅਦ ਉਸਨੇ ਆਪਣੇ ਬਾਰੇ ਪੁੱਛਿਆ ਕਿ ਮਹਾਰਾਜ! ਮੇਰੇ ਬਾਰੇ ਵੀ ਕੁਝ ਦੱਸੋ ਤਾਂ ਮਹਾਤਮਾ ਜੀ ਨੇ ਕਿਹਾ ਕਿ ਤੂੰ ਘਰ ਪਹੁੰਚ ਤੇਰਾ ਕੰਮ ਵੀ ਹੋ ਜਾਵੇਗਾ? ਸਾਧੂ ਦੀ ਕੁਟੀਆ ‘ਚ ਰਾਤ ਰਹਿਣ ਉਪਰੰਤ ਸਵੇਰ ਹੁੰਦਿਆਂ ਹੀ ਉਸ ਨੌਜਵਾਨ ਨੇ ਘਰ ਨੂੰ ਚਾਲੇ ਪਾ ਦਿੱਤੇ ਹੁਣ ਉਹ ਛੇਤੀ ਤੋਂ ਛੇਤੀ ਘਰ ਪਹੁੰਚ ਜਾਣਾ ਚਾਹੁੰਦਾ ਸੀ

    ਜਾਮਣ ਦੇ ਦਰੱਖਤ ਕੋਲ ਪੁੱਜਦਿਆਂ ਹੀ ਉਸਨੇ ਦਰੱਖਤ ਨੂੰ ਕਿਹਾ ਕਿ ਤੇਰੀਆਂ ਜੜ੍ਹਾਂ ਦੇ ਹੇਠ ਹੀਰੇ-ਜਵਾਹਰਾਤ ਦਾ ਖਜ਼ਾਨਾ ਦੱਬਿਆ ਹੋਇਆ ਹੈ ਜੇ ਉਹ ਨਿੱਕਲ ਜਾਵੇ ਤਾਂ ਤੈਨੂੰ ਫਲ ਲੱਗਣ ਲੱਗ ਪਵੇਗਾ ਦਰੱਖਤ ਨੇ ਬੜੀ ਨਿਮਰਤਾ ਨਾਲ ਉਸਨੂੰ ਕਿਹਾ ਕਿ ਹੇ ਭਲੇ ਪੁਰਸ਼ ਜੇ ਇਹ ਕਰਮ ਤੂੰ ਆਪਣੇ ਹੱਥੀਂ ਆਪ ਹੀ ਕਰ ਦੇਵੇਂ ਤਾਂ ਇਹ ਖਜ਼ਾਨਾ ਤੈਨੂੰ ਹੀ ਪ੍ਰਾਪਤ ਹੋ ਜਾਵੇਗਾ ਦਰੱਖਤ ਦੀ ਗੱਲ ਸੁਣਕੇ ਉਹ ਇੱਕਦਮ ਬੋਲਿਆ- ਨਹੀਂ ਨਹੀਂ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ  ਹੈ ਕਹਿਕੇ  ਉਹ ਅੱਗੇ ਤੁਰ ਗਿਆ

    ਉਹ ਨੌਜਵਾਨ ਤੇਜ਼ ਕਦਮੀ ਤੁਰਿਆ ਜਾਂਦਾ ਜਦੋਂ ਤਲਾਬ ਨੇੜੇ ਪੁੱਜਾ ਤਾਂ ਮੱਛੀ ਨੇ ਪਾਣੀ ‘ਚੋਂ ਛਲਾਂਗ ਲਾਉਂਦਿਆਂ ਉਸਨੂੰ ਪੁੱਛਿਆ- ਰਾਹੀਆ! ਕੁਝ ਪਤਾ ਲੱਗਾ ਮੇਰੇ ਗਲ ਦੇ ਦਰਦ ਬਾਰੇ? ਹਾਂ, ਹਾਂ ਪਤਾ ਲੱਗ ਗਿਆ ਏ ਤੇਰੇ ਗਲੇ ‘ਚ ਹੀਰਾ ਫਸਿਆ ਹੋਇਆ ਹੈ, ਉਸਦੇ ਨਿੱਕਲਣ ਤੋਂ ਬਾਅਦ ਹੀ ਤੇਰੇ ਗਲੇ ਦਾ ਦਰਦ ਠੀਕ ਹੋ ਸਕੇਗਾ ਉਸ ਨੌਜਵਾਨ ਦੀ  ਗੱਲ ਸੁਣਕੇ ਮੱਛੀ ਨੇ ਬੜੀ ਹੀ ਕਰੁਣਮਈ ਆਵਾਜ਼ ਵਿੱਚ ਉਸਨੂੰ ਫਰਿਆਦ ਕਰਦਿਆਂ ਕਿਹਾ ਕਿ ਜੇ ਇਸ ਹੀਰੇ ਨੂੰ ਤੂੰ ਹੀ ਕੱਢ ਦੇਵੇਂ ਤੇ ਇਸਨੂੰ ਤੂੰ ਆਪਣੇ ਕੋਲ ਹੀ ਰੱਖ ਲਵੀਂ ਤੇ ਤੂੰਅਮੀਰ ਬਣ ਜਾਵੇਂਗਾ
    ਅੱਗਿਓਂ ਉਹ ਨੌਜਵਾਨ ਬੜੇ ਗੁੱਸੇ ਨਾਲ ਬੋਲਿਆ- ਨਹੀਂ-ਨਹੀਂ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ ਕਹਿ ਕੇ ਉਹ ਅੱਗੇ ਤੁਰ ਪਿਆ

    ਹੁਣ ਉਹ ਏਨੀ ਤੇਜ਼-ਤੇਜ਼ ਤੁਰ ਰਿਹਾ ਸੀ ਕਿ ਉਹ ਉੱਡ ਕੇ ਘਰ ਪੁੱਜ ਜਾਣਾ ਚਾਹੁੰਦਾ ਸੀ   ਅਜੇ ਉਸਦਾ ਜੰਗਲ ਵਾਲਾ ਰਸਤਾ ਵੀ ਤੈਅ ਕਰਨਾ ਬਾਕੀ ਰਹਿੰਦਾ  ਸੀ ਕਿ ਉਸਨੂੰ ਫਿਰ ਰਾਤ ਪੈ ਗਈ ਐਤਕੀਂ ਵੀ ਉਸਨੇ ਇੱਕ ਵੱਡੇ ਦਰੱਖਤ ਦੇ ਟਾਹਣੇ Àੁੱਪਰ ਬੈਠ ਕੇ ਹੀ ਰਾਤ ਕੱਟੀ ਸੀ ਸਵੇਰ ਹੁੰਦਿਆਂ ਹੀ ਉਹ ਫਿਰ ਘਰ ਵੱਲ ਨੂੰ ਤੇਜ਼ ਕਦਮੀਂ ਚੱਲ ਪਿਆ ਜੰਗਲ ਦਾ ਕੁਝ ਰਸਤਾ ਤੈਅ ਕਰਨ ਤੋਂ ਬਾਅਦ ਉਸਨੂੰ ਉਹ ਬਘਿਆੜ ਮਿਲ ਪਿਆ

    ਜੋ ਬੜੀ ਬੇਸਬਰੀ ਨਾਲ ਉਸਦੀ ਉਡੀਕ ਕਰ ਰਿਹਾ ਸੀ ਬਘਿਆੜ ਨੇ ਮਿਲਦਿਆਂ  ਹੀ  ਉਸਨੂੰ ਪੁੱਛਿਆ- ਹਾਂ ਦੋਸਤ! ਕੁਝ ਪਤਾ ਲੱਗਾ ਮੇਰੇ ਢਿੱਡ ਵਿਚਲੇ ਦਰਦ ਬਾਰੇ? ਹਾਂ ਪਤਾ ਲੱਗ ਗਿਆ ਹੈ, ਕਿ ਜੇ ਤੈਨੂੰ ਕੋਈ ਮਹਾਂ-ਮੂਰਖ ਮਿਲ  ਜਾਵੇ  ਤਾਂ  ਤੂੰ ਉਸਨੂੰ  ਖਾ ਜਾਵੀਂ ਤਾਂ ਤੇਰੇ ਢਿੱਡ ਦਾ ਦਰਦ ਠੀਕ ਹੋ ਜਾਵੇਗਾ ਇਹ ਗੱਲ ਦੱਸਕੇ ਉਹ ਤੁਰਨ ਹੀ ਲੱਗਾ ਸੀ ਕਿ ਬਘਿਆੜ ਨੇ ਉਸਨੂੰ ਗੱਲੀਂ ਲਾ ਲਿਆ ਉਸਨੇ ਬਘਿਆੜ ਨੁੰ ਆਪਣੇ ਰਸਤੇ ਦੀ ਸਾਰੀ ਕਹਾਣੀ ਸੁਣਾਉਂਦਿਆਂ ਜਾਮਣ ਦੇ ਦਰੱਖਤ ਤੇ ਮੱਛੀ ਵਾਲੀ  ਗੱਲ  ਵੀ ਦੱਸੀ ਉਸ ਦੀਆਂ ਗੱਲਾਂ ਨੂੰ ਬਘਿਆੜ ਬੜੇ ਧਿਆਨ ਨਾਲ ਸੁਣ ਰਿਹਾ ਸੀ

    ਉਸਦੀ ਗੱਲ ਅਜੇ ਮੁੱਕੀ ਵੀ ਨਹੀਂ ਸੀ ਕਿ ਬਘਿਆੜ ਨੇ  ਬਿਜਲੀ  ਦੀ ਫੁਰਤੀ ਨਾਲ ਉਸ ਉੱਤੇ ਝਪਟਾ ਮਾਰਦਿਆਂ ਕਿਹਾ- ਮੂਰਖਾ! ਤੇਰੇ ਨਾਲੋਂ ਵੱਡਾ ਮਹਾਂ-ਮੂਰਖ ਭਲਾ ਕੌਣ ਹੋਵੇਗਾ, ਜਿਹੜਾ ਏਨੀ ਧਨ-ਦੌਲਤ ਰਸਤੇ ਵਿੱਚ ਹੀ ਛੱਡ ਆਇਆ ਕਹਿੰਦਿਆਂ ਉਹ ਉਸਨੂੰ ਮਾਰ ਕੇ ਖਾ ਗਿਆ
    ਪਿਆਰੇ ਬੱਚਿਓ! ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ, ਮਿਹਨਤ ਦਾ ਪੱਲਾ ਫੜਕੇ ਤੁਰਨ ਵਾਲਾ ਇਨਸਾਨ ਜ਼ਿੰਦਗੀ ਵਿੱਚ ਕਦੇ ਵੀ ਧੋਖਾ ਨਹੀਂ ਖਾਂਦਾ

    ਅਨੁਵਾਦਕ: ਸ. ਸ. ਰਮਲਾ, ਸੰਗਰੂਰ
    ਮੋ. 98722-50956

    LEAVE A REPLY

    Please enter your comment!
    Please enter your name here