ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਗਾਈ ਹਾਜ਼ਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹੇ ਸੁਰਿੰਦਰ ਸਿੰਗਲਾ ਦੇ ਦਿਹਾਂਤ ਤੋਂ ਬਾਅਦ ਉਨਾਂ ਦੇ ਸਨਮਾਨ ਵਿੱਚ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਛੁੱਟੀ ਤਾਂ ਕਰ ਦਿੱਤੀ ਗਈ ਪਰ ਸੁਰਿੰਦਰ ਸਿੰਗਲਾ ਦੇ ਸੰਸਕਾਰ ਮੌਕੇ ਕੋਈ ਕੈਬਨਿਟ ਮੰਤਰੀ ਤਾਂ ਦੂਰ ਚੰਡੀਗੜ੍ਹ ਤੋਂ ਸਰਕਾਰ ਦਾ ਕੋਈ ਨੁਮਾਇੰਦਾ ਤੱਕ ਦਿੱਲੀ ਨਹੀਂ ਗਿਆ। ਹਾਲਾਂਕਿ ਦਿੱਲੀ ਬੈਠੇ ਦੋ ਆਈ.ਏ.ਐਸ. ਅਧਿਕਾਰੀਆਂ ਨੂੰ ਪੰਜਾਬ ਪੰਜਾਬ ਸਰਕਾਰ ਦੀ ਨੁਮਾਇੰਦਗੀ ਲਈ ਭੇਜਿਆ ਗਿਆ ਸੀ ਪਰ ਉਹ ਮਾਨ-ਸਨਮਾਨ ਨਹੀਂ ਦਿੱਤਾ ਗਿਆ, ਜਿਸਦੇ ਸੁਰਿੰਦਰ ਸਿੰਗਲਾ ਹੱਕਦਾਰ ਸਨ।
ਸਾਬਕਾ ਖਜਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਦਿੱਲੀ ਹੋਇਆ ਸਸਕਾਰ
ਸਰਕਾਰ ਦੇ ਨਾਲ ਹੀ ਸੁਰਿੰਦਰ ਸਿੰਗਲਾ ਦਾ ਕੱਦ ਪੰਜਾਬ ਕਾਂਗਰਸ ਵਿੱਚ ਵੀ ਕਾਫ਼ੀ ਵੱਡਾ ਸੀ ਪਰ ਬਾਵਜੂਦ ਇਹਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤਾਂ ਦੂਰ ਦੀ ਗੱਲ, ਕਾਂਗਰਸ ਦਾ ਕੋਈ ਨੁਮਾਇੰਦਾ ਮੌਕੇ ‘ਤੇ ਨਹੀਂ ਭੇਜਿਆ। ਇੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੌਕੇ ‘ਤੇ ਹਾਜ਼ਰੀ ਲਗਾਉਂਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਪੰਜਾਬ ਦੇ ਲੀਡਰਾਂ ਦੀ ਹਾਜ਼ਰੀ ਦਾ ਹਰ ਕੋਈ ਅਨੁਮਾਨ ਲਗਾ ਰਿਹਾ ਸੀ ਪਰ ਡਾ. ਮਨਮੋਹਨ ਸਿੰਘ ਬਾਰੇ ਕਿਸੇ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਉਹ ਸੰਸਕਾਰ ਮੌਕੇ ਆ ਵੀ ਸਕਦੇ ਹਨ।
ਕਾਂਗਰਸ ਪ੍ਰਧਾਨ ਤਾਂ ਦੂਰ ਪਾਰਟੀ ਦੇ ਕਿਸੇ ਲੀਡਰ ਨੇ ਵੀ ਨਹੀਂ ਲਗਾਈ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਦਾ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਸੁਰਿੰਦਰ ਸਿੰਗਲਾ ਨੇ ਪਿਛਲੀ ਅਮਰਿੰਦਰ ਦੀ ਸਰਕਾਰ ਮੌਕੇ ਕਾਫ਼ੀ ਲੰਬਾ ਸਮਾਂ ਖਜ਼ਾਨਾ ਮੰਤਰੀ ਰਹਿੰਦੇ ਹੋਏ ਅਮਰਿੰਦਰ ਸਿੰਘ ਨਾਲ ਕੰਮ ਕੀਤਾ ਹੋਇਆ ਹੈ, ਜਿਸ ਕਾਰਨ ਉਹ ਅਮਰਿੰਦਰ ਸਿੰਘ ਦੇ ਕਾਫ਼ੀ ਕਰੀਬੀ ਵੀ ਸਨ।
ਜਿਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ੁੱਕਰਵਾਰ ਨੂੰ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਮੀਦ ਲਗਾਈ ਜਾ ਰਹੀ ਸੀ ਕਿ ਸੁਰਿੰਦਰ ਸਿੰਗਲਾ ਦੇ ਸਸਕਾਰ ਮੌਕੇ ਅਮਰਿੰਦਰ ਸਿੰਘ ਖ਼ੁਦ ਦਿੱਲੀ ਵਿਖੇ ਜਾ ਸਕਦੇ ਹਨ ਪਰ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੈਬਨਿਟ ਮੰਤਰੀ ਜਾਂ ਫਿਰ ਚੰਡੀਗੜ੍ਹ ਤੋਂ ਨੁਮਾਇੰਦਾ ਵੀ ਦਿੱਲੀ ਵਿਖੇ ਗਿਆ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਾਂ ਫਿਰ ਉਨ੍ਹਾਂ ਦੀ ਪੰਜਾਬ ਕਾਂਗਰਸ ਦੀ ਟੀਮ ਵੱਲੋਂ ਵੀ ਦਿੱਲੀ ਵਿਖੇ ਹਾਜ਼ਰੀ ਨਹੀਂ ਲਗਾਈ ਗਈ ਹੈ।