ਧਰਤੀ ਨੂੰ ਚੜ੍ਹਿਆ ਤਾਪ
ਬ੍ਰਹਿਮੰਡ ਵਿੱਚ ਸੂਰਜੀ ਪਰਿਵਾਰ ਦੇ ਅੱਠ ਗ੍ਰਹਿਆਂ ਵਿੱਚੋਂ ਧਰਤੀ ਹੀ ਅਜਿਹਾ ਗ੍ਰਹਿ ਹੈ, ਜਿਸ ਉੱਪਰ ਜੀਵ-ਜੰਤੂਆਂ ਅਤੇ ਪੌਦਿਆਂ ਲਈ ਵਾਤਾਵਰਨਿਕ ਪ੍ਰਬੰਧ ਉਪਲੱਬਧ ਹਨ। ਧਰਤੀ, ਜਿਸ ਨੂੰ ਪ੍ਰਿਥਵੀ ਅਤੇ ਨੀਲਾ ਗ੍ਰਹਿ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਸੰਸਾਰ ਪੱਧਰ ‘ਤੇ ਇਸਦਾ ਖੇਤਰਫਲ 71% ਜਲ ਭਾਗ ਅਤੇ 29% ਥਲ ਭਾਗ ਨਾਲ ਢੱਕਿਆ ਹੋਇਆ ਹੈ। ਸਮੁੱਚੇ ਗ੍ਰਹਿਆਂ ਦੀ ਲੜੀ ਵਿੱਚ ਆਕਾਰ ਪੱਖੋਂ ਪੰਜਵੇਂ ਸਥਾਨ ‘ਤੇ ਸਥਿਤ ਹੈ, ਜੋ ਲੰਮੇ ਸਮੇਂ ਤੋਂ ਆਪਣੀ ਹੋਂਦ ਦਾ ਇਤਿਹਾਸ ਆਪਣੀ ਬੁੱਕਲ ਵਿੱਚ ਸਾਂਭੀ, ਯੁੱਗ-ਦਰ-ਯੁੱਗ ਆਪਣੀ ਧੁਰੀ ਦੁਆਲੇ ਘੁੰਮਦੀ ਹੋਈ, ਸੂਰਜ ਦੀ ਪਰਿਕਰਮਾ ਕਰਦੀ, ਅਜੋਕੇ ਦੌਰ ਵਿੱਚ ਪੁੱਜੀ ਹੈ। ਧਰਤੀ ਦੀ ਉਪਮਾ ਤੇ ਮਹੱਤਤਾ ਦੇ ਮਹਾਵਾਕ ਸਾਡੇ ਧਾਰਮਿਕ ਗੰ੍ਰਥਾਂ ਵਿੱਚ ਵੀ ਮਿਲਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਧਰਤੀ ਨੂੰ ਮਾਤਾ ਦੇ ਬਰਾਬਰੀ ਦਾ ਦਰਜ਼ਾ ਦਿੱਤਾ ਗਿਆ ਹੈ ਪਰ ਅਸੀਂ ਆਪਣੀ ਮਾਂ ਦੇ ਕਰਮ ਨੂੰ ਭੁੱਲ ਸਵਾਰਥੀ ਅਤੇ ਪਦਾਰਥਵਾਦੀ ਬਣ, ਆਪਣੇ ਹੀ ਹੱਥੀਂ ਧਰਤੀ ਨੂੰ ਉਜਾੜਨ ਲੱਗੇ ਹਾਂ। ਆਪਣੀ ਅੰਸ਼ ਨੂੰ ਆਪਣੇ ਪਿੰਡੇ ‘ਤੇ ਹੰਢਾਉਣ ਵਾਲੀ ਨਿਮਰਤਾ ਦੀ ਮੂਰਤ ਧਰਤੀ ਦੀ ਨਬਜ਼ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਸਦੇ ਪਿੰਡੇ ਨੂੰ ਧੁਰ ਅੰਦਰ ਤੱਕ ਲਗਾਤਾਰ ਤਾਪ ਚੜ੍ਹ ਰਿਹਾ ਹੈ, ਇਸ ਤਪਸ਼ ਦੇ ਪ੍ਰਮਾਣ ਸਾਨੂੰ ਕਦੀ ਜਵਾਲਾਮੁਖੀ ਫਟਣ, ਤੇ ਕਦੀ ਸੁਨਾਮੀ ਲਹਿਰਾਂ ਕਰਕੇ ਅਤੇ ਕਦੀ ਭੂਮੀ ਦੇ ਖਿਸਕਣ ਰਾਹੀਂ ਸਮੇਂ-ਸਮੇਂ ‘ਤੇ ਮਿਲਦੇ ਰਹੇ ਹਨ ਪਰ ਮਨੁੱਖ ਆਪਣੀ ਲਾਲਚੀ ਪ੍ਰਵਿਰਤੀ ਕਰਕੇ ਧਰਤੀ ਦੇ ਪਿੰਡੇ ਨੂੰ ਅਸਹਿ ਡਿਗਰੀ ਤੱਕ ਤਾਪ ਚੜ੍ਹਾ ਰਿਹਾ ਹੈ, ਜਿਸਦੇ ਸਿੱਟੇ ਸਮੁੱਚੀ ਦੁਨੀਆ ਦੇ ਵਸਨੀਕ ਭੁਗਤ ਵੀ ਚੁੱਕੇ ਹਨ ਅਤੇ ਭੁਗਤ ਵੀ ਰਹੇ ਹਨ।
ਜੇਕਰ ਇਤਿਹਾਸ ਦੇ ਝਰੋਖੇ ਵੱਲ ਨਜ਼ਰ ਮਾਰੀਏ ਤਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਪਤਨ ਸਾਹਮਣੇ ਆਵੇਗਾ, ਜੋ ਪੂਰਨ ਤੌਰ ਮਨੁੱਖੀ ਜਾਤੀ ਦਾ ਕੁਦਰਤ ਦੇ ਵਿਧੀ-ਵਿਧਾਨ ਵਿੱਚ ਘੁਸਪੈਠ ਕਰਨ ਦਾ ਸਿੱਟਾ ਸਾਬਿਤ ਹੋਇਆ ਹੈ। ਉਹ ਦਿਨ ਦੂਰ ਨਹੀਂ, ਜਦ ਧਰਤੀ ਨੂੰ ਚੜ੍ਹਿਆ ਤਾਪ, ਸਾਡੀ ਵਰਤਮਾਨ ਸੱਭਿਅਤਾ ਦੀ ਹੋਂਦ ਨੂੰ ਖ਼ਤਮ ਕਰਨ ਦਾ ਕਾਰਨ ਬਣੇਗਾ। ਮੇਰਾ ਇਸ਼ਾਰਾ ਧਰਤੀ ਦੇ ਲਗਾਤਾਰ ਵਧ ਰਹੇ ਤਾਪਮਾਨ ਵੱਲ ਹੈ, ਜੋ ਵਿਸ਼ਵ ਪੱਧਰ ਉੱਪਰ ਹੌਲੀ-ਹੌਲੀ ਵਧਦਾ, ਮਾਰੂ ਸਿੱਟਿਆਂ ਨੂੰ ਸੱਦਾ ਦੇ ਰਿਹਾ ਹੈ।
ਸਾਰੇ ਸੰਸਾਰ ਦਾ ਧਰਤ ਭਾਗ ਸੱਤ ਮਹਾਂਦੀਪਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਉੱਪਰ ਅੰਟਾਰਕਟਿਕਾ ਮਹਾਂਦੀਪ (ਬਰਫ਼ ਦਾ ਮਹਾਂਦੀਪ) ਨੂੰ ਛੱਡ ਕੇ ਬਾਕੀ ਦੇ ਛੇ ਮਹਾਂਦੀਪਾਂ ਉੱਪਰ ਲਗਭਗ 7.171 ਅਰਬ ਅਬਾਦੀ ਰਹਿੰਦੀ ਹੈ, ਜੋ 2050 ਤੱਕ ਅਨੁਮਾਨਿਤ 8.3 ਅਰਬ ਤੋਂ 10.9 ਅਰਬ ਤੱਕ ਹੋ ਸਕਦੀ ਹੈ। ਵੱਖ-ਵੱਖ ਭੂਗੋਲਿਕ ਸਥਿਤੀਆਂ ਕਾਰਨ ਸਾਡੀ ਧਰਤੀ ਉੱਪਰ ਇੱਕੋ-ਜਿਹਾ ਵਾਯੂਮੰਡਲ ਅਤੇ ਜਲਵਾਯੂ ਨਹੀਂ ਹੈ, ਜੇਕਰ ਸੰਸਾਰ ਪੱਧਰ ‘ਤੇ ਧਰਤੀ ਦਾ ਔਸਤਨ ਤਾਪਮਾਨ ਵੇਖੀਏ ਤਾਂ ਘੱਟੋ-ਘੱਟ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 27 ਡਿਗਰੀ ਹੋ ਸਕਦਾ ਹੈ।
ਜੇਕਰ ਗੱਲ ਕਰੀਏ ਦੁਨੀਆ ਦੇ ਸਭ ਠੰਢੇ ਸਥਾਨ ਦੀ ਤਾਂ ਸਾਡੇ ਸਾਹਮਣੇ -89.2 ਡਿਗਰੀ ਸੈਲਸੀਅਤ ਤਾਪਮਾਨ ਅਤੇ ਗਰਮ ਸਥਾਨਾਂ ਵਿੱਚੋਂ 70.7 ਡਿਗਰੀ ਸੈਲਸੀਅਸ ਤਾਪਮਾਨ ਆਵੇਗਾ। ਸਭ ਤੋਂ ਗਰਮ ਸਥਾਨ ਨੂੰ ਅੱਗ ਦਾ ਦਰਿਆ ਵੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਧਰਤੀ ਦੇ ਔਸਤਨ ਤਾਪ ਦੇ ਵਾਧੇ ਦੀ ਗੱਲ ਕਰੀਏ ਤਾਂ ਸੰਸਾਰ ਪੱਧਰ ਉੱਪਰ 1950 ਤੋਂ 2001 ਤੱਕ 1 ਡਿਗਰੀ ਵਾਧਾ ਰਿਕਾਰਡ ਹੋਇਆ ਹੈ,
ਜਿਸ ਨੇ ਵਾਯੂਮੰਡਲ ਤੋਂ 8 ਕਿਲੋਮੀਟਰ ਤੱਕ ਦੀ ਹਵਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਗਰਮ ਕੀਤਾ ਹੈ। ਧਰਤੀ ਦੇ ਤਾਪ ਦੇ ਵਾਧੇ ਨੇ ਸਮੁੰਦਰੀ ਤਲ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਨੁਮਾਨ ਹੈ ਕਿ ਸੰਸਾਰ ਦਾ ਔਸਤ ਸਮੁੰਦਰੀ ਤਲ 1.0 ਮਿਮੀ. ਤੋਂ 1.5 ਮਿਮੀ. ਪ੍ਰਤੀ ਸਾਲ ਵਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ 4 ਮਿਮੀ. ਵਧ ਜਾਵੇਗਾ। ਸਿੱਟੇ ਵਜੋਂ ਭਵਿੱਖ ਵਿੱਚ ਬਰਫ਼ ਦਾ ਮਹਾਂਦੀਪ ਅੰਟਾਰਕਟਿਕਾ, ਬਰਫ਼ ਮੁਕਤ ਹੋ ਜਾਵੇਗਾ। ਭੂਮੀ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਸੰਨ 2100 ਤੱਕ ਧਰਤੀ ਦਾ ਔਸਤਨ ਤਾਪਮਾਨ 1.4 ਡਿਗਰੀ ਤੋਂ 5.8 ਡਿਗਰੀ ਤੱਕ ਵਧ ਜਾਵੇਗਾ।
ਏਸ਼ੀਆ ਦੇ ਤਾਪਮਾਨ ਵਿੱਚ ਹਿਮ ਯੁੱਗ ਤੋਂ ਬਾਅਦ ਔਸਤਨ ਤਾਪਮਾਨ ਵਿੱਚ 8.89 ਡਿਗਰੀ (16 ਡਿਗਰੀ ਫਾਰਨਹੀਟ) ਦਾ ਵਾਧਾ ਹੋਇਆ ਹੈ। ਜਿਸ ਕਰਕੇ ਉੱਤਰੀ ਏਸ਼ੀਆ ਲਗਾਤਾਰ ਠੰਢਾ ਅਤੇ ਦੱਖਣੀ ਏਸ਼ੀਆ ਦਾ ਤਾਪ ਲਗਾਤਾਰ ਗਰਮ ਹੋ ਰਿਹਾ ਹੈ। ਭਾਰਤ ਦੱਖਣੀ ਏਸ਼ੀਆ ਵਾਲੇ ਭਾਗ ਵਿੱਚ ਹੋਣ ਕਰਕੇ, ਭਾਰਤ ਦੀ ਧਰਤੀ ਦੇ ਤਾਪ ਵਿੱਚ ਔਸਤਨ ਨਾਲੋਂ 6 ਡਿਗਰੀ (1.08 ਡਿਗਰੀ ਫਾਰਨਹੀਟ) ਦਾ ਵਾਧਾ ਹੋਇਆ ਹੈ। ਇਹ ਵਾਧਾ ਕੇਵਲ ਧਰਤੀ ਦੇ ਪਿੰਡੇ (ਉੱਪਰਲੀ ਪਰਤ) ਵਿੱਚ ਹੀ ਨਹੀਂ, ਬਲਕਿ ਧਰਤੀ ਦੇ ਗਰਭ (ਅੰਦਰੂਨੀ ਕੇਂਦਰੀ ਕੋਰ) ਦੇ ਤਾਪਮਾਨ ‘ਚ ਵੀ ਹੋਇਆ ਹੈ।
ਜਿਸਨੇ ਭੂਮੀ ਦਾ ਖਿਸਕਣਾ, ਭੂਚਾਲ, ਸੁਨਾਮੀ ਤੇ ਜਵਾਲਾਮੁਖੀ ਨੂੰ ਜਨਮ ਦਿੱਤਾ ਹੈ। ਸਮੁੱਚੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਸੰਸਾਰ ਪੱਧਰ ਉੱਪਰ 1861 ਤੋਂ ਬਾਅਦ 1998 ਸਭ ਤੋਂ ਗਰਮ ਸਾਲ ਰਿਹਾ ਹੈ। ਧਰਤੀ ਦਾ ਔਸਤਨ ਤਾਪਮਾਨ 1860 ਈ. ਵਿੱਚ 14.68 ਡਿਗਰੀ ਸੀ, ਜੋ 1998 ਵਿੱਚ ਵਧ ਕੇ 15.68 ਡਿਗਰੀ ਤੱਕ ਹੋ ਗਿਆ ਹੈ। ਧਰਤੀ ਨੂੰ ਚੜ੍ਹੇ ਤਾਪ ਦੀ ਤਪਸ਼ ਨਾਲ ਸਮੁੰਦਰੀ ਪਾਣੀਆਂ ਵਿੱਚ ਵੀ 1950 ਤੋਂ ਬਾਅਦ 300 ਮੀ. ਤੱਕ 0.04 ਡਿਗਰੀ ਤਾਪਮਾਨ ਦਾ ਵਾਧਾ ਹੋਇਆ ਹੈ। ਧਰਤੀ ਦੇ ਤਾਪ ਦਾ ਵਾਧਾ ਜਲ ਅਤੇ ਥਲ ਭਾਗ ਉੱਪਰ ਲਗਾਤਾਰ ਹੋ ਰਿਹਾ ਹੈ, ਜੋ ਅੱਜ ਵੀ ਜਾਰੀ ਹੈ।
ਅਜੌਕੇ ਦੌਰ ਵਿੱਚ ਵਿਸ਼ਵ ਤਾਪਮਾਨ ਦੇ ਵਾਧੇ ਦੇ ਪ੍ਰਭਾਵ ਨਾਲ ਬਹੁਤ ਸਾਰੇ ਦੀਪ ਅਤੇ ਟਾਪੂ ਸਮੁੰਦਰੀ ਲਹਿਰਾਂ ਦੀ ਭੇਂਟ ਚੜ੍ਹ ਜਾਣਗੇ। ਸਮੁੰਦਰੀ ਜੀਵਾਂ ਦਾ ਖ਼ਾਤਮਾ ਹੋ ਜਾਵੇਗਾ ਤੇ ਚੱਕਰਵਾਤ ਦਾ ਵਾਧਾ ਵੀ ਔਸਤਨ ਨਾਲੋਂ ਜ਼ਿਆਦਾ ਹੋ ਜਾਵੇਗਾ। ਜਿਸ ਨਾਲ ਬਹੁਤ ਸਾਰੀਆਂ ਸੱਭਿਅਤਾਵਾਂ ਖ਼ਤਮ ਹੋ ਜਾਣਗੀਆਂ ਅਤੇ ਆਉਣ ਵਾਲੇ 40 ਸਾਲਾਂ ਵਿੱਚ 90% ਲੋਕ ਆਪਣੇ ਨਿਵਾਸ ਸਥਾਨ ਬਦਲਣਗੇ। ਮੌਤ ਦਰ ਵਧਣ ਦੇ ਅਸਾਰ ਵਧ ਜਾਣਗੇ, ਅਨੁਮਾਨ ਹੈ ਕਿ ਹਰ ਸਾਲ ਸੰੰਸਾਰ ਪੱਧਰ ‘ਤੇ ਤਿੰਨ ਲੱਖ ਮੌਤਾਂ ਹੋ ਰਹੀਆਂ ਹਨ। ਤਾਪਮਾਨ ਵਧਣ ਨਾਲ ਮਨੁੱਖੀ ਬਿਮਾਰੀਆਂ ਚਮੜੀ ਰੋਗ, ਡਾਇਰੀਆ, ਮਲੇਰੀਆ, ਡੇਂਗੂ ਆਦਿ ‘ਚ ਵਾਧਾ ਹੋਵੇਗਾ।
ਜੇਕਰ ਆਉਣ ਵਾਲੇ ਕੁਝ ਸਾਲਾਂ ਵਿੱਚ ਧਰਤੀ ਦੀ ਤਪਸ਼ ਵਿੱਚ 2% ਤੋਂ 3% ਤੱਕ ਦਾ ਵਾਧਾ ਹੁੰਦਾ ਹੈ ਤਾਂ ਲਗਭਗ 20% ਤੋਂ 30% ਤੱਕ ਰੁੱਖ-ਪੌਦੇ ਅਤੇ ਜੀਵ-ਜੰਤੂ ਖ਼ਤਮ ਹੋ ਜਾਣਗੇ। ਅਨੁਮਾਨ ਹੈ ਕਿ 2050 ਈ: ਤੱਕ 10 ਲੱਖ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ, ਜੋ ਹਿਮ ਯੁੱਗ ਤੋਂ ਬਾਅਦ ਜੀਵ-ਜੰਤੂਆਂ ਦੇ ਮਰਨ ਦਾ ਛੇਵਾਂ ਵੱਡਾ ਖ਼ਾਤਮਾ ਸਿੱਧ ਹੋਵੇਗਾ। ਜੰਗਲਾਂ ਹੇਠ ਰਕਬਾ ਔਸਤਨ ਨਾਲੋਂ ਘਟ ਜਾਵੇਗਾ, ਜਿਸ ਨਾਲ ਮੀਥੇਨ ਗੈਸ ਦਾ ਵਾਧਾ ਹੋਵੇਗਾ, ਜਿਸ ਨਾਲ ਵਾਯੂਮੰਡਲ ਵਿੱਚ ਗੈਸਾਂ ਦੀ ਸੰਘਣਤਾ ਵਧੇਗੀ, ਧਰਤੀ ਉੱਪਰ ਕਈ ਥਾਵਾਂ ‘ਤੇ ਸੋਕੇ ਵਾਲੀ ਸਥਿਤੀ ਹੋਵੇਗੀ ਤੇ ਕਈ ਥਾਵਾਂ ‘ਤੇ ਵੱਧ ਵਰਖਾ ਨਾਲ ਭਾਰੀ ਨੁਕਸਾਨ ਹੋਵੇਗਾ।
ਮਾਰੂਥਲੀ ਇਲਾਕਿਆਂ ਵਿੱਚ ਵਾਧਾ ਹੋਣ ਨਾਲ ਹਵਾ, ਪਾਣੀ ਤੇ ਭੋਜਨ ਦੀ ਘਾਟ ਕਾਰਨ ਭੁੱਖਮਰੀ ਵਰਗੀ ਸਥਿਤੀ ਪੈਦਾ ਹੋ ਜਾਵੇਗੀ। ਜਿਸ ਨਾਲ ਖੇਤੀਬਾੜੀ, ਉਦਯੋਗ ਅਤੇ ਅਰਥਵਿਵਸਥਾ ਡਾਵਾਂਡੋਲ ਹੋਵੇਗੀ। ਜੇਕਰ ਵਿਸ਼ਵ ਤਾਪਮਾਨ ਦੇ ਵਾਧੇ ਦੇ ਕਾਰਨਾਂ ਦਾ ਅਧਿਐਨ ਕਰੀਏ ਤਾਂ ਧਰਤੀ ਦੀ ਵਧ ਰਹੀ ਤਪਸ਼ ਅਤੇ ਹੋਂਦ ਦੇ ਖ਼ਾਤਮੇ ਦੀ ਸਥਿਤੀ ਦੀ ਉਂਗਲ ਸਮੁੱਚੀ ਮਨੁੱਖ ਜਾਤੀ ਵੱਲ ਉੱਠੇਗੀ। ਦਿਨੋ-ਦਿਨ ਵਧਦੀ ਅਬਾਦੀ ਕਾਰਨ ਕੁਦਰਤੀ ਸੋਮੇ ਹਾਸ਼ੀਏ ‘ਤੇ ਆ ਗਏ ਹਨ, ਵਿਗਿਆਨ ਦੀਆਂ ਕਾਢਾਂ ਨਾਲ ਉਦਯੋਗਿਕ ਕ੍ਰਾਂਤੀ ਨੇ ਧਰਤੀ ਦੀ ਹਿੱਕ ਉੱਪਰ ਦੈਂਤ ਰੂਪੀ ਕਾਰਖਾਨਿਆਂ ਦਾ ਵਿਕਾਸ ਕੀਤਾ ਹੈ। ਜਿਸ ਕਰਕੇ ਵਾਹੀਯੋਗ ਜ਼ਮੀਨਾਂ ਅਤੇ ਜੰਗਲਾਂ ਦਾ ਖ਼ਾਤਮਾ ਹੋਇਆ ਹੈ।
ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ਦੇ ਕੁੱਲ ਖੇਤਰਫਲ ਦਾ 1/3 (ਇੱਕ-ਤਿਹਾਈ) ਹਿੱਸਾ ਜੰਗਲਾਂ ਦੇ ਰਕਬੇ ਹੇਠ ਚਾਹੀਦਾ ਹੈ, ਜੋ ਵਿਸ਼ਵ ਪੱਧਰ ‘ਤੇ ਔਸਤਨ ਨਾਲੋਂ ਬਹੁਤ ਘੱਟ ਹੈ। ਖੇਤਾਂ ਦੀ ਰਹਿੰਦ-ਖੂੰਹਦ, ਨਾੜ ਤੇ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਮਿੱਤਰ ਜੀਵ-ਜੰਤੂਆਂ ਦਾ ਖ਼ਾਤਮਾ ਹੁੰਦਾ ਹੈ, ਉੱਥੇ ਲਗਭਗ 3 ਤੋਂ 4 ਇੰਚ ਤੱਕ ਭੂਮੀ ਦਾ ਉਪਜਾਊਪਣ ਵੀ ਘਟਦਾ ਹੈ, ਨਾਲ ਹੀ ਵਾਯੂਮੰਡਲ ਦੀ ਤਪਸ਼ ਵਿੱਚ ਹੋਰ ਵਾਧਾ ਹੁੰਦਾ ਹੈ।
ਵਾਹਨਾਂ, ਫੈਕਟਰੀਆਂ ਅਤੇ ਪਥਰਾਟ ਬਾਲਣਾਂ ਦੇ ਬਲਣ ਨਾਲ ਕਾਰਬਨ-ਡਾਈਆਕਸਾਈਡ, ਸਲਫ਼ਰ-ਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਅਤੇ ਮੀਥੇਨ ਗੈਸ ਦੇ ਨਾਲ, ਵਾਯੂਮੰਡਲ ਵਿੱਚ ਗੈਸਾਂ ਦੇ ਗਾੜ੍ਹੇਪਣ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਰਸਾਇਣਾਂ ਦੇ ਛਿੜਕਾਅ, ਟਾਵਰਾਂ ਦੇ ਵਾਧੇ ਤੇ ਪਲਾਸਟਿਕ ਫੋਮ ਬਣਾਉਣ ਵਾਲੇ ਕਾਰਖਾਨਿਆਂ ਨੇ ਵੀ ਵਾਯੂਮੰਡਲ ਦੀ ਤਪਸ਼ ਵਿੱਚ ਵਾਧਾ ਕੀਤਾ ਹੈ। ਵਾਯੂਮੰਡਲ ਵਿੱਚ ਵਧ ਚੁੱਕੀਆਂ ਗੈਸਾਂ ਜਿਵੇਂ ਕਾਰਬਨ-ਡਾਈਆਕਸਾਈਡ, ਮੀਥੇਨ ਆਦਿ ਸੂਰਜੀ ਪ੍ਰਕਾਸ਼ ਵਿਚਲੀਆਂ ਇਨਫਰਾਰੈੱਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ। ਜਿਸ ਕਾਰਨ ਵਾਯੂਮੰਡਲੀ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ। ਇਸ ਪੂਰੇ ਵਰਤਾਰੇ ਨੂੰ ਹਰਾ ਗ੍ਰਹਿ ਪ੍ਰਭਾਵ ਕਿਹਾ ਜਾਂਦਾ ਹੈ। ਜੋ ਮੂਲ ਤੌਰ ‘ਤੇ ਵਿਸ਼ਵ ਤਾਪਮਾਨ ਦੇ ਵਾਧੇ ਦਾ ਕਾਰਨ ਹੈ।
ਧਰਤੀ ਦੇ ਪਿੰਡੇ ਦਾ ਤਾਪ ਇੱਕ ਦਿਨ ਧਰਤੀ ਮਾਤਾ ਨੂੰ ਬਾਂਝ ਬਣਾ ਦੇਵੇਗਾ ਤੇ ਇਤਿਹਾਸ ਦੇ ਪੰਨਿਆਂ ਉੱਪਰ ਇੱਕ ਵਾਰ ਫਿਰ ਸੱਭਿਅਤਾ ਦੇ ਖ਼ਾਤਮੇ ਦੀ ਇਬਾਰਤ ਲਿਖੀ ਜਾਵੇਗੀ। ਜੇਕਰ ਅਸੀਂ ਚਾਹੁੰਦੇ ਹਾਂ ਕਿ ਅਜਿਹਾ ਵਰਤਾਰਾ ਦੁਬਾਰਾ ਨਾ ਵਾਪਰੇ ਤਾਂ ਆਓ! ਧਰਤੀ ਦੀ ਹੋਂਦ ਬਚਾਉਣ ਲਈ ਕੁਦਰਤੀ ਅਤੇ ਗੈਰ-ਕੁਦਰਤੀ ਸਾਧਨਾਂ ਦੀ ਵਰਤੋਂ ਪ੍ਰਤੀ ਸੰਜਮੀ ਬਣੀਏ, ਵੱਧ ਤੋਂ ਵੱਧ ਰੁੱਖ ਲਾ, ਊਰਜਾ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰ, ਸਵੈ-ਚਾਲਕ ਵਾਹਨਾਂ ਨੂੰ ਮੁੜ ਸੁਰਜੀਤ ਕਰੀਏ। ਤਾਪਘਰਾਂ, ਉਦਯੋਗਾਂ ਅਤੇ ਫੈਕਟਰੀਆਂ ਦੇ ਧੂੰਏਂ ਨੂੰ ਨੁਕਸਾਨ ਰਹਿਤ ਕਰਦੇ ਹੋਏ, ਅਜਿਹੇ ਕਾਰਕਾਂ ਦੀ ਵਰਤੋਂ ਘੱਟ ਕਰੀਏ ਜੋ ਹਰਾ ਗ੍ਰਹਿ ਪ੍ਰਭਾਵ ਤੇ ਵਾਯੂਮੰਡਲ ਵਿਚਲੀਆਂ ਗੈਸਾਂ ਦੇ ਗਾੜ੍ਹੇਪਣ ਲਈ ਸਹਾਇਕ ਹਨ।
ਪੌਣ, ਪਾਣੀ ਤੇ ਭੂਮੀ ਨੂੰ ਸਵੱਛ ਰੱਖਦੇ ਹੋਏ, ਕੁਦਰਤ ਨਾਲ ਨਵਾਂ ਰਿਸ਼ਤਾ ਕਾਇਮ ਕਰੀਏ। ਕੁਦਰਤ ਦੇ ਪਰਿਸਥਿਤਿਕ ਪ੍ਰਬੰਧ ਵਿੱਚ ਸੰਤੁਲਨ ਤਾਂ ਹੀ ਬਣ ਸਕਦਾ ਹੈ, ਜੇਕਰ ਅਸੀਂ ਧਾਰਨਾ ਬਣਾਈਏ ਕਿ ਧਰਤੀ ਹਰ ਇੱਕ ਹੀ ਲੋੜ ਪੂਰੀ ਕਰਦੀ ਹੈ, ਲਾਲਸਾ ਨਹੀਂ। ਆਓ! ਸੱਚੇ ਸਪੂਤ ਬਣ ਧਰਤੀ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਹਰ ਸੰਭਵ ਉਪਰਾਲੇ ਕਰੀਏ ਅਤੇ ਔਸਤ ਤਾਪਮਾਨ ਨੂੰ ਬਰਕਰਾਰ ਰੱਖਣ ਦਾ ਅਹਿਦ ਕਰੀਏ ਤਾਂ ਹੀ ਅਸੀਂ ਭੂਤਕਾਲ ਦੇ ਭਿਆਨਕ ਵਰਤਾਰਿਆਂ ਨੂੰ ਠੱਲ੍ਹ ਪਾ ਸਕਾਂਗੇ, ਵਰਤਮਾਨ ਅਤੇ ਭਵਿੱਖ ਵਿੱਚ ਧਰਤੀ ਮਾਤਾ ਦੀ ਗੋਦ ਦਾ ਆਨੰਦ ਮਾਣ ਸਕਾਂਗੇ।
ਬੁਢਲਾਡਾ
ਮੋ. 95014-55733
ਬਲਵਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.