ਵਸੂਲਣਗੇ ਪਹਿਲਾਂ ਆਪਣਾ ਪੈਸਾ, ਕਿਸਾਨਾਂ ਨੂੰ ਹੋਵੇਗਾ ਨੁਕਸਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਿਸਾਨ ਹਿਤੈਸ਼ੀ ਕਹਾਉਣ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ ਆੜ੍ਹਤੀਆਂ ਦੇ ਅੱਗੇ ਝੁਕਦੇ ਕਿਸਾਨਾਂ ਦੇ ਖ਼ਿਲਾਫ਼ ਫੈਸਲਾ ਲੈਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਆੜ੍ਹਤੀਆਂ ਦੇ ਦਬਾਅ ਹੇਠ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਨਹੀਂ ਕਰਨ ਜਾ ਰਹੀਂ ਹੈ। ਇਸ ਐਕਟ ‘ਚ ਸੋਧ ਨਾਲ ਫਸਲ ਦੀ ਅਦਾਇਗੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿੱਚ ਹੋਣੀ ਸੀ ਪਰ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਫਸਲ ਦਾ ਸਾਰਾ ਪੈਸਾ ਆੜ੍ਹਤੀਆਂ ਦੇ ਬੈਂਕ ਖਾਤੇ ਵਿੱਚ ਆਏਗਾ, ਜਿਥੇ ਕਿ ਆੜ੍ਹਤੀ ਸਭ ਤੋਂ ਪਹਿਲਾਂ ਕਿਸਾਨ ਵੱਲ ਖੜ੍ਹੇ ਪੈਸੇ ਦੀ ਰਿਕਵਰੀ ਕਰੇਗਾ, ਉਸ ਤੋਂ ਬਾਅਦ ਜਿਹੜੇ ਪੈਸੇ ਬਚਣਗੇ, ਉਹ ਹੀ ਕਿਸਾਨ ਨੂੰ ਮਿਲਣਗੇ।
ਪਿਛਲੇ ਕਈ ਸਾਲਾਂ ਤੋਂ ਇਸ ਚੱਕਰ ਵਿੱਚ ਫਸੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਏ.ਪੀ.ਐਮ.ਸੀ. ਐਕਟ ਤਿਆਰ ਕੀਤਾ ਗਿਆ ਸੀ ਤਾਂ ਕਿ ਕਿਸਾਨ ਇਸ ਤਰ੍ਹਾਂ ਦੀ ਲੁੱਟ ਖਸੁੱਟ ਤੋਂ ਬਚਦੇ ਹੋਏ ਆਪਣੀ ਫਸਲ ਦਾ ਪੈਸਾ ਖ਼ੁਦ ਆਪਣੇ ਬੈਂਕ ਵਿੱਚ ਹੀ ਲੈ ਸਕਣ ਪਰ ਇਥੇ ਵੀ ਪੰਜਾਬ ਸਰਕਾਰ ਆੜ੍ਹਤੀਆਂ ਦੇ ਦਬਾਅ ਹੇਠ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆੜ੍ਹਤੀਆਂ ਦੀ ਇੱਕ ਮੀਟਿੰਗ ਵਿੱਚ ਭਾਗ ਲੈਂਦਿਆਂ ਇਸ ਤਰ੍ਹਾਂ ਦੀ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਨਾ ਕਰਨ ਲਈ ਹਾਮੀ ਭਰ ਦਿੱਤੀ ਹੈ।
ਆੜਤੀਆਂ ਦੇ ਬੈਂਕ ਖਾਤੇ ਵਿੱਚ ਪੈਸੇ ਆਉਣ ਤੋਂ ਬਾਅਦ ਕਿਸਾਨਾਂ ਨੂੰ ਵੀ ਅਦਾਇਗੀ ਬੈਂਕ ਖਾਤੇ ਰਾਹੀਂ ਹੀ ਕਰਨੀ ਪਏਗੀ ਪਰ ਇਥੇ ਆੜਤੀ ਕਿਸਾਨਾਂ ਤੋਂ ਪਹਿਲਾਂ ਪੈਸਾ ਲੈਣ ਜਾਂ ਫਿਰ ਉਸ ਚੈੱਕ ਦੇ ਬੱਦਲੇ ਹੋਰ ਚੈੱਕ ਲੈਣ ਦਾ ਜੁਗਾੜ ਕਰ ਰਹੇ ਹਨ ਤਾਂ ਕਿ ਕਿਸਾਨਾਂ ਵੱਲ ਚੱਲ ਰਿਹਾ ਬਕਾਇਆ ਉਹ ਇਸ ਫਸਲ ਵਿੱਚ ਹੀ ਰਿਕਵਰੀ ਕਰ ਲੈਣ ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਆੜਤੀਆਂ ਵਲੋਂ ਪਿਛਲੇ ਦਿਨੀਂ ਖੰਨਾ ਵਿਖੇ ਮੀਟਿੰਗ ਕਰਕੇ ਆਪਣੇ ਸਾਰੇ ਮੈਂਬਰਾਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਉਨਾਂ ਵਲੋਂ ਇਸ ਵਾਰ ਸਰਕਾਰ ‘ਤੇ ਕਾਫ਼ੀ ਜਿਆਦਾ ਦਬਾਓ ਬਣਾ ਕੇ ਏ.ਪੀ.ਐਮ.ਸੀ. ਐਕਟ ਵਿੱਚ ਕੀਤੀ ਜਾ ਰਹੀਂ ਸੋਧ ਨੂੰ ਰੁਕਵਾ ਲਿਆ ਗਿਆ ਹੈ ਪਰ ਇਹਨੂੰ ਜਿਆਦਾ ਦੇਰ ਰੋਕਣਾ ਔਖਾ ਹੈ। ਇਸ ਲਈ ਹਰ ਆੜਤੀ ਇੱਕ ਜਾਂ ਫਿਰ ਦੋ ਫਸਲਾਂ ਵਿੱਚ ਹੀ ਕਿਸਾਨ ਵੱਲ ਖੜੇ ਅਸਲ ਰਕਮ ਅਤੇ ਵਿਆਜ ਨੂੰ ਵਸੂਲੀ ਕਰ ਲਵੇ । ਜਿਸ ਤੋਂ ਸਾਫ਼ ਹੈ ਕਿ ਹੁਣ ਆਉਣ ਵਾਲੀਆਂ ਫਸਲਾਂ ਦੌਰਾਨ ਕਿਸਾਨਾਂ ਤੋਂ ਆੜਤੀ ਜਾਇਜ਼ ਨਾਜਾਇਜ਼ ਸਾਰੀ ਪੈਸੇ ਦੀ ਰਿਕਵਰੀ ਕਰ ਲੈਣਗੇ।