ਪੰਜਾਬ ਨੇ ਕਣਕ ਦੇ ਖਰੀਦ ਨਿਯਮਾਂ ’ਚ ਢਿੱਲ ਦੇਣ ਲਈ ਕੇਂਦਰ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ਵਿੱਚ ਤਿਆਰ ਖੜੀ ਫਸਲ ਆਪਣੀ ਚਮਕ 100 ਫੀਸਦੀ ਤੱਕ ਗੁਆ ਚੁੱਕੀ ਹੈ। ਕਣਕ ਦਾ ਦਾਣਾ 15 ਫੀਸਦੀ ਤੱਕ ਟੁੱਟ ਚੁੱਕਿਆ ਹੈ। ਮੰਡੀਆਂ ਵਿੱਚ ਆਉਣ ਵਾਲੀ ਫਸਲ ਵਿੱਚ 6 ਫੀਸਦੀ ਤੱਕ ਸਾਰੀ ਕਣਕ ਖ਼ਰਾਬ ਅਤੇ 12 ਫੀਸਦੀ ਤੱਕ ਮਾਮੂਲੀ ਨੁਕਸਾਨ ਵਾਲੀ ਫਸਲ ਵੀ ਪੁੱਜਣ ਦੀ ਸੰਭਾਵਨਾ ਹੈ ਪਰ ਇਸ ਤਰ੍ਹਾਂ ਦੀ ਫਸਲ ਨੂੰ ਕੇਂਦਰ ਸਰਕਾਰ ਦੇ ਨਿਯਮ ਖਰੀਦਣ ਦੀ ਹੀ ਇਜਾਜ਼ਤ ਨਹੀਂ ਦਿੰਦੇ ਹਨ, ਜਿਸ ਕਾਰਨ ਮੌਸਮ ਦੀ ਮਾਰ ਝੱਲਣ ਤੋਂ ਬਾਅਦ ਹੁਣ ਦਾਣਾ ਮੰਡੀਆਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਰੁਲਣਾ ਪਏਗਾ।
6 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਮੰਗੀ ਗਈ ਨਿਯਮਾਂ ’ਚ ਛੋਟ, ਜਲਦ ਕਰੇਗਾ ਕੇਂਦਰ ਫੈਸਲਾ
ਕਿਸਾਨਾਂ ਦੀ ਇਸ ਹਾਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਤੁਰੰਤ ਨਿਯਮਾਂ ਵਿੱਚ ਵੱਡੇ ਪੱਧਰ ’ਤੇ ਛੋਟ ਦਿੱਤੀ ਜਾਵੇ । ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵਲੋਂ ਬੀਤੇ ਦਿਨ 5 ਅਪਰੈਲ ਨੂੰ ਹੀ ਪੱਤਰ ਲਿਖ ਕੇ ਭੇਜਿਆ ਗਿਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਫੈਸਲਾ ਲੈਣ ’ਚ ਕੁਝ ਦਿਨ ਲੱਗ ਸਕਦੇ ਹਨ, ਉਸ ਸਮੇਂ ਤੱਕ ਪੰਜਾਬ ਦੇ ਕਿਸਾਨਾਂ ਨੂੰੂ ਆਪਣੀ ਫਸਲ ਨੂੰ ਲੈ ਕੇ ਦਾਣਾ ਮੰਡੀਆਂ ਵਿੱਚ ਹੀ ਇੰਤਜ਼ਾਰ ਕਰਨਾ ਪਏਗਾ।
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਗੁਰਕਿਰਤ ਸਿੰਘ ਕਿਰਪਾਲ ਵੱਲੋਂ 5 ਅਪਰੈਲ ਨੂੰ ਲਿਖੇ ਗਏ ਆਪਣੇ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਪੂਰੇ ਪੰਜਾਬ ਵਿੱਚ ਬੀਤੇ ਕੁਝ ਦਿਨ ਪਹਿਲਾਂ ਤੇਜ਼ ਹਵਾਵਾਂ ਅਤੇ ਬੇਮੌਸਮੀ ਤੇਜ਼ ਬਰਸਾਤ ਵੱਲੋਂ ਭਾਰੀ ਤਬਾਹੀ ਮਚਾਈ ਗਈ ਹੈ। ਸੂਬਾ ਸਰਕਾਰ ਵੱਲੋਂ ਫਸਲ ਦੇ ਨੁਕਸਾਨ ਸਬੰਧੀ ਮੁਲਾਂਕਣ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਖਰੀ ਦੌਰ ਦੇ ਅੰਕੜੇ ਜਲਦ ਹੀ ਪ੍ਰਾਪਤ ਹੋਣ ਦੀ ਉਮੀਦ ਹੈ।
ਉਨ੍ਹਾਂ ਲਿਖਿਆ ਹੈ ਕਿ ਬੇਮੌਸਮੀ ਬਰਸਾਤ ਦਾ ਇੱਕ ਛੋਟ ਵੱਡਾ ਨਤੀਜਾ ਇਹ ਨਿਕਲਿਆ ਹੈ ਕਿ ਕਣਕ ਦੀ ਫਸਲ ਨੂੰ ਨੁਕਸਾਨ ਦੇ ਨਾਲ ਹੀ ਉਸ ਦੀ ਚਮਕ ਖ਼ਤਮ ਹੋ ਗਈ ਹੈ ਅਤੇ ਦਾਣਾ ਟੁੱਟ ਚੁੱਕਿਆ ਹੈ। ਕਾਫ਼ੀ ਥਾਵਾਂ ਤੋਂ ਕਣਕ ਦੀ ਫਸਲ ਬਦਰੰਗ ਹੋਣ ਦੀ ਵੀ ਖ਼ਬਰ ਆ ਰਹੀ ਹੈ। ਇਹ ਸਾਰਾ ਕੁਝ ਦਾਣਾ ਮੰਡੀਆਂ ਵਿੱਚ ਆ ਰਹੀ ਸ਼ੁਰੂਆਤੀ ਫਸਲ ਵਿੱਚ ਦੇਖਿਆ ਜਾ ਰਿਹਾ ਹੈ। ਕਣਕ ਦੇ ਦਾਣੇ ਵਿੱਚ ਚਮਕ ਦਾ ਨੁਕਸਾਨ ਉੱਚ ਪ੍ਰਤੀਸ਼ਤਤਾ ਤੱਕ ਦਿਖਾਈ ਦੇ ਰਿਹਾ ਹੈ। ਜਿਸ ਕਾਰਨ ਖਰੀਦ ਲਈ ਤੈਅ ਸ਼ਰਤਾਂ ਵਿੱਚ ਢਿੱਲ ਦਿੱਤੇ ਬਿਨਾਂ ਅਨਾਜ ਖਰੀਦਣਾ ਸੰਭਵ ਹੀ ਨਹੀਂ ਹੋ ਸਕਦਾ ਹੈ।
ਕੇਂਦਰ ਤੋਂ ਮੰਗੀ ਛੋਟ
- 6 ਫੀਸਦੀ ਤੱਕ ਪੂਰੀ ਤਰ੍ਹਾਂ ਖਰਾਬ ਹੋਏ ਅਨਾਜ ਦੀ ਛੋਟ
- 12 ਫੀਸਦੀ ਤੱਕ ਮਾਮੂਲੀ ਨੁਕਸਾਨੇ ਗਏ ਅਨਾਜ ’ਤੇ ਛੋਟ
- 15 ਫੀਸਦੀ ਤੱਕ ਟੁੱਟੇ ਹੋਏ ਦਾਣੇ ਤੱਕ ਦੀ ਛੋਟ
- 100 ਫੀਸਦੀ ਤੱਕ ਫਸਲ ਦੀ ਚਮਕ ਦੀ ਛੋਟ
ਕਿਸਾਨ ਦੇ ਹੱਥ ਵੱਸ ਤੋਂ ਬਾਹਰ ਐ ਮੌਜੂਦਾ ਹਾਲਾਤ | Farmers
ਪੰਜਾਬ ਸਰਕਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੌਜੂਦਾ ਸਮੇਂ ਵਿੱਚ ਪੈਦਾ ਹੋਏ ਹਾਲਾਤ ਕਿਸਾਨ ਦੇ ਹੱਥ ਵੱਸ ਤੋਂ ਬਾਹਰ ਹਨ, ਕਿਉਂਕਿ ਮੌਸਮ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ। ਇਸ ਲਈ ਕਣਕ ਦੇ ਦਾਣੇ ਦੀ ਬਣਤਰ ਵਿੱਚ ਕੋਈ ਵੀ ਕੁਦਰਤੀ ਤਬਦੀਲੀ ਬਾਰੇ ਹਮਦਰਦੀ ਨਾਲ ਵਿਚਾਰੇ ਜਾਣ ਦਾ ਹੱਕ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ। ਪਹਿਲਾਂ ਵੀ ਕੇਂਦਰ ਸਰਕਾਰ ਅਨਾਜ ਦੀਆਂ ਵਿਸ਼ੇਸ਼ਤਾਵਾਂ ਵਿੱਚ ਢੁਕਵੀਂ ਢਿੱਲ ਦੇ ਕੇ ਕਿਸਾਨਾਂ ਦੇ ਹਿੱਤਾਂ ਦਾ ਰੱਖਿਆ ਕਰਦੀ ਰਹੀ ਹੈ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਤੋਂ ਕੀਤੀ ਗਈ ਖਰੀਦ ਵਿੱਚ ਕੋਈ ਵੀ ਪੈਸੇ ਦੀ ਕਟੌਤੀ ਕੀਤੇ ਬਿਨਾਂ ਹੀ ਢਿੱਲ ਦਿੱਤੀ ਗਈ ਸੀ।
ਕਿਸਾਨ ਪਹਿਲਾਂ ਹੀ ਕਰਜ਼ਾਈ, ਰਾਹਤ ਲੈਣ ਦਾ ਹੱਕਦਾਰ | Farmers
ਸਰਕਾਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ ਅਤੇ ਹੁਣ ਫਸਲਾਂ ਦੇ ਝਾੜ ਵਿੱਚ ਭਾਰੀ ਨੁਕਸਾਨ ਕਾਰਨ ਵੱਡੇ ਪੱਧਰ ’ਤੇ ਵਿੱਤੀ ਨੁਕਸਾਨ ਝੱਲ ਰਿਹਾ ਹੈ। ਹੁਣ ਬਚੀ ਹੋਈ ਫਸਲ ’ਤੇ ਹੋਰ ਕੋਈ ਵੀ ਕਟੌਤੀ ਕਿਸਾਨਾਂ ਦੇ ਹਿੱਤਾਂ ਨਾਲ ਇੱਕ ਵੱਡਾ ਧੱਕਾ ਹੋਏਗੀ, ਜਿਹੜੀ ਕਿ ਉਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਵਿਸ਼ੇਸ਼ ਢਿੱਲ ਦਿੰਦੇ ਹੋਏ ਬਿਨਾਂ ਕਟੌਤੀ ਤੋਂ ਫਸਲ ਦੀ ਖ਼ਰੀਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਮੇਂ ਕਿਸਾਨ ਪਹਿਲਾਂ ਹੀ ਮਾੜੇ ਦੌਰ ਵਿੱਚੋਂ ਨਿਕਲ ਰਿਹਾ ਹੈ ਤਾਂ ਉਸ ਦੀ ਫਸਲ ਨੂੰ ਖਰੀਦ ਤੋਂ ਰੋਕਣਾ ਗਲਤ ਹੋਏਗਾ।