ਸਰਕਾਰੀ ਸਮਾਰਟ ਸਕੂਲਾਂ ਦੀ ਚਮਕ-ਦਮਕ ਤੇ ਪੜ੍ਹਾਈ ਦਾ ਵਧ ਰਿਹਾ ਮਿਆਰ

Daughters, Facing, Promise, Free College, Education

ਸਰਕਾਰੀ ਸਮਾਰਟ ਸਕੂਲਾਂ ਦੀ ਚਮਕ-ਦਮਕ ਤੇ ਪੜ੍ਹਾਈ ਦਾ ਵਧ ਰਿਹਾ ਮਿਆਰ

ਸਿੱਖਿਆ ਵਿਭਾਗ ਪੰਜਾਬ ਵੱਲੋਂ ਅਥਾਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨ ਲਾਇਆ ਜਾਵੇ। ਵਿਭਾਗ ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਵਿਚ ਕਾਮਯਾਬ ਵੀ ਹੋ ਰਿਹਾ ਹੈ। ਕਿਉਂਕਿ ਵਿਭਾਗ ਕੋਲ ਅਜਿਹੇ ਸੂਝਵਾਨ ਅਧਿਆਪਕ ਸਾਹਿਬਾਨ ਹਨ, ਜਿਨ੍ਹਾਂ ਦੀ ਬਦੌਲਤ ਸਰਕਾਰੀ ਸਕੂਲਾਂ ਵਿਚ ਕਾਫ਼ੀ ਜ਼ਿਆਦਾ ਨਿਖਾਰ ਆ ਚੁੱਕਾ ਹੈ। ਸਰਕਾਰੀ ਸਕੂਲਾਂ ਵਿਚ ਪਹਿਲੋਂ ਬਹੁਤੇ ਮਾਪੇ ਇਸੇ ਲਈ ਹੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਦਾਖਲ ਨਹੀਂ ਸੀ ਕਰਵਾਉਂਦੇ, ਕਿਉਂਕਿ ਸਰਕਾਰੀ ਸਕੂਲਾਂ ਵਿਚ ਸਹੂਲਤਾਂ ਦੀ ਘਾਟ ਸੀ। ਸਹੂਲਤਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।

ਹਰ ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸੇ ਚੰਗੇ ਸਕੂਲ ਵਿੱਚ ਪੜ੍ਹੇ। ਸਰਕਾਰੀ ਸਕੂਲਾਂ ਵਿੱਚ ਸਟਾਫ਼ ਵੀ ਪੂਰਾ ਮਿਹਨਤੀ ਸੀ, ਪਰ ਸਕੂਲਾਂ ਦੀ ਹਾਲਤ ਥੋੜ੍ਹੀ ਮਾੜੀ ਹੋਣ ਕਾਰਨ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦਿਨ-ਪ੍ਰਤੀਦਿਨ ਘਟਦੀ ਜਾ ਰਹੀ ਸੀ।

ਪਰ ਪਿਛਲੇ ਕੁੱਝ ਕੁ ਸਾਲਾਂ ਤੋਂ ਸਰਕਾਰੀ ਸਕੂਲਾਂ ਦੀ ਸ਼ਕਲ-ਸੂਰਤ ਕਾਫ਼ੀ ਜ਼ਿਆਦਾ ਬਦਲ ਚੁੱਕੀ ਹੈ। ਅਧਿਆਪਕਾਂ ਵੱਲੋਂ ਜਿੱਥੇ ਸਕੂਲਾਂ ਉੱਪਰ ਆਪਣੇ ਪੱਲਿਓਂ ਪੈਸੇ ਖ਼ਰਚ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਬੱਚਿਆਂ ਦੇ ਮਾਪਿਆਂ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਜੇਕਰ ਆਪਾਂ ਗੱਲ ਮੋਹਾਲੀ ਜ਼ਿਲ੍ਹੇ ਦੀ ਕਰੀਏ ਤਾਂ, ਮੋਹਾਲੀ ਜ਼ਿਲ੍ਹੇ ਦੇ ਬਲਾਕ ਖਰੜ-3 ਐਟ ਅਧੀਨ ਆਉਂਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਜਿਸ ਨੂੰ, ਕਿ ਸਮਾਰਟ ਸਕੂਲ ਬਣੇ ਨੂੰ ਹੀ ਮਹਿਜ਼ ਛੇ ਮਹੀਨੇ ਹੀ ਹੋਏ ਹਨ, ਪਰ ਇੱਥੋਂ ਦੇ ਮਿਹਨਤੀ ਸਟਾਫ਼ ਦੀ ਮੱਦਦ ਦੇ ਨਾਲ ਇਸ ਸਾਲ ਦਾਖਲਾ ਮੁਹਿੰਮ ਦੌਰਾਨ ਪ੍ਰਾਈਵੇਟ ਸਕੂਲਾਂ ਤੋਂ ਦਰਜਨਾਂ ਵਿਦਿਆਰਥੀਆਂ ਨੂੰ ਆਪਣੇ ਸਰਕਾਰੀ ਸਮਾਰਟ ਸਕੂਲ ਵਿਚ ਦਾਖਲ ਕਰਕੇ ਵੱਖਰਾ ਰਿਕਾਰਡ ਕਾਇਮ ਕੀਤਾ ਹੈ।

ਜਾਣਕਾਰੀ ਮੁਤਾਬਿਕ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਦੇ ਸਮੂਹ ਸਟਾਫ਼ ਵੱਲੋਂ ਇਸ ਸਾਲ ਦਾਖਲਾ ਮੁਹਿੰਮ 2020-21 ਤਹਿਤ ਪ੍ਰਾਈਵੇਟ ਸਕੂਲਾਂ ਤੋਂ 41 ਵਿਦਿਆਰਥੀ ਦਾਖਲ ਕਰਕੇ ਵਿਸ਼ੇਸ਼ ਯੋਗਦਾਨ ਪਾਉਣ ਲਈ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ, ਇੱਕ ਪ੍ਰਸੰਸਾ ਪੱਤਰ ਵੀ ਸਕੂਲ ਨੂੰ ਸੌਂਪਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਖਰੜ-3 ਐਟ ਮੋਹਾਲੀ ਦੀ ਦੇਖ-ਰੇਖ ਹੇਠ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਦੀ ਸੈਂਟਰ ਹੈੱਡ ਟੀਚਰ ਵੱਲੋਂ ਆਪਣੇ ਸਟਾਫ਼ ਨੂੰ ਨਾਲ ਲੈ ਕੇ ਵੱਖ-ਵੱਖ ਪਿੰਡਾਂ ਵਿਚ ਕੋਰੋਨਾ ਕਹਿਰ ਦੌਰਾਨ ਵਿਜ਼ਟ ਕਰਕੇ, ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਤੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ।

ਅਧਿਆਪਕਾਵਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੋਚਣ ਲਈ ਵੀ ਸਮਾਂ ਦਿੱਤਾ ਗਿਆ ਕਿ ਉਹ ਸੋਚ-ਵਿਚਾਰ ਕੇ ਦੱਸ ਦੇਣ, ਕਿ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਠੀਕ ਹਨ ਜਾਂ ਨਹੀਂ। ਮਾਪਿਆਂ ਅਧਿਆਪਕਾਵਾਂ ਵੱਲੋਂ ਦੁਆਏ ਗਏ ਭਰੋਸੇ ਤੇ ਸਕੂਲ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਜਾਣੂ ਹੋ ਕੇ, ਆਪਣੇ ਬੱਚਿਆਂ ਨੂੰ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਵਿਖੇ ਦਾਖ਼ਲ ਕਰਵਾਇਆ। ਦੱਸਣਾ ਬਣਦਾ ਹੈ ਕਿ ਸਮਾਰਟ ਸਕੂਲਾਂ ਦੀ ਚਮਕ-ਦਮਕ ਅਤੇ ਪੜ੍ਹਾਈ ਦਾ ਵਧ ਰਿਹਾ ਮਿਆਰ ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇ ਰਿਹਾ ਹੈ। ਅਧਿਆਪਕ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲੱਗੇ ਹਨ।

ਇਸ ਵਕਤ ਸਰਕਾਰੀ ਸਕੂਲ ਹਰ ਪੱਖੋਂ ਨਿੱਜੀ ਸਕੂਲਾਂ ਨੂੰ ਮਾਤ ਪਾ ਰਹੇ ਹਨ। ਸਕੂਲ ਵਿਚ ਚੱਲ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ, ਮਿਸ਼ਨ 100 ਪ੍ਰਤੀਸ਼ਤ, ਵਿੱਦਿਅਕ ਮੁਕਾਬਲੇ, ਸੱਭਿਆਚਾਰਕ ਗਤੀਵਿਧੀਆਂ, ਵੱਖ-ਵੱਖ ਵਿੱਦਿਅਕ ਮੇਲੇ, ਆਨਲਾਈਨ ਸਿੱਖਿਆ, ਖੇਡਾਂ ਦੇ ਮੁਕਾਬਲੇ ਤੇ ਹੋਰ ਕਈ ਪ੍ਰੋਗਰਾਮਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਕਰਕੇ ਹੀ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਨਾਲ ਦਰਜਨਾਂ ਨਵੇਂ ਵਿਦਿਆਰਥੀ ਜੁੜੇ ਹਨ।

ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਦੀ ਸੈਂਟਰ ਹੈੱਡ ਟੀਚਰ ਨੇ ਦੱਸਿਆ ਕਿ ਉਨ੍ਹਾਂ ਨੇ ਕਰੋਨਾ ਕਹਿਰ ਦੌਰਾਨ ਵੀ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰੀ ਰੱਖਿਆ ਅਤੇ ਸਮੇਂ-ਸਮੇਂ ‘ਤੇ ਪਿੰਡਾਂ ਵਿਚ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸਟਾਫ਼ ਦੀ ਪੂਰੀ ਮਿਹਨਤ ਸਦਕਾ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚੋਂ ਹਟਾ ਕੇ ਉਨ੍ਹਾਂ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਮਨੌਲੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਸੀਐਚਟੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ‘ਚ ਸਰਕਾਰੀ ਸਕੂਲਾਂ ‘ਚ ਹਰ ਪੱਖੋਂ ਸੁਧਾਰ ਹੋ ਰਿਹਾ ਹੈ।

ਗੁਣਾਤਮਿਕ ਸਿੱਖਿਆ ‘ਚ ਤੇਜ਼ੀ ਨਾਲ ਹੋ ਰਹੇ ਇਸ ਸੁਧਾਰ ਨੇ ਜਿੱਥੇ ਲੋਕਾਂ ਦੇ ਦਿਲਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਦੁਬਾਰਾ ਇੱਕ ਵਿਸ਼ਵਾਸ ਪੈਦਾ ਕੀਤਾ ਹੈ, ਉੱਥੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ‘ਚੋਂ ਹਟਾ ਕੇ ਦੁਬਾਰਾ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

ਪਿਛਲੇ ਸਮੇਂ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੇ ਦੁਬਾਰਾ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਦਿੱਤਾ। ਲੋਕਾਂ ਨੂੰ ਸਰਕਾਰੀ ਸਕੂਲਾਂ ‘ਚ ਹੋ ਰਹੇ ਵਿੱਦਿਅਕ ਮੁਕਾਬਲਿਆਂ, ਸੱਭਿਆਚਾਰਕ ਗਤੀਵਿਧੀਆਂ, ਵੱਖ-ਵੱਖ ਵਿਗਿਆਨਕ ਮੁਕਾਬਲਿਆਂ, ਖੇਡ ਮੁਕਾਬਲਿਆਂ ਤੇ ਹੋਰ ਕਈ ਪ੍ਰੋਗਰਾਮਾਂ ਕਾਰਨ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਜਿਸ ਨਾਲ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਪ੍ਰਤੀ ਹੋਰ ਵੀ ਮਜ਼ਬੂਤ ਹੋਇਆ ਹੈ। ਸਰਕਾਰੀ ਸਮਾਰਟ ਸਕੂਲਾਂ ਦਾ ਕਾਫ਼ਲਾ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਸਕੂਲ ਦਿੱਖ ਪੱਖੋਂ ਨਿੱਜੀ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ।

ਮਹਿੰਗੀਆਂ ਫ਼ੀਸਾਂ ਭਰ ਕੇ ਜਿਹੜੀਆਂ ਸਹੂਲਤਾਂ ਲੋਕ ਨਿੱਜੀ ਸਕੂਲਾਂ ‘ਚੋਂ ਪ੍ਰਾਪਤ ਕਰ ਰਹੇ ਹਨ, ਉਹ ਸਾਰੀਆਂ ਸਹੂਲਤਾਂ ਬਿਨਾਂ ਕਿਸੇ ਫ਼ੀਸ ਤੋਂ ਜਦੋਂ ਲੋਕਾਂ ਨੇ ਸਰਕਾਰੀ ਸਕੂਲਾਂ ਵਿੱਚੋਂ ਮਿਲਦੀਆਂ ਦੇਖੀਆਂ ਤਾਂ ਲੋਕ ਆਪ ਮੁਹਾਰੇ ਹੀ ਨਿੱਜੀ ਸਕੂਲਾਂ ਦਾ ਮੋਹ ਤਿਆਗ ਕੇ ਸਰਕਾਰੀ ਸਕੂਲਾਂ ਵੱਲ ਮੁੜ ਪਏ ਹਨ। ਇਸ ਵਾਰ ਸਿੱਖਿਆ ਵਿਭਾਗ ਦੀ ਮੁਹਿੰਮ ਨੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦਾ ਹੜ ਲਿਆ ਦਿੱਤਾ ਹੈ। ਲਗਭਗ ਪੰਜਾਬ ਦੇ ਹਰ ਸਰਕਾਰੀ ਸਕੂਲ ਵਿਚ ਨਿੱਜੀ ਸਕੂਲਾਂ ਤੋਂ ਵਿਦਿਆਰਥੀਆਂ ਦਾ ਲਗਾਤਾਰ ਆਉਣਾ ਜਾਰੀ ਹੈ। ਇਸ ਦਾ ਇੱਕ ਹੋਰ ਵੱਡਾ ਕਾਰਨ ਵੱਖ-ਵੱਖ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਅੱਗੇ ਆਉਣਾ ਹੈ।

ਇਸ ਵਾਰ ਪੰਜਾਬ ਦੇ ਵਿਦਿਆਰਥੀਆਂ ਦੇ ਵਿਗਿਆਨ ਮੁਕਾਬਲੇ ‘ਚ ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ, ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਖਰੜ-3 ਐਟ ਮੋਹਾਲੀ ਨੇ ਸੀਐਚਟੀ ਅਤੇ ਸਮੂਹ ਸਟਾਫ਼ ਨੂੰ ਦਿੱਤੇ ਗਏ ਪ੍ਰਸੰਸ਼ਾ ਪੱਤਰ ਵਿਚ ਸਾਫ਼ ਤੌਰ ‘ਤੇ ਲਿਖਿਆ ਹੈ ਕਿ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ, ਜਿਸ ਕਾਰਨ ਦਰਜਨਾਂ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਏ ਹਨ।
ਚੰਡੀਗੜ੍ਹ
ਸਵਿੰਦਰ ਕੌਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ