117 ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕਰਨ ਵਾਲੀ ਭਾਜਪਾ ਨਹੀਂ ਨਿਕਲੀ ਕਦੇ ਆਪਣੇ ਗੜ੍ਹ ਤੋਂ ਬਾਹਰ

BJP

ਪੰਜਾਬ ਭਾਜਪਾ ਦੇ 43 ਅਹੁਦੇਦਾਰਾਂ ਵਿੱਚੋਂ 32 ਸ਼ਹਿਰੀ ਇਲਾਕੇ ਵਿੱਚੋਂ, ਪੇਂਡੂ ਖੇਤਰ ਨੂੰ ਨਹੀਂ ਦਿੱਤੀ ਗਈ ਜ਼ਿਆਦਾ ਤਵੱਜੋਂ

  • 27 ਅਹੁਦੇਦਾਰ ਉਨ੍ਹਾਂ ਇਲਾਕਿਆਂ ਵਿੱਚੋਂ ਜਿਥੇ ਭਾਜਪਾ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਲੜਦੀ ਐ ਚੋਣ
  • ਅਕਾਲੀ ਦੇ ਹਿੱਸੇ ਆਉਣ ਵਾਲੇ 94 ਵਿਧਾਨ ਸਭਾ ਹਲਕਿਆਂ ‘ਚੋਂ ਭਾਜਪਾ ਦੇ ਸਿਰਫ਼ 16 ਅਹੁਦੇਦਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕਰਨ ਵਾਲੀ ਪੰਜਾਬ ਭਾਜਪਾ ਕਦੇ ਆਪਣੇ ਗੜ੍ਹ ਤੋਂ ਬਾਹਰ ਹੀ ਨਹੀਂ ਨਿਕਲੀ ਹੈ ਅਤੇ ਹਮੇਸ਼ਾ ਹੀ ਆਪਣੇ ‘ਕਮਫੱਰਟ ਜੋਨ’ ਵਿੱਚ ਹੀ ਵਿਚਰਦੀ ਆਈ ਹੈ, ਜਿਸ ਕਾਰਨ ਹੀ ਪੰਜਾਬ ਦੀਆਂ ਉਨ੍ਹਾਂ 94 ਸੀਟਾਂ ‘ਤੇ ਭਾਜਪਾ ਦਾ ਕੋਈ ਜਿਆਦਾ ਦਬਦਬਾ ਨਹੀਂ ਹੈ, ਜਿਥੇ ਕਿ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਲੜਦੀ ਆਈ ਹੈ, ਇਸ ਲਈ ਚਲਦੇ ਭਾਜਪਾ ਤੋਂ ਤੋੜ ਵਿਛੋੜਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਈ ਜ਼ਿਆਦਾ ਚਿੰਤਤ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਭਾਜਪਾ ਨੇ ਆਪਣੇ ਅਹੁਦੇਦਾਰ ਦੀ ਚੋਣ ਵੀ ਉਨ੍ਹਾਂ ਵਿਧਾਨ ਸਭਾ ਹਲਕੇ ਵਿੱਚੋਂ ਕੀਤੀ ਹੋਈ ਹੈ, ਜਿਥੇ ਕਿ ਉਹ ਲੋਕ ਸਭਾ ਜਾਂ ਫਿਰ ਵਿਧਾਨ ਸਭਾ ਚੋਣਾਂ ਲੜਦੀ ਆਈ ਹੈ।

BJP

ਪੰਜਾਬ ਭਾਜਪਾ ਵਿੱਚ 43 ਅਹੁਦੇਦਾਰਾਂ ਵਿੱਚੋਂ 27 ਅਹੁਦੇਦਾਰ ਭਾਜਪਾ ਵੱਲੋਂ ਲੜੀਆਂ ਜਾਣ ਵਾਲੀਆਂ 23 ਵਿਧਾਨ ਸਭਾ ਸੀਟਾਂ ਨਾਲ ਹੀ ਸੰਬੰਧਿਤ ਹਨ, ਜਦੋਂ ਕਿ ਸਿਰਫ਼ 16 ਅਹੁਦੇਦਾਰ ਹੀ ਬਾਕੀ 94 ਸੀਟਾਂ ਵਿੱਚੋਂ ਲਏ ਗਏ ਹਨ। ਇਨਾਂ ਵਿੱਚ ਵੀ 32 ਅਹੁਦੇਦਾਰ ਸ਼ਹਿਰੀ ਇਲਾਕੇ ਨਾਲ ਸਬੰਧਿਤ ਹਨ ਅਤੇ ਪੇਂਡੂ ਖੇਤਰ ਨੂੰ ਕੋਈ ਜ਼ਿਆਦਾ ਤਵਜੋਂ ਪੰਜਾਬ ਭਾਜਪਾ ਵੱਲੋਂ ਦਿੱਤੀ ਹੀ ਨਹੀਂ ਗਈ ਹੈ, ਜਿਸ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜਾ ਕਰਨ ਵਾਲੀ ਭਾਜਪਾ ਅਗਲੇ ਵਿਧਾਨ ਸਭਾ 117 ਸੀਟਾਂ ‘ਤੇ ਲੜ ਸਕੇਗੀ, ਇਹ ਗੱਲ ਕੁਝ ਬੇਮਾਨੀ ਗੱਲ ਰਹੀ ਹੈ।

ਪੰਜਾਬ ਭਾਜਪਾ ਨੇ ਕਦੇ ਵੀ ਆਪਣਾ ਆਧਾਰ 23 ਸੀਟਾਂ ਤੋਂ ਬਾਹਰ ਬਣਾਉਣ ਦੀ ਕੋਸ਼ਸ਼ ਨਹੀਂ ਕੀਤੀ

ਹੁਣ ਤੱਕ ਭਾਜਪਾ ਪੰਜਾਬ ਵਿੱਚ ਸਿਰਫ਼ 23 ਸੀਟਾਂ ‘ਤੇ ਹੀ ਚੋਣ ਲੜਦੀ ਆਈ ਹੈ, ਜਿਥੇ ਉਨ੍ਹਾਂ ਨੂੰ ਕੋਈ ਜ਼ਿਆਦਾ ਸਫ਼ਲਤਾ ਨਹੀਂ ਮਿਲੀ, ਇਸ ਸਮੇਂ ਪੰਜਾਬ ਵਿੱਚ ਭਾਜਪਾ ਦੇ 2 ਹੀ ਵਿਧਾਇਕ ਹਨ, ਜਦੋਂਕਿ ਉਨ੍ਹਾਂ ਨੂੰ 21 ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅੰਦਰ ਖਾਤੇ ਪੰਜਾਬ ਭਾਜਪਾ ਵੱਲੋਂ ਹੁਣ ਤੋਂ ਨਹੀਂ ਸਗੋਂ ਪਿਛਲੇ 5 ਸਾਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ  ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਨ ਸਬੰਧੀ ਮੰਗ ਕੀਤੀ ਜਾ ਰਹੀ ਸੀ ਪਰ ਇਸ ਮੰਗ ਅਨੁਸਾਰ ਪੰਜਾਬ ਭਾਜਪਾ ਨੇ ਕਦੇ ਵੀ ਆਪਣਾ ਆਧਾਰ 23 ਸੀਟਾਂ ਤੋਂ ਬਾਹਰ ਬਣਾਉਣ ਦੀ ਕੋਸ਼ਸ਼ ਨਹੀਂ ਕੀਤੀ।

ਹਾਲਾਂਕਿ ਭਾਜਪਾ ਦੇ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਬਲਾਕ ਪ੍ਰਧਾਨ ਹਨ ਪਰ 23 ਵਿਧਾਨ ਸਭਾ ਸੀਟਾਂ ਨੂੰ ਛੱਡ ਕੇ ਬਾਕੀ ਵਿਧਾਨ ਸਭਾ ਸੀਟਾਂ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪਿੱਛੇ-ਪਿੱਛੇ ਚੱਲ ਕੇ ਐਮ.ਸੀ. ਚੋਣਾਂ ਤੱਕ ਹੀ ਸੀਮਤ ਰਹੇ ਹਨ, ਜਿਥੇ ਉਨ੍ਹਾਂ ਨੂੰ ਇੱਕ ਦੁੱਕਾ ਸੀਟਾਂ ਮਿਲ ਜਾਂਦੀਆਂ ਹਨ ਪਰ ਇਸ ਤੋਂ ਕਦੇ ਵੀ ਭਾਜਪਾ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਹੀ ਨਹੀਂ ਹੈ।  ਪੰਜਾਬ ਵਿੱਚ ਜ਼ਿਆਦਾਤਰ ਖੇਤਰਫਲ ਅਤੇ ਵੋਟ ਪਿੰਡਾਂ ਵਿੱਚ ਹੀ ਹੈ ਪਰ ਭਾਜਪਾ ਵੱਲੋਂ ਨਾ ਹੀ ਪੇਂਡੂ ਇਲਾਕੇ ਨੂੰ ਤਵੱਜੋਂ ਦਿੱਤੀ ਗਈ ਅਤੇ ਨਾ ਹੀ ਪੇਂਡੂ ਇਲਾਕੇ ਵਿੱਚ ਰਹਿੰਦੇ ਲੀਡਰਾਂ ਨੂੰ ਅੱਗੇ ਆਉਣ ਦਿੱਤਾ ਗਿਆ ਹੈ। ਪੰਜਾਬ ਵਿੱਚ ਹਮੇਸ਼ਾ ਹੀ ਭਾਜਪਾ ਦੇ ਮੁੱਖ ਅਹੁਦਿਆਂ ‘ਤੇ ਸ਼ਹਿਰੀ ਲੀਡਰਾਂ ਦਾ ਹੀ ਕਬਜ਼ਾ ਰਿਹਾ ਹੈ।

43 ਅਹੁਦੇਦਾਰਾਂ ਵਿੱਚ 8 ਹਾਰ ਗਏ ਸਨ ਚੋਣ, 35 ਕਦੇ ਨਹੀਂ ਉੱਤਰੇ ਮੈਦਾਨ ‘ਚ

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ 43 ਮੈਂਬਰੀ ਟੀਮ ‘ਚ ਕੋਈ ਵੀ ਇਹੋ ਜਿਹਾ ਨਹੀਂ ਹੈ, ਜਿਹੜਾ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਕੇ ਆਇਆ ਹੋਵੇ। ਇਸ 43 ਮੈਂਬਰੀ ਟੀਮ ਵਿੱਚ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ 8 ਉਹ ਅਹੁਦੇਦਾਰ ਹਨ, ਜਿਹੜੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਸਨ ਅਤੇ 35 ਉਹ ਅਹੁਦੇਦਾਰ ਹਨ, ਜਿਹੜੇ ਕਦੇ ਵਿਧਾਨ ਸਭਾ ਚੋਣਾਂ ਦੇ ਦੰਗਲ ਵਿੱਚ ਉੱਤਰੇ ਹੀ ਨਹੀਂ। ਪ੍ਰਧਾਨ  ਨੇ ਆਪਣੀ ਟੀਮ ਵਿੱਚ ਕਿਸੇ ਵੀ ਵੱਡੇ ਲੀਡਰ ਨੂੰ ਥਾਂ ਹੀ ਨਹੀਂ ਦਿੱਤੀ, ਜਿਹੜੇ ਪੰਜਾਬ ਭਾਜਪਾ ਨੂੰ 23 ਸੀਟਾਂ ਦੀ ਨੁਮਾਇੰਦਗੀ ਤੋਂ 117 ਤੱਕ ਲੈ ਕੇ ਜਾਣ ਵਿੱਚ ਉਨ੍ਹਾਂ ਦੀ ਮਦਦ ਕਰਨ।

ਵੱਡੇ ਆਗੂ ਹਮੇਸ਼ਾ ਹੀ ਰਹੇ ਹਨ ਭਾਜਪਾ ਵਿੱਚ ‘ਸਾਈਡ ਲਾਈਨ’

ਪੰਜਾਬ ਭਾਜਪਾ ਦਾ ਇਹ ਵੀ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਦੇ ਅਹੁਦੇਦਾਰਾਂ ਦੀ ਟੀਮ ਵਿੱਚ ਵੱਡੇ ਲੀਡਰ ਹਮੇਸ਼ਾ ਹੀ ‘ਸਾਈਡ ਲਾਈਨ’ ਰਹੇ ਹਨ। ਜਿਹੜਾ ਪੰਜਾਬ ਭਾਜਪਾ ਪ੍ਰਧਾਨ ਆਇਆ ਹੈ, ਉਸ ਵੱਲੋਂ ਆਪਣੀ ਹੀ ਇੱਕ ਟੀਮ ਸਬੰਧੀ ਅੱਗੇ ਚੱਲਿਆ ਗਿਆ ਹੈ, ਜਦੋਂ ਕਿ ਪੁਰਾਣੇ ਸਮੇਂ ਵਿੱਚ ਕੰਮ ਕਰਨ ਵਾਲੇ ਵੱਡੇ ਆਗੂਆਂ ਨੂੰ ਨਾ ਹੀ ਥਾਂ ਦਿੱਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਸੱਦਿਆ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਇਸ ਟੀਮ ਵਿੱਚ ਵੀ ਇਹੋ ਹੀ ਪ੍ਰੇਸ਼ਾਨੀ ਹੈ ਪਰ ਇਹ ਪਰੰਪਰਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਮੇਂ ਵਿੱਚ ਨਹੀਂ ਆਈ ਹੈ, ਸਗੋਂ ਪੁਰਾਣੇ ਸਮੇਂ ਤੋਂ ਹੀ ਪ੍ਰਧਾਨਗੀ ਸੰਭਾਲਣ ਵਾਲਾ ਪ੍ਰਧਾਨ ਖ਼ੁਦ ਆਪਣੇ ਨਜ਼ਦੀਕੀਆਂ ਦੀ ਟੀਮ ਲੈ ਕੇ ਆਉਂਦਾ ਰਿਹਾ ਹੈ, ਜਿਸ ਨਾਲ ਪੰਜਾਬ ਭਾਜਪਾ ਵਿੱਚ ਹਮੇਸ਼ਾ ਹੀ ਗੁੱਟਬਾਜ਼ੀ ਰਹੀ ਹੈ, ਜਿਹੜੀ ਅੱਜ ਵੀ ਕਾਇਮ ਹੈ।

ਦਿੱਲੀ ਵਾਂਗ ਪੰਜਾਬ ‘ਚ ਵੀ ਕਈ ਮਾਰਗ ਦਰਸ਼ਕ, ਜਿਨ੍ਹਾਂ ਨੂੰ ਨਹੀਂ ਕੋਈ ਪੁੱਛਦਾ

ਕੇਂਦਰੀ ਭਾਜਪਾ ਵਿੱਚ ‘ਮਾਰਗ ਦਰਸ਼ਕ’ ਵਰਗਾ ਅਹੁਦਾ ਸੰਭਾਲਨ ਵਰਗੇ ਕਈ ਲੀਡਰ ਪੰਜਾਬ ਭਾਜਪਾ ਵਿੱਚ ਵੀ ਹਨ, ਜਿਨ੍ਹਾਂ ਨੂੰ ਮਾਰਗ ਦਰਸ਼ਕ ਤਾਂ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੂੰ ਪੰਜਾਬ ਭਾਜਪਾ ਵਿੱਚ ਪੁੱਛਦਾ ਹੀ ਨਹੀਂ ਹੈ। ਸੂਬੇ ‘ਚ 2-3 ਵੱਡੇ ਲੀਡਰ ਹਨ, ਜਿਹੜੇ ਕਿ ਕੌਮੀ ਭਾਜਪਾ ਟੀਮ ਵਿੱਚ ਅਹਿਮ ਅਹੁਦੇ ‘ਤੇ ਕਾਬਜ਼ ਹੋਣ ਦੇ ਨਾਲ ਹੀ ਦਿੱਲੀ ਦਰਬਾਰ ਵਿੱਚ ਚੰਗਾ ਅਸਰ ਰੱਖਦੇ ਹਨ ਪਰ ਆਪਣੇ ਸੂਬੇ ਵਿੱਚ ਇਨ੍ਹਾਂ ਨੂੰ ਮਾਰਗ ਦਰਸ਼ਕ ਹੀ ਬਣਾ ਕੇ ਰੱਖਿਆ ਹੋਇਆ ਹੈ, ਜਿਥੇ ਕੋਈ ਜ਼ਿਆਦਾ ਪੁੱਛ ਪੜਤਾਲ ਨਹੀਂ ਹੈ। ਇਸੇ ਕਤਾਰ ਵਿੱਚ ਇਹ 2 ਵੱਡੇ ਲੀਡਰ ਹੀ ਨਹੀਂ ਸਗੋਂ ਅੱਧੀ ਦਰਜਨ ਤੋਂ ਜ਼ਿਆਦਾ ਉਹ ਲੀਡਰ ਵੀ ਹਨ, ਜਿਹੜੇ ਕਿ ਸਮੇਂ ਸਮੇਂ ਅਨੁਸਾਰ ਪੰਜਾਬ ਭਾਜਪਾ ਪ੍ਰਧਾਨ ਵੀ ਰਹਿ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.