ਮੁੱਖ ਮੰਤਰੀ ਦੇ ਜ਼ਿਲ੍ਹੇ ਨੇ ਕੁੜੀਮਾਰਾਂ ਦੇ ਕਲੰਕ ਨੂੰ ਧੋਤਾ

ਸਮੁੱਚੇ ਪਟਿਆਲਾ ਜ਼ਿਲ੍ਹੇ ਅੰਦਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ 1043 ਪੁੱਜੀ

  • ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਮਿਲਿਆ ਹੁੰਗਾਰਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਦਾ ਜ਼ਿਲ੍ਹਾ ਪਟਿਆਲਾ ‘ਕੁੜੀਮਾਰਾਂ’ ਦੇ ਕਲੰਕ ਨੂੰ ਧੋਣ ਵਿੱਚ ਅੱਗੇ ਆਇਆ ਹੈ। ਓਵਰਆਲ ਜ਼ਿਲ੍ਹੇ ਅੰਦਰ ਕੁੜੀਆਂ ਦੀ ਜਨਮ ਦਰ ਮੁੰਡਿਆਂ ਦੇ ਮੁਕਾਬਲੇ 1043 ਪਾਈ ਗਈ ਹੈ ਜੋ ਕਿ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਉਂਜ ਪਟਿਆਲਾ ਜ਼ਿਲ੍ਹੇ ਅੰਦਰ ਪਿਛਲੇ ਦੋ-ਤਿੰਨ ਸਾਲਾਂ ਤੋਂ ਦਰਜ਼ਨ ਭਰ ਤੋਂ ਵੱਧ ਅਜਿਹੇ ਪਿੰਡ ਸਨ ਜਿੱਥੇ ਕਿ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਵੱਧ ਸੀ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਭਰੂਣ ਹੱਤਿਆ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਮੁਹਿੰਮਾ ਚਲਾਈਆਂ ਜਾ ਰਹੀਆ ਹਨ। ਜ਼ਿਲ੍ਹੇ ਅੰਦਰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਲੋਕਾਂ ਦੇ ਦਰਾਂ ‘ਤੇ ਅੱਪੜ ਰਹੀ ਹੈ। ਓਵਰਆਲ ਪਟਿਆਲਾ ਜ਼ਿਲ੍ਹੇ ਅੰਦਰ ਇਸ ਸਾਲ ਦੇ ਅਪਰੈਲ ਮਹੀਨੇ ‘ਚ 1000 ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ 1043 ਪੁੱਜ ਗਈ ਹੈ। ਇਸ ਸਾਲ ਜਨਵਰੀ ਮਹੀਨੇ ‘ਚ ਬੱਚਿਆਂ ਦੀ ਜਨਮ ਦਰ ਦਾ ਅਨੁਪਾਤ 893 ਸੀ ਜਦੋਂਕਿ ਫਰਵਰੀ ਵਿੱਚ ਇਹ ਵਧ ਕੇ 979 ਹੋਇਆ ਅਤੇ ਮਾਰਚ ਮਹੀਨੇ ਵਿੱਚ ਪ੍ਰਤੀ ਹਜ਼ਾਰ ਲੜਕਿਆਂ ਦੇ ਮੁਕਾਬਲੇ 931 ਲੜਕੀਆਂ ਨੇ ਜਨਮ ਲਿਆ। ਅਪਰੈਲ ਮਹੀਨੇ ਅੰਦਰ ਲੜਕੀਆਂ ਦੀ ਇਹ ਜਨਮ ਦਰ ਵਧ ਕੇ 1043 ‘ਤੇ ਪਹੁੰਚ ਗਈ, ਜੋ ਕਿ ਪਹਿਲੀ ਵਾਰ ਹੋਇਆ ਹੈ।

ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪਟਿਆਲਾ ਅੰਦਰ ਸਾਲ 2014 ‘ਚ ਜਨਮ ਦਰ ਦਾ ਔਸਤ ਅਨੁਪਾਤ 842, 2015 ‘ਚ 872 ਅਤੇ 2016 ‘ਚ ਵੀ ਲਗਭੱਗ 872 ਹੀ ਰਿਹਾ ਪਰੰਤੂ ਇਹ ਗਿਣਤੀ ਹੁਣ ਵਧ ਕੇ 961 ਤੋਂ ਪਾਰ ਹੋ ਗਈ ਹੈ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਪੂਰੇ ਜ਼ਿਲ੍ਹੇ ਵਿਚੋਂ ਮਹੀਨਾ ਵਾਰ ਲੜਕੇ ਤੇ ਲੜਕੀਆਂ ਦੇ ਜਨਮ ਦਰ ਦੀ ਗਿਣਤੀ ਪੁੱਜਦੀ ਹੈ, ਜਿਸ ਤੋਂ ਬਾਅਦ ਇਹ ਔਸਤ ਕੱਢੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਪਰੈਲ ਮਹੀਨੇ ਦੀ ਜ਼ਿਲ੍ਹੇ ਅੰਦਰ ਲੜਕੀਆਂ ਦੀ ਜਨਮ ਦਰ ਦੀ ਔਸਤ ਲੜਕਿਆਂ ਤੋਂ ਵੱਧ ਦਰਜ ਕੀਤੀ ਗਈ।

ਪਿਛਲੇ ਸਾਲ ਵੀ ਕਈ ਪਿੰਡ ਸਨ ਅੱਗੇ

ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਦਰਜ਼ਨ ਭਰ ਦੇ ਪਿੰਡਾਂ ਵਿੱਚ ਪਿਛਲੇ ਸਾਲ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਵਧੇਰੇ ਸੀ। ਘੜਾਮ ਪਿੰਡ ਅੰਦਰ ਪਿਛਲੇ ਵਰ੍ਹੇ ਇਹ ਜਨਮ ਦਰ 1000 ਲੜਕਿਆਂ ਪਿੱਛੇ 1579 ਦਰਜ ਕੀਤੀ ਗਈ ਸੀ ਜਦਕਿ ਪਿੰਡ ਕੂਪਰੀ ਵਿਖੇ 1361 ਸੀ। ਇਸ ਤੋਂ ਇਲਾਵਾ ਪਿੰਡ ਚਿੜਵਾ ਵਿਖੇ 1349, ਪਿੰਡ ਚੋਹਠ ਵਿਖੇ 1301 ਅਤੇ ਪਿੰਡ ਦਰਗਾਪੁਰ ਵਿਖੇ 1294 ਸੀ। ਇਸ ਤੋਂ ਇਲਾਵਾ ਕਈ ਪਿੰਡ ਹੋਰ ਵੀ ਸਨ।

ਮੋਨੀਟਰਿੰਗ ਸੈੱਲ ਕਰ ਰਿਹਾ ਸੀ ਨਿਗਰਾਨੀ: ਪੂਨਮਦੀਪ

ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਮੋਨੀਟਰਿੰਗ ਸੈਲ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸੈਲ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਅਲਟਰਾ ਸਾਊਂਡ ਸੈਂਟਰਾਂ ਵੱਲੋਂ ਦਿੱਤੇ ਗਏ 25551 ਐਫ. ਫਾਰਮਾਂ ਦੀ ਸਮੀਖਿਆ ਕੀਤੀ ਜਿਹਨਾਂ ਮਾਪਿਆਂ ਦੇ ਪਹਿਲਾਂ ਹੀ ਇੱਕ ਜਾਂ ਦੋ ਲੜਕੀਆਂ ਹਨ ਉਹਨਾਂ 2363 ਗਰਭਵਤੀ ਔਰਤਾਂ ਦੀ ਨਿਗਰਾਨੀ ਬੀਤੇ ਇੱਕ ਸਾਲ ‘ਚ ਕੀਤੀ ਗਈ ਤਾਂ ਜੋ ਭਰੂਣ ਹੱਤਿਆ ਵਰਗੇ ਅਪਰਾਧ ਨੂੰ ਰੋਕਿਆ ਜਾ ਸਕੇ।

ਸਿਹਤ ਵਿਭਾਗ ਦੀ ਜਾਗਰੂਕਤਾ ਦਾ ਨਤੀਜਾ: ਸਿਵਲ ਸਰਜ਼ਨ

ਸਿਵਲ ਸਰਜ਼ਨ ਡਾ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਨਤੀਜਾ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾਂ ਮੁਹਿੰਮਾਂ ਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਐਲਸੀਡੀ ਬੋਰਡ ਹਸਪਤਾਲਾਂ ਸਮੇਤ ਹੋਰ ਕਈ ਥਾਵਾਂ ‘ਤੇ ਲਗਾਏ ਹੋਏ ਹਨ, ਜਿਨ੍ਹਾਂ ਦਾ ਲੋਕਾਂ ਵਿੱਚ ਵੱਡਾ ਸੰਦੇਸ਼ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਮਿਲ ਕੇ ਜਾਗਰੂਕ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ