ਅੱਤਵਾਦ ਦਾ ਕਾਲਾ ਕਾਰਨਾਮਾ

Tererist

ਅੱਤਵਾਦ ਦਾ ਕਾਲਾ ਕਾਰਨਾਮਾ

ਜੰਮੂ-ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹਾਲ-ਦੁਹਾਈ ਮਚਾਉਣ ਵਾਲੇ ਪਾਕਿਸਤਾਨ ’ਚ ਹਿੰਸਾ ਦਾ ਨੰਗਾ ਨਾਚ ਹੋ ਰਿਹਾ ਹੈ। ਪੇਸ਼ਾਵਰ ’ਚ ਦੋ ਸਿੱਖਾਂ ਦੇ ਕਤਲ ਦੀ ਘਟਨਾ ਨੇ ਪਾਕਿਸਤਾਨ ਦੀ ਡਰਾਮੇਬਾਜ਼ੀ ਨੂੰ ਇੱਕ ਵਾਰ ਫੇਰ ਸਾਹਮਣੇ ਲਿਆਂਦਾ ਹੈ ਦਰਅਸਲ ਪਾਕਿਸਤਾਨ ’ਚ ਘੱਟ-ਗਿਣਤੀਆਂ ਦੇ ਲੋਕ ਕਦੇ ਵੀ ਸੁਰੱਖਿਅਤ ਨਹੀਂ ਰਹੇ। ਲੜਕੀਆਂ ਨੂੰ ਜਬਰੀ ਧਰਮ ਤਬਦੀਲੀ ਤੇ ਧਾਰਮਿਕ ਸਥਾਨਾਂ ’ਤੇ ਹਮਲੇ ਰੋਜ਼ ਦੀਆਂ ਗੱਲਾਂ ਹਨ। ਇਸਲਾਮਾਬਾਦ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰਨ ਤੇ ਗੁਨਾਹਗਾਰਾਂ ਨੂੰ ਸਜਾ ਦੇਣ ਦੀ ਰਟੀ-ਰਟਾਈ ਭਾਸ਼ਾ ਵਰਤ ਕੇ ਮਾਮਲੇ ਨੂੰ ਠੰਢੇ ਬਸਤੇ ’ਚ ਪਾ ਦਿੰਦਾ ਹੈ। ਕੋਈ-ਕੋਈ ਮਾਮਲਾ ਮੀਡੀਆ ’ਚ ਆ ਜਾਂਦਾ ਹੈ ਤਾਂ ਸਰਕਾਰ ਸੂੰਹ ਰੱਖਣ ਲਈ ਕਾਰਵਾਈ ਕਰਦੀ ਹੈ, ਨਹੀਂ ਤਾਂ ਬਹੁਤੇ ਕੇਸਾਂ ’ਚ ਸੁਣਵਾਈ ਹੁੰਦੀ ਹੀ ਨਹੀਂ ਪੁਲਿਸ ਫਰਿਆਦੀ ਦੀ ਗੱਲ ਹੀ ਨਹੀਂ ਸੁਣਦੀ।

ਇਸੇ ਤਰ੍ਹਾਂ ਹੀ ਈਸਾਈ ਭਾਈਚਾਰੇ ਦੇ ਲੋਕ ਵੀ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਗੁਜ਼ਾਰ ਰਹੇ ਹਨ ਭਾਰਤ ਸਰਕਾਰ ਨੇ ਪੇਸ਼ਾਵਰ ਵਾਲੀ ਘਟਨਾ ’ਤੇ ਸਖ਼ਤ ਰੁਖ ਅਪਣਾਇਆ ਹੈ ਪਰ ਜਿਸ ਤਰ੍ਹਾਂ ਦਾ ਪਾਕਿ ਦਾ ਰਵੱਈਆ ਹੈ, ਹਲਾਤਾਂ ’ਚ ਕੋਈ ਤਬਦੀਲੀ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਤੋਂ ਪਹਿਲਾਂ ਅਫਗਾਨਿਸਤਾਨ ਅੰਦਰ ਘੱਟ-ਗਿਣਤੀਆਂ ਖਿਲਾਫ਼ ਹੋਈ ਹਿੰਸਾ ਵੀ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਪਰ ਹੌਲੀ-ਹੌਲੀ ਉੱਥੋਂ ਸਿੱਖ ਭਾਈਚਾਰਾ ਹਿਜ਼ਰਤ ਕਰ ਗਿਆ ਤੇ ਪਿਛਲੇ ਸਾਲ ਕੁਝ ਸਿੱਖ ਪਰਿਵਾਰ ਪੱਕੇ ਤੌਰ ’ਤੇ ਭਾਰਤ ਆ ਗਏ।

ਅਸਲ ’ਚ ਪਾਕਿਸਤਾਨ ਦੀਆਂ ਨੀਤੀਆਂ ’ਚ ਘੱਟ-ਗਿਣਤੀਆਂ ਲਈ ਕੋਈ ਫਿਕਰਮੰਦੀ ਨਜ਼ਰ ਨਹੀਂ ਆਉਂਦੀ ਕਾਗਜ਼ਾਂ ’ਚ ਸੁਰੱਖਿਆ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ ਪਰ ਅਮਲੀ ਤੌਰ ’ਤੇ ਕੁਝ ਵੀ ਨਹੀਂ ਹੁੰਦਾ ਅਸਲ ’ਚ ਘੱਟ-ਗਿਣਤੀਆਂ ਦੀ ਹਾਲਤ ਪਾਕਿਸਤਾਨ ਦੇ ਸਿਆਸੀ, ਸਮਾਜਿਕ ਤੇ ਫਿਰਕੂ ਹਲਾਤਾਂ ’ਤੇ ਹੀ ਨਿਰਭਰ ਕਰਦੀ ਹੈ। ਸਿਆਸਤ ’ਚ ਕੱਟੜਪੰਥੀਆਂ ਦਾ ਬੋਲਬਾਲਾ ਹੋਣ ਕਰਕੇ ਗੈਰ-ਮੁਸਲਿਮ ਲੋਕਾਂ ਦੀ ਸੁਰੱਖਿਆ ਵੱਲ ਕੋਈ ਗੌਰ ਨਹੀਂ ਕੀਤੀ ਜਾਂਦੀ ਹੈ ਭਾਵੇਂ ਇੱਕਾ-ਦੁੱਕਾ ਵਿਅਕਤੀ ਨਿਆਂਪਾਲਿਕਾ ਤੇ ਫੌਜ ਦੇ ਉੱਚ ਅਹੁਦਿਆਂ ’ਤੇ ਪਹੁੰਚ ਗਏ ਹਨ ਪਰ ਆਮ ਜਨਤਾ ਦੀ ਜ਼ਿੰਦਗੀ ਦਾ ਪੱਧਰ ਤੇ ਸੁਰੱਖਿਆ ਬਦਹਾਲ ਹੈ।

ਪਾਕਿਸਤਾਨ ’ਚ ਸਿਆਸ ਬੇਯਕੀਨੀ ਵੀ ਘੱਟ-ਗਿਣਤੀਆਂ ਦੀ ਦੁਰਦਸ਼ਾ ਲਈ ਜਿੰਮੇਵਾਰ ਹੈ ਪ੍ਰਧਾਨ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਸਾਰਾ ਜ਼ੋਰ ਲਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਮੁਸਲਮਾਨਾਂ ਦੀ ਬਿਹਤਰੀ ਵੀ ਯਾਦ-ਚੇਤੇ ਨਹੀਂ ਹੁੰਦੀ ਫਿਰ ਘੱਟ-ਗਿਣਤੀਆਂ ਦੀ ਤਾਂ ਦੂਰ ਦੀ ਗੱਲ ਹੈ ਭਾਰਤ ਸਰਕਾਰ ਵੱਲੋਂ ਨਾਗਰਿਕਤਾ ਸੋਧ ਐਕਟ ਪਾਸ ਕਰ ਦਿੱਤਾ ਗਿਆ, ਜਿਸ ਦੇ ਤਹਿਤ ਪਾਕਿਸਤਾਨ, ਅਫਗਾਨਿਸਤਾਨ ਤੋਂ ਉੱਜੜ ਕੇ ਆਏ ਹਿੰਦੂ, ਸਿੱਖਾਂ ਤੇ ਈਸਾਈਆਂ ਨੂੰ ਭਾਰਤ ਸਰਕਾਰ ਨਾਗਰਿਕਤਾ ਦੇਵੇਗੀ। ਉੱਜੜੇ ਲੋਕਾਂ ਦੇ ਵਸੇਬੇ ਦਾ ਰਾਹ ਭਾਰਤ ਨੇ ਖੋਲ੍ਹ ਦਿੱਤਾ ਹੈ।

ਨਵੇਂ ਨਾਗਰਿਕਤਾ ਕਾਨੂੰਨ ਦੇ ਤਹਿਤ ਪਾਕਿਸਤਾਨ ’ਚ ਬਦਹਾਲ ਜਿੰਦਗੀ ਜਿਉਂ ਰਹੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਭਾਰਤ ਸਰਕਾਰ ਨੂੰ ਹੋਰ ਕਦਮ ਚੁੱਕਣੇ ਚਾਹੀਦੇ ਹਨ। ਪਾਕਿਸਤਾਨ ’ਚ ਘੱਟ-ਗਿਣਤੀਆਂ ਖਿਲਾਫ਼ ਹੋ ਰਹੀ ਹਿੰਸਾ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਕਿਸੇ ਵੀ ਧਰਮ ਦਾ ਦੋਸਤ ਨਹੀਂ ਹੁੰਦਾ ਅੱਤਵਾਦੀਆਂ ਨੂੰ ਕਿਸੇ ਧਰਮ ਵਿਸ਼ੇਸ਼ ਦੇ ਹੱਕ ’ਚ ਹੋਣ ਦਾ ਪ੍ਰਚਾਰ ਕਰਨ ਵਾਲਿਆਂ ਕੋਲ ਹੁਣ ਕੋਈ ਬਹਾਨਾ ਨਹੀਂ ਰਹਿ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ