ਸੰਦੀਪ ਕੰਬੋਜ ਗੋਲੂ ਕਾ ਮੋੜ
ਇਹ ਇੱਕ ਵਿਸ਼ਵ-ਵਿਆਪੀ ਸੱਚਾਈ ਹੈ ਕਿ ਮਨੁੱਖੀ ਚੇਤਨਾ ਮਨੁੱਖ ਦੀ ਹੋਂਦ ਨੂੰ ਨਿਰਧਾਰਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਉਸ ਦੀ ਸਮਾਜਿਕ ਹੋਂਦ ਉਸ ਦੀ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਇਹ ਇੱਕ ਕਾਰਨ ਹੈ ਕਿ ਮਨੁੱਖ ਆਪਣੀ ਸਮਾਜਿਕ ਹੋਂਦ ਨੂੰ ਬਚਾਉਣ ਲਈ ਚੇਤਨ ਤੌਰ ‘ਤੇ ਹਮੇਸ਼ਾ ਸੰਘਰਸਸ਼ੀਲ ਰਹਿੰਦਾ ਹੈ।
ਜੇਕਰ ਅਸੀਂ ਨਾਰੀ-ਚੇਤਨਾ ਦੀ ਗੱਲ ਕਰੀਏ ਤਾਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਔਰਤ ਦੀ ਚੇਤਨਾ ਨੂੰ ਨਿਰਧਾਰਿਤ ਕਰਨ ਵਿੱਚ ਉਸ ਦੀ ਸਮਾਜਿਕ ਹੋਂਦ ਨੇ ਵੱਡੀ ਭੂਮਿਕਾ ਨਿਭਾਈ। ਕਈ ਤਰ੍ਹਾਂ ਦੀ ਪ੍ਰਕਿਰਿਆ ਸਮਾਜਿਕ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਵੱਲੋਂ ਸਾਡੇ ਸਾਹਮਣੇ ਆਈ, ਜਿਵੇਂ ਕਿ ‘ਦੁਰਾਚਾਰੀਆਂ ਨੂੰ ਮੌਤ ਦੀ ਸਜ਼ਾ ਦਿਓ’, ‘ਔਰਤਾਂ ਨੂੰ ਆਪਣੇ ਪਹਿਰਾਵੇ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ’, ‘ਪੁਲੀਸ ਸੁਧਾਰ ਅਤੇ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ’, ‘ਕੁੜੀਆਂ ਨੂੰ ਮੋਬਾਈਲ ਫੋਨ ਨਹੀਂ ਰੱਖਣੇ ਚਾਹੀਦੇ’, ‘ਕੁੜੀਆਂ ਨੂੰ ਜੀਨਸ ਨਹੀਂ ਪਾਉਣੀ ਚਾਹੀਦੀ’, ‘ਔਰਤ ਸਾਡੇ ਸਮਾਜ ਦੀ ‘ਇੱਜ਼ਤ’ ਹੈ’, ‘ਮਰਦਾਂ ਦਾ ਔਰਤ ਪ੍ਰਤੀ ਦ੍ਰਿਸ਼ਟੀਕੋਣ ਬਦਲਣਾ ਚਾਹੀਦਾ ਹੈ’, ‘ਜ਼ਬਰ ਜਿਨਾਹ ਦੀ ਸ਼ਿਕਾਰ ਔਰਤ ਜਿੰਦਾ ਲਾਸ਼ ਵਾਂਗ ਬਣ ਜਾਂਦੀ ਹੈ’, ‘ਕੁੜੀਆਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਕਰ ਦੇਣਾ ਚਾਹੀਦਾ ਹੈ’ ਆਦਿ।
ਹੁਣ ਸਾਡੇ ਸਾਹਮਣੇ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਸਭ ਗੱਲਾਂ ਵਿਚ ਔਰਤ ਦੀ ਆਜ਼ਾਦੀ ਦੀ ਗੱਲ ਤਾਂ ਕਿਤੇ ਕੀਤੀ ਹੀ ਨਹੀਂ ਗਈ। ਆਖਿਰ ਅਜਿਹਾ ਕਿਉਂ ਵਾਪਰਿਆ ਹੈ? ਇਸ ਦਾ ਇੱਕ ਕਾਰਨ ਇਹ ਵੀ ਰਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਔਰਤ ਨੂੰ ਇੱਕ ‘ਮਨੁੱਖ’ ਦੇ ਰੂਪ ਵਿੱਚ ਵਿਚਾਰਨ ਦੀ ਬਜਾਇ ਉਸ ਨੂੰ ਇੱਕ ਪੀੜਤ, ਦੁਖੀ, ਲਾਚਾਰ, ਕਮਜ਼ੋਰ ਔਰਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਜਦੋਂ ਵੀ ਔਰਤ ਬਾਰੇ ਗੱਲ ਕੀਤੀ ਗਈ ਤਾਂ ਉਸ ਦੀ ਹੋਂਦ ਨੂੰ ਮਰਦ ਤੋਂ ਵੱਖ ਕਰਕੇ ਨਹੀਂ ਵੇਖਿਆ ਗਿਆ। ਬਲਕਿ ‘ਮੇਰੀ ਭੈਣ’, ‘ਸਾਡੀਆਂ ਧੀਆਂ’, ‘ਮੇਰੀ ਮਾਂ’, ‘ਮੇਰੀ ਪਤਨੀ’ ਵਰਗੇ ਸ਼ਬਦਾਂ ਦੀ ਪਰਤ ਹੇਠ ਮਰਦ ਦੇ ਅਧਿਕਾਰ ਖੇਤਰ ਅਧੀਨ ਹੀ ਵਿਚਾਰਿਆ ਗਿਆ।
ਅਸਲ ਵਿੱਚ ਪਿੱਤਰੀ ਸਬੰਧਾਂ ‘ਤੇ ਅਧਾਰਿਤ ਭਾਰਤੀ ਸਮਾਜਿਕ ਢਾਂਚਾ ‘ਔਰਤ’ ਦੀ ਮਨੁੱਖੀ ਹੋਂਦ ਤੋਂ ਹੀ ਇਨਕਾਰੀ ਹੈ। ਕੀ ਔਰਤ ਦੀ ਮਰਦ ਤੋਂ ਬਿਨਾਂ ਕੋਈ ਸੁਤੰਤਰ ਹੋਂਦ ਨਹੀਂ ਹੈ? ਅਸਲ ਵਿਚ ਮਨੂ ਦੇ ਸਮੇਂ ਤੋਂ ਲੈ ਕੇ ਅਜੋਕੇ ਅਖੌਤੀ ਉੱਤਰ-ਆਧੁਨਿਕ ਕਾਲ ਤੱਕ ਔਰਤਾਂ ਪ੍ਰਤੀ ਭਾਰਤੀ ਸਮਾਜ ਦੇ ਰਵੱਈਏ ਵਿੱਚ ਬਹੁਤਾ ਬਦਲਾਅ ਵੇਖਣ ਨੂੰ ਨਹੀਂ ਮਿਲਦਾ, ਕਿਉਂਕਿ ਪੁਰਸ਼-ਪ੍ਰਧਾਨ ਸਮਾਜ ਨੇ ਆਪਣੀਆਂ ਪਰੰਪਰਾਵਾਂ, ਰੀਤੀ-ਰਿਵਾਜ਼, ਸੰਸਕ੍ਰਿਤੀ ਅਤੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਬਹੁਤ ਘੱਟ ਬਦਲਿਆ ਹੈ। ਭਾਰਤੀ ਸਮਾਜ ਦਾ ਇਹ ਮਾਨਵੀ ਹਿੱਸਾ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਿਉਂ ਰਹਿ ਰਿਹਾ ਹੈ? ਔਰਤਾਂ ਖਿਲਾਫ਼ ਜ਼ੁਰਮਾਂ ਵਿੱਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ? ਜੇਕਰ ਅਸੀਂ ਇਹਨਾਂ ਸਵਾਲਾਂ ਦੀ ਤਹਿ ਤੱਕ ਜਾਈਏ ਤਾਂ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਬੜੀ ਅਸਾਨੀ ਨਾਲ ਮਿਲ ਸਕਦੇ ਹਨ। ਅਸਲ ਵਿਚ ਭਾਰਤੀ ਸਮਾਜ ਦੀ ਤਰਾਸਦੀ ਇਹ ਹੈ ਕਿ ਇਹ ਜਗੀਰੂ ਕਦਰਾਂ-ਕੀਮਤਾਂ ਦੀ ਜਕੜ ਵਿਚੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਿਆ, ਜਿਹੜਾ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਵਜੋਂ ਪੇਸ਼ ਕਰਦਾ ਹੈ। ਔਰਤ ਨੂੰ ਪੂੰਜੀਵਾਦ ਦੇ ਦੌਰ ਵਿਚ, ਜਿੱਥੇ ਆਰਥਿਕ ਦਬਾਅ ਹੇਠ ਘਰੋਂ ਬਾਹਰ ਜਾ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਉੱਥੇ ਜਗੀਰੂ ਪਰੰਪਰਾਵਾਂ ਦੇ ਚਲਦਿਆਂ ਘਰ ਪਰਿਵਾਰ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ। ਇਸ ਤਰ੍ਹਾਂ ਉਹ ਦੋਹਾਂ ਸੱਭਿਆਚਾਰਾਂ ਵਿਚਕਾਰ ਪਿਸ ਰਹੀ ਹੈ।ਪਰ ਇਸ ਸਭ ਦੇ ਬਾਵਜੂਦ ਭਾਰਤੀ ਸਮਾਜ ਦੀਆਂ ਜਗੀਰੂ ਕਦਰਾਂ-ਕੀਮਤਾਂ ਖਿਲਾਫ਼ ਔਰਤਾਂ ਜਥੇਬੰਦ ਹੋ ਰਹੀਆਂ ਹਨ। ਉਨ੍ਹਾਂ ਦਾ ਹੁਣ ਆਪਣਾ ਸਿਰ ਉੱਪਰ ਚੁੱਕਣ ਦਾ ਮੌਕਾ ਆ ਗਿਆ ਹੈ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਔਰਤਾਂ ਇਸ ਮਰਦ ਪ੍ਰਧਾਨ ਸਮਾਜ ਨੂੰ ਵੰਗਾਰ ਕੇ ਪੁੱਛਣਗੀਆਂ ਕਿ ‘ਦੱਸੋ ਮੇਰੇ ਹਿੱਸੇ ਦੀ ਆਜ਼ਾਦੀ ਕਿੱਥੇ ਹੈ?’
ਤਹਿਸੀਲ ਗੁਰੂਹਰਸਹਾਏ,
ਜਿਲ੍ਹਾ ਫਿਰੋਜ਼ਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।