ਨਵ ਵਿਆਹੀਆਂ ਅਧਿਆਪਕਾਵਾਂ ਤੇ ਨਵ ਨਿਯੁਕਤ ਅਧਿਆਪਕਾਂ ‘ਚ ਨਵੀਂ ਨੀਤੀ ਸਬੰਧੀ ਕਈ ਘਾਟਾਂ
ਸਿੱਖਿਆ ਮੰਤਰੀ ਖਾਮੀਆਂ ਨੂੰ ਤੁਰੰਤ ਦੂਰ ਕਰਨ : ਕੁਲਵਿੰਦਰ ਸਿੰਘ
ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਤੇ ਸਿੱਖਿਆ ਮੰਤਰੀ ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਇਸ ਨੀਤੀ ਵਿੱਚ ਤੁਰੰਤ ਸੋਧ ਕਰਨ।
ਖੁਸ਼ਵੀਰ ਸਿੰਘ ਤੂਰ
ਪਟਿਆਲਾ, 28 ਜੂਨ
ਸਿੱਖਿਆ ਵਿਭਾਗ ਦੇ ਨਵੇਂ ਬਣੇ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਬਣਾਈ ਗਈ ਅਧਿਆਪਕਾਂ ਦੀ ਨਵੀਂ ਤਬਾਦਲਾ ਨੀਤੀ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਅਧਿਆਪਕਾਂ ਵੱਲੋਂ ਇਸ ਨੂੰ ਕਾਹਲੀ ਨਾਲ ਤਿਆਰ ਕੀਤੀ ਨੀਤੀ ਐਲਾਨਿਆ ਗਿਆ ਹੈ, ਜਿਸ ਵਿੱਚ ਕਾਫੀ ਖਾਮੀਆਂ ਹਨ।
ਅਧਿਆਪਕਾਂ ਵੱਲੋਂ ਇਸ ਨੀਤੀ ਤੇ ਸਵਾਲ ਖੜੇ ਕਰਦਿਆਂ ਇਸ ਨੂੰ ਕਾਹਲੀ ਨਾਲ ਲਿਆ ਗਿਆ ਫੈਸਲਾ ਗਰਦਾਨਿਆ ਗਿਆ ਹੈ। ਕੁਝ ਅਧਿਆਪਕਾਂ ਨੇ ਦੱਸਿਆ ਕਿ ਇਸ ਤਬਾਦਲਾ ਨੀਤੀ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਬਦਲੀ ਲਈ ਅਪਲਾਈ ਕਰਨ ਵਾਲੇ ਅਧਿਆਪਕਾਂ ਦੀ ਮੌਜ਼ੂਦਾ ਸਟੇਸ਼ਨ ‘ਤੇ ਦੋ ਸਾਲ ਦੀ ਸਟੇਅ ਹੋਣੀ ਲਾਜ਼ਮੀ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵ ਵਿਆਹੀਆਂ ਅਧਿਆਪਕਾਵਾਂ ਲਈ ਇਸ ਸਟੇਅ ਦਾ ਹੋਣਾ ਗੈਰ ਵਾਜ਼ਬ ਹੈ। ਨਵ ਵਿਆਹੀਆਂ ਅਧਿਆਪਕਾਵਾਂ ਲਈ ਇਸ ਸੈਸ਼ਨ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ।
ਇਸ ਤੋਂ ਬਿਨਾ ਕਪਲ ਕੇਸ ਵਿੱਚ ਵੀ ਤਬਾਦਲਾ ਨੀਤੀ ਅੰਦਰ ਕੋਈ ਪਹਿਲ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਤਬਾਦਲਾ ਨੀਤੀ ਤੁਗਲਕੀ ਫਰਮਾਨ ਜਾਪਦੀ ਹੈ। ਇਸ ਨੀਤੀ ਵਿੱਚ ਸਪੈਸ਼ਲ ਕੈਟਾਗਿਰੀ ਦੇ ਕੁੱਲ 50 ਅੰਕ ਦਿੱਤੇ ਗਏ ਹਨ, ਜਿਨ੍ਹਾਂ ‘ਚ 10 ਅੰਕ ਸਪੈਸ਼ਲ ਕੈਟਾਗਿਰੀ ਫੀਮੇਲ ਟੀਚਰਜ਼ ਦੇ ਰੱਖੇ ਗਏ ਹਨ, ਜਿਨ੍ਹਾਂ ਵਿੱਚ ਵਿਧਵਾ, ਤਲਾਕਸ਼ੁਦਾ, ਅਣ ਵਿਆਹੀਆਂ, ਮਿਲਟਰੀ ਪਰਸਨ ਦੀਆਂ ਪਤਨੀਆਂ, ਸਟੇਟ ਤੋਂ ਬਾਹਰ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਦੀਆਂ ਪਤਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਨਵ ਵਿਆਹੀਆਂ ਅਧਿਆਪਕਾਵਾਂ ਨੂੰ ਵੀ ਇਸ ਕੈਟਾਗਰੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜੋ ਕਿ ਸ਼ਾਮਲ ਕਰਨਾ ਬਣਦਾ ਸੀ।
ਨੀਤੀ ਵਿੱਚ ਸਾਲਾਨਾ ਮੁਲਾਕਣ ਰਿਪੋਰਟਾਂ ਦੇ ਕੁੱਲ 20 ਅੰਕ ਰੱਖੇ ਗਏ ਹਨ। ਇੱਕ ਸਲਾਨਾ ਮੁਲਾਕਣ ਰਿਪੋਰਟ ਦੇ ਕੁੱਲ 4 ਅੰਕ ਰੱਖੇ ਗਏ ਹਨ। ਇਸ ਨਾਲ ਜਿਨ੍ਹਾਂ ਅਧਿਆਪਕਾਂ ਕੋਲ ਵਧੀਆ ਕਾਰਗੁਜਾਰੀ ਦੀਆਂ 5 ਸਲਾਨਾ ਮੁਲਾਂਕਣ ਰਿਪੋਰਟਾਂ ਹਨ, ਉਹ 20 ਅੰਕ ਪ੍ਰਾਪਤ ਕਰਨਗੇ। ਜਦਕਿ ਨਵ ਨਿਯੁਕਤ ਅਧਿਆਪਕਾਂ ਦਾ ਸਰਵਿਸ ਸਮਾਂ ਘੱਟ ਹੋਣ ਕਾਰਨ ਉਨ੍ਹਾਂ ਦੀਆਂ ਸਲਾਨਾ ਮੁਲਾਂਕਣ ਰਿਪੋਰਟਾਂ ਦੀ ਗਿਣਤੀ 2-3 ਹੀ ਬਣੇਗੀ, ਜਿਸ ਕਾਰਨ ਨਵੇਂ ਅਤੇ ਵਧੀਆ ਕਾਰਗੁਜਾਰੀ ਵਾਲੇ ਅਧਿਆਪਕ ਸਰਵਿਸ ਦਾ ਸਮਾਂ ਘੱਟ ਹੋਣ ਕਾਰਨ ਤੇ ਮੁਲਾਂਕਣ ਰਿਪੋਰਟਾਂ ਘੱਟ ਹੋਣ ਕਾਰਨ ਘੱਟ ਅੰਕ ਪ੍ਰਾਪਤ ਕਰਨਗੇ।
ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੋਵੇਗਾ। ਇਨ੍ਹਾਂ ਅਧਿਆਪਕਾਂ ਨੂੰ ਨੀਤੀ ਵਿੱਚ ਸੋਧ ਕਰਦਿਆਂ ਵਧੀਆ ਕਾਰਗੁਜ਼ਾਰੀ ਵਾਲੀਆਂ ਮੁਲਾਕਣ ਰਿਪੋਰਟਾਂ ਦੇ ਅਧਾਰ ‘ਤੇ 20 ਅੰਕ ਦੇਣੇ ਬਣਦੇ ਹਨ। ਇਸ ਦੇ ਨਾਲ ਹੀ ਇਸ ਨੀਤੀ ਵਿੱਚ ਜਿਨ੍ਹਾਂ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਇਸ ਦੇ 15 ਅੰਕ ਦਿੱਤੇ ਗਏ ਹਨ, ਪਰ ਕੁਆਰੇ ਤੇ ਜਿਨ੍ਹਾਂ ਅਧਿਆਪਕਾਂ ਦੇ ਸੰਤਾਨ ਨਹੀਂ ਹੈ, ਉਨ੍ਹਾਂ ਨੂੰ ਇਹ ਅੰਕ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਅਜਿਹੀ ਗਲਤੀ ਪਹਿਲਾਂ ਵੀ ਕੀਤੀ ਸੀ, ਪਰ ਅਧਿਆਪਕਾਂ ਦੇ ਵਿਰੋਧ ਕਾਰਨ ਇਹ ਬਰਾਬਰ ਅੰਕ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਬਾਦਲਾ ਨੀਤੀ ਵਿੱਚ ਵੀ ਸਲਾਨਾ ਮੁਲਾਕਣ ਰਿਪੋਰਟਾਂ ਦੀ ਤਰਜ ‘ਤੇ ਕੁਆਰੇ ਤੇ ਬਿਨਾ ਸੰਤਾਨ ਵਾਲੇ ਅਧਿਆਪਕਾਂ ਨੂੰ ਪੂਰੇ ਅੰਕ ਦੇਣੇ ਬਣਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।