ਕੀ ਹੋਇਆ ਜੇ ਸਕੂਲ ‘ਆਫ਼’, ਪੜ੍ਹਨ ਤੇ ਪੜ੍ਹਾਉਣ ਵਾਲੇ ਹੋਏ ‘ਆਨਲਾਈਨ’
ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਵਾਇਰਸ ਦੇ ਮਾਰੂ ਕਹਿਰ ਦੌਰਾਨ ਜਿੱਥੇ ਪੂਰਾ ਵਿਸ਼ਵ ਲਾਕਡਾਊਨ ਤੇ ਚੱਲ ਰਿਹਾ ਹੈ, ਉੱਥੇ ਡਾਕਟਰਾਂ ਤੇ ਪੁਲਿਸ ਮਹਿਕਮੇ ਤੋਂ ਬਾਅਦ ਹੁਣ ਅਧਿਆਪਕਾਂ ਨੇ ਵੀ ਵਿੱਦਿਅਕ ਘਾਟੇ ਨੂੰ ਪੂਰਾ ਕਰਨ ਲਈ ਆਨਲਾਈਨ ਕਮਾਂਡ ਸੰਭਾਲ ਲਈ ਹੈ। ਕੋਰੋਨਾ ਵਾਇਰਸ ਦੇ ਇਸ ਨਾਜ਼ੁਕ ਦੌਰ ਅੰਦਰ ਜਿੱਥੇ ਸਕੂਲ ਬੰਦ ਹੋਣ ਕਾਰਨ ਨਵਾਂ ਸੈਸ਼ਨ ਸ਼ੁਰੂ ਹੋਣ ਦੇ ਬਾਵਜੂਦ ਬੱਚੇ ਆਪਣੇ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਸੀ।
ਇਸ ਸਮੱਸਿਆਵਾਂ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੇ ਘਰਾਂ ਵਿੱਚ ਬੈਠਿਆਂ ਹੀ ਮੋਬਾਇਲ ਨੈਟਵਰਕ ਰਾਹੀਂ ਸੋਸ਼ਲ ਸਾਈਟਾਂ ਦੀ ਵਰਤੋਂ ਕਰਦਿਆਂ ਸਕੂਲ ਦੇ ਬੱਚਿਆਂ ਲਈ ਆਨ ਲਾਈਨ ਪੜ੍ਹਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਬਠਿੰਡਾ ਜ਼ਿਲ੍ਹੇ ਦੇ ਵੱਡੀ ਗਿਣਤੀ ਸਕੂਲ ਇਸ ਸਮੇਂ ਇਸ ਆਨ ਲਾਈਨ ਸਕੂਲਾਂ ਦਾ ਰੂਪ ਧਾਰਨ ਕਰ ਚੁੱਕੇ ਹਨ, ਜਿੱਥੇ ਸਕੂਲਾਂ ਦੇ ਅਧਿਆਪਕ ਆਪਣੇ-ਆਪਣੇ ਗਰੁੱਪ ਰਾਹੀਂ ਬੱਚਿਆਂ ਨੂੰ ਨਾ ਸਿਰਫ਼ ਰੋਜ਼ਾਨਾ ਘਰ ਦਾ ਕੰਮ ਜਾਰੀ ਕਰਦੇ ਹਨ ਨਾਲ ਹੀ ਬੱਚਿਆਂ ਵੱਲੋਂ ਭੇਜੀ ਗਈ ਰੋਜ਼ਾਨਾ ਦੀ ਫੀਡ ਬੈਕ ਨੂੰ ਚੈੱਕ ਕਰਕੇ ਵਾਪਸ ਬੱਚਿਆਂ ਦੇ ਗਰੁੱਪ ਵਿੱਚ ਸ਼ੇਅਰ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਪਣੀਆਂ ਗਲਤੀਆਂ ਨੂੰ ਨੋਟ ਕਰਕੇ ਇਨ੍ਹਾਂ ਦਾ ਜ਼ਿਆਦਾ ਅਭਿਆਸ ਕਰ ਸਕਣ।
ਸਮਾਰਟ ਸਕੂਲ ਕੋਠੇ ਇੰਦਰ ਸਿੰਘ ਦੇ ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਅਤੇ ਨਾਲ ਨਾਲ ਪੜ੍ਹਾਈ ਜਾਰੀ ਰੱਖਣ ਲਈ ਸਕੂਲ ਦੀਆਂ ਵੱਖੋ-ਵੱਖ ਸਾਰੀਆਂ ਕਲਾਸਾਂ ਦੇ ਵੱਖੋ ਵੱਖਰੇ ਵਟਸਐਪ ਗਰੁੱਪ ਬਣਾਏ ਗਏ ਹਨ, ਜਿਸਦੇ ਰਾਹੀਂ ਬੱਚਿਆਂ ਨੂੰ ਰੋਜ਼ਾਨਾਂ ਸਿਲੇਬਸ ਮੁਤਾਬਿਕ ਕੰਮ ਅਧਿਆਪਕ ਜਾਰੀ ਕਰਦੇ ਹਨ ਅਤੇ ਬਾਅਦ ਵਿੱਚ ਸਾਰੇ ਬੱਚਿਆਂ ਨੂੰ ਇਸ ਚੈੱਕ ਕੀਤੇ ਕੰਮ ਦੀ ਫੋਟੋ ਫੀਡ ਬੈਕ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ ।
ਉਨ੍ਹਾਂ ਦੱਸਿਆ ਕਿ ਇਸ ਨਾਜ਼ੁਕ ਦੌਰ ਅੰਦਰ ਬੱਚਿਆਂ ਦੇ ਮਾਪਿਆਂ ਵੱਲੋਂ ਵੱਡਾ ਸਹਿਯੋਗ ਬੱਚਿਆਂ ਨੂੰ ਸਿੱਖਿਅਤ ਕਰਨ ਵਿੱਚ ਦਿੱਤਾ ਜਾ ਰਿਹਾ ਹੈ। ਇਸੇ ਸਕੂਲ ਦੇ ਅਧਿਆਪਕ ਰਸਦੀਪ ਸਿੰਘ , ਜਗਮੇਲ ਸਿੰਘ ਅਤੇ ਭੁਪਿੰਦਰ ਸਿੰਘ ਵੀ ਬੱਚਿਆਂ ਨੂੰ ਰੋਜ਼ਾਨਾ ਆਨ ਲਾਈਨ ਕਮਾਂਡ ਜਾਰੀ ਕਰਦੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਗੰਗਾ ਦੀ ਮੁਖੀ ਸ਼ਿਮਲਾ ਰਾਣੀ ਵੀ ਬੱਚਿਆਂ ਨੂੰ ਆਨ ਲਾਈਨ ਵਿਧੀ ਰਾਹੀਂ ਵਿੱਦਿਅਕ ਪੱਧਤੀ ‘ਤੇ ਅੱਗੇ ਵਧਾ ਰਹੇ ਹਨ।
ਸ਼ਿਮਲਾ ਰਾਣੀ ਮੁਤਾਬਿਕ ਉਨ੍ਹਾਂ ਦਾ ਸਾਰਾ ਸਟਾਫ ਇਸ ਕੰਮ ਵਿੱਚ ਲੱਗਾ ਹੋਇਆ ਹੈ। ਸੈਂਟਰ ਬਲਾਹੜ ਮਹਿਮਾ ਦੀ ਇੰਚਾਰਜ ਸੀ.ਐਚ.ਟੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਨੱਥਾ ਸਿੰਘ ਵਾਲਾ ਦੀ ਮੁੱਖ ਅਧਿਆਪਕਾ ਮੈਡਮ ਅਮਰਿੰਦਰ ਕੌਰ ਜਿੱਥੇ ਇਸ ਦੁਰਾਨ ਆਪਣੇ ਸਕੂਲਾਂ ਦਾ ਆਨ ਲਾਈਨ ਕੰਮ ਦਾ ਆਦਾਨ ਪ੍ਰਦਾਨ ਕਰ ਰਹੇ ਹਨ ਉੱਥੇ ਨਾਲ ਹੀ ਸੈਂਟਰ ਵਿੱਚ ਪੈਂਦੇ 9 ਸਕੂਲਾਂ ਦੀ ਕਮਾਂਡ ਵੀ ਆਨ ਲਾਈਨ ਸੋਸ਼ਲ ਗਰੁੱਪਾਂ ਰਾਹੀਂ ਸਮੇਂ-ਸਮੇਂ ‘ਤੇ ਮੰਗੀਆਂ ਜਾਂਦੀਆਂ ਜਰੂਰੀ ਡਾਕਾਂ ਦੇ ਰੂਪ ਵਿੱਚ ਦੇਖ ਰਹੇ ਹਨ। ਸਰਕਾਰੀ ਪ੍ਰ੍ਰਾਇਮਰੀ ਸਕੂਲ ਅਮਰਗੜ੍ਹ (ਝਲਬੂਟੀ) ਦੀ ਅਧਿਆਪਕਾ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਭਾਵੇਂ ਇਸ ਦੌਰ ਅੰਦਰ ਅਧਿਆਪਕ ਤੇ ਵਿਦਿਆਰਥੀ ਸਿੱਧੇ ਆਹਮੋ-ਸਾਹਮਣੇ ਸੰਪਰਕ ਵਿੱਚ ਨਹੀਂ ਪਰ ਮੋਬਾਇਲ ਨੈਟਵਰਕ ਰਾਹੀਂ ਇਸ ਨੂੰ ਕਾਫੀ ਹੱਦ ਤੱਕ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।