ਪਾਵਰਕੌਮ ਵੱਲੋਂ ਟਾਟਾ ਪਾਵਰ ਤੋਂ ਲਈ ਜਾ ਰਹੀ ਐ 475 ਮੈਗਾਵਾਟ ਬਿਜਲੀ
ਪਾਵਰਕੌਮ ਤੇ ਸਰਕਾਰ ਪਹਿਲਾਂ ਹੀ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਝੌਤਿਆਂ ਕਾਰਨ ਸੰਕਟ ‘ਚ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਗੁਜਰਾਤ ਵਿਖੇ ਸਥਿਤ ਟਾਟਾ ਪਾਵਰ ਪਲਾਂਟ ਜਿਸ ਤੋਂ ਕਿ ਪਾਵਰਕੌਮ ਵੱਲੋਂ 475 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ, ਵੱਲੋਂ ਬਿਜਲੀ ਦੇ ਰੇਟਾਂ ਦੇ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਇੱਧਰ ਪਾਵਰਕੌਮ ਅਤੇ ਸਰਕਾਰ ਪਹਿਲਾਂ ਹੀ ਪੰਜਾਬ ਅੰਦਰ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤਿਆਂ ਦਾ ਸੇਕ ਝੱਲ ਰਹੇ ਹਨ, ਜਿਸ ਕਾਰਨ ਕਸੂਤੀ ਸਥਿਤੀ ਪੈਦਾ ਹੋ ਰਹੀ ਹੈ। ਉਕਤ ਪਲਾਟ ਦੀ ਅਥਾਰਟੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨੇ ਰੇਟਾਂ ਵਿੱਚ ਵਾਧਾ ਨਾ ਕੀਤਾ ਤਾਂ ਉਹ ਬਿਜਲੀ ਦੇਣ ਤੋਂ ਹੱਥ ਪਿੱਛੇ ਖਿੱਚ ਸਕਦੇ ਹਨ।
ਜਾਣਕਾਰੀ ਅਨੁਸਾਰ ਟਾਟਾ ਪਾਵਰ ਪਲਾਂਟ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਨੂੰ ਪਹਿਲਾਂ ਹੋਏ ਸਮਝੌਤਿਆਂ ਤਹਿਤ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਟਾਟਾ ਪਾਵਰ ਪਲਾਟ ਦੀ ਸਮਰੱਥਾ 4000 ਮੈਗਾਵਾਟ ਹੈ ਅਤੇ ਇਨ੍ਹਾਂ ਵੱਲੋਂ ਆਪਣਾ ਬਿਜਲੀ ਉਤਪਾਦਨ 20 ਮਾਰਚ ਤੋਂ ਬਾਅਦ ਬੰਦ ਕਰਨ ਦੀ ਗੱਲ ਕਹੀ ਗਈ ਹੈ। ਉਕਤ ਪਲਾਂਟ ਤੋਂ ਪਾਵਰਕੌਮ ਨੂੰ 475 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ ਜੋ ਕਿ ਪ੍ਰਤੀ ਯੂਨਿਟ 2.91 ਪੈਸੇ ਮਿਲ ਰਹੀ ਹੈ। ਟਾਟਾ ਪਲਾਟ ਵੱਲੋਂ ਪਾਵਰਕੌਮ ਨੂੰ ਪ੍ਰਤੀ ਯੂਨਿਟ 50 ਪੈਸੇ ਭਾਅ ਵਧਾਉਣ ਦੀ ਗੱਲ ਕਹੀ ਗਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇੰਡੋਨੇਸ਼ੀਆ ਵਿੱਚ ਕੋਲੇ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਇਸ ਲਈ ਪਾਵਰਕੌਮ ਨੇ ਜੇਕਰ ਬਿਜਲੀ ਲੈਣੀ ਹੈ ਤਾਂ 50 ਪੈਸੇ ਭਾਅ ਵਧਾਉਣਾ ਹੋਵੇਗਾ। ਇਸ ਤੋਂ ਪਹਿਲਾਂ ਪਲਾਂਟ ਅਥਾਰਟੀ ਵੱਲੋਂ ਕਿਹਾ ਗਿਆ ਸੀ ਕਿ ਉਹ 11 ਮਾਰਚ ਤੋਂ ਹੌਲੀ ਹੌਲੀ ਬਿਜਲੀ ਪਲਾਂਟ ਨੂੰ ਬੰਦ ਕਰਨਾ ਸ਼ੁਰੂ ਕਰ ਦੇਵੇਗਾ, ਜੇਕਰ ਰਾਜਾਂ ਨੇ ਕੋਲੇ ਦੀ ਵੱਧਦੀ ਕੀਮਤ ਦੇ ਮੱਦੇਨਜ਼ਰ ਭਾਅ ਵਧਾਉਣ ਤੋਂ ਇਨਕਾਰ ਕੀਤਾ। ਲੰਘੇ ਕੱਲ੍ਹ ਟਾਟਾ ਪਾਵਰ ਨੇ ਮੁੜ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਲਾਂਟ ਬੰਦ ਕਰਨਾ 20 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਸਮੇਂ ਤੱਕ ਬਿਜਲੀ ਉਤਪਾਦਨ ਜਾਰੀ ਰਹੇਗਾ।
ਪਤਾ ਲੱਗਾ ਹੈ ਕਿ ਗੁਜਰਾਤ ਵੱਲੋਂ ਦਰਾਂ ਵਧਾਉਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ, ਪਰ ਦੂਜੇ ਹੋਰਨਾਂ ਰਾਜਾਂ ਨੇ ਇਸ ‘ਤੇ ਕੋਈ ਫੈਸਲਾ ਨਹੀਂ ਕੀਤਾ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਪਹਿਲਾਂ ਹੀ ਪੰਜਾਬ ਅੰਦਰ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤਿਆਂ ਕਰਕੇ ਘਿਰੀ ਹੋਈ ਹੈ ਅਤੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਲਈ ਖੁਦ ਕਾਂਗਰਸੀ ਅਤੇ ਵਿਰੋਧੀ ਧਿਰਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ।
ਸਰਕਾਰ ਲਈ ਮਹਿੰਗੀ ਬਿਜਲੀ ਦਾ ਮੁੱਦਾ ਗਲੇ ਦੀ ਹੱਡੀ ਬਣਿਆ ਹੋਇਆ ਹੈ ਅਤੇ ਕੁਝ ਸਮੇਂ ਸਰਕਾਰ ਵੱਲੋਂ ਇਨ੍ਹਾਂ ਸਮਝੌਤਿਆ ‘ਤੇ ਵਾÂ੍ਹੀਟ ਪੇਪਰ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਦੱਸਣਯੋਗ ਹੈ ਕਿ ਟਾਟਾ ਪਲਾਂਟ ਦੇ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੌਰਾਨ ਕਿਹਾ ਸੀ ਕਿ ਪਿਛਲੇ ਸਾਲ ਉਨ੍ਹਾਂ ਇੱਕ ਹਜਾਰ ਕਰੋੜ ਦਾ ਘਾਟਾ ਪਿਆ ਹੈ ਜਦਕਿ ਜਦੋਂ ਤੋਂ ਪਲਾਂਟ ਸ਼ੁਰੂ ਹੋਇਆ ਹੈ ਅਤੇ ਹੁਣ ਤੱਕ ਕੁੱਲ 11 ਹਜਾਰ ਕਰੋੜ ਦਾ ਘਾਟਾ ਪਿਆ ਹੈ। ਇਸ ਲਈ ਵੱਧਦੇ ਕੋਲੇ ਦੇ ਭਾਅ ਕਾਰਨ ਬਿਜਲੀ ਰੇਟ ਵਧਾਉਣ ਨਾਲ ਹੀ ਉਨ੍ਹਾਂ ਦਾ ਘਾਟਾ ਪੂਰਾ ਹੋਵੇਗਾ।
ਸਮਝੌਤੇ ‘ਚ ਨਹੀਂ ਹੋਵੇਗਾ ਕੋਈ ਫੇਰਬਦਲ
ਇੱਧਰ ਪਾਵਰਕੌਮ ਦੇ ਡਾਇਰੈਕਟਰ ਜਨਰੇਸ਼ਨ ਦਾ ਕਹਿਣਾ ਹੈ ਕਿ ਟਾਟਾ ਪਾਵਰ ਪਲਾਂਟ ਨਾਲ ਜੋ ਪਹਿਲਾਂ ਬਿਜਲੀ ਸਮਝੌਤੇ ਹੋਏ ਹਨ, ਉਨ੍ਹਾਂ ਅਨੁਸਾਰ ਹੀ ਬਿਜਲੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਕੋਈ ਨਵਾਂ ਸਮਝੌਤਾ ਕਰਨ ਦੇ ਪੱਖ ਵਿੱਚ ਨਹੀਂ ਹੈ। ਇਸ ਲਈ ਭਾਅ ਵਧਾਉਣ ਦੀ ਤਾਂ ਕੋਈ ਤੁੱਕ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।