ਕੁਦਰਤ ਨਾਲ਼ ਖਿਲਵਾੜ
ਕੁਦਰਤ ਸਾਡੀ ਸਭ ਦੀ ਸਿਰਜਣਹਾਰ ਹੈ। ਪ੍ਰਕਿਰਤੀ ਜੀਵਨ ਦੀ ਕੁੱਖ ਹੈ। ਸਭ ਜੀਵ-ਜੰਤੂ,ਪਸ਼ੂ-ਜਾਨਵਰ ਅਤੇ ਮਨੁੱਖ ਦੀ ਹੋਂਦ ਪੰਜ ਮਹਾਂ ਤੱਤਾਂ ਤੋਂ ਸਿਰਜੀ ਗਈ ਹੈ। ਪੰਜ ਤੱਤ ਮਿਲਕੇ ਹੀ ਸ਼੍ਰਿਸਟੀ ਹਨ, ਪ੍ਰਕਿਰਤੀ ਹਨ, ਕੁਦਰਤ ਹਨ। ਇਹੋ ਪੰਜ ਤੱਤ ਇਲਾਹੀ ਰਸ ਹਨ। ਇਹੋ ਪੰਜੇ ਤੱਤ ਭਗਵਾਨ ਸਰੂਪ ਹਨ ਰੱਬੀ ਪ੍ਰਕਾਸ਼ ਦੇ ਸੋਮੇ ਹਨ । ਇਹਨਾਂ ਤੋਂ ਮੂੰਹ ਫੇਰਨ ਵਾਲਾ, ਇਹਨਾਂ ਦੀ ਬੇ-ਅਦਬੀ ਕਰਨ ਵਾਲਾ ਜਾਹਿਲ ਹੈ,ਕਾਫ਼ਿਰ ਹੈ, ਅਗਿਆਨੀ ਹੈ, ਮੂਰਖ ਹੈ। ਇਹਨਾਂ ਦਾ ਵਿਨਾਸ਼ ਕਰਨ ਦੀ ਕੋਸ਼ਿਸ,ਗੰਧਲਾ ਕਰਨ ਦੀ ਕੋਸ਼ਿਸ ਕਰਨ ਵਾਲਾ ਮਹਾਂ-ਪਾਪੀ ਹੈ, ਹੱਤਿਆਰਾ ਹੈ।
ਪ੍ਰਦੂਸ਼ਣ ਹਵਾ ਵਿੱਚ ਫੈਲਾਏ ਗੰਦ, ਧੂੜ, ਸ਼ੋਰ ਮਚਾਉਣ ਵਾਲੀਆਂ ਆਵਾਜ਼ਾਂ , ਸੜਦੀਆਂ ਵਸਤੂਆਂ, ਬਲਦੇ ਤੇਲ,ਕੋਲੇ, ਲੱਕੜ ਆਦਿ ਸਦਕਾ ਪੈਦਾ ਹੋਏ ਧੂੰਏ ਦੇ ਕਾਰਨ ਫੈਲ਼ਦਾ ਹੈ।ਕੁੱਝ ਇਸ ਤਰ੍ਹਾਂ ਦੀਆਂ ਫੈਕਟਰੀਆਂ ਹਨ ਜਿੱਥੋਂ ਬਹੁਤ ਤੇਜ ਗੰਧ ਵਾਲ਼ੀ ਬਦਬੋ ਆਉਦੀ ਰਹਿੰਦੀ ਹੈ, ਜਿਹਨਾਂ ਵਿੱਚ ਚਮੜਾ, ਮਾਸ ਨਾਲ਼ ਸਬੰਧਤ ਫੈਕਟਰੀਆਂ, ਰਸਾਇਣਕ ਕੈਮੀਕਲਾਂ ਦਾ ਉਤਪਾਦਨ ਕਰਨ ਵਾਲੇ ਉਦਯੋਗ, ਸ਼ੂਗਰ-ਸ਼ਰਾਬ ਮਿੱਲਾਂ ਇੱਟਾਂ ਦੇ ਭੱਠੇ ਆਦਿ ਸ਼ਾਮਲ ਹਨ। ਬੋਇਲਰ ਵਿੱਚ ਚਾਵਲ ਦਾ ਛਿਲਕਾ, ਮੂੰਗਫ਼ਲੀ ਦਾ ਛਿਲਕਾ, ਗੰਨੇ ਦੀ ਪਿੜਾਈ ਤੋਂ ਬਾਅਦ ਛਿਲ਼ਕਾ, ਅਰਹਰ ਦੀਆਂ ਛਟੀਆਂ ਦਾ ਟੋਕਾ ਆਦਿ ਵਰਤੋਂ ਵਿੱਚ ਲਿਆ ਕੇ ਭਾਫ਼ , ਤਾਪ ਲਈ ਵਰਤਿਆ ਜਾਂਦਾ ਹੈ।
ਚਲੋ ਉਦਯੋਗ ਵਿੱਚ ਤਾਪ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਪਦਾਰਥ ਉਤਪਾਦਨ ਲਈ ਜਰੂਰੀ ਹਨ ਪਰ ਉਹਨਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਕੇ , ਵਾਤਾਵਰਣ ਦਾ ਫ਼ਿਕਰ ਕਰਕੇ ਨਵੀਂ ਤਕਨੀਕ,ਨਵੀ ਖੋਜ ਨਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਉਦਯੋਗ ਅਰਥ-ਵਿਵਸਥਾ ਦਾ ਥੰਮ ਹਨ। ਇਹਨਾਂ ਸਭਨਾਂ ਸਾਧਨਾਂ ਦੀ ਵਰਤੋਂ ਸਮਾਜ, ਦੇਸ਼ ਦੀ ਤਰੱਕੀ ਲਈ ਬੜੀ ਜ਼ਰੂਰੀ ਹੈ। ਇਸ ਦਾ ਦੂਸਰਾ ਪੱਖ ਇਹਨਾਂ ਦੁਆਰਾ ਫੈਲਾਏ ਪ੍ਰਦੂਸ਼ਣ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬਾਜ਼ ਅੱਖ ਵੀ ਹੁੰਦੀ ਹੈ। ਸਰਟੀਫਿਕੇਟ ਆਦਿ ਦੀ ਪ੍ਰਕਿਰਿਆ ਵਿਚੋਂ ਦੀ ਗੁਜ਼ਰਨਾ ਹੁੰਦਾ ਹੈ।ਸਮੇਂ ਸਮੇਂ ਤੇ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ। ਰਾਜਨੀਤਕ ਸ਼ਕਤੀਵਾਨ ਲੋਕ ਸ਼ਕਤੀ ਵਰਤ ਕੇ ਜਾਂ ਧਨ ਦੇ ਜ਼ੋਰ ਨਾਲ਼ ਰਿਸ਼ਵਤ ਦੇ ਗੱਫੇ ਦੇ ਕੇ ਇਹ ਕਾਰਵਾਈਆਂ, ਚੈਕਿੰਗਾਂ ਸਿਰਫ਼ ਕਾਗਜ਼ੀ ਫਾਇਲਾਂ ਤੱਕ ਹੀ ਸੀਮਤ ਕਰ ਦਿੱਤੀਆਂ ਜਾਂਦੀਆਂ ਹਨ। ਅਫਸਰ ਸਾਹਿਬਾਨ ਅੱਖਾਂ ਤੇ ਪੱਟੀ, ਮੂੰਹ ਨੂੰ ਤਾਲਾ ਤੇ ਕੰਨਾਂ ਚ ਰੂੰ ਦੇ ਕੇ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਵਿਆਕਤੀ ਵੀ ਵਿਅਕਤੀਗਤ ਤੌਰ ‘ਤੇ ਕੁਦਰਤ ਦੇ ਮੁਜ਼ਰਿਮ ਹਨ।
ਪ੍ਰਦੂਸ਼ਣ ਰਸਾਇਣਕ ਸਪਰੇਆਂ, ਡੀਜ਼ਲ, ਪੈਟਰੋਲ ਨਾਲ ਚੱਲਣ ਵਾਲੇ ਸਾਧਨਾਂ, ਖੇਤੀਬਾੜੀ ਸੰਦਾਂ, ਜਰਨੇਟਰਾਂ, ਮਸ਼ੀਨਾਂ ਦੀ ਵਰਤੋਂ ਨਾਲ਼ ਜੋ ਪੈਦਾ ਹੋ ਰਿਹਾ ਹੈ, ਉਸ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ।ਇੰਨ੍ਹੀ ਵੱਡੀ ਤਾਦਾਦ ਵਿੱਚ ਫੈਲ ਰਹੇ ਹਵਾ ਵਿੱਚ ਰਸਾਇਣਕ ਜ਼ਹਿਰੀਲੇ ਧੂੰਏ ਨੂੰ ਕੀ ਰੁੱਖ਼ ਸਾਫ਼ ਕਰਨ ਦੀ ਸਮਰੱਥਾ ਰੱਖਦੇ ਹਨ। ਹਵਾ ਵਿੱਚ ਅੱਗ ਵਰ੍ਹਾਉਂਦੇ ਲੜਾਕੂ ਜਹਾਜ਼ਾਂ, ਦਾਗ਼ੀਆਂ ਜਾਂਦੀਆਂ ਮਿਜ਼ਾਇਲਾਂ ਦੀਆਂ ਜਵਾਲਾ-ਮੁਖੀ ਵਰਗੀਆਂ ਲਾਟਾਂ ਨੂੰ ਇਹ ਵਿਚਾਰੇ ਰੁੱਖ਼ ਕਦੋਂ ਤੱਕ ਬਰਦਾਸ਼ਤ ਕਰਨਗੇ । ਇਹ ਸਭ ਅਸੰਭਵ ਹੈ। ਮਨੁੱਖ ਨੂੰ ਸੂਝ-ਸਿਆਣਪ ਤੋਂ ਕੰਮ ਲੈਣਾ ਪਵੇਗਾ। ਜ਼ਿੰਮੇਵਾਰ ਹੋਣਾ ਪਵੇਗਾ। ਜਵਾਬਦੇਹ ਹੋਣਾ ਪਵੇਗਾ।
ਅਸੀਂ ਲੋਕ ਪ੍ਰਕਿਰਤੀ ਵਲੋਂ ਮੁੱਖ ਮੋੜ ਸਵਾਰਥੀ ਹੋ ਚੁੱਕੇ ਹਾਂ। ਆਪਣਾ ਉੱਲੂ ਸਿੱਧਾ ਕਰਨਾ ਅਸੀ ਸਿੱਖਿਆ ਹੈ ਤੇ ਆਉਣ ਵਾਲੀ ਪੀੜ੍ਹੀ ਨੂੰ ਸਿਖਾ ਰਹੇ ਹਾਂ। ਅਸੀਂ ਹਰ ਪੱਖੋਂ ਆਪਣੇ ਪੈਰੀਂ ਆਪ ਕੁਹਾੜੇ ਮਾਰ ਰਹੇ ਹਾਂ। ਜਿਸ ਟਾਹਣੇ ‘ਤੇ ਬੈਠੇ ਹਾਂ ਉਸੇ ਹੀ ਟਾਹਣੇ ਤੇ ਆਰੀ ਫੇਰ ਰਹੇ ਹਾਂ। ਅਸੀਂ ਹਵਾ ਵਿੱਚ ਕਾਰਬਨ ਮੋਨੋਅਕਸਾਇਡ, ਕਾਰਬਨ ਡਾਇਅਕਸਾਇਡ ਵਰਗੀਆਂ ਜ਼ਹਿਰਾਂ ਫੈਲਾਉਣ ਵਿੱਚ ਇੱਕ ਦੂਸਰੇ ਤੋਂ ਤੇਜ਼ ਚੱਲ ਰਹੇ ਹਾਂ। ਸੜਕਾਂ, ਨਹਿਰਾਂ, ਦਰਿਆਵਾਂ ਕਿਨਾਰਿਆਂ ਤੇ ਕੁਦਰਤੀ ਉਪਜੇ ਰੁੱਖਾਂ ਨੂੰ ਵੀ ਚੋਰੀ-ਛਿਪੇ ਜਾਂ ਦਾਅ-ਪੇਚ ਖੇਡ ਕੇ ਵੱਢੀ ਜਾ ਰਹੇ ਹਾਂ। ਖੇਤਾਂ ਵਿਚੋਂ ਰੁੱਖ਼ਾਂ ਦਾ ਅਸੀਂ ਬੀਜ-ਨਾਸ਼ ਕਰ ਦਿੱਤਾ ਹੈ।
ਕੁਦਰਤੀ ਜੀਵਨ ਦੁਆਰਾ ਛੱਡੀ ਸਾਹ ਰਾਹੀਂ ਕਾਰਬਨ-ਡਾਇਅਕਸਾਈਡ ਨੂੰ ਤਾਂ ਰੁੱਖ਼ ਆਕਸੀਜਨ ਵਿੱਚ ਬਦਲ ਕੇ ਸਾਨੂੰ ਸਾਹ ਲੈਣ ਲਈ ਸਾਫ਼ ਹਵਾ ਦੇ ਸਕਦੇ ਹਨ ਪਰ ਕੀ ਅਸੀਂ ਕਦੀ ਸੋਚਿਆ ਹੈ ਕਿ ਇੰਨ੍ਹੀ ਵੱਡੀ ਮਾਤਰਾ ਵਿੱਚ ਫੈਲ਼ਾਏ ਜਾ ਰਹੇ ਪਰਾਲ਼ੀ ਦੇ ਧੂੰਏ ਨੂੰ ਇਹ ਨਾ-ਮਾਤਰ ਰੁੱਖ਼ ਸਾਂਭ ਸਕਣਗੇ। ਇਹਨਾਂ ਕੁੜੱਤਣ ਭਰਿਆ ਦਮ ਘੋਟੂ ਜ਼ਹਿਰੀ ਧੂੰਆਂ ਜੋ ਅਸੀਂ ਆਲਸੀ ਹੋ ਕੇ ,ਜਾਣ-ਬੁੱਝ ਕੇ,ਆਪਣੇ ਗਰੁੱਪ ਸਮੂਹਾਂ, ਸਦਕਾ ਫੈਲਾਅ ਰਹੇ ਹਾਂ ,ਇਸ ਦਾ ਨਤੀਜਾ ਕੀ ਨਿਕਲੇਗਾ। ਕੀ ਇਹ ਮੂਰਖਤਾ ਭਰੇ ਕਦਮ ਧਰਨ ਤੋਂ ਪਹਿਲਾਂ ਆਪਣੀ ਜ਼ਮੀਰ ,ਆਪਣੀ ਆਤਮਾ ਦੀ ਆਵਾਜ਼ ਵੀ ਸੁਣੀ ਹੈ।
ਅਸੀਂ ਆਲਸ ਦੇ ਰੋਗ ਨਾਲ਼ ਪੀੜਤ ਹਾਂ। ਇਸ ਤੋਂ ਕੋਈ ਮੁਨਕਰ ਨਹੀ ਹੋ ਸਕਦਾ। ਜੇਕਰ ਕਦੇ 100 ਮੀਟਰ ਵੀ ਜਾਣਾ ਪਵੇ ਤਾਂ ਅਸੀਂ ਪੈਦਲ ਨਹੀਂ ਜਾਵਾਂਗੇ , ਸਾਈਕਲ ਨਹੀਂ ਚੱਕਾਂਗੇ ਸਗੋਂ ਸਕੂਟਰ, ਮੋਟਰ ਸਾਇਕਲ ਨੂੰ ਹੀ ਹੱਥ ਪਾਵਾਂਗੇ। ਇੰਨੇ ਵਿੱਚ ਹੀ ਅਸੀਂ ਬੜੀ ਭਾਰੀ ਮਾਤਰਾ ਵਿੱਚ ਜ਼ਹਿਰਲੀ ਗੈਸ ਸਾਫ਼ ਵਾਤਾਵਰਣ ਵਿੱਚ ਮਿਲਾ ਦਿੱਤੀ। ਖੇਤਾਂ ਵਿੱਚ ਫਸਲ਼ਾਂ ਦੀ ਕਟਾਈ ਬਾਅਦ ਕਣਕ ਦੀ ਤੂੜੀ ਬਣਾਉਣ ਤੋਂ ਬਾਅਦ ਵਾਹਣ ਵਿੱਚ ਅੱਗ ਲਾ ਕੇ , ਝੋਨੇ ਦੀ ਪਰਾਲ਼ੀ ਸਾੜ ਕੇ ਵਾਹਣ ਵਿੱਚ ਅੱਗ ਲਾ ਕੇ ਹਵਾ ਨੂੰ ਮੌਤ ਦਾ ਹਥਿਆਰ ਸੌਂਪ ਰਹੇ ਹਾਂ। ਇਹ ਘਾਤਕ ਹਥਿਆਰ ਲੈ ਕੇ ਇਹ ਤੁਹਾਡੇ ਆਪਣਿਆਂ ‘ਤੇ ਹੀ ਵਾਰ ਕਰੇਗੀ, ਇਹ ਅਸੀ ਕਦੇ ਨਹੀਂ ਸੋਚਦੇ।
ਖੇਤਾਂ ‘ਚੋਂ ਝੋਨੇ ਦੀ ਪਰਾਲ਼ੀ ਦਾ ਹੱਲ ਵੀ ਕਿਸਾਨ ਨੂੰ ਹੀ ਲੱਭਣਾ ਪਵੇਗਾ। ਅੱਜ ਦਾ ਕਿਸਾਨ ਗਰੀਬ ਖੇਤ ਮਜ਼ਦੂਰਾਂ ਨੂੰ ਵੀ ਆਪਣੀ ਵੱਟ ‘ਤੇ ਨਹੀਂ ਚੜ੍ਹਨ ਦੇ ਰਿਹਾ। ਇਹ ਖੇਤ ਮਜਦੂਰ ਹੀ ਇਹੋ ਜਿਹੀ ਰਹਿੰਦ-ਖੂੰਹਦ ਤੇ ਆਪਣੇ ਘਰ ਲਵੇਰੇ ਪਾਲ ਲੈਦੇਂ ਸੀ। ਖੇਤਾਂ ਦੀਆਂ ਵੱਟਾਂ, ਫਸਲਾਂ ਚੋ ਨਦੀਨ ਕੱਢ ਕੇ ਮਸ਼ੀਨ ਰਾਂਹੀ ਕੁਤਰਦੇ ਸਮੇਂ ਪਰਾਲ਼ੀ ਆਦਿ ਦੀ ਵਰਤੋਂ ਕਰ ਲੈਂਦੇ ਸਨ। ਜਿਸ ਨਾਲ਼ ਕਿਸਾਨ ਵੀ ਨਦੀਨ ਨਾਸ਼ਕਾਂ, ਸਪਰੇਆਂ ਤੇ ਪੈਸੇ ਖਰਚਣੋ ਬੱਚਦੇ ਸਨ ਅਤੇ ਪਰਾਲ਼ੀ ਦੀ ਆਫ਼ਤ ਤੋਂ ਵੀ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਸੀ। ਹਵਾ ਪ੍ਰਦੂਸ਼ਣ ਤੋਂ ਬਚਦੀ ਸੀ। ਅਗਨੀ ਭੇਂਟ ਹੋਣ ਤੋਂ ਉਪਜਾਊ ਧਰਤੀ ਬਚੀ ਰਹਿੰਦੀ ਸੀ।
ਅੱਜ ਖੁੱਲ਼੍ਹੀ ਹਵਾ ਦੇ ਵਿੱਚ ਆਮ ਵਿਅਕਤੀ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਉਹ ਸਾਹ ਦੀਆਂ ਬਿਮਾਰੀਆਂ ਨਾਲ਼ ਪੀੜਤ ਹੈ। ਉਸ ਦੀ ਪਰਵਾਹ ਨਾ ਸਰਕਾਰ ਨੂੰ ਹੈ। ਨਾ ਕਿਸੇ ਮਿੱਲ, ਕਾਰਖਾਨਿਆਂ ਦੇ ਮਾਲਿਕ ਨੂੰ ਅਤੇ ਨਾ ਹੀ ਕਿਸਾਨਾਂ ਨੂੰ। ਮੁਨਾਫ਼ਾ ਲੈ ਕੇ ਇਹ ਲੋਕ ਆਪਣੀਆਂ ਜੇਬਾਂ ਭਰ ਰਹੇ ਹਨ ਪਰ ਧਰਤੀ ਦਾ ਆਮ ਬਸਿੰਦਾ, ਮਨੁੱਖ, ਜੀਵ-ਜੰਤੂ, ਪਸ਼ੂ-ਜਾਨਵਰ ਇਸ ਦੀ ਬਲੀ ਚੜ੍ਹ ਰਹੇ ਹਨ। ਵੋਟਾਂ ਦੀ ਰਾਜਨੀਤੀ ਧਰਤੀ ਲਈ ਪ੍ਰਕਿਰਤੀ ਲਈ, ਵਾਤਾਵਰਣ ਲਈ ਦਿਨੋ-ਦਿਨ ਘਾਤਕ ,ਜਾਨਲੇਵਾ ਹੋ ਰਹੀ ਹੈ। ਕਿਸਾਨ ਇਹ ਚੀਕ-ਚੀਕ ਕਹਿ ਰਿਹੈ ਕਿ ਅਸੀਂ ਦੇਸ਼ ਦਾ ਪੇਟ ਭਰਦੇ ਹਾਂ, ਅਸੀਂ ਜੋ ਠੀਕ ਲੱਗਦੈ ਕਰਾਂਗੇ ।
ਉਹਨਾਂ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀ। ਉਹ ਆਪਣੀ ਝੋਨੇ ਦੀ ਫਸਲ਼ ਦੀ ਥਾਂ ਕਿਸੇ ਹੋਰ ਫਸਲ਼ ਦੀ ਖੇਤੀ ਕਰਨ ਜਾਂ ਨਾ ਕਰਨ, ਇਹ ਜਿੰਮੇਵਾਰੀ ਕਿਸਾਨ ਦੀ ਹੈ । ਉਸ ਨੂੰ ਪ੍ਰਦੂਸ਼ਣ ਫੈਲਾਉਣ ਦਾ ਕੋਈ ਅਧਿਕਾਰ ਨਹੀ। ਬਨਸਪਤੀ, ਪ੍ਰਕਿਰਤੀ ਦਾ ਨਾਸ਼ ਕਰਨ ਦਾ ਕੋਈ ਹੱਕ ਨਹੀ। ਕਾਰੋਬਾਰ, ਕੰਮ -ਧੰਦਾਂ ਉਹ ਹੀ ਕੀਤਾ ਜਾਵੇ ਜੋ ਸਰਬੱਤ ਦਾ ਭਲਾ ਵੀ ਕਰੇ, ਕਿਸੇ ਨੂੰ ਉਸ ਤੋਂ ਕੋਈ ਨੁਕਸਾਨ ਨਾ ਹੋਵੇ ।ਜੇ ਕਰ ਪਾਣੀ , ਹਵਾ, ਧਰਤੀ ਸਰੁੱਖਿਅਤ ਨਹੀਂ ਤਾਂ ਜਿਹਨਾਂ ਲਈ ਅਸੀ ਦਿਨ-ਰਾਤ ਕਮਾ ਰਹੇ ਹਾਂ ਉਹ ਵੀ ਸਾਡੇ ਹੱਥਾਂ ਵਿੱਚ ਸਾਡੇ ਹੱਥੋਂ ਹੀ ਤੁਰ ਜਾਣਗੇ। ਸਾਨੂੰ ਵਰਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ। ਵਕਤ ਦੇ ਕਾਲੇ ਪੰਨੇ ਸਾਡੀਆਂ ਬੇ-ਵਕੂਫੀਆਂ ਤੇ ਹੱਸਣਗੇ।
ਮੇਰੇ ਹੀ ਗੀਤ ਦੀਆਂ ਕੁਝ ਸਤਰਾਂ :-
ਮੈਂ ਵਿਨਾਸ਼ ਵੱਲ ਵੱਧ ਰਿਹਾਂ ਤੇਜ਼ ਤੇਜ਼ ਹਰ ਕਦਮ
ਵਿਨਾਸ਼ ਮੇਰੇ ਵੱਲ ਆ ਰਿਹੈ ,ਤੇਜ਼ ਤੇਜ਼ ਦਮਾ-ਦਮ
ਬਾਲੀ ਰੇਤਗੜ੍ਹ
4651–29168
ਬਲਜਿੰਦਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.