ਤਲਵੰਡੀ ਭਾਈ ਦੇ ਕਾਰੋਬਾਰੀਆਂ ਤੋਂ ਮੰਗੇ ਫਿਰੌਤੀ ਦੇ ਪੈਸੇ ਨਾ ਦੇਣ ’ਤੇ ਘਰ ਉੱਪਰ ਕੀਤੀ ਫਾਇਰਿੰਗ

ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਕੀਤੀ ਸੁਰੱਖਿਆ ਦੀ ਮੰਗ

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਸ਼ਹਿਰ ਦੇ ਰਹਿਣ ਵਾਲੇ ਇੱਕ ਕਾਰੋਬਾਰੀ ਪਰਿਵਾਰ ਦੇ ਘਰ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਨਿਆਰ (ਸੋਨੇ) ਦਾ ਕਾਰੋਬਾਰ ਕਰਨ ਵਾਲੇ ਭਗਵਾਨ ਸਿੰਘ ਚੌਹਾਨ ਵਾਸੀ ਨਵੀਂ ਆਬਾਦੀ ਤਲਵੰਡੀ ਭਾਈ ਦੇ ਪਰਿਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫੋਨ ’ਤੇ ਧਮਕੀਆਂ ਦੇ ਕੇ ਫਿਰੌਤੀ ਮੰਗੀ ਜਾ ਰਹੀ ਹੈ ।

ਜਦਕਿ ਉਕੱਤ ਪਰਿਵਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਦਿੱਤੇ ਜਾਣ ਉਪਰੰਤ ਉਨ੍ਹਾਂ ਨੂੰ ਇਕ ਪੁਲਿਸ ਕਰਮਚਾਰੀ ਗੰਨਮੈਨ ਵਜੋਂ ਦਿੱਤਾ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਥਾਣਾ ਤਲਵੰਡੀ ਭਾਈ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਪਰ ਫਿਰ ਬੀਤੀ ਰਾਤ ਦੋ ਵਜੇ ਦੇ ਕਰੀਬ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਵਿਅਕਤੀਆਂ ਨੇ ਪਰਿਵਾਰ ਦੇ ਭਗਵਾਨ ਸਿੰਘ ਚੌਹਾਨ ਦੇ ਪੁੱਤਰ ਪਰਮਿੰਦਰ ਸਿੰਘ ਚੌਹਾਨ ਦੇ ਘਰ ਦੇ ਪਿਛਲੇ ਗੇਟ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਹਨ ।ਉਕਤ ਵਿਅਕਤੀਆਂ ਵੱਲੋਂ ਪਿਸਤੌਲ ਨਾਲ ਚਲਾਈਆਂ ਗਈਆਂ ਦੋ ਗੋਲੀਆਂ ਗੇਟ ਵਿੱਚ ਲੱਗਦੀਆਂ ਹਨ ।ਜਦਕਿ ਤੀਜੀ ਗੋਲੀ ਗੇਟ ਨੂੰ ਪਾਰ ਕਰਦੇ ਹੋਏ ਅੰਦਰ ਖੜ੍ਹੀ ਗੱਡੀ ਵਿੱਚ ਲੱਗ ਜਾਂਦੀ ਹੈ। ਜਿਸ ਉਪਰੰਤ ਉਕਤ ਅਣਪਛਾਤੇ ਵਿਅਕਤੀ ਫਰਾਰ ਹੋ ਜਾਂਦੇ ਹਨ।

ਗੋਲੀਬਾਰੀ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਜਾਂਦੀ ਹੈ। ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੇ ਜਾਣ ’ਤੇ ਸੰਦੀਪ ਸਿੰਘ ਉਪ ਪੁਲਿਸ ਕਪਤਾਨ ਫਿਰੋਜਪੁਰ ਦਿਹਾਤੀ ਨੇ ਪੁਲਿਸ ਬਲ ਸਮੇਤ ਘਟਨਾ ਵਾਲੀ ਜਗ੍ਹਾ ਤੇ ਪੁੱਜ ਕੇ ਘਟਨਾ ਦੀ ਡੂੰਘਾਈ ਨਾਲ ਛਾਣਬੀਣ ਕੀਤੀ। ਇਸ ਘਟਨਾ ਸਬੰਧੀ ਪਰਮਿੰਦਰ ਸਿੰਘ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੀਬ ਦੋ ਵਰ੍ਹੇ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਵਟਸਐਪ ਜਰੀਏ ਫੋਨ ਕਰਕੇ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗੀ ਜਾਂਦੀ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਇੱਕ ਗੰਨਮੈਨ ਦਿੱਤਾ ਗਿਆ ਸੀ।

ਜਦਕਿ ਵਿਧਾਨ ਸਭਾ ਚੋਣਾਂ ਸਮੇਂ ਉਕਤ ਗੰਨਮੈਨ ਵਾਪਿਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲੰਘੀ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਮੁੜ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਪੈਸਿਆਂ ਦੀ ਮੰਗ ਕੀਤੀ ਗਈ। ਜਿਸ ਸਬੰਧੀ ਉਨ੍ਹਾਂ ਵੱਲੋਂ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਦਿਨ ਦੇ ਸਮੇਂ ਲਈ ਇਕ ਗੰਨਮੈਨ ਵੀ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀਤੀ ਰਾਤ ਵਾਪਰੀ ਘਟਨਾ ਨਾਲ ਉਨ੍ਹਾਂ ਦਾ ਸਮੁੱਚਾ ਪਰਿਵਾਰ ਸਹਿਮ ਦੇ ਸਾਏ ਹੇਠ ਹੈ।

ਉਨ੍ਹਾਂ ਮੰਗ ਉਠਾਈ ਕਿ ਉਨ੍ਹਾਂ ਦੀ ਜਾਨ ਦੀ ਹਿਫਾਜਿਤ ਕਰਨ ਲਈ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਤਲਵੰਡੀ ਭਾਈ ’ਚ ਲਗਾਤਾਰ ਪੁਲਿਸ ਗਸ਼ਤ ਕਰਨ ਦੀ ਵੀ ਮੰਗ ਤਾਂ ਜੋ ਅਜਿਹੇ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਥਾਣਾ ਤਲਵੰਡੀ ਭਾਈ ਦੇ ਥਾਣਾ ਮੁਖੀ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾਂ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ