ਬਿਨਾਂ ਦਾਅ ਪੇਚ ਤੋਂ ਹੋਏ ਮਸਲੇ ਦਾ ਹੱਲ

ਬਿਨਾਂ ਦਾਅ ਪੇਚ ਤੋਂ ਹੋਏ ਮਸਲੇ ਦਾ ਹੱਲ

ਪੰਜਾਬ ‘ਚ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਪਈਆਂ ਰੇਲਗੱਡੀਆਂ ਨੂੰ ਚਲਾਉਣ ਦਾ ਮਾਮਲਾ ਇੱਕ ਵਾਰ ਫੇਰ ਲਟਕ ਗਿਆ ਹੈ ਰੇਲ ਟਰੈਕ ਛੱਡਣ ਦੀ ਸ਼ਰਤ ਅਨੁਸਾਰ ਕਿਸਾਨਾਂ ਨੇ ਥਰਮਲਾਂ ਵਾਲੇ ਰੇਲ ਟਰੈਕ ਛੱਡ ਦਿੱਤੇ ਹਨ ਪਰ ਇੱਥੇ ਰੇਲਵੇ ਤੇ ਕਿਸਾਨਾਂ ਵਿਚਕਾਰ ਮੁਸਾਫ਼ਰ ਗੱਡੀਆਂ ਦਾ ਨਵਾਂ ਪੇਚ ਫਸ ਗਿਆ ਹੈ ਰੇਲਵੇ ਨੇ ਮਾਲ ਗੱਡੀਆਂ ਦੇ ਨਾਲ ਹੀ ਮੁਸਾਫ਼ਰ ਗੱਡੀਆਂ ਚਲਾਉਣ ਦੀ ਸ਼ਰਤ ਰੱਖ ਦਿੱਤੀ ਹੈ ਪਰ ਕਿਸਾਨ ਮੁਸਾਫ਼ਰ ਗੱਡੀਆਂ ਨਾ ਚਲਾਉਣ ਲਈ ਅੜ ਗਏ ਹਨ ਸਭ ਤੋਂ ਕਸੂਤੀ ਹਾਲਤ ‘ਚ ਪੰਜਾਬ ਦੀ ਅਮਰਿੰਦਰ ਸਰਕਾਰ ਫਸ ਗਈ ਹੈ ਜੋ ਕੋਲੇ ਦੀ ਘਾਟ ਕਾਰਨ ਮਾਲ ਗੱਡੀਆਂ ਚਲਾਉਣ ਲਈ ਬੜੀ ਮੁਸ਼ਕਲ ਨਾਲ ਗੱਲਬਾਤ ਦੇ ਤਰੀਕੇ ਰੇਲਵੇ ਨੂੰ ਮਨਾਉਣ ‘ਚ ਕਾਮਯਾਬ ਹੋਈ ਸੀ ਕਿਸਾਨਾਂ ਨੇ ਸਰਕਾਰ ਦੀ ਮੰਨ ਕੇ ਥਰਮਲਾਂ ਵਾਲੇ ਟਰੈਕ ਛੱਡ ਦਿੱਤੇ

ਪਰ ਹੁਣ ਮੁਸਾਫ਼ਰ ਗੱਡੀਆਂ ਲਈ ਕਿਸਾਨਾਂ ਨੂੰ ਮਨਾਉਣਾ ਪੰਜਾਬ ਸਰਕਾਰ ਨੂੰ ਸੌਖਾ ਨਹੀਂ ਲੱਗ ਰਿਹਾ ਹੈ ਇਸ ਕਸ਼ਮਕਸ਼ ‘ਚ ਪੰਜਾਬ ਦੀ ਜਨਤਾ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਮਾਮਲੇ ‘ਚ ਸਾਰੀਆਂ ਧਿਰਾਂ ਨੂੰ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਸਿਆਸੀ ਨਫ਼ੇ-ਨੁਕਸਾਨ ਤੋਂ ਉੱਪਰ Àੁੱਠ ਕੇ ਕੰਮ ਕਰਨ ਦੀ ਜ਼ਰੂਰਤ ਹੈ ਦਰਅਸਲ ਗੱਲਬਾਤ ਹੀ ਸਾਰੀ ਸਮੱਸਿਆ ਦਾ ਹੱਲ ਹੈ ਜਿਸ ਬਾਰੇ ਕੇਂਦਰ, ਸੂਬਾ ਸਰਕਾਰ ਤੇ ਕਿਸਾਨਾਂ ਨੂੰ ਸਹੀ ਨਜ਼ਰੀਆ ਅਪਣਾਉਣਾ ਪਵੇਗਾ ਕੇਂਦਰ ਨੂੰ ਮਾਲ ਗੱਡੀਆਂ ਰਾਹੀਂ ਕੋਲੇ ਦੀ ਤੁਰੰਤ ਸਪਲਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ

ਮਾਲ ਗੱਡੀਆਂ ਚਲਾਉਣ ਤੋਂ ਬਾਅਦ ਮੁਸਾਫ਼ਰ ਗੱਡੀਆਂ ਚਲਾਉਣ ਲਈ ਗੱਲਬਾਤ ਦਾ ਕੋਈ ਨਵਾਂ ਤਰੀਕਾ ਕੱਢਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਸਿਆਸੀ ਪੈਂਤਰੇ ਤੇ ਗੱਲਬਾਤ ਦੇ ਦੋ ਵੱਖਰੇ-ਵੱਖਰੇ ਚੈੱਨਲ ਚਲਾ ਕੇ ਆਪਣਾ ਮਕਸਦ ਹੱਲ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ ਇੱਕੋ ਦਿਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਧਰਨਾ ਲਾ ਲਿਆ ਤੇ ਦੂਜੇ ਪਾਸੇ ਸੰਸਦ ਮੈਂਬਰਾਂ ਨੇ ਰੇਲ ਮੰਤਰੀ ਨਾਲ ਗੱਲਬਾਤ ਕੀਤੀ ਉਸੇ ਦਿਨ ਪੰਜਾਬ ਨਾਲ ਸਬੰਧਿਤ ਇੱਕ ਕੇਂਦਰੀ ਮੰਤਰੀ ਤੇ ਸੂਬਾ ਭਾਜਪਾ ਪ੍ਰਧਾਨ ਵੀ ਵੱਖਰੀ ਰਣਨੀਤੀ ਅਪਣਾ ਕੇ ਰੇਲ ਮੰਤਰੀ ਨੂੰ ਮਿਲੇ ਇੱਥੇ ਕਿਸਾਨਾਂ ਨੂੰ ਵੀ ਆਪਣੇ ਰੋਸ ਨੂੰ ਜ਼ਾਹਿਰ ਕਰਨ ਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਪਵੇਗਾ

ਰੇਲਗੱਡੀਆਂ ਆਮ ਆਦਮੀ ਲਈ ਸਹੂਲਤ ਹੈ, ਕੋਈ ਵਿਰਲਾ ਹੀ ਐਮਪੀ ਜਾਂ ਐਮਐਲਏ ਰੇਲ ‘ਚ ਸਫ਼ਰ ਕਰਦਾ ਹੈ ਰੇਲਾਂ ਚਲਾਉਣਾ ਲੋਕਾਂ ਦੇ ਹਿੱਤ ‘ਚ ਹੈ ਰੋਸ ਮੁਜ਼ਾਹਰਿਆਂ ਦੇ ਹੋਰ ਵੀ ਬੜੇ ਤਰੀਕੇ ਹਨ ਰੇਲਾਂ ਰੋਕਣ ਨਾਲ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਜੇਕਰ ਮਾਲ ਗੱਡੀਆਂ ਚੱਲਣ ਨਾਲ ਲੋਕਾਂ ਨੂੰ ਬਿਜਲੀ ਦੀ ਸਹੂਲਤ ਮਿਲਦੀ ਹੈ ਤਾਂ ਮੁਸਾਫ਼ਰ ਰੇਲਾਂ ਰਾਹੀਂ ਉਨ੍ਹਾਂ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ ਜੋ ਪੈਸੇ ਦੀ ਤੰਗੀ ਕਾਰਨ ਰੇਲ ਸਫ਼ਰ ਕਰਦੇ ਸਨ ਉਂਜ ਵੀ ਲੌਕਡਾਊਨ ਨਾਲ ਆਮ ਆਦਮੀ ਦਾ ਹੀ ਆਰਥਿਕ ਨੁਕਸਾਨ ਹੋਇਆ ਹੈ ਸੋ ਕਿਸਾਨਾਂ ਦੇ ਲੰਮੇ ਹੋ ਰਹੇ ਧਰਨੇ ਆਮ ਜਨਤਾ ਲਈ ਮੁਸ਼ਕਲ ਨਾ ਬਣਨ ਇਸ ਲਈ ਕਿਸਾਨਾਂ ਨੂੰ ਵੀ ਜ਼ਰੂਰ ਸੋਚਣ ਦੀ ਜ਼ਰੂਰਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.