ਇਉਂ ਮਿਲਦੀ ਹੁੰਦੀ ਸੀ ਸਜ਼ਾ ਸਾਨੂੰ…

Punishment

ਜਸਵੀਰ ਸ਼ਰਮਾ ਦੱਦਾਹੂਰ

ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਕਰਕੇ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ਼ ਵੀ ਬਹੁਤ ਘੱਟ ਸੀ ਤੱਪੜਾਂ ਜਾਂ ਪੱਲੀਆਂ ’ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ ਕਲਮ ਦਵਾਤ ਜਾਂ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ ਜਾਂਦਾ ਰਿਹਾ ਹੈ ਦਵਾਤ ਵਿੱਚ ਲੋੜ ਅਨੁਸਾਰ ਕਾਲੀ  ਜਾਂ ਨੀਲੀ ਸਿਆਹੀ ਪਾ ਲੈਣੀ ਤੇ ਉਹ ਪੰਜੀ ਜਾਂ ਦਸੀ ਭਾਵ ਦਸ ਪੈਸਿਆਂ ਦੀ ਕਾਗਜ਼ ਦੀ ਪੁੜੀ ਵਿੱਚ ਹੀ ਹੁੰਦੀ ਸੀ।

ਅੱਧੀ ਛੁੱਟੀ ਵੇਲੇ ਧਮੱਚੜ ਪਾਉਂਦੇ ਅਸੀਂ ਘਰੀਂ ਆ ਜਾਇਆ ਕਰਦੇ ਸਾਂ ਤੇ ਕਦੇ-ਕਦੇ ਅੱਧੀ ਛੁੱਟੀ ਤੋਂ ਬਾਅਦ ਸਕੂਲੇ ਜਾਂਦੇ ਵੀ ਘੱਟ ਹੀ ਸੀ ਅਗਲੇ ਦਿਨ ਫਿਰ ਕਦੇ-ਕਦੇ ਸ਼ਾਮਤ ਆ ਜਾਣੀ ਭਾਵ ਸਜ਼ਾ ਮਿਲਣੀ ਤੇ ਉਹ ਸਜਾ ਵੀ ਲੱਤਾਂ ਵਿੱਚ ਦੀ ਬਾਹਾਂ ਪਾ ਕੇ ਕੰਨ ਫੜ੍ਹਾ ਦੇਣੇ ਮਾਸਟਰ ਜੀ ਹੋਰਾਂ ਨੇ ਤੇ ਪਿਛਲੇ ਦਿਨ ਜੋ ਅੱਧੀ ਛੁੱਟੀ ਤੋਂ ਬਾਅਦ ਦਾ ਕੰਮ ਹੁੰਦਾ ਸੀ ਜਿਸ ਸਮੇਂ ਅਸੀਂ ਸਕੂਲ ’ਚੋਂ ਭਗੌੜੇ ਹੁੰਦੇ ਸਾਂ ਉਹ ਸਾਰਾ ਕੰਮ ਕੰਨ ਫੜੇ-ਫੜਾਏ ਭਾਵ ਮੁਰਗੇ ਬਣੇ-ਬਣਾਇਆਂ ਹੀ ਅੱਗੇ ਕਿਤਾਬਾਂ ਜਾਂ ਕਾਪੀਆਂ ਰੱਖ ਕੇ ਯਾਦ ਕਰਨਾ ਤੇ ਓਨਾ ਚਿਰ ਖਹਿੜਾ ਨਹੀਂ ਛੁਟਦਾ ਸੀ ਜਿੰਨਾ ਚਿਰ ਓਹ ਅਧੂਰਾ ਕੰਮ ਪੂਰਾ ਕਰਕੇ ਮਾਸਟਰ ਜੀ ਨੂੰ ਸੁਣਾ ਨਾ ਦੇਣਾ ਬਹੁਤ ਔਖੀ ਸਜਾ ਹੋਇਆ ਕਰਦੀ ਸੀ ਇਹ ਇਸ ਤੋਂ ਵੀ ਔਖਾ ਤੇ ਬਹੁਤ ਜ਼ਿਆਦਾ ਬੇਇੱਜ਼ਤੀ ਵਾਲਾ ਕੰਮ ਹੁੰਦਾ ਸੀ ਕਿ ਕਲਾਸ ਦੇ ਵਿਚੋਂ ਹੀ ਕਿਸੇ ਹੋਰ ਹੁਸ਼ਿਆਰ ਪਿੰਡ ਦੇ ਮੁੰਡੇ ਜਾਂ ਹੁਸ਼ਿਆਰ ਲੜਕੀ ਨੇ ਸਜ਼ਾ ਦੇਣੀ ਮਤਲਬ ਖੜੇ੍ਹ ਕਰਕੇ ਹੱਥਾਂ ’ਤੇ ਡੰਡੇ ਵੱਜਿਆ ਕਰਦੇ ਸਨ।

ਪਰ ਉਹ ਸਮੇਂ ਬਹੁਤ ਚੰਗੇ ਸਨ ਕੋਈ ਵੀ ਕਿਸੇ ਦਾ ਗੁੱਸਾ ਨਹੀਂ ਕਰਦਾ ਸੀ ਕੋਈ ਕਿਸੇ ਨੂੰ ਹੂਟ ਭਾਵ ਮਖੌਲ ਨਹੀਂ ਕੀਤਾ ਜਾਂਦਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਸਕੂਲ ਵਿਖੇ ਇੱਕ ਮਾਸਟਰ ਜੀ ਡਰੰਕ ਵਿਚ ਅਲੱਗ-ਅਲੱਗ ਕਿਸਮ ਦੀ ਨਿੱਬ ਪਾ ਕੇ ਹਿੰਦੀ ਪੰਜਾਬੀ ਦੀਆਂ ਕਾਪੀਆਂ ਦਾ ਕੰਮ ਚੈੱਕ ਕਰਦੇ ਸਨ ਤੇ ਜੇਕਰ ਕਿਤੇ ਕੋਈ ਗਲਤੀ ਹੋਣੀ ਤਾਂ ਢਿੱਡ ਵਿੱਚ ਡਰੰਕ ਦੀ ਡੰਡੀ ਹੀ ਚੁਭੋ ਦਿਆ ਕਰਦੇ ਸਨ ਪਰ ਉਦੋਂ ਸਮੇਂ ਬਹੁਤ ਹੀ ਚੰਗੇ ਹੋਇਆ ਕਰਦੇ ਸਨ ਕੋਈ ਵੀ ਪਰਿਵਾਰਕ ਮੈਂਬਰ ਕਦੇ ਵੀ ਸਕੂਲ ਵਿੱਚ ਆ ਕੇ ਉਲਾਂਭਾ ਨਹੀਂ ਦਿਆ ਕਰਦਾ ਸੀ ਸਗੋਂ ਇਹ ਕਹਿਣਾ ਕਿ ਮਾਸਟਰ ਜੀ ਇਹਦੀ ਚਮੜੀ ਉਧੇੜ ਦਿਓ ਪਰ ਇਹਨੂੰ ਬੰਦਾ ਬਣਾ ਦੇਣਾ     ਘਰ ’ਚੋਂ ਦਸੀ, ਚੁਆਨੀ, ਅਠਿਆਨੀ ਖ਼ਰਚਣ ਲਈ ਮਿਲਦੀ ਸੀ ਉਨ੍ਹਾਂ ਸਮਿਆਂ ਵਿੱਚ ਇਹ ਚੁਆਨੀ-ਅਠਿਆਨੀ ਹੀ ਬਹੁਤ ਹੋਇਆ ਕਰਦੀ ਸੀ ਕਾਗਜ਼ ਦਾ ਇੱਕ ਰੁਪੱਈਆ ਤਾਂ ਕਿਸੇ ਤਕੜੇ ਘਰ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲੇ ਘਰਾਂ ਦੇ ਬੱਚਿਆਂ ਨੂੰ ਮਿਲਦਾ ਸੀ ਤੇ ਆਮ ਬੱਚੇ ਉਸ ਅਮੀਰ ਪਰਿਵਾਰ ਦੇ ਬੱਚੇ ਵੱਲ ਨੀਝ ਨਾਲ ਵੇਖਿਆ ਕਰਦੇ ਸਨ ਕਿ ਇਹਦੇ ਮਾਪੇ ਘਰੋਂ ਅਮੀਰ ਹਨ ਇਸੇ ਲਈ ਹੀ ਇਸ ਨੂੰ ਖਰਚਣ ਲਈ ਇੱਕ ਰੁਪੱਈਆ ਮਿਲਿਆ ਹੈ ਪਰ ਕੋਈ ਈਰਖਾ ਜਾਂ ਸਾੜਾ ਨਹੀਂ ਕਰਦਾ ਸੀ।

ਕਦੇ-ਕਦੇ ਮਾਸਟਰ ਜੀ ਹੋਰਾਂ ਨੇ ਖੇਤਾਂ ਵਿਚੋਂ ਸਾਗ ਮੂਲੀਆਂ ਪਾਲਕ ਵੀ ਲੈਣ ਭੇਜ ਦੇਣਾ ਸਕੂਲਾਂ ਵਿੱਚ ਚਪੜਾਸੀ ਦੀ ਪੋਸਟ ਵੀ ਘੱਟ ਈ ਹੁੰਦੀ ਸੀ ਮਾਸਟਰਾਂ ਤੇ ਮੈਡਮਾਂ ਭਾਵ ਭੈਣਜੀਆਂ ਨੂੰ ਪਾਣੀ ਤੇ ਚਾਹ ਦੀ ਸੇਵਾ ਵੀ ਬੱਚੇ ਹੀ ਕਰਦੇ ਸਨ ਸਕੂਲਾਂ ਦੇ ਵਿੱਚ ਚਾਹ ਘੱਟ ਹੀ ਬਣਿਆ ਕਰਦੀ ਸੀ ਭਾਵ ਸਰਪੰਚ ਦੇ ਘਰੋਂ ਜਾਂ ਫਿਰ ਜੋ ਵੀ ਕੋਈ ਸਰਦਾ-ਪੁੱਜਦਾ ਘਰ ਸਕੂਲ ਦੇ ਨੇੜੇ ਹੁੰਦਾ ਸੀ ਉਸੇ ਘਰੋਂ ਹੀ ਬੱਚੇ ਹੀ ਜਾ ਕੇ ਲੈ ਆਉਂਦੇ ਸਨ।

ਸਮੇਂ-ਸਮੇਂ ਦੀ ਗੱਲ ਹੈ ਹੁਣ ਬਦਲੇ ਹਾਲਾਤਾਂ ਵਿੱਚ ਨਾ ਤਾਂ ਕੋਈ ਮਾਸਟਰ ਕਿਸੇ ਬੱਚੇ ਤੋਂ ਪਾਣੀ-ਚਾਹ ਮੰਗਦਾ ਹੀ ਹੈ ਤੇ ਨਾ ਹੀ ਕੋਈ ਬੱਚਾ ਪਿਆਉਂਦਾ ਹੀ ਹੈ ਕਿਸੇ ਬੱਚੇ ਨੂੰ ਝਿੜਕਣਾ ਆਪਣੇ-ਆਪ ਆਫਤ ਮੁੱਲ ਲੈਣ ਵਾਲੀ ਗੱਲ ਹੈ ਜੇਕਰ ਕੋਈ ਮਾਸਟਰ ਗਲਤੀ ਨਾਲ ਕਿਸੇ ਬੱਚੇ ਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ ਬਦਲੀ ਦੀ ਤਿਆਰੀ ਜਾਂ ਫਿਰ ਮਾਸਟਰ ਜੀ ਨੂੰ ਰਾਹੇ-ਬਗਾਹੇ ਕੁੱਟ ਦਿੱਤਾ ਜਾਂਦਾ ਹੈ ਇਸ ਕਰਕੇ ਮਾਸਟਰ ਵੀ ਬਹੁਤ ਸਿਆਣੇ ਹੋ ਗਏ ਹਨ ਕੋਈ ਪਾਸ ਹੋਏ ਜਾਂ ਫੇਲ੍ਹ ਉਨ੍ਹਾਂ ਦਾ ਕੋਈ ਮਤਲਬ ਨਹੀਂ ਕੋਈ ਵਿਰਲਾ ਬੱਚਾ ਹੀ ਮਾਸਟਰਾਂ ਜਾਂ ਮੈਡਮਾਂ ਦਾ ਇੱਜਤ-ਮਾਣ ਕਰਦਾ ਹੈ ਉਹ ਗੱਲ ਅਲਹਿਦਾ ਹੈ ਕਿ ਕਦੇ ਵੀ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਪਰ ਬਹੁਤ ਘੱਟ ਐਸੇ ਬੱਚੇ ਹਨ ਜੋ ਅੱਜ ਵੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ।

ਪਹਿਲੇ ਸਮਿਆਂ ਵਿੱਚ ਬਹੁਤ ਹੀ ਇੱਜਤ-ਮਾਣ ਸਤਿਕਾਰ ਮਿਲਿਆ ਕਰਦਾ ਸੀ ਅਧਿਆਪਕਾਂ ਨੂੰ ਬੱਸ ਗੱਲ ਤਾਂ ਸਮੇਂ ਸਮੇਂ ਦੀ ਹੁੰਦੀ ਹੈ ਆਮ ਕਹਾਵਤ ਵੀ ਹੈ ਕਿ ਉਹਨਾਂ ਸਮਿਆਂ ਦੀਆਂ ਦਸ ਜਮਾਤਾਂ ਤੇ ਅਜੋਕੀ ਬੀ ਏ ਇੱਕ ਬਰਾਬਰ ਹੀ ਹਨ ਬੇਸ਼ੱਕ ਪੈਸੇ ਦਾ ਪਸਾਰਾ ਘੱਟ ਸੀ ਪਰ ਪੜ੍ਹਾਈ ਪੱਖੋਂ, ਖਰਚੇ ਪੱਖੋਂ, ਇੱਜਤ ਮਾਣ ਸਤਿਕਾਰ ਪੱਖੋਂ ਉਹ ਵੇਲ਼ੇ ਹੁਣ ਵਾਲਿਆਂ ਸਮਿਆਂ ਨਾਲੋਂ ਕਈ ਗੁਣਾ ਚੰਗੇ ਸਨ ਤਰੱਕੀ ਹੋਣੀ, ਸਮੇਂ ਮੁਤਾਬਿਕ ਢਲਣਾ ਇਹ ਆਪਣੀ ਫਿਤਰਤ ਹੈ ਇਹ ਢਲਣਾ ਹੀ ਪੈਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਹੋ ਵੀ ਰਹੇ ਹਾਂ ਪਰ ਉਹ ਬੀਤੇ ਸਮੇਂ ਕਦੇ-ਕਦੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ ਇਸੇ ਲਈ ਹੀ ਇਹ ਗੱਲਾਂ ਪਾਠਕਾਂ ਨਾਲ ਕਰਨ ਨੂੰ ਦਿਲ ਕਰ ਆਉਂਦਾ ਹੈ।

ਸ੍ਰੀ ਮੁਕਤਸਰ ਸਾਹਿਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here