ਝੋਨੇ ਦੀ ਫਸਲ ਲਈ ਮੀਂਹ ਲਾਹੇਵੰਦ
ਬਠਿੰਡਾ, (ਸੁਖਜੀਤ ਮਾਨ) ਪਿਛਲੇ 24 ਘੰਟਿਆਂ ‘ਚ ਪੰਜਾਬ ‘ਚ ਕਈ ਥਾਈਂ ਸਾਉਣ ਦਾ ਬੱਦਲ ਵਰ੍ਹਿਆ ਇਸ ਮੀਂਹ ਨਾਲ ਭਾਵੇਂ ਹੀ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੀ ਪਰ ਮਗਰੋਂ ਪੈਦਾ ਹੋਈ ਹੁੰਮਸ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਸਾਉਣੀ ਦੀਆਂ ਫਸਲਾਂ ਲਈ ਇਹ ਮੀਂਹ ਲਾਹੇਵੰਦ ਹੈ ਜਦੋਂਕਿ ਕੁੱਝ ਥਾਈਂ ਨਰਮੇ ‘ਚ ਪਾਣੀ ਖੜ੍ਹਨ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਕਾਰਨ ਨਰਮਾ ਸੁੱਕਣ ਦਾ ਖਤਰਾ ਖੜ੍ਹਾ ਹੋ ਗਿਆ ਹੈ
ਮੌਸਮ ਵਿਭਾਗ ਦੇ ਮੁੱਖ ਦਫ਼ਤਰ ਤੋਂ ਮੀਂਹ ਦੇ ਹਾਸਿਲ ਕੀਤੇ ਵੇਰਵਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਬਠਿੰਡਾ ਜ਼ਿਲ੍ਹੇ ‘ਚ 77 ਐਮਐਮ, ਮਾਨਸਾ ‘ਚ 18.4, ਬਰਨਾਲਾ ‘ਚ 46.4, ਫਰੀਦਕੋਟ ‘ਚ 35 ਐਮਐਮ, ਲੁਧਿਆਣਾ ‘ਚ 5.4, ਪਟਿਆਲਾ ‘ਚ 0.6, ਅੰਮ੍ਰਿਤਸਰ ‘ਚ 12.8 ਐਮਐਮ, ਆਦਮਪੁਰ ‘ਚ 23 ਐਮਐਮ ਅਤੇ ਹਲਵਾਰਾ ‘ਚ 12 ਐਮਐਮ ਮੀਂਹ ਦਰਜ਼ ਕੀਤਾ ਗਿਆ ਹੈ ਮੀਂਹ ਕਾਰਨ ਸ਼ਹਿਰੀ ਖੇਤਰ ਦੀ ਆਬਾਦੀ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣ ਕਰਨਾ ਪਿਆ
ਬਠਿੰਡਾ ‘ਚ ਸੜਕਾਂ ‘ਤੇ ਪਾਣੀ ਖੜ੍ਹਨ ਕਾਰਨ ਨਗਰ ਨਿਗਮ ਦੇ ਅਧਿਕਾਰੀ ਸੜਕਾਂ ‘ਤੇ ਨਿੱਕਲਕੇ ਪਾਣੀ ਨਿਕਾਸੀ ਦੇ ਪ੍ਰਬੰਧਾਂ ‘ਚ ਜੁਟੇ ਵਿਖਾਈ ਦਿੱਤੇ ਮਾਨਸਾ ਸ਼ਹਿਰ ‘ਚ ਕਈ ਥਾਈਂ ਮੀਂਹ ਦਾ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਤੋਂ ਇਲਾਵਾ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲ ਆਈ ਮੌਸਮ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਆਉਣ ਵਾਲੇ ਤਿੰਨ-ਚਾਰ ਦਿਨਾਂ ਤੱਕ ਹੋਰ ਵੀ ਮੀਂਹ ਦੇ ਆਸਾਰ ਬਣੇ ਹੋਏ ਹਨ ਖੇਤੀ ਮਾਹਿਰਾਂ ਦਾ ਤਰਕ ਹੈ ਕਿ ਸਾਉਣੀ ਦੀਆਂ ਫਸਲਾਂ ਲਈ ਮੀਂਹ ਹਾਲ ਦੀ ਘੜੀ ਲਾਹੇਵੰਦ ਹੀ ਹੈ ਜੇਕਰ ਮੀਂਹ ਮਗਰੋਂ ਤੇਜ ਧੁੱਪ ਨਿੱਕਲਦੀ ਹੈ ਤਾਂ ਨਰਮੇ ਨੂੰ ‘ਲੀਫ ਕਾਰਲ’ (ਪੱਤਾ ਮਰੋੜ) ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਕੋਸ਼ਿਸ਼ ਕੀਤੀ ਜਾਵੇ ਕਿ ਨਰਮੇ ‘ਚੋਂ ਪਾਣੀ ਬਾਹਰ ਕੱਢ ਦਿੱਤਾ ਜਾਵੇ
ਚਿੱਟੀ ਮੱਖੀ ਦਾ ਖਤਰਾ ਟਲਿਆ
ਭਾਵੇਂ ਜ਼ਿਆਦਾ ਮੀਂਹ ਪੈਣ ਕਾਰਨ ਨੀਵੇਂ ਖੇਤਾਂ ‘ਚ ਪਾਣੀ ਖੜ੍ਹਨ ਕਾਰਨ ਨਰਮੇ ਨੂੰ ਨੁਕਸਾਨ ਪੁੱਜ ਸਕਦਾ ਹੈ ਪਰ ਇਸ ਮੀਂਹ ਨੇ ਚਿੱਟੀ ਮੱਖੀ ਦਾ ਖਤਰਾ ਖਤਮ ਕਰ ਦਿੱਤਾ ਹੈ ਖੇਤੀ ਮਾਹਿਰਾਂ ਨੇ ਦੱਸਿਆ ਕਿ ਨਰਮੇ ਨੂੰ ਚਿੱਟੀ ਮੱਖੀ ਆਮ ਤੌਰ ‘ਤੇ ਖੁਸ਼ਕ ਮੌਸਮ ‘ਚ ਪੈਂਦੀ ਹੈ ਪਰ ਇਸ ਮੀਂਹ ਨੇ ਖੁਸ਼ਕੀ ਚੁੱਕ ਦਿੱਤੀ ਜਿਸਦੇ ਸਿੱਟੇ ਵਜੋਂ ਚਿੱਟੀ ਮੱਖੀ ਦਾ ਖਤਰਾ ਟਲ ਗਿਆ ਹੈ ਜਿਕਰਯੋਗ ਹੈ ਕਿ ਪਿਛਲੇ ਕੁੱਝ ਵਰ੍ਹਿਆਂ ‘ਚ ਨਰਮੇ ਨੂੰ ਪਈ ਚਿੱਟੀ ਮੱਖੀ ਨੇ ਕਿਸਾਨਾਂ ਦਾ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਕੀਤਾ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ