ਕੀ ਇਸ ਤਰੀਕੇ ਨਾਲ ਪ੍ਰੋਫੈਸ਼ਨਲ ਕੰਮ ਕਰਦੇ ਹਨ ਇਹ ਅਧਿਕਾਰੀ : ਰੰਧਾਵਾ
- ਟਵੀਟ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕੀਤੀ ਮੁੱਖ ਮੰਤਰੀ ਤੋਂ ਮੰਗ, ਰਾਹੁਲ ਗਾਂਧੀ ਤੇ ਨਜਵੋਤ ਸਿੱਧੂ ਨੂੰ ਵੀ ਕੀਤਾ ਟਵੀਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਈ ’ਤੇ ਹੁਣ ਕਾਂਗਰਸ ’ਚ ਅੰਦਰੂਨੀ ਜੰਗ ਛਿੜ ਚੁੱਕੀ ਹੈ ਸਵੇਰ ਹੁੰਦੇ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਨਤਕ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਐਡਵੋਕੇਟ ਜਨਰਲ ਅਤੁਲ ਨੰਦਾ ਫੋਮ ਫੈਕਟਰੀ ਅਨੁਰਾਗ ਅਗਰਵਾਲ ਤੇ ਚੀਫ਼ ਵਿਜੀਲੈਂਸ ਡਾਇਰੈਕਟਰ ਵੀ. ਕੇ. ਨੂੰ ਤੁਰੰਤ ਬਰਖਸਤ ਕਰਨ ਦੀ ਮੰਗ ਕਰ ਦਿੱਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਇਨ੍ਹਾਂ ਤਿੰਨੇ ਅਧਿਕਾਰੀਆਂ ਵੱਲੋਂ ਸੁਮੇਧ ਸੈਣੀ ਦੇ ਮਾਮਲੇ ’ਚ ਕਾਫ਼ੀ ਜ਼ਿਆਦਾ ਪੇਸ਼ੇਵਰ ਸਮਰੱਥਾ ਦਿਖਾਈ ਹੈ ਇਸ ਲਈ ਇਨ੍ਹਾਂ ਤਿੰਨਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਰੰਧਾਵਾ ਨੇ ਟਵੀਟ ਕਰਦਿਆਂ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਹ ਮੰਗ ਕੀਤੀ ਸਗੋਂ ਇਸ ਟਵੀਟ ਰਾਹੀਂ ਉਨ੍ਹਾਂ ਇਹ ਗੱਲ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਤੱਕ ਵੀ ਪਹੁੰਚਾਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਪੰਜਾਬ ’ਚ ਆਖਰਕਾਰ ਕੀ ਹੋ ਰਿਹਾ ਹੈ।
ਰੰਧਾਵਾ ਇਸ ਗੱਲ ਤੋਂ ਨਾਰਾਜ਼ ਹਨ ਕਿ ਸੁਮੇਧ ਸੈਣੀ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਵੱਲੋਂ ਉਸ ਤਰੀਕੇ ਦੀ ਤਿਆਰੀ ਨਹੀਂ ਕੀਤੀ ਗਈ ਜਿਸ ਤਰੀਕੇ ਦੀ ਉਨ੍ਹਾਂ ਨੂੰ ਕਰਨੀ ਚਾਹੀਦੀ ਸੀ ਗ੍ਰਿਫ਼ਤਾਰੀ ਕਰਨ ਤੋਂ ਬਾਅਦ ਜਿਸ ਤਰੀਕੇ ਨਾਲ ਹਾਈਕੋਰਟ ਤੋਂ ਝਾੜ ਪਈ ਹੈ ਉਸ ’ਚ ਪੰਜਾਬ ਸਰਕਾਰ ਤੇ ਕਾਂਗਰਸ ਦੀ ਕਾਫ਼ੀ ਜ਼ਿਆਦਾ ਬੇਇੱਜ਼ਤੀ ਹੋਈ ਹੈ ਇਸ ਲਈ ਸੁਖਜਿੰਦਰ ਰੰਧਾਵਾ ਨੇ ਇਨ੍ਹਾਂ ਅਧਿਕਾਰੀਆਂ ਨੂੰ ਪੇਸ਼ੇਵਰ ਤੌਰ ’ਤੇ ਠੀਕ ਨਹੀਂ ਦੱਸਿਆ ਹੈ।
ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਰਾਤ ਲਗਭਗ 1:30 ਵਜੇ ਰਿਹਾਅ ਕਰ ਦਿੱਤਾ
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਬੁੱਧਵਾਰ ਦੀ ਰਾਤ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਪੜਤਾਲ ’ਚ ਸ਼ਾਮਲ ਹੋਣ ਲਈ ਜਿਵੀਲੈਂਸ ਬਿਊਰੋ ਦੇ ਮੋਹਾਲੀ ਦਫ਼ਤਰ ’ਚ ਪਹੁੰਚੇ ਸਨ। ਹਾਈਕੋਰਟ ਦੇ ਆਦੇਸ਼ ’ਤੇ ਸੁਮੇਧ ਸੈਣੀ ਦੇ ਪਹੁੰਚਣ ਤੋਂ ਬਾਵਜ਼ੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਇਸ ਗੱਲ ਤੋਂ ਖਫ਼ਾ ਹੋ ਕੇ ਹਾਈਕੋਰਟ ਨੇ ਕੱਲ੍ਹ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਦੀ ਕਾਫ਼ੀ ਝਾੜ ਕੀਤੀ ਸੀ ਕਿਉਂਕਿ ਇਨ੍ਹਾਂ ਸਾਰੇ ਮਾਮਲਿਆਂ ’ਚ ਜਿੱਥੇ ਸੁਮੇਧ ਸੈਣੀ ਦੇ ਕੋਲ ਜਮਾਨਤ ਸੀ ਤਾਂ ਓਧਰ ਹਾਈਕੋਰਟ ਵੱਲੋਂ ਆਦੇਸ਼ ਸਨ ਕਿ ਕਿਸੇ ਵੀ ਨਵੇਂ ਜਾਂ ਪੁਰਾਣੇ ਮਾਮਲੇ ’ਚ ਜੇਕਰ ਗ੍ਰਿਫ਼ਤਾਰ ਕੀਤਾ ਜਾਣਾ ਹੈ ਤਾਂ ਘੱਟ ਤੋਂ ਘੱਟ 7 ਦਿਨਾਂ ਦਾ ਨੋਟਿਸ ਦੇਣਾ ਪਵੇਗਾ ਪਰੰਤੂ ਹਾਈਕੋਰਟ ਦੇ ਸਾਰੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਹਾਈਕੋਰਟ ਦੀ ਝਾੜ ਤੋਂ ਬਾਅਦ ਵੀਰਵਾਰ ਰਾਤ ਨੂੰ ਲਗਭਗ 1:30 ਵਜੇ ਸੁਮੇਧ ਸੈਣੀ ਨੂੰ ਵਿਜੀਲੈਂਸ ਬਿਊਰੋ ਨੇ ਰਿਹਾਅ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ