ਨਹੀਂ ਚੱਲੇਗੀ ਨਵਜੋਤ ਸਿੱਧੂ ਦੀ, ਨਿਲਾਮ ਹੋਣੋਂ ਰੁਕੀ ਪਈ ਐ ਸੁਖਬੀਰ ਦੀ ਪਾਣੀ ਵਾਲੀ ਬੱਸ
ਵਿਭਾਗ ਆਪਣੇ ਸਿਰ ‘ਤੇ ਨਹੀਂ ਕਰਨਾ ਚਾਹੁੰਦਾ ਐ ਨਿਲਾਮ, ਏ.ਜੀ. ਤੋਂ ਮੰਗੀ ਸਲਾਹ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪਾਣੀ ਵਾਲੀ ਬੱਸ ਹੁਣ ਨਿਲਾਮ ਹੋਣੀ ਔਖੀ ਹੀ ਨਹੀਂ ਸਗੋਂ ਮੁਸ਼ਕਲ ਵੀ ਹੈ, ਕਿਉਂਕਿ ਇਸ ਪ੍ਰੋਜੈਕਟ ਨੂੰ ਬੰਦ ਕਰਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਹ ਭੁੱਲ ਗਏ ਕਿ ਇਹ ਸਿਰਫ਼ ਸਰਕਾਰੀ ਹੀ ਨਹੀਂ ਸਗੋਂ ਪ੍ਰਾਈਵੇਟ ਹਿੱਸੇਦਾਰੀ ਵਾਲਾ ਪ੍ਰੋਜੈਕਟ ਸੀ। ਜਿਸ ਕਾਰਨ ਇਸ ਪ੍ਰੋਜੈਕਟ ‘ਤੇ ਪੈਸੇ ਲਗਾਉਣ ਵਾਲੀ ਪ੍ਰਾਈਵੇਟ ਕੰਪਨੀ ਇਸ ਦੇ ਅੱਧ ਵਿਚਕਾਰ ਫਸ ਰਹੀ ਹੈ, ਜਿਸ ਕਾਰਨ ਹੀ ਨਵਜੋਤ ਸਿੱਧੂ ਦੇ ਐਲਾਨ ਤੋਂ ਬਾਅਦ 4 ਮਹੀਨੇ ਬੀਤ ਚੁੱਕੇ ਹਨ ਪਰ ਫਿਰ ਵੀ ਪਾਣੀ ਵਾਲੀ ਬੱਸ ਨੂੰ ਅਜੇ ਤੱਕ ਨਿਲਾਮ ਨਹੀਂ ਕੀਤਾ ਜਾ ਸਕਿਆ ਹੈ ਅਤੇ ਇਸ ਸਬੰਧੀ ਕਾਨੂੰਨੀ ਸਲਾਹ ਤੱਕ ਲਈ ਜਾ ਰਹੀਂ ਹੈ।
ਜਾਣਕਾਰੀ ਅਨੁਸਾਰ ਪੰਜਾਬ ਅਕਾਲੀ-ਭਾਜਪਾ ਸਰਕਾਰ ਦੌਰਾਨ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 13 ਦਸੰਬਰ 2016 ਨੂੰ ਤਰਨਤਾਰਨ ਦੇ ਹਰੀਕੇ ਪੱਤਣ ਵਿਖੇ ਪਾਣੀ ਵਾਲੀ ਬੱਸ ਦਾ ਉਦਘਾਟਨ ਕਰ ਦਿੱਤਾ ਸੀ। ਇਸ ਪ੍ਰੋਜੈਕਟ ਨੂੰ ਚਲਾਉਣ ਤੋਂ ਬਾਅਦ ਸੁਖਬੀਰ ਬਾਦਲ ਸੱਤਾ ਵਿੱਚੋਂ ਬਾਹਰ ਹੋ ਗਏ ਅਤੇ ਸੈਰ ਸਪਾਟਾ ਵਿਭਾਗ ਨਵਜੋਤ ਸਿੱਧੂ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ।
ਲਗਭਗ 8 ਕਰੋੜ ਰੁਪਏ ਖ਼ਰਚ ਨਾਲ ਸ਼ੁਰੂ ਹੋਏ ਇਸ ਪਾਣੀ ਵਾਲੀ ਬੱਸ ਦੇ ਪ੍ਰੋਜੈਕਟ ਨੂੰ ਨਵਜੋਤ ਸਿੱਧੂ ਨੇ 5 ਜੁਲਾਈ 2018 ਨੂੰ ਬੰਦ ਕਰਨ ਦਾ ਐਲਾਨ ਕਰਦੇ ਹੋਏ ਪਾਣੀ ਵਾਲੀ ਬੱਸ ਨੂੰ ਨਿਲਾਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਆਦੇਸ਼ ਜਾਰੀ ਹੋਇਆ ਨੂੰ 120 ਦਿਨ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਇਸ ਬੱਸ ਨੂੰ ਨਿਲਾਮ ਕਰਨ ਸਬੰਧੀ ਸ਼ੁਰੂਆਤੀ ਪ੍ਰਕਿਰਿਆ ਤੱਕ ਸ਼ੁਰੂ ਨਹੀਂ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਪੀ.ਪੀ.ਪੀ. ਮੋਡ ਵਿੱਚ ਹੋਣ ਕਾਰਨ ਇਸ ਵਿੱਚ ਪ੍ਰਾਈਵੇਟ ਕੰਪਨੀ ਕ੍ਰਿਸ਼ਨਾ ਐਚ.ਓ.ਐਚ.ਓ. ਸਾਲੂਸੰਸ ਵੱਲੋਂ ਪੈਸਾ ਵੀ ਲਾਇਆ ਗਿਆ ਹੈ, ਇਸ ਲਈ ਇਸ ਦੀ ਨਿਲਾਮੀ ਕਰਨੀ ਸੌਖੀ ਨਹੀਂ ਹੋਵੇਗੀ। ਇਸ ਸਾਰੇ ਮਾਮਲੇ ਵਿੱਚ ਕਾਨੂੰਨੀ ਸਲਾਹ ਲੈਣ ਲਈ ਫਾਈਲ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਭੇਜਿਆ ਹੋਇਆ ਹੈ, ਜਿਥੋਂ ਕਿ ਇਹ ਵਾਪਸ ਹੀ ਨਹੀਂ ਆ ਆਈ।
ਪ੍ਰਾਈਵੇਟ ਪੈਸਾ ਲੱਗਣ ਕਾਰਨ ਆ ਰਹੀ ਐ ਦਿੱਕਤ
ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਇੱਕ ਪ੍ਰਾਈਵੇਟ ਕੰਪਨੀ ਨੇ ਵੀ ਆਪਣਾ ਪੈਸਾ ਲਾਇਆ ਸੀ ਅਤੇ ਇਸ ਨੂੰ ਬੰਦ ਕਰਨ ਨਾਲ ਹੀ ਬੱਸ ਨੂੰ ਨਿਲਾਮ ਕਰਨ ਲਈ ਕੋਈ ਕਾਨੂੰਨੀ ਦਿੱਕਤ ਨਾ ਆਏ, ਇਸ ਲਈ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਸਲਾਹ ਮੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਅੜਚਣ ਜ਼ਿਆਦਾ ਹੈ, ਇਸ ਲਈ ਅਜੇ ਇਸ ਬੱਸ ਨੂੰ ਨਿਲਾਮ ਕਰਨ ਜਾਂ ਫਿਰ ਨਾ ਕਰਨ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
- ਕਾਨੂੰਨੀ ਸਲਾਹ ਲਈ ਗਈ ਫਾਈਲ ਨਹੀਂ ਆ ਰਹੀ ਵਾਪਸ, ਕਾਨੂੰਨ ਤੌਰ ‘ਤੇ ਮੁਸ਼ਕਲ
- ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮੋਡ ਰਾਹੀਂ ਪ੍ਰਾਈਵੇਟ ਕੰਪਨੀ ਦਾ ਵੀ ਲੱਗਿਆ ਹੋਇਆ ਐ ਪੈਸਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।