Punjabi Story : ਬਦਲਾਅ (ਕਹਾਣੀ)

Punjabi Story

Punjabi Story: ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾਣ ਲਈ ਇੱਕ ਸੜਕ ਬਣੀ ਹੋਈ ਸੀ। ਦੋਹਾਂ ਪਿੰਡਾਂ ’ਚ ਦੂਰੀ ਲਗਭਗ ਚਾਰ ਕੁ ਕਿਲੋਮੀਟਰ ਸੀ। ਇਸ ਸੜਕ ’ਤੇ ਆਵਾਜਾਈ ਵੱਧ ਹੋਣ ਕਾਰਨ ਤੇ ਕੁੱਝ ਕਿਸਾਨਾਂ ਦੇ ਲਾਲਚ ਕਰਕੇ ਇਸ ਸੜਕ ਦੀ ਹਾਲਤ ਕੁਝ ਥਾਵਾਂ ’ਤੇ ਬਹੁਤ ਮਾੜੀ ਹੋ ਗਈ। ਸੜਕ ਤੋਂ ਲੰਘਣ ਵਾਲੇ ਰਾਹਗੀਰ ਬੜੇ ਪਰੇਸ਼ਾਨ ਹੁੰਦੇ। ਉਹ ਉਨ੍ਹਾਂ ਕਿਸਾਨਾਂ ਨੂੰ ਮੰਦਾ ਬੋਲਦੇ ਜਿਨ੍ਹਾਂ ਨੇ ਸੜਕ ਨਾਲੋਂ ਜ਼ਮੀਨ ਵੱਢ ਰੱਖੀ ਸੀ।

Read Also : Dana Cyclone: ਵਾਹ! ਹੌਸਲਾ ਤੇ ਹਿੰਮਤ, ਆਸ਼ਾ ਵਰਕਰ ਨੇ ਇਸ ਤਰ੍ਹਾਂ ਬਚਾਈ ਚੱਕਰਵਾਤ ’ਚ ਫਸੀਆਂ ਬਜ਼ੁਰਗ ਔਰਤਾਂ ਦੀ ਜਾਨ

ਇਸ ਸੜਕ ’ਤੇ ਕੁੱਝ ਕੁ ਹਿੱਸਾ ਭੋਲਾ ਸਿੰਘ ਕਿਸਾਨ ਦਾ ਵੀ ਪੈਂਦਾ ਸੀ। ਉਸ ਨੇ ਕੁੱਝ ਦਿਨ ਪਹਿਲਾਂ ਸੜਕ ਦੇ ਨਾਲ-ਨਾਲ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ। ਸੜਕ ਦੇ ਨਾਲ ਇੱਕ ਚੰਗੀ ਪਟੜੀ (ਬਰਮ) ਬਣ ਗਈ। ਲੋਕਾਂ ਨੇ ਉਸ ਦੀ ਬਹੁਤ ਪ੍ਰਸੰਸਾ ਕੀਤੀ । ਭੋਲਾ ਸਿੰਘ ਦੀ ਪ੍ਰਸੰਸਾ ਸੁਣ ਕੇ, ਕੁੱਝ ਹੋਰ ਕਿਸਾਨ ਵੀ ਆਪਣੀਆਂ ਜਮੀਨਾਂ ਵਿੱਚੋਂ ਮਿੱਟੀ ਚੁੱਕ ਕੇ ਸੜਕ ਦੇ ਨਾਲ ਪਾਉਣ ਲੱਗੇ। ਕੁੱਝ ਹੀ ਦਿਨਾਂ ਵਿੱਚ ਸੜਕ ਮਜ਼ਬੂਤ ਬਣ ਗਈ। ਕਹਿੰਦੇ ਹਨ ਕਿ ਦਸੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ, ਇਸ ਤਰ੍ਹਾਂ ਹੀ ਇਸ ਸੜਕ ’ਤੇ ਸੁੰਦਰ ਸਿੰਘ ਦੀ ਜ਼ਮੀਨ ਵੀ ਲੱਗਦੀ ਸੀ, ਉਸਨੇ ਆਪਣੀ ਜਮੀਨ ਵਧਾ-ਵਧਾ ਕੇ ਅੱਗੇ ਕਰ ਲਈ। ਹੁਣ ਸਿਰਫ਼ ਸੜਕ ਤੇ ਉਸਦੀ ਜਮੀਨ ਵਿੱਚ ਫੁੱਟ ਕੁ ਦਾ ਹੀ ਫਰਕ ਸੀ। ਆਉਣ-ਜਾਣ ਵਾਲੇ ਸਭ ਪਰੇਸ਼ਾਨ ਹੁੰਦੇ। Punjabi Story

ਇੱਕ ਦਿਨ ਕੁੱਝ ਲੋਕ ਸਾਂਝੀ ਥਾਂ ’ਤੇ ਬੈਠੇ ਗੱਲਾਂ ਕਰ ਰਹੇ ਸਨ ਕਿ ਵਿੱਚੋਂ ਹੀ ਕਿਸੇ ਨੇ ਕਿਹਾ, ‘‘ਯਾਰ ਆ ਸੜਕ ਤਾਂ ਵਧੀਆ ਬਣ ਗਈ। ਹਾਂ ਜੇ ਸੁੰਦਰ ਦਾ ਮੱਥਾ ਠੀਕ ਹੋ ਜੇ।’’
‘‘ ਯਾਰ ਉਹ ਤਾਂ ਅੜੀਅਲ ਬੰਦੈ, ਉਹ ਕਿਸੇ ਦੀ ਮੰਨਦਾ ਨਹੀਂ।’’ ਹੈਪੀ ਬੋਲਿਆ ।
‘‘ਤਾਂ ਹੀ ਤਾਂ ਕੋਈ ਉਸਨੂੰ ਕਹਿੰਦਾ ਨਹੀਂ। ਨਹੀਂ ਤਾਂ ਸਭ ਨੇ ਸੜਕ ਦੇ ਕਿਨਾਰਿਆਂ ’ਤੇ ਮਿੱਟੀ ਪਾ ਦਿੱਤੀ ਹੈ, ਜੇ ਉਹ ਵੀ ਪਾ ਦੇਵੇ ਤਾਂ ਕਿੰਨਾ ਕੁ ਫਰਕ ਪਵੇਗਾ!’’
‘‘ਭਾਈ ਉਸ ਨੂੰ ਕੌਣ ਸਮਝਾਏ, ਜੇ ਸਮਝਾਉਂਦੇ ਹਾਂ ਤਾਂ ਉਹ ਗਲ ਪੈ ਜਾਂਦਾ ਹੈ।’’

Punjabi Story

ਕੁੱਝ ਦਿਨ ਬੀਤੇ ਕਣਕ ਦੀ ਫਸਲ ਬੱਲੀਆਂ ਕੱਢਣ ਲੱਗ ਪਈ। ਸਰਦੀ ਜ਼ੋਰਾਂ ’ਤੇ ਸੀ। ਧੁੰਦ ਵੀ ਕਈ ਵਾਰ ਇੰਨੀ ਪੈਂਦੀ ਕਿ ਹੱਥ ਨੂੰ ਹੱਥ ਦਿਖਾਈ ਨਾ ਦਿੰਦਾ। ਇਸ ਸੜਕ ’ਤੇ ਵਾਹਨ ਚਲਾਉਣ ਵਾਲੇ ਬਹੁਤ ਪਰੇਸ਼ਾਨ ਹੁੰਦੇ। ਕਈ ਵਾਰ ਤਾਂ ਵਾਹਨ ਰੋਕ ਕੇ ਦੂਜੇ ਵਾਹਨ ਨੂੰ ਰਾਹ ਦੇਣਾ ਪੈਂਦਾ ਕਿਉਂਕਿ ਸੜਕ ਕਿਨਾਰੇ ਪਾਈ ਮਿੱਟੀ ਅਜੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੋਈ ਸੀ। ਇਸ ਤਰ੍ਹਾਂ ਕਈ ਵਾਰ ਕਈ ਅਣਜਾਣ ਡਰਾਈਵਰ ਆਪਣਾ ਨੁਕਸਾਨ ਵੀ ਕਰਵਾ ਬੈਠਦੇ।

ਇੱਕ ਦਿਨ ਦੀ ਗੱਲ ਹੈ ਕਿ ਗੁਦਾਮਾਂ ਵਿੱਚੋਂ ਕਣਕ ਢੋਹਣ ਦਾ ਕੰਮ ਟਰੱਕਾਂ ’ਤੇ ਹੋ ਰਿਹਾ ਸੀ। ਸੋ ਅੱਜ ਬਹੁਤ ਸਾਰੇ ਟਰੱਕ ਕਣਕ ਦੀ ਢੋਆ-ਢੁਆਈ ਕਰ ਰਹੇ ਸਨ। ਧੁੰਦ ਵੀ ਬਹੁਤ ਸੀ। ਪਿੰਡ ਦੇ ਕੁੱਝ ਨੌਜਵਾਨ ਆਪਣੇ ਪਿੰਡ ਦੀ ਸਾਂਝੀ ਥਾਂ, ਜੋ ਕਿ ਟੋਭੇ ਉੱਤੇ ਸੀ, ’ਤੇ ਬੈਠੇ ਧੂਣੀ ਸੇਕ ਰਹੇ ਸਨ। ਕੁੱਝ ਸਮੇਂ ਬਾਅਦ ਕੀ ਹੋਇਆ ਕਿ ਇੱਕ ਟਰੱਕ ਦੂਜੇ ਟਰੱਕ ਨੂੰ ਸਾਈਡ ਦੇਣ ਵੇਲੇ ਪਲਟ ਗਿਆ ਪਿੰਡ ਦੇ ਲੋਕ ਭੱਜੇ-ਭੱਜੇ ਜਾਣ ਲੱਗੇ। ਜਿਸ ਕੋਲ ਜੋ ਵੀ ਸਾਧਨ ਸੀ ਉਹ ਲੈ ਕੇ ਪਹੁੰਚ ਗਿਆ। ਟਰੱਕ ਕਣਕ ਦੀਆਂ ਬੋਰੀਆਂ ਦਾ ਭਰਿਆ ਹੋਇਆ ਸੀ। ਸੁੰਦਰ ਨੂੰ ਵੀ ਟਰੱਕ ਦੇ ਪਲਟਣ ਦੀ ਖਬਰ ਕਿਸੇ ਨੇ ਦੇ ਦਿੱਤੀ। ਉਹ ਵੀ ਖੇਤ ਆ ਗਿਆ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, ‘‘ਆਹ ਦੇਖੋ ਭਰਾਵੋ ਮੇਰੀ ਕਿੰਨੀ ਕਣਕ ਖਰਾਬ ਹੋ ਗਈ ਹੈ।’’ ਤੇ ਕੁਝ ਸਮੇਂ ਬਾਅਦ ਟਰੱਕ ਵਾਲੇ ਨੂੰ ਗੁੱਸੇ ਵਿੱਚ ਸੰਬੋਧਨ ਕਰਕੇ ਕਹਿਣ ਲੱਗਾ, ‘‘ਦੇਖ ਕੇ ਚਲਾਉਂਦੇ ਨ੍ਹੀਂ, ਅੱਖਾਂ ਬੰਦ ਹੁੰਦੀਆਂ ਨੇ । ਭਲੇ ਮਾਣਸਾ ਜੇ ਤੈਂ ਸਾਈਡ ਦੇਣੀ ਸੀ ਤਾਂ ਪਿੱਛੇ ਰੋਕ ਲੈਂਦਾ।’’

Punjabi Story

ਟਰੱਕ ਵਾਲਾ ਵੀ ਗੁੱਸੇ ਵਿੱਚ ਆ ਗਿਆ ਤੇ ਕਹਿੰਦਾ, ‘‘ਸਰਦਾਰ ਜੀ ਕੁੱਝ ਤਾਂ ਸ਼ਰਮ ਕਰੋ। ਤੁਸੀਂ ਸਾਰੀ ਸਰਕਾਰੀ ਜ਼ਮੀਨ ਆਪਣੀ ਜਮੀਨ ਵਿਚ ਰਲਾ ਛੱਡੀ ਹੈ, ਟਰੱਕ ਤਾਂ ਪਲਟਣਾ ਹੀ ਸੀ।’’
‘‘ਸਰਕਾਰੀ ਜ਼ਮੀਨ ਤੇਰੀ ਹੈ?’’ ਕਿਸਾਨ ਹੋਰ ਗੁੱਸੇ ਵਿੱਚ ਕੜਕਿਆ। ਸ਼ਰਮ ਦੀ ਗੱਲ ਇਹ ਇਹ ਸੀ ਕਿ ਕੋਈ ਵੀ ਸੱਚ ਨੂੰ ਸੱਚ ਕਹਿਣ ਲਈ ਤਿਆਰ ਨਹੀਂ ਸੀ। ਪਤਾ ਨਹੀਂ ਕਿਉਂ? ਇੱਕ-ਦੋ ਬੰਦੇ ਥੋੜ੍ਹਾ ਦੂਰ ਜਾ ਕੇ ਗੱਲਾਂ ਕਰਨ ਲੱਗੇ ਵਿਚੋਂ ਹੀ ਕਿਸੇ ਨੇ ਕਿਹਾ, ‘‘ਯਾਰ, ਸੁੰਦਰ ਧੱਕਾ ਕਰਦੈ।’’
‘‘ਕਹੇ ਕੌਣ?’’
‘‘ਸਰਪੰਚ ਕਹੇ, ਹੋਰ ਕੌਣ ਕਹੇ।’’

‘‘ਯਾਰ ਵੋਟਾਂ ਦਾ ਟਾਈਮ ਹੈ, ਰਹੀ ਗੱਲ ਕਹਿਣ ਦੀ ਹਰ ਵਿਅਕਤੀ ਡਰਦੈ ਇਹਦੇ ਤੋਂ, ਇਹਦਾ ਲੋਕਾਂ ਵਿੱਚ ਵਿਆਜੂ ਪੈਸਾ ਚੱਲਦੈ। ਇਹ ਵੋਟਾਂ ਤੋੜਨ ਦੀ ਵੀ ਤਾਕਤ ਰੱਖਦੈ।’’
ਇਸ ਤਰ੍ਹਾਂ ਕਾਫੀ ਰੌਲਾ ਚੱਲਦਾ ਰਿਹਾ। ਅਖੀਰ ਟਰੱਕ ਵਾਲੇ ਨੂੰ ਗੇੜੇ ਮਰਨ ਦਾ ਡਰ ਤੇ ਮਾਲਕ ਦੀ ਝਾੜ ਸਤਾਉਣ ਲੱਗੀ। ਉਸਨੇ ਕੁੱਝ ਮੋਹਤਬਰ ਬੰਦਿਆਂ ਅੱਗੇ ਹੱਥ ਜੋੜੇ। ਅਖੀਰ ਟਰੱਕ ਵਾਲੇ ਨੇ ਪੰਜ ਹਜ਼ਾਰ ਰੁਪਏ ਸੁੰਦਰ ਨੂੰ ਦੇ ਦਿੱਤੇ ਅਤੇ ਦੂਜੇ ਟਰੱਕ ਵਿੱਚ ਮਾਲ ਭਰਵਾਉਣ ਲੱਗਾ।

ਸੁੰਦਰ ਇੱਕ ਅੜੀਅਲ ਬੰਦਾ ਸੀ, ਸੋ ਘਰ ਵਿੱਚ ਵੀ ਉਸਦੇ ਅੱਗੇ ਕੋਈ ਬਹੁਤੀ ਗੱਲ ਨਹੀਂ ਸੀ ਕਰਦਾ। ਉਸਦਾ ਲੜਕਾ ਅਮਰ ਸ਼ਹਿਰ ਵਿੱਚ ਪ੍ਰਾਈਵੇਟ ਕੰਮ ਕਰਦਾ ਸੀ। ਸੁੰਦਰ ਦੇ ਇੱਕ ਪੋਤਾ ਤੇ ਇੱਕ ਪੋਤੀ ਸਨ। ਉਸਦਾ ਪੋਤਾ ਹਰਮਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਪੋਤੀ ਨਵਦੀਪ ਵੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਕੁੱਝ ਦਿਨਾਂ ਤੋਂ ਸਕੂਲ ਵਿੱਚ ਸੜਕ ਸੁਰੱਖਿਆ ਦਿਵਸ ਮਨਾਇਆ ਜਾ ਰਿਹਾ ਸੀ। ਸਾਰੇ ਹੀ ਬੱਚੇ ਇਸ ਵਿੱਚ ਭਾਗ ਲੈ ਰਹੇ ਸਨ। ਕਦੇ ਰੈਲੀ ਕੱਢੀ ਜਾਂਦੀ, ਕਦੇ ਕੋਈ ਕੰਪੀਟੀਸ਼ਨ ਹੁੰਦਾ ਕਦੇ ਕੋਈ। ਇਸ ਤਰ੍ਹਾਂ ਬੱਚੇ ਨਵੀਂ ਤੋਂ ਨਵੀਂ ਗੱਲ ਘਰ ਆ ਕੇ ਦੱਸਦੇ। ਹਰਮਨ ਜਮਾਤ ਦਾ ਟੌਪਰ ਵਿਦਿਆਰਥੀ ਹੋਣ ਕਰਕੇ ਇਨ੍ਹਾਂ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ। ਉਸ ਨੂੰ ਆਪਣੇ ਦਾਦੇ ਦੇ ਵਰਤਾਓ ਬਾਰੇ ਚੰਗੀ ਤਰ੍ਹਾਂ ਪਤਾ ਸੀ। ਘਰ ਦੇ ਬਹੁਤੇ ਮੈਂਬਰ ਟਰੱਕ ਵਾਲੇ ਤੋਂ ਪੰਜ ਹਜ਼ਾਰ ਲੈਣ ਵਾਲੀ ਘਟਨਾ ਤੋਂ ਖੁਸ਼ ਨਹੀਂ ਸਨ। ਹਰਮਨ ਵੀ ਅਣਜਾਣ ਨਹੀਂ ਸੀ।

Punjabi Story

ਸ਼ਾਮ ਦਾ ਵੇਲਾ ਸੀ, ਕੋਈ ਚਾਰ ਕੁ ਵਜੇ ਹਰਮਨ ਤੇ ਉਸ ਦੀ ਭੈਣ ਨਵਦੀਪ ਸਕੂਲੋਂ ਆਏ, ਦੋਹਾਂ ਦੇ ਹੱਥਾਂ ਵਿੱਚ ਇਨਾਮ ਵਿੱਚ ਜਿੱਤੇ ਮੈਡਲ ਸਨ। ਦੋਹਾਂ ਦੇ ਚਿਹਰੇ ’ਤੇ ਖੁਸ਼ੀ ਸਪੱਸ਼ਟ ਝਲਕਦੀ ਸੀ। ਦੋਵਾਂ ਭੈਣ-ਭਰਾ ਨੂੰ ਖੁਸ਼ ਦੇਖ ਕੇ ਸੁੰਦਰ ਵੀ ਖੁਸ਼ ਹੋ ਗਿਆ ਉਸਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ, ‘‘ਹਾਂ ਬਈ ਬੱਚਿਓ! ਕੀ ਮਾਅਰਕਾ ਮਾਰਿਆ ਹੈ?’’

‘‘ਦਾਦਾ ਜੀ ਹਰਮਨ ਫਸਟ ਤੇ ਮੈਂ ਥਰਡ ਆਈ ਹਾਂ।’’ ਨਵਦੀਪ ਬੋਲੀ।
‘‘ਕਾਹਦੇ ਵਿੱਚ?’’
‘‘ਦਾਦਾ ਜੀ ਸਕੂਲ ਵਿੱਚ ਸੜਕ ਸੁਰੱਖਿਆ ਦਿਵਸ ਮਨਾਇਆ ਗਿਆ, ਅੱਜ ਉਸਦੇ ਅਧੀਨ ਹੀ ਭਾਸ਼ਣ ਮੁਕਾਬਲੇ ਹੋਏ ਸਨ।’’
‘‘ਫਿਰ ਮੇਰਾ ਸ਼ੇਰ ਪੁੱਤ ਕੀ ਬੋਲਿਆ?’’
‘‘ਦਾਦਾ ਜੀ ਮੈਂ ਸੜਕਾਂ ’ਤੇ ਆਵਾਜਾਈ ਨੂੰ ਕੰਟਰੋਲ ਕਰਨ, ਟਰੈਫਿਕ ਨਿਯਮਾਂ ਦਾ ਪਾਲਣ ਕਰਨ ਤੇ ਲੋਕਾਂ ਵੱਲੋਂ ਸੜਕਾਂ ਦੇ ਕਿਨਾਰੇ ਰੋਕੀ ਗਈ ਜ਼ਮੀਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
‘‘ਫੇਰ?’’ ਸੁੰਦਰ ਦਾ ਚਿਹਰਾ ਪੀਲਾ ਪੈ ਗਿਆ, ਭਾਵੇਂ ਉਸਨੇ ਹਰਮਨ ਨੂੰ ਉਤਲੇ ਮਨੋਂ ਸਵਾਲ ਕਰ ਦਿੱਤਾ ਸੀ ਤਾਂ ਹਰਮਨ ਕਹਿਣ ਲੱਗਾ, ‘‘ਦਾਦਾ ਜੀ, ਮੈਂ ਦੱਸਿਆ ਕਿ ਸਾਨੂੰ ਡਰਾਈਵਿੰਗ ਕਰਦੇ ਵਕਤ ਖੁਦ ਆਦਰਸ਼ ਪੇਸ਼ ਕਰਨਾ ਚਾਹੀਦਾ ਹੈ। ਸਹੀ ਰਫਤਾਰ ’ਤੇ ਗੱਡੀ ਚਲਾਉਣੀ ਅਤੇ ਟਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।’’
‘‘ ਹੋਰ?’’

Punjabi Story

‘‘ਹੋਰ ਇਹ ਬਈ ਜੋ ਲੋਕ ਸੜਕਾਂ ਦੇ ਕਿਨਾਰੇ ਜਮੀਨਾਂ ਰੋਕੀ ਬੈਠੇ ਹਨ। ਉਨ੍ਹਾਂ ਨੂੰ ਇੱਕ ਵਾਰ ਤਾਂ ਪਿਆਰ ਨਾਲ ਤੇ ਬਾਅਦ ਵਿੱਚ ਸਖਤੀ ਨਾਲ ਰੋਕਣਾ ਚਾਹੀਦਾ ਹੈ ਤਾਂ ਕਿ ਸੜਕ ਹਾਦਸੇ ਘੱਟ ਹੋ ਸਕਣ ਤੇ ਕੀਮਤੀ ਜਾਨਾਂ ਐਂਵੇਂ ਨਾ ਜਾਣ।’’
ਸੁੰਦਰ ਦੇ ਗੱਲ ਦਿਲ ਲੱਗ ਗਈ। ਉਸਨੂੰ ਮਨ ਹੀ ਮਨ ਪਛਤਾਵਾ ਹੋਣ ਲੱਗਾ ਕਿ ਜੇਕਰ ਉਹ ਵੀ ਸੜਕ ਦਾ ਕਿਨਾਰਾ ਆਪਣੀ ਜ਼ਮੀਨ ਵਿੱਚ ਨਾ ਰਲਾਉਂਦਾ ਤਾਂ ਸ਼ਾਇਦ ਟਰੱਕ ਨਾ ਪਲਟਦਾ। ਉਸਨੇ ਮਨ ਹੀ ਮਨ ਫੈਸਲਾ ਕੀਤਾ ਕਿ ਉਸ ਗਰੀਬ ਟਰੱਕ ਵਾਲੇ ਦੇ ਪੈਸੇ ਟਰੱਕ ਯੂਨੀਅਨ ਦੇ ਦਫਤਰ ਜਾ ਕੇ ਵਾਪਸ ਕਰਕੇ ਆਵੇਗਾ। ਦੂਸਰੇ ਦਿਨ ਸੁੰਦਰ ਨੇ ਟਰੈਕਟਰ ਸਟਾਰਟ ਕੀਤਾ ਅਤੇ ਟਰਾਲੀ ਪਾ ਕੇ ਬਾਹਰ ਜਾਣ ਲੱਗਾ ਤਾਂ ਉਸ ਦੀ ਘਰ ਵਾਲੀ ਜੀਤੋ ਨੇ ਆਵਾਜ ਮਾਰੀ, ‘‘ਰੋਟੀ ਦਾ ਵੇਲਾ ਹੋਣ ਵਾਲੈ, ਕਿੱਧਰ ਚੱਲੇ ਹੋ?’’
‘‘ਮੈਂ ਤਿਆਰ ਕਰਕੇ ਖੜ੍ਹਾਉਨਾ।’’
‘‘ਅੱਜ ਕੀ ਬਣਾਉਗੇ?’’

‘‘ਮੈਂ ਆਪਣੇ ਮੱਥੇ ਵਾਲੀ ਸੜਕ ਦੇ ਕਿਨਾਰੇ ਮਿੱਟੀ ਪਾ ਕੇ ਹਰਮਨ ਦੇ ਜਿੱਤੇ ਮੈਡਲ ਨੂੰ ਸੱਚਾ ਸਾਬਤ ਕਰਾਂਗਾ।’’ ਜੀਤੋ ਖੁਸ਼ ਸੀ। ਘਰ ਦੇ ਮੁਖੀ ਵਿੱਚ ਹੋਏ ਸੁਧਾਰ ਤੋਂ ਸਾਰਾ ਪਰਿਵਾਰ ਖੁਸ਼ ਸੀ। ਹਰਮਨ ਤੇ ਨਵਦੀਪ ਨੇ ਸਕੂਲ ਜਾਣ ਤੋਂ ਪਹਿਲਾਂ ਖੁਸ਼ੀ ਵਿੱਚ ਦਾਦਾ ਜੀ ਨੂੰ ਹੱਥ ਹਿਲਾ ਕੇ ਬਾਏ-ਬਾਏ ਕਿਹਾ। ਸੁੰਦਰ ਨੇ ਵੀ ਇੰਨ-ਬਿੰਨ ਹੀ ਉਹਨਾਂ ਦਾ ਜਵਾਬ ਦਿੱਤਾ।

ਜਤਿੰਦਰ ਮੋਹਨ, ਪੰਜਾਬੀ ਅਧਿਆਪਕ,
ਸਸਸ ਸਕੂਲ, ਮੱਤੜ, ਸਰਸਾ
ਮੋ. 94630-20766