Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। ਬਾਬੇ ਦੇ ਘਰ ਵਿੱਚ ਉਸ ਦੀ ਪਤਨੀ ਕਰਤਾਰੀ ਤੋਂ ਇਲਾਵਾ ਸੁਰਿੰਦਰ ਤੇ ਮਹਿੰਦਰ ਦੋ ਪੁੱਤਰ ਅਤੇ ਸ਼ਿੰਦੋ-ਮਿੰਧੋ ਦੋ ਧੀਆਂ ਵੀ ਸਨ। ਸਾਰੇ ਹੀ ਬਾਬੇ ਜੈਲੇ ਤੋਂ ਬਹੁਤ ਡਰਦੇ ਸਨ। ਹਰ ਕੰਮ ਕਰਨ ਤੋਂ ਪਹਿਲੇ ਉਸ ਦੀ ਸਲਾਹ ਲਈ ਜਾਂਦੀ ਸੀ। ਉਸ ਦੇ ਹੁਕਮ ਬਗੈਰ ਪੱਤਾ ਵੀ ਨਹੀ ਸੀ ਹਿਲਦਾ, ਘਰ ਵਿੱਚ।
ਸਮਾਂ ਪਾ ਕੇ ਸਾਰੇ ਧੀਆਂ-ਪੁੱਤਰ ਵਿਆਹੇ ਗਏ। ਧੀਆਂ ਆਪਣੇ ਘਰੋ-ਘਰੀਂ ਬਹੁਤ ਸੁਖੀ ਸਨ।ਦੂਜੇ ਪਾਸੇ ਉਨ੍ਹਾਂ ਦੀਆਂ ਭਰਜਾਈਆਂ ਨੇ ਆਣ ਕੇ ਉਨ੍ਹਾਂ ਦੀ ਜਗ੍ਹਾ ਮੱਲ ਲਈ ਸੀ। ਉਂਜ ਵੀ ਉਹ ਆਪੋ-ਆਪਣੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਵਿੱਚ ਮਸਤ ਹੋ ਗਈਆਂ ਸਨ, ਜਿਸ ਕਰਕੇ ਪੇਕੇ ਘਰ ਆਉਣਾ-ਜਾਣਾ ਹੌਲੀ-ਹੌਲੀ ਕਾਫੀ ਘਟ ਗਿਆ ਸੀ, ਉਨ੍ਹਾਂ ਦਾ।
Punjabi Story
ਜਿਉਂ-ਜਿਉਂ ਬਾਬੇ ਜੈਲੇ ਦੀ ਉਮਰ ਵਡੇਰੀ ਹੁੰਦੀ ਗਈ, ਤਿਓਂਂ-ਤਿਓਂ ਬਾਬੇ ਦੁਆਰਾ ਬਣਾਈ ਹਵੇਲੀ ਦੀਆਂ ਕੰਧਾਂ ਵੀ ਮੈਲੀਆਂ ਹੁੰਦੀਆਂ ਗਈਆਂ। ਜਦ ਪੁੱਤਰਾਂ ਨੂੰ ਵੀ ਬਜ਼ੁਰਗ ਦੀ ਸੇਵਾ ਕਰਨਾ ਬੋਝ ਜਾਪਣ ਲੱਗਾ ਅਤੇ ਉਹ ਆਪਣੀ ਮਰਜ਼ੀ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਕਈ ਬਾਰ ਇੰਝ ਜਾਪਣ ਲੱਗ ਜਾਂਦਾ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਨੂੰ ਵੀ ਜੰਗ ਲੱਗਣ ਲੱਗ ਪਈ ਹੋਵੇ। ਘਰ ਵਿੱਚ ਨਿੱਕੀ-ਨਿੱਕੀ ਗੱਲ ਪਿੱਛੇ ਪੁੱਤਰਾਂ ਵਿੱਚ ਆਪਸੀ ਲੜਾਈ-ਝਗੜੇ ਹੋਣ ਲੱਗ ਪਏ।
ਇਸ ਤਰ੍ਹਾਂ ਦੇ ਦੁੱਖਾਂ ਨੂੰ ਨਾ ਸਹਾਰਦੀ ਹੋਈ ਇੱਕ ਦਿਨ ਬਾਬੇ ਜੈਲੇ ਦੀ ਪਤਨੀ ਕਰਤਾਰੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਕਰਤਾਰੀ ਦੇ ਜਾਣ ਪਿੱਛੋਂ ਤਾਂ ਬਾਬਾ ਜੈਲਦਾਰ ਜਿਵੇਂ ਇਕੱਲਾਪਣ ਮਹਿਸੂਸ ਕਰਦਾ ਟੁੱਟ ਕੇ ਹੀ ਰਹਿ ਗਿਆ ਸੀ। ਉਹ ਦੀਵਾਰਾਂ ‘ਤੇ ਟੰਗੀਆਂ ਜਵਾਨੀ ਪਹਿਰੇ ਦੀਆਂ ਕਦੀ ਆਪਣੀਆਂ ਤਸਵੀਰਾਂ ਦੇਖਦਾ ਅਤੇ ਕਦੀ ਕਰਤਾਰੀ ਦੀਆਂ। ਦੇਖਦੇ-ਹੀ-ਦੇਖਦੇ ਉਸ ਦੀਆਂ ਅੱਖਾਂ ਡੁੱਲਣ ਲੱਗ ਪੈਂਦੀਆਂ। Punjabi Story
ਜਦ ਕੋਈ ਵੀ ਦਿਲਾਸਾ ਦੇ ਕੇ ਚੁੱਪ ਨਾ ਕਰਵਾਉਂਦਾ ਤਾਂ ਫਿਰ ਖੁਦ ਹੀ ਉਹ ਮਨ ਨੂੰ ਸਮਝਾ ਲੈਂਦਾ, ‘ਬਥੇਰੀ ਜੈਲਦਾਰੀ ਕਰ ਲਈ ਐ, ਭਲਿਆ ਲੋਕਾ ! ਹੁਣ ਕਿਸੇ ਹੋਰ ਨੇ ਵੀ ਤਾਂ ਜੈਲਦਾਰ ਬਣਨਾ ਹੈ, ਘਰ ਵਿੱਚ ! ਚੁੱਪ ਕਰ ਜਾ ਕਮਲਿਆ, ਕਿਸੇ ਨੇ ਚੁੱਪ ਕਰਵਾਉਣ ਨਹੀਂ ਆਉਣਾ ਤੈਨੂੰ!’
ਉਪਰੋਂ ਸਾਉਣ ਮਹੀਨੇ ਦੀ ਝੜੀ ਲੱਗੀ ਹੋਈ ਸੀ ਅਤੇ ਇੱਧਰ ਬਾਬਾ ਜੀ ਹੋਰੀਂ ਪਿਛਲੀਆਂ ਯਾਦਾਂ ‘ਚ ਗੁਆਚੇ ਹੋਏ ਸਾਉਣ ਦੀ ਝੜੀ ਤੋਂ ਵੀ ਵਧ ਕੇ ਹੰਝੂਆਂ ਦੀ ਝੜੀ ਲਾਈ ਬੈਠੇ ਸਨ। ਅਚਾਨਕ ਹੀ ਹਵੇਲੀ ਦੇ ਅੰਦਰ ਕਿਸੇ ਭਾਰੀ ਖੜਕੇ ਦੀ ਆਈ ਅਵਾਜ਼ ਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
Punjabi Story
ਉਸ ਨੇ ਧੀਮੀ ਜਿਹੀ ਅਵਾਜ ਵਿੱਚ ਬੋਲਦੇ ਹੋਏ ਪੁੱਛਿਆ, ‘ਕੀ ਗੱਲ ਹੋ ਗਈ ਪੁੱਤਰ ਸੁਰਿੰਦਰ ?’ ਅੱਗੋਂ ਪੁੱਤਰ ਦਾ ਗੁੱਸੇ ਭਰਿਆ ਜਵਾਬ ਸੀ, ‘ਇਸ ਹਵੇਲੀ ਦੇ ਦੋ ਹਿੱਸੇ ਕਰ ਦਿਉ, ਬਾਪੂ! ਸਾਡੇ ਤੋਂ ਨਹੀਂ ਨਿੱਤ-ਨਿੱਤ ਕਲੇਸ਼ ਝੱਲਿਆ ਜਾਣਾ।’ ਸੁਣ ਕੇ ਬਾਬੇ ਜੈਲਦਾਰ ਦੀਆਂ ਅੱਖਾਂ ਹੋਰ ਵੀ ਮੋਹਲੇਧਾਰ ਵਗ ਤੁਰੀਆਂ। ਉਹ ਕੰਬਦੀ ਅਵਾਜ਼ ਵਿੱਚ ਬੋਲਿਆ, ‘ਪੁੱਤਰ! ਬੜੀ ਮਿਹਨਤ ਨਾਲ ਤੀਲਾ-ਤੀਲਾ ਜੋੜ ਕੇ ਬਣਾਈ ਸੀ ਇਹ ਹਵੇਲੀ, ਤੁਹਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਖਾਤਰ। ਰੱਬ ਦੇ ਵਾਸਤੇ ਹਿੱਸੇ ਨਾ ਪਾਵੋ ਇਸ ਹਵੇਲੀ ਦੇ! ਕੱਠੇ ਰਲ਼-ਮਿਲ ਕੇ ਹੀ ਰਵੋ। ‘ਕੱਠਿਆਂ ਵਰਗੀ ਰੀਸ ਨਹੀਂ ਹੁੰਦੀ ਪੁੱਤਰੋ!’
ਪਰ, ਬੱਚਿਆਂ ਦੀ ਜਿਦ ਮੂਹਰੇ ਬਾਬੇ ਜੈਲਦਾਰ ਜੀ ਦੀ ਜਰਾ ਵੀ ਪੇਸ਼ ਨਾ ਗਈ ਅਤੇ ਸੁਰਿੰਦਰ ਤੇ ਮਹਿੰਦਰ ਦੋਵਾਂ ਭਰਾਵਾਂ ਨੇ ਅੱਡ-ਅੱਡ ਹੋਣ ਦਾ ਆਪਣਾ ਅਟੱਲ ਫੈਸਲਾ ਆਖਰ ਸੁਣਾ ਹੀ ਦਿੱਤਾ। ਪੰਚਾਇਤ ਬੁਲਾ ਲਈ ਗਈ। ਹਿੱਸੇ ਪੈਣੇ ਸ਼ੁਰੂ ਹੋ ਗਏ।
Punjabi Story
ਸਮਝ ਨਹੀਂ ਸੀ ਆ ਰਹੀ ਕਿ ਬਾਬੇ ਜੈਲਦਾਰ ਨੂੰ ਕਿਸ ਦੇ ਹਿੱਸੇ ਵਿੱਚ ਪਾਇਆ ਜਾਵੇ। ਆਖਿਰ ਇਹ ਫੈਸਲਾ ਹੋਇਆ ਕਿ ਬਾਬੇ ਜੈਲਦਾਰ ਨੂੰ ਮਹੀਨਾ-ਮਹੀਨਾ ਦੋਵੇਂ ਪੁੱਤਰ ਆਪੋ-ਆਪਣੇ ਘਰ ਰੋਟੀ ਖਵਾਉਣਗੇ। ਇਸ ਤੋਂ ਅਗਲਾ ਪੇਚੀਦਾ ਫੈਸਲਾ ਸੀ ਕਿ ਹਵੇਲੀ ਦਾ ਕਿਹੜਾ ਕਮਰਾ ਬਾਬੇ ਦੇ ਹਿੱਸੇ ਵਿੱਚ ਪਾਇਆ ਜਾਵੇ, ਕਿਉਂਕਿ ਦੋਵਾਂ ਭਰਾਵਾਂ ਨੇ ਕਮਰੇ ਬਰਾਬਰ ਵੰਡ ਲਏ ਸਨ ਅਤੇ ਕੋਈ ਵੀ ਆਪਣਾ ਕਮਰਾ ਬਾਬੇ ਜੈਲਦਾਰ ਨੂੰ ਦੇਣ ਨੂੰ ਤਿਆਰ ਨਹੀਂ ਸੀ ਹੋ ਰਿਹਾ।
ਦੋਵੇਂ ਭਰਾ ਆਪੋ-ਆਪਣੇ ਬੱਚਿਆਂ ਲਈ ਵੱਖ-ਵੱਖ ਕਮਰਿਆਂ ਵਿੱਚ ਬਹਿ ਕੇ ਪੜ੍ਹਨ ਅਤੇ ਸੌਣ ਦੇ ਵੰਡੇ ਪਾਈ ਬੈਠੇ ਸਨ। ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਕਮਰਿਆਂ ਵਿੱਚ ਬਾਬੇ ਦਾ ਮੰਜਾ ਡਾਹ ਕੇ ਦੇਣ ਨੂੰ ਕੋਈ ਵੀ ਸਹਿਮਤ ਨਹੀਂ ਸੀ ਹੋ ਰਿਹਾ।ਦੋਵੇਂ ਹੀ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਣ ਨੂੰ ਬੁਰਾ ਮਹਿਸੂਸ ਕਰ ਰਹੇ ਸਨ। ਅਸਲ ਵਿੱਚ ਉਨ੍ਹਾਂ ਨੂੰ ਆਪੋ-ਆਪਣੇ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਨਹੀਂ ਸੀ, ਪੜ੍ਹਾਈ ਵਿੱਚ ਤਾਂ ਉਹ ਮਹਾਂ-ਨਲਾਇਕਾਂ ਦੇ ਵੀ ਬਾਪ ਸਨ, ਉਨ੍ਹਾਂ ਨੂੰ ਚਿੰਤਾ ਸੀ ਤਾਂ ਸਿਰਫ਼ ਇਸ ਗੱਲ ਦੀ ਕਿ ਉਨ੍ਹਾਂ ਦੇ ਬੱਚਿਆਂ ਨੇ ਟੀ.ਵੀ. ਉੱਤੇ ਫਿਲਮਾਂ ਅਤੇ ਸੀਰੀਅਲ ਕੋਈ ਨਹੀਂ ਸੀ ਛੱਡਣਾ ਹੁੰਦਾ, ਜਦ ਕਿ ਬਾਬੇ ਹੋਰੀਂ ਉਨ੍ਹਾਂ ਨੂੰ ਪੜ੍ਹ ਲਓ, ਪੜ੍ਹ ਲਓ ਦਾ ਰੱਟਾ ਲਾਈ ਰੱਖਦੇ ਸਨ।
Punjabi Story
ਜਦ ਬਾਬਾ ਜੈਲਦਾਰ ਦੇ ਹਿੱਸੇ ਕੋਈ ਵੀ ਕਮਰਾ ਨਾ ਆਇਆ ਤਾਂ ਉਹ ਰੌਲੇ-ਰੱਪੇ ਵਿੱਚੋਂ ਉੱਠ ਕੇ ਨੰਗੇ ਪੈਰੀਂ ਬਾਹਰ ਨੂੰ ਚੱਲ ਪਿਆ ਤੇ ਕਹਿਣ ਲੱਗਿਆ, ‘ਪੁੱਤਰੋ! ਤੁਸੀਂ ਹਵੇਲੀ ਦੇ ਟੁਕੜੇ ਨਹੀਂ ਕਰਨ ਲੱਗੇ, ਸਗੋਂ ਮੇਰੇ ਦਿਲ ਦੇ ਟੁਕੜੇ ਕਰਨ ਲੱਗੇ ਹੋ।
ਉਹ ਬਾਹਰ ਪਿੱਪਲ ਹੇਠਾਂ ਤਾਸ਼ ਖੇਡਦਿਆਂ ਕੋਲ ਜਾ ਬੈਠਿਆ ਅਤੇ ਤੀਹ ਸਾਲਾਂ ਦੀਆਂ ਬੀਤੀਆਂ ਯਾਦਾਂ ਵਿੱਚ ਗੁਆਚ ਗਿਆ। ਕਿਵੇਂ ਕਰਜ਼ਾ ਚੁੱਕ-ਚੁੱਕ ਕੇ ਉਨ੍ਹਾਂ ਨੇ ਹਵੇਲੀ ਬਣਾਈ ਸੀ। ਉਸ ਦੀ ਕਰਤਾਰੀ ਅਤੇ ਖੁਦ ਉਸ ਨੇ ਕਿਵੇਂ ਸਿਰ ‘ਤੇ ਮਿੱਟੀ, ਗਾਰਾ ਤੇ ਸੀਮਿੰਟ ਢੋਂਦਿਆਂ ਨੇ ਦੋ ਮੰਜਲਾ ਬਣਾਈ ਸੀ, ਹਵੇਲੀ।ਪਿੰਡ ਤਾਂ ਕੀ, ਪੂਰਾ ਇਲਾਕਾ ਦੇਖਣ ਆਇਆ ਕਰਦਾ ਸੀ, ਇਸ ਹਵੇਲੀ ਨੂੰ।
Read Also : Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)
ਬਾਬਾ ਜੈਲਦਾਰ ਆਪਣੀਆਂ ਇਨ੍ਹਾਂ ਹੱਡ-ਬੀਤੀਆਂ ਵਿੱਚ ਗੁਆਚਿਆ ਹੋਇਆ ਸੀ ਕਿ ਇਨੇ ਨੂੰ ਪਿੱਪਲ ਹੇਠਾਂ ਖੇਡਦਾ ਉਸ ਦਾ ਪੋਤਰਾ ਟਿੱਕੂ ਉਸ ਦੀ ਗੋਦੀ ਵਿੱਚ ਆ ਬੈਠਾ। ਬਸ ਬਾਬਾ ਜੀ ਹੋਰੀਂ ਪੋਤਰੇ ਦੇ ਮੋਹ-ਪਿਆਰ ਵਿੱਚ ਪੋਤਰੇ ਨਾਲ ਹੀ ਤੋਤਲੀਆਂ-ਤੋਤਲੀਆਂ ਮਾਰਨ ਲੱਗ ਪਏ। ਘੰਟੇ ਕੁ ਬਾਦ ਪੋਤਰੇ ਨੇ ਉਂਗਲ ਫੜੀ ਤੇ ਬਾਬਾ ਜੀ ਹੋਰਾਂ ਨੂੰ ਘਰ ਨੂੰ ਲੈ ਤੁਰਿਆ।
Punjabi Story
ਜਦ ਬਾਬਾ ਜੀ ਘਰ ਵਾਪਸ ਆਇਆ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਮੰਜਾ ਹਵੇਲੀ ਦੇ ਬਾਹਰ ਟਾਹਲੀ ਦੇ ਦਰੱਖਤ ਹੇਠਾਂ ਡਾਹਿਆ ਪਿਆ ਸੀ। ਬਾਬਾ ਮੰਜੇ ‘ਤੇ ਬੈਠਦੇ ਹੋਏ ਹੌਕਾ ਜਿਹਾ ਭਰ ਕੇ ਕਹਿਣ ਲੱਗਿਆ, ‘ਪੁੱਤਰੋ, ਮੇਰੇ ਹਿੱਸੇ ਟਾਹਲੀ ਦੀ ਛਾਂ ਆਈ ਹੈ। ਸ਼ਰਮਿੰਦੇ ਹੋਏ ਵੱਡੇ ਪੁੱਤਰ ਸੁਰਿੰਦਰ ਨੇ ਅੰਦਰੋਂ ਧੀਮੀ ਜਿਹੀ ਅਵਾਜ਼ ਵਿੱਚ ਕਿਹਾ, ‘ਨਹੀਂ ਬਾਪੂ ਜੀ, ਦਿਨੇ ਤੁਸੀਂ ਟਾਹਲੀ ਦੀ ਛਾਂ ਥੱਲੇ ਬੈਠ ਜਾਇਆ ਕਰੋ ਤੇ ਸ਼ਾਮਾਂ ਨੂੰ ਜਾਂ ਮੀਂਹ-ਕਣੀ ਸਮੇਂ ਮੰਜਾ ਗੈਲਰੀ ਵਿੱਚ ਡਾਹ ਦਿਆ ਕਰਾਂਗੇ।
ਨਾਲੇ ਗੈਲਰੀ ਤਾਂ ਸਭ ਦੀ ਸਾਂਝੀ ਹੈ, ਤੁਹਾਨੂੰ ਕੋਈ ਨਹੀਂ ਰੋਕ ਸਕਦਾ ਉਥੋਂ, ਮਾਈ ਦਾ ਲਾਲ ! ਸਿਆਣਾ ਤਾਂ ਘਰ ਦਾ ਰਖਵਾਲਾ ਹੁੰਦਾ। ਆਉਣ-ਜਾਣ ਵਾਲਿਆਂ ਨੂੰ ਵੀ ਮੂਹਰੇ ਬੈਠਾ ਦੇਖ ਕੇ ਭੈਅ ਜਿਹਾ ਬਣਿਆ ਰਹਿੰਦਾ। ਵੈਸੇ ਵੀ, ਹਰਜ ਵੀ ਕਿਸ ਗੱਲ ਦਾ ਹੈ, ਬਾਪੂ ਜੀ।’
ਪੁੱਤਰਾਂ ਦੀਆਂ ਸੁਣ ਕੇ ਬਾਬੇ ਜੈਲਦਾਰ ਨੂੰ ਇੰਜ ਮਹਿਸੂਸ ਹੋਇਆ ਜਿਉਂ ਕਿ ਅੱਜ ਉਹ ਜੈਲਦਾਰ ਨਹੀਂ ਰਿਹਾ, ਸਗੋਂ ਜੈਲਾ, ‘ਘਰ ਦਾ ਰਖਵਾਲਾ’ ਬਣ ਕੇ ਰਹਿ ਗਿਆ ਹੈ, ਉਹ।
ਕੁਲਵਿੰਦਰ ਕੌਰ ਮਹਿਕ, (ਮੁਹਾਲੀ)