ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਵਿਲੱਖਣ ਸ਼ੈਲੀ ਵਾਲਾ ਕ੍ਰਿਕਟਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੇਕਰ ਆਪਣੇ ਟੀਚੇ ਪ੍ਰਤੀ ਜਾਨੂੰਨ ਅਤੇ ਦ੍ਰਿੜ੍ਹ ਨਿਸ਼ਚਾ ਹੈ ਤਾਂ ਕਿਸੇ ਵੀ ਮੰਜਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸੇ ਹੀ ਜਾਨੂੰਨ ਅਤੇ ਦ੍ਰਿੜ੍ਹ ਨਿਸ਼ਚੇ ਦੀ ਸਭ ਤੋਂ ਵੱਡੀ ਮਿਸਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਜੇਕੇ ਪੈਰਾ ਕ੍ਰਿਕਟਰ ਆਮਿਰ ਹੁਸੈਨ ਲੋਨ ਹਨ, ਜਿਨ੍ਹਾਂ ਦੀਆਂ ਦੋਵੇਂ ਬਾਹਵਾਂ ਕੱਟੀਆਂ ਜਾਣ ਦੇ ਬਾਵਜੂਦ ਉਹ ਪੈਰਾ ਕ੍ਰਿਕਟ ਟੀਮ ਜੰਮੂ ਅਤੇ ਕਸ਼ਮੀਰ ਦੇ ਕਪਤਾਨ ਬਣੇ। ਹੁਣ ਉਨ੍ਹਾਂ ਨੂੰ ਆਰੀਅਨਜ਼ ਗਰੁੱਪ ਆਫ਼ ਕਾਲਜ਼ਿਜ ਵੱਲੋਂ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਗੁਰਦਾ ਬਦਲਣ ਦੇ ਭਾਰੀ ਖਰਚ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ
ਅੱਜ ਇੱਥੇ ਪਟਿਆਲਾ ਪੁੱਜੇ ਕ੍ਰਿਕਟਰ ਆਮਿਰ ਹੁਸੈਨ ਨੇ ਦੱਸਿਆ ਕਿ ਉਸ ਦਾ ਛੋਟੇ ਹੁੰਦਿਆਂ ਹੀ ਕ੍ਰਿਕਟਰ ਬਣਨ ਦਾ ਸੁਫਨਾ ਸੀ, ਪਰ ਅੱਠ ਸਾਲ ਦੀ ਉਮਰ ਵਿੱਚ ਉਸਦੀ ਜਿੰਦਗੀ ’ਚ ਅਜਿਹੀ ਘਟਨਾ ਵਾਪਰੀ , ਜਿਸਨੇ ਉਸਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਹ ਖੇਡਦੇ ਸਮੇਂ ਆਪਣਾ ਪਿਤਾ ਦੀ ਆਰਾ ਮਿੱਲ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ। ਉਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਵੀ ਉਸਦਾ ਕ੍ਰਿਕਟ ਪ੍ਰਤੀ ਆਪਣਾ ਪਿਆਰ ਘੱਟ ਨਹੀਂ ਹੋਇਆ।
ਟੀਵੀ ਦੇਖਦਾ ਤਾਂ ਭਜਾ ਦਿੰਦੇ ਸਨ ਗੁਆਂਢੀ, ਵਿਰਲਾਂ ਵਿੱਚੋਂ ਦੀ ਦੇਖਦਾ ਸੀ ਕ੍ਰਿਕਟ ਮੈਚ
ਇੱਥੇ ਪਟਿਆਲਾ ਮੀਡੀਆ ਕਲੱਬ ਵਿੱਚ ਪੁੱਜੇ ਆਮਿਰ ਹੁਸੈਨ ਨੇ ਦੱਸਿਆ ਕਿ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਖੇਡਦਾ ਦੇਖਦੇ ਸਨ, ਉਸਦਾ ਕ੍ਰਿਕਟ ਪ੍ਰਤੀ ਇਹ ਜਾਨੂੰਨ ਸੀ ਕਿ ਉਨ੍ਹਾਂ ਦੇ ਘਰ ਟੀਵੀ ਨਾ ਹੋਣ ਕਾਰਨ ਉਹ ਗੁਆਂਢੀਆਂ ਦੇ ਘਰ ਜਾਂਦਾ, ਪਰ ਉਸ ਨੂੰ ਭਜਾ ਦਿੱਤਾ ਜਾਂਦਾ। ਉਸਨੇ ਦੱਸਿਆ ਕਿ ਉਹ ਖਿੜਕੀ ਦੀਆਂ ਵਿਰਲਾਂ ਵਿੱਚੋਂ ਦੀ ਕ੍ਰਿਕਟ ਮੈਚ ਦੇਖਦਾ ਸੀ। ਉਹ ਆਪਣੀਆਂ ਬਾਹਵਾਂ ਤੋਂ ਬਿਨਾਂ ਮੋਢੇ ਅਤੇ ਗਰਦਨ ਦੀ ਵਰਤੋਂ ਕਰਕੇ ਬੈਟਿੰਗ ਦੀ ਪੈ੍ਰਕਟਿਸ ਕਈ-ਕਈ ਘੰਟੇ ਕਰਦਾ ਅਤੇ ਇਸੇ ਤਰ੍ਹਾਂ ਹੀ ਪੈਰ ਨਾਲ ਬੋਲਿੰਗ ਕਰਨ ਲਈ ਜੂਝਦਾ ਰਹਿੰਦਾ। ਉਸ ਨੇ ਦੱਸਿਆ ਕਿ ਹੌਲੀ-ਹੌਲੀ ਉਹ ਬੈਟਿੰਗ ਅਤੇ ਬਾਾਲਿੰਗ ਕਰਨ ਵਿੱਚ ਉਸਨੇ ਮੁਹਾਰਤ ਹਾਸਲ ਕਰ ਲਈ। ਉਸਦੀ ਇਸ ਤਰ੍ਹਾਂ ਖੇਡਣ ਦੀ ਵਿਲੱਖਣ ਸ਼ੈਲੀ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਉਸ ਨੂੰ ਪੈਰਾ ਕ੍ਰਿਕਟ ਟੀਮ ਜੰਮੂ ਕਸ਼ਮੀਰ ਦਾ ਕਪਤਾਨ ਬਣਾਇਆ ਗਿਆ।
ਆਰੀਅਨਜ਼ ਗਰੁੱਪ ਨੇ ਆਮਿਰ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ
ਦੱਸਣਯੋਗ ਹੈ ਕਿ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਆਮਿਰ ਹੁਸੈਨ ਨੂੰ ਇੰਡੀਅਨ ਸਟਰੀਟ ਪ੍ਰੀਮੀਅਰ ਲੀਗ ਦੀ ਪਹਿਲੀ ਗੇਂਦ ਖੇਡਣ ਲਈ ਸੱਦਾ ਦਿੱਤਾ ਅਤੇ ਇਸ ਦੌਰਾਨ ਆਮਿਰ ਨੇ ਸਚਿਨ ਦੀ ਟੀ-ਸ਼ਰਟ ਪਾਈ, ਜਦੋਂਕਿ ਸਚਿਨ ਨੇ ਆਮਿਰ ਦੀ ਟੀ-ਸ਼ਰਟ। ਸਚਿਨ ਨੇ ਆਮਿਰ ਦੇ ਹੌਸਲੇ ਅਤੇ ਇਰਾਦੇ ਦੀ ਤਾਰੀਫ਼ ਕੀਤੀ ਅਤੇ ਕ੍ਰਿਕਟ ਪ੍ਰਤੀ ਉਸਦੇ ਪਿਆਰ ਅਤੇ ਹੁਨਰ ਨੂੰ ਸਲਾਹਿਆ। ਵਿਰਾਟ ਕੋਹਲੀ, ਹਰਭਜਨ ਸਿੰਘ, ਨਵਜੋਤ ਸਿੱਧੂ, ਆਸ਼ੀਸ਼ ਚੋਪੜਾ, ਅਜੈ ਜਡੇਜਾ ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਆਮਿਰ ਦੀ ਸ਼ਲਾਘਾ ਕੀਤੀ। ਗੌਤਮ ਅਡਾਨੀ ਨੇ ਆਮਿਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਅਮਿਰ ਨੂੰ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਆਰੀਅਨਜ਼ ਗਰੁੱਪ ਦਾ ਬ੍ਰਾਂਡ ਅੰਬੈਸਡਰ ਬਣਾਇਆ। ਕਟਾਰੀਆ ਨੇ ਕਿਹਾ ਕਿ ਉਹ ਭਾਰਤ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਪ੍ਰੇਰਨਾ ਹਨ।
ਨੌਜਵਾਨ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਜੀ-ਤੋੜ ਮਿਹਨਤ ਕਰਨ
ਆਮਿਰ ਹੁਸੈਨ ਤੋਂ ਜਦੋਂ ਪੁੱਛਿਆ ਕਿ ਉਸਦਾ ਕੋਚ ਕੌਣ ਸੀ ਅਤੇ ਕਿੱਥੋਂ ਕੋਚਿੰਗ ਲਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਵੀ ਕੋਚਿੰਗ ਨਹੀਂ ਦਿੱਤੀ ਕਿਉਂਕਿ ਮੇਰੀਆਂ ਬਾਹਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਮੇਰੇ ਤੋਂ ਮੂੰਹ ਮੋੜ ਲੈਦਾ। ਉਸ ਨੇ ਕਿਹਾ ਕਿ ਉਹ ਆਪਣੇ ਤੌਰ ’ਤੇ ਹੀ ਪ੍ਰੈਕਟਿਸ ਕਰਦਾ ਰਿਹਾ। ਉਸਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸੁਫਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ। ਜਦੋਂ ਮੈਂ ਮਿਹਨਤ ਕਰਕੇ ਆਪਣੇ ਕ੍ਰਿਕਟਰ ਬਣਨ ਦੇ ਸੁਫਨੇ ਨੂੰ ਪੂਰਾ ਕਰ ਸਕਦਾ ਹਾਂ ਤਾ ਤੁਸੀ ਕਿਉਂ ਨਹੀਂ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਿਰਾਸ਼ਾਂ ਅਤੇ ਭੈੜੀਆਂ ਅਲਾਮਤਾਂ ਤੋਂ ਬਾਹਰ ਨਿਕਲ ਕੇ ਆਪਣੇ ਜੀਵਨ ਦੇ ਟੀਚੇ ਨੂੰ ਪੂਰਾ ਕਰਨ।