ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਲੇਖ ਨਵੀਂਆਂ ਉਮੰਗਾਂ...

    ਨਵੀਂਆਂ ਉਮੰਗਾਂ ਦੀ ਪ੍ਰਤੀਕ ਬਸੰਤ ਰੁੱਤ

    ਨਵੀਂਆਂ ਉਮੰਗਾਂ ਦੀ ਪ੍ਰਤੀਕ ਬਸੰਤ ਰੁੱਤ

    ਰੁੱਤਾਂ ਦਾ ਰਾਜਾ ਕਹਾਉਂਦੀ ਬਸੰਤ ਦੇ ਆਗਮਨ ਦੌਰਾਨ ਕੁਦਰਤੀ ਬਦਲਾਅ ਦੇ ਚੱਲਦਿਆਂ ਪੂਰੀ ਕਾਇਨਾਤ ’ਚ ਤਬਦੀਲੀ ਦੇ ਸੰਕੇਤ ਮਿਲਣ ਲੱਗਦੇ ਆ। ਭਾਰਤ ਦੀਆਂ ਰੁੱਤਾਂ ਦਾ ਰਾਜਾ ਕਹੀ ਜਾਣ ਵਾਲੀ ਬਸੰਤ ਰੁੱਤ ਦਾ ਆਗਮਨ ਹਰ ਸਾਲ ਅੰਗਰੇਜੀ ਮਹੀਨੇ ਫਰਵਰੀ-ਮਾਰਚ ਅਤੇ ਦੇਸੀ ਮਹੀਨੇ ਦੇ ਫੱਗਣ ਤੇ ਚੇਤਰ ਵਿਚ ਹੁੰਦਾ। ਸਾਡੇ ਦੇਸ਼ ਦਾ ਪੌਣ-ਪਾਣੀ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਕਦੇ ਗਰਮੀ, ਕਦੇ ਸਰਦੀ, ਕਦੇ ਬਰਸਾਤ, ਕਦੇ ਪੱਤਝੜ ਅਤੇ ਕਦੀ ਬਸੰਤ ਦਾ ਮੌਸਮ ਹੁੰਦਾ ਹੈ।

    ਇਸ ਸਮੇਂ ਬਨਸਪਤੀ ਮਨੁੱਖ, ਪਸ਼ੂਆਂ ਤੇ ਪੰਛੀਆਂ ਵਿਚ ਕੁਦਰਤੀ ਬਦਲਾਅ ਨਜ਼ਰ ਆਉਂਦੇ ਹਨ। ਮਨੁੱਖਾਂ ਵਿਚ ਬਦਲਾਅ ਦੌਰਾਨ ਇਸ ਰੁੱਤ ਦੇ ਸ਼ੁਰੂ ਹੋਣ ਤੋਂ ਬਾਅਦ ਗਰਮ ਕੱਪੜੇ, ਕੰਬਲ, ਕੋਟ, ਕੋਟੀਆਂ, ਸਵੈਟਰ, ਰਜਾਈਆਂ ਦਾ ਤਿਆਗ ਕਰ ਦਿੱਤਾ ਜਾਂਦਾ ਹੈ। ਦਰੱਖਤਾਂ ਦੇ ਪੁਰਾਣੇ ਪੱਤੇ ਝੜ ਕੇ ਨਵੇਂ ਪੱਤੇ ਨਿੱਕਲਦੇ ਹਨ।

    ਇਸ ਤੋਂ ਇਲਾਵਾ ਹੁੰਦੇ ਕੁਦਰਤੀ ਬਦਲਾਅ ਕਾਰਨ ਹੀ ਬਿਮਾਰ ਪਏ ਮਰੀਜਾਂ ਵਿਚ ਵੀ ਤੰਦਰੁਸਤ ਹੋਣ ਦੇ ਸੰਕੇਤ ਨਜ਼ਰ ਆਉਣ ਲੱਗਦੇ ਹਨ। ਜੀਵ-ਜੰਤੂਆਂ ਅਤੇ ਪੌਦਿਆਂ ਵਿਚ ਵੀ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਸਰੋਂ੍ਹ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕੁਦਰਤ ਪੀਲੇ ਗਹਿਣੇ ਪਹਿਨ ਕੇ ਬਸੰਤ ਰੁੱਤ ਦਾ ਤਿਉਹਾਰ ਮਨਾ ਰਹੀ ਹੋਵੇ। ਹਰ ਪਾਸੇ ਹਰਿਆਲੀ ਕਾਰਨ ਆਲਾ-ਦੁਆਲਾ ਹਰਿਆ-ਭਰਿਆ ਲੱਗਦਾ ਹੈ।

    ਮਨ ਮੱਲੋ-ਮੱਲੀ ਉਸ ਸਿਰਜਣਹਾਰ ਦੀ ਕੁਦਰਤ ਤੋਂ ਬਲਿਹਾਰ ਹੋ ਜਾਂਦਾ। ਇਸ ਸਮੇਂ ਗੁਲਾਬ, ਗੇਂਦਾ, ਸੂਰਜਮੁਖੀ ਅਤੇ ਸਰ੍ਹੋਂ ਦੇ ਫੁੱਲ ਵੱਡੀ ਗਿਣਤੀ ਵਿਚ ਆਪਣੀ ਖੁਸ਼ਬੂ ਨੂੰ ਬਿਖਾਰਦੇ ਹੋਏ ਵਾਤਾਵਰਨ ਨੂੰ ਸ਼ੁੱਧ ਬਣਾਉਂਦੇ ਹਨ। ਜਿਸ ਨਾਲ ਬੜਾ ਹੀ ਸੁੰਦਰਤਾ ਭਰਿਆ ਮਾਹੌਲ ਆਸੇ-ਪਾਸੇ ਨਜ਼ਰ ਆਉਂਦਾ ਹੈ। ਖੂਬਸੂਰਤ ਬਸੰਤ ਰੁੱਤ ਦੇ ਮੌਸਮ ਵਿਚ ਨਾ ਤਾਂ ਸਰਦੀ ਹੀ ਠੁਰ-ਠੁਰ ਕਰਾਉਂਦੀ ਹੈ, ਤੇ ਨਾ ਹੀ ਗਰਮੀ ਦੀ ਲੂ ਤਨ ਨੂੰ ਸਾੜ ਰਹੀ ਹੁੰਦੀ ਹੈ।

    ਇਸ ਕਰਕੇ ਇਹ ਬਹੁਤ ਸੁਹਾਵਣਾ ਮੌਸਮ ਲਗਦਾ ਹੈ। ਬਸੰਤ ਵਾਲੇ ਦਿਨ ਸਭ ਦਾ ਦਿਲ ‘ਆਈ ਬਸੰਤ, ਪਾਲਾ ਉਡੰਤ’ ਬਾਰੇ ਸੋਚ-ਸੋਚ ਕੇ ਖੁਸ਼ੀਆਂ ਨਾਲ ਭਰ ਜਾਂਦਾ ਹੈ। ਭਾਰਤ ਦੀ ਕੋਈ ਹੀ ਅਜਿਹੀ ਭਾਸ਼ਾ ਹੋਵੇਗੀ, ਜਿਸ ਵਿਚ ਇਸ ਸੁਹਾਵਣੀ ਰੁੱਤ ਬਾਰੇ ਕਵੀਆਂ ਦੀ ਕਲਪਨਾ ਨੇ ਕਵਿਤਾਵਾਂ, ਨਾਟਕਕਾਰਾਂ ਨੇ ਨਾਟਕ, ਕਹਾਣੀਕਾਰਾਂ ਨੇ ਕਹਾਣੀਆਂ ਨਾ ਲਿਖੀਆ ਹੋਣ। ਲੋਕ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਂਦੇ ਨੇ, ਪੀਲੇ ਚੌਲ ਬਣਾਉਂਦੇ ਅਤੇ ਮਠਿਆਈਆਂ ਖਾਂਦੇ ਹਨ। ਰੰਗ-ਬਿਰੰਗੇ ਪਤੰਗਾਂ ਨਾਲ ਅਸਮਾਨ ਭਰਿਆ ਪਿਆ ਹੁੰਦਾ ਹੈ।

    ਇਸ ਮੌਕੇ ਅੰਬਾਂ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ। ਕੋਇਲਾਂ ਦੀ ਕੁ-ਕੂ ਦੀ ਅਵਾਜ ਨਾਲ ਵਾਤਾਵਰਨ ਇੱਕ ਤਰ੍ਹਾਂ ਨਾਲ ਸੰਗੀਤਮਈ ਹੋ ਜਾਂਦਾ ਹੈ। ਬਸੰਤ ਰੁੱਤ ਕੁਦਰਤੀ ਸੁੰਦਰਤਾ ਦਾ ਇੱਕ ਉਪਹਾਰ ਹੈ, ਉੱਨਤੀ ਤੇ ਨੌਜਵਾਨ ਅਵਸਥਾ ਦਾ ਦੂਸਰਾ ਨਾਂਅ ਹੈ। ਇਹ ਸਰੀਰਕ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਭਜਾਉਣ ਦਾ ਕਾਲ ਵੀ ਕਹਾਉਂਦੀ ਹੈ। ਇਸ ਰੁੱਤ ਵਿਚ ਮੱਛਰ ਅਤੇ ਹੋਰ ਕੀਟਾਣੂਆਂ ਦਾ ਅਸਰ ਮੱਧਮ ਪੈ ਜਾਂਦਾ ਹੈ।

    ਲੋਕ ਥਕਾਵਟ ਤੋਂ ਬਿਨਾਂ ਆਪਣਾ ਸਾਰਾ ਘਰੇਲੂ ਕੰਮ ਖੁਸ਼ੀ-ਖੁਸ਼ੀ ਕਰਦੇ ਹਨ। ਬਜ਼ਾਰਾਂ ਵਿਚ ਨਵਾਂ ਅਨਾਜ ਤੇ ਸਬਜ਼ੀਆਂ ਆ ਜਾਂਦੀਆਂ ਹਨ। ਬਸੰਤ ਦਾ ਸਿੱਧਾ ਸਬੰਧ ਕੁਦਰਤ, ਦਰੱਖ਼ਤਾਂ, ਪਹਾੜਾਂ, ਨਦੀਆਂ ਅਤੇ ਝੀਲਾਂ, ਬਾਗ-ਬਗੀਚਿਆਂ ਨਾਲ ਵੀ ਜੁੜਦਾ ਹੈ। ਇਹ ਰੁੱਤ ਸਾਨੂੰ ਦਰੱਖਤਾਂ ਦੀ ਘੱਟ ਤੋਂ ਘੱਟ ਕਟਾਈ, ਵੱਧ ਤੋਂ ਵੱਧ ਨਵੇਂ ਦਰੱਖਤਾਂ ਦੀ ਲਵਾਈ, ਨਦੀਆਂ ਵਿਚ ਸਾਫ-ਸੁਥਰਾ ਜਲ, ਧਰਤੀ ’ਤੇ ਬਾਗ-ਬਗੀਚਿਆਂ ਦੀ ਭਰਮਾਰ, ਲੋਕ ਖੁਸ਼ ਕਿਵੇਂ ਰਹਿਣ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਕਿਵੇਂ ਘਟਣ ਆਦਿ ਦਾ ਸੁਨੇਹਾ ਦਿੰਦੀ ਲੱਗਦੀ ਹੈ।

    ਬਸੰਤ ਰੁੱਤ ਵਿਚ ਕੁਦਰਤ ਵੀ ਨਵੀਂ ਦੁਲਹਨ ਵਾਂਗ ਆਪਣਾ ਸ਼ਿੰਗਾਰ ਕਰਦੀ ਹੈ। ਆਪਣੇ-ਆਪ ਨੂੰ ਵੱਖ-ਵੱਖ ਸੁੰਦਰ ਫੁੱਲਾਂ ਨਾਲ ਸਜਾਉਣ ਤੋਂ ਇਲਾਵਾ ਪੀਲੇ ਅਤੇ ਸੁੱਕਿਆਂ ਪੱਤਿਆਂ ਦਾ ਤਿਆਗ ਕਰਕੇ ਹਰਿਆਲੀ ਦੀ ਚਾਦਰ ਪਹਿਨਦੀ ਹੈ। ਖੇਤਾਂ ਵਿਚ ਖਿੜੇ ਸਰੋ੍ਹਂ ਦੇ ਪੀਲੇ ਫੁੱਲ, ਕਮਲ, ਚੰਪਾ, ਕੇਤਕੀ, ਪਲਾਸ਼ ਦੇ ਫੁੱਲਾਂ ਦੀ ਮਿੱਠੀ-ਮਿੱਠੀ ਸੁਗੰਧ, ਤੇ ਉਨ੍ਹਾਂ ’ਤੇ ਤਿਤਲੀਆਂ ਤੇ ਭੌਰਿਆਂ ਦਾ ਮੰਡਰਾਉਣਾ, ਸੂਰਜਮੁਖੀ ਦੇ ਫੁੱਲਾਂ ਦਾ ਸੂਰਜ ਨੂੰ ਪ੍ਰਣਾਮ ਕਰਨਾ, ਗੁਲਾਬ ਤੇ ਗੇਂਦੇ ਦੇ ਫੁੱਲਾਂ ਦੀ ਸੁੰਦਰਤਾ ਅਤੇ ਖੇਤਾਂ ’ਚ ਖੜ੍ਹੀ ਕਣਕ ਦੀਆਂ ਬੱਲੀਆਂ ਨੂੰ ਦੇਖ ਕੇ ਕਿਸਾਨ ਵੀ ਝੁੂਮ ਉੱਠਦੇ ਹਨ। ਦਰੱਖਤ ਕੋਮਲ ਤੇ ਨਵੇਂ ਪੱਤਿਆਂ ਨਾਲ ਸੁਸ਼ੋਬਿਤ ਹੁੰਦੇ ਹਨ।

    ਇਸ ਮੌਕੇ ਹਵਾ ਮਸਤ ਹਾਥੀ ਵਾਂਗ ਚੱਲ ਕੇ ਦੱਖਣ ਤੋਂ ਉੱਤਰ ਵੱਲ ਬੜੀ ਸ਼ਾਂਤਮਈ ਆਉਂਦੀ ਹੈ, ਤੇ ਸਾਰੇ ਵਾਤਾਵਰਨ ਨੂੰ ਸਾਫ-ਸੁਥਰਾ ਤੇ ਮਸਤ ਬਣਾ ਕੇ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੂੰ ਉਡਾ ਕੇ ਤੰਦਰੁਸਤੀ ਵੱਲ ਖਿੱਚ ਕੇ ਲੈ ਜਾਂਦੀ ਹੈ। ਦੇਖਣ ’ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਪਿੰਡ-ਸ਼ਹਿਰ, ਗਲੀ-ਮੁਹੱਲੇ, ਬਾਗ-ਬਗੀਚੇ ਸਭ ਬਸੰਤ ਦੀ ਮਸਤੀ ਵਿਚ ਮਸਤ ਹਨ। ਚੰਦਰਮਾ ਦਾ ਪ੍ਰਕਾਸ਼ ਸੀਤਲ ਤੇ ਹੋਰ ਸੁੰਦਰ-ਸੁਹਾਵਣਾ ਹੋ ਜਾਂਦਾ ਹੈ।

    ਜਿੱਥੇ ਬਸੰਤ ਰੁੱਤ ਸਾਰੀ ਧਰਤੀ ਦੇ ਉਸ ਸੁਪਰੀਮ ਪਾਵਰ ਵੱਲੋਂ ਸਾਜੀ ਗਈ ਕੁਦਰਤ ਦਾ ਨਜ਼ਾਰਾ ਪੇਸ਼ ਕਰਦੀ ਹੈ, ਉੱਥੇ ਦੂਜੇ ਪਾਸੇ ਅੱਜ ਦਾ ਇਨਸਾਨ ਧੋਖਾ, ਠੱਗੀ, ਫਰੇਬ, ਭ੍ਰਿਸ਼ਟਾਚਾਰੀ, ਈਰਖਾ, ਦਵੈਖ, ਨਫਰਤ ਤੇ ਰਿਸ਼ਵਤਖੋਰੀ ਵਿਚ ਅਜਿਹਾ ਫਸਿਆ ਕਿ ਅੱਜ-ਕੱਲ੍ਹ ਬਸੰਤ ਰੁੱਤ ਆਉਣ ’ਤੇ ਉਤਸ਼ਾਹ ਇਨਸਾਨਾਂ ਵਿਚ ਪਿਛਲੇ ਸਮਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ। ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਇਨਸਾਨ ਆਪਣੀ ਮਿੱਟੀ ਦੀ ਖੁਸ਼ਬੂ ਨੂੰ ਭੁੱਲਦਾ ਜਾ ਰਿਹਾ। ਪਰ ਇਸ ਦੇ ਬਾਵਜੂਦ ਬਸੰਤ ਰੁੱਤ ਆਪਣੇ ਸਮਂੇ ਦੌਰਾਨ ਆਪਣੀ ਹੋਂਦ ਨੂੰ ਮਹਿਕਾਉਂਦੀ ਹੈ, ਭਾਵੇਂ ਉਸ ਦੀ ਕੋਈ ਕਦਰ ਕਰੇ ਜਾਂ ਨਾ ਕਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।

    ਇਸ ਦਿਨ ਦਾ ਸਬੰਧ ਬਾਲ ਹਕੀਕਤ ਰਾਏ ਦੀ ਸ਼ਹੀਦੀ ਨਾਲ ਵੀ ਜੁੜਿਆ ਹੋਇਆ ਹੈ। ਕਿਉਂਕਿ ਇਸ ਦਿਨ ਇਸ ਬਹਾਦਰ ਬਾਲਕ ਨੂੰ ਆਪਣੇ ਧਰਮ ਵਿਚ ਪੱਕਾ ਰਹਿਣ ਕਾਰਨ ਮੌਤ ਦੀ ਸਜ਼ਾ ਮਿਲੀ ਸੀ। ਬਾਲ ਹਕੀਕਤ ਰਾਏ ਦਾ ਬਲੀਦਾਨ ਸਾਨੂੰ ਆਪਣੇ-ਆਪਣੇ ਧਰਮ ਵਿਚ ਪੱਕਾ ਤੇ ਦ੍ਰਿੜ ਰਹਿਣ ਦਾ ਸੰਦੇਸ਼ ਦਿੰਦਾ ਹੈ ਤੇ ਇਸ ਦੇ ਨਾਲ ਹੀ ਸਾਰੇ ਧਰਮਾਂ ਦਾ ਬਰਾਬਰ ਆਦਰ ਤੇ ਮਾਣ-ਸਤਿਕਾਰ ਕਰਨ ਦਾ ਵੀ ਸੁਨੇਹਾ ਦਿੰਦਾ ਹੈ। ਇਸ ਦਿਨ ਕਵੀ ਦਰਬਾਰਾਂ ਆਦਿ ਦਾ ਪ੍ਰਬੰਧ ਵੀ ਜਿਸ ਤਰ੍ਹਾਂ ਨਾਲ ਬਾਲ ਹਕੀਕਤ ਰਾਏ ਦੀ ਯਾਦ ਨੂੰ ਤਾਜਾ ਰੱਖਣ ਲਈ ਕੀਤਾ ਜਾਂਦਾ, ਉਸੇ ਤਰ੍ਹਾਂ ਅਸੀਂ ਇਸ ਬਸੰਤ ਰੁੱਤ ਸਮੇਂ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉੱਠ ਕੇ ਕੁਦਰਤੀ ਨਜ਼ਾਰੇ ਦਾ ਅਨੰਦ ਲੈਣ ਲਈ ਸੈਰ ਕਰੀਏ, ਕਿਉਂਕਿ ਬਸੰਤ ਰੁੱਤ ਦੌਰਾਨ ਚਹਿਕਦੀ ਹਰਿਆਲੀ ਤੇ ਫੁੱਲਾਂ ਦੀ ਖੁਸ਼ਬੂ ਸਾਡੇ ਸਰੀਰ ਦੀ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਸੰਜੀਵਨੀ ਦਾ ਕੰਮ ਕਰਦੀ ਹੈ।
    ਪ੍ਰਤੀਨਿਧ ਸੱਚਕਹੂੰ, ਸ੍ਰੀ ਮੁਕਤਸਰ ਸਾਹਿਬ
    ਮੋ. 98726-00923

    ਮੇਵਾ ਸਿੰਘ ਲੰਬੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.