Road Safety Awareness: ਵਾਹਨਾਂ ਦੀ ਤੇਜ਼ ਰਫਤਾਰ ਨੇ ਘਟਾਈ ਲੋਕਾਂ ਦੀ ਜਿੰਦਗੀ ਦੀ ਰਫਤਾਰ

Road Safety Awareness
ਬਠਿੰਡਾ: ਰੋਡ ਐਕਸੀਡੈਂਟ ’ਚ ਹਾਦਸਾ ਗ੍ਰਸਤ ਹੋਈਆਂ ਗੱਡੀਆਂ ਦੀ ਫਾਈਲ ਤਸਵੀਰ।

ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ’ਚ ਹੋ ਰਹੀਆਂ ਨੇ ਸੈਂਕੜੇ ਜਿੰਦਾਂ ਖਤਮ

Road Safety Awareness: (ਅਸ਼ੋਕ ਗਰਗ) ਬਠਿੰਡਾ। ਆਵਾਜਾਈ ਨਿਯਮਾਂ ਦੀ ਉਲੰਘਣਾ ਅਤੇ ਤੇਜ਼ ਰਫਤਾਰ ਕਾਰਨ ਬਠਿੰਡਾ ਪੱਟੀ ’ਚ ਸੜਕਾਂ ਲੋਕਾਂ ਦੇ ਖ਼ੂਨ ਦੀਆਂ ਪਿਆਸੀਆਂ ਬਣ ਗਈਆਂ ਹਨ। ਆਏ ਦਿਨ ਸੜਕ ਹਾਦਸਿਆਂ ਵਿੱਚ ਵੱਡੀ ਗਿਣਤੀ ਲੋਕਾਂ ਦੀਆਂ ਜਿੰਦਗੀਆਂ ਖਤਮ ਹੋ ਰਹੀਆਂ ਹਨ ਜਦੋਂਕਿ ਬਹੁਤੇ ਹਾਦਸਿਆਂ ਨੇ ਲੋਕ ਅੰਗਹੀਣ ਬਣਾ ਦਿੱਤੇ। ਕਾਰਾਂ ਅਤੇ ਮੋਟਰਸਾਈਕਲ ਸਭ ਤੋਂ ਵੱਧ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਜਦੋਂ ਕਿ ਸਵਾਰੀਆਂ ਚੜ੍ਹਾਉਣ ਦੀ ਹੋੜ ’ਚ ਤੇਜ਼ ਰਫ਼ਤਾਰ ’ਚ ਦੌੜਨ ਵਾਲੀਆਂ ਬੱਸਾਂ ਵੀ ਕਿਸੇ ਤੋਂ ਘੱਟ ਨਹੀਂ।

ਪੁਲਿਸ ਦਾ ਮੰਨਣਾ ਹੈ ਕਿ ਜ਼ਿਆਦਾਤਰ ਹਾਦਸੇ ਨਸ਼ੇ ਦੀ ਵਰਤੋਂ ਤੋਂ ਬਾਅਦ ਅੰਨ੍ਹੇਵਾਹ ਗੱਡੀਆਂ ਚਲਾਉਣ ਕਾਰਨ ਵਾਪਰਦੇ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਟਰੈਫਿਕ ਪੁਲਿਸ ਲੋਕਾਂ ਨੂੰ ਚਲਾਣਾਂ ਦੇ ਨਾਂਅ ’ਤੇ ਡਰਾਉਂਦੀ ਵਾਹਲ੍ਹਾ ਹੈ ਅਤੇ ਲੋਕਾਂ ਨੂੰ ਸਮਝਾਉਂਦੀ ਘੱਟ ਹੈ ਕਿਉਂਕਿ ਵਾਹਨ ਚਾਲਕ ਦੇ ਦਿਮਾਗ ਅੰਦਰ ਹਰ ਸਮੇਂ ਦਸਤਾਵੇਜ਼ ਹੀ ਘੁੰਮਦੇ ਰਹਿੰਦੇ ਹਨ ਕਿ ਕਿਤੇ ਪੁਲਿਸ ਰੋਕ ਕੇ ਚਲਾਨ ਹੀ ਨਾ ਕੱਟ ਦੇਵੇ ਜਦੋਂ ਕਿ ਚਲਾਨ ਕੱਟਣਾ ਸੜਕ ਹਾਦਸਿਆਂ ਦਾ ਹੱਲ ਨਹੀਂ ਸਗੋਂ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨਾ ਬਣਦਾ ਹੈ।

ਇਹ ਵੀ ਪੜ੍ਹੋ: Nirav Modi Brother News: ਨੀਰਵ ਮੋਦੀ ਦੇ ਭਰਾ ਨੇਹਲ ਮੋਦੀ ਨੂੰ ਅਮਰੀਕਾ ’ਚ ਕੀਤਾ ਗ੍ਰਿਫ਼ਤਾਰ

ਵਿਦੇਸ਼ ਵਿੱਚ ਰਹਿੰਦੇ ਹੈਪੀ ਬਾਂਸਲ ਨੇ ਗੱਲ ਕਰਦਿਆਂ ਦੱਸਿਆ ਕਿ ਬਾਹਰਲੇ ਦੇਸ਼ਾਂ ਵਿੱਚ ਪੁਲਿਸ ਨੇ ਵਾਹਨ ਚਾਲਕਾਂ ਦੇ ਕਦੇ ਵੀ ਦਸਤਾਵੇਜ ਚੈੱਕ ਨਹੀਂ ਕੀਤੇ ਪਰ ਜੇਕਰ ਕੋਈ ਗਲਤੀ ਕਰਦਾ ਹਾਂ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਂਦਾ ਪਰ ਇਸ ਦੇ ਉਲਟ ਪੰਜਾਬ ਵਿੱਚ ਪੁਲਿਸ ਘੇਰ ਘੇਰ ਕੇ ਚਲਾਨ ਕੱਟਦੀ ਹੈ ਅਤੇ ਉਨ੍ਹਾਂ ਦਾ ਵਾਹਨ ਚਾਲਕਾਂ ਦੀ ਅਣਗਹਿਲੀ ਵੱਲ ਕੋਈ ਧਿਆਨ ਨਹੀਂ ਹੁੰਦਾ।

ਰੋਜ਼ਾਨਾ ਬਠਿੰਡਾ ਆਉਣ ਜਾਣ ਵਾਲੇ ਇਕਬਾਲ ਸਿੰਘ ਭੁੱਲਰ ਨੇੇ ਕਿਹਾ ਕਿ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ਬਣਨ ਨਾਲ ਲੋਕਾਂ ਨੂੰ ਆਸ ਸੀ ਕਿ ਇਸ ਦੇ ਬਣਨ ਨਾਲ ਹੁਣ ਹਾਦਸੇ ਘੱਟ ਜਾਣਗੇ ਪਰ ਇਹ ਸੜਕ ਸਹੀ ਢੰਗ ਨਾਲ ਨਾ ਬਣਾਉਣ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਗਿਆ ਹੈ ਅਤੇ ਬਿਨ੍ਹਾਂ ਸੋਚੇ ਸਮਝੇ ਕਈ ਥਾਵਾਂ ’ਤੇ ਅਜਿਹੇ ਕੱਟ ਬਣਾ ਦਿੱਤੇ ਜਿਥੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੱਟਾਂ ਦੀ ਥਾਂ ਅੰਡਰ ਬਰਿਜ ਪੁਲ ਜਾਂ ਫਿਰ ਓਵਰ ਬਰਿਜ ਬਣਾਉਣਾ ਚਾਹੀਦਾ ਸੀ। Road Safety Awareness

ਪਿੰਡ ਗਹਿਰੀ ਭਾਗੀ ਦੇ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਸੜਕਾਂ ਨੂੰ ਚੌੜਾ ਕਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਲੋੜ ਅਨੁਸਾਰ ‘ਓਵਰਟੇਕ ਜ਼ੋਨ’ ਬਣਾਉਣੇ ਅਤੇ ਟਰੈਫ਼ਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਹੋਣੀ ਚਾਹੀਦੀ ਹੈ ਕਿਉਂਕਿ ਬਠਿੰਡਾ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਖ਼ਤਰਨਾਕ ਐਕਸੀਡੈਂਟ ਪੁਆਇੰਟ ਹਨ ਜਿਥੇ ਹੰਪ ਅਤੇ ਰੈਡ ਲਾਈਟਾਂ ਬਹੁਤ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ 98 ਫੀਸਦੀ ਦੁਰਘਟਨਾਵਾਂ ਅਣਗਹਿਲੀ ਦਾ ਕਾਰਨ ਹਨ ਜਦੋਂ ਕਿ ਦੋ ਫੀਸਦੀ ਹੀ ਕੁਦਰਤੀ ਤੌਰ ’ਤੇ ਹਾਦਸੇ ਵਾਪਰਦੇ ਹਨ।

ਤੇਜ਼ ਰਫਤਾਰ ਵਾਹਨ ਚਲਾਉਣਾ ਸ਼ਾਨ ਨਹੀਂ ਸਗੋਂ ਲਾਪਰਵਾਹੀ

ਸਮਾਜ ਸੇਵੀ ਲੋਕਾਂ ਨੇ ਆਖਿਆ ਕਿ ਵਾਹਨ ਚਾਲਕਾਂ ਨੂੰ ਹਮੇਸ਼ਾਂ ਆਪਣੀ ਅਤੇ ਦੂਜਿਆਂ ਦੀ ਜਿੰਦਗੀ ਦਾ ਖਿਆਲ ਰੱਖ ਕੇ ਵਾਹਨ ਚਲਾਉਣੇ ਚਾਹੀਦੇ ਹਨ ਅਤੇ ਤੇਜ਼ ਰਫਤਾਰ ਵਾਹਨ ਚਲਾਉਣਾ ਸ਼ਾਨ ਨਹੀਂ ਸਗੋਂ ਲਾਪਰਵਾਹੀ ਹੈ। ਜੇਕਰ ਗੱਲ ਕਰੀਏ ਏਮਜ ਹਸਪਤਾਲ ਰੋਡ ਦੀ ਤਾਂ ਇਥੇ ਹਰ ਸਮੇਂ ਸੜਕ ਕੇ ਖੜ੍ਹੀਆਂ ਗੱਡੀਆਂ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਜਿਸ ਵੱਲ ਪੁਲਿਸ ਦਾ ਕਦੇ ਧਿਆਨ ਨਹੀਂ ਗਿਆ। ਓਧਰ ਟਰੈਫਿਕ ਇੰਚਾਰਜ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਏਮਜ ਹਸਪਤਾਲ ਮੂਹਰੇ ਜੋ ਦੁਕਾਨਾਂ ਹਨ ਉਨ੍ਹਾਂ ਨੇ ਵੱਡੀ ਪੱਧਰ ’ਤੇ ਬੋਰਡ ਲਗਾ ਕੇ ਥਾਂ ਰੋਕੀ ਹੋਈ ਹੈ ਜੋ ਗੱਡੀਆਂ ਦੀ ਪਾਰਕਿੰਗ ਲਈ ਹੈ ਅਤੇ ਬੋਰਡ ਚੁਕਾਉਣ ਦਾ ਕੰਮ ਨਗਰ ਨਿਗਮ ਦਾ ਜਦੋਂ ਕਿ ਪੁਲਿਸ ਦਾ ਕੰਮ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਹੈ।

ਸਿਸਟਮ ’ਚ ਖਾਮੀਆਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ : ਮਹੇਸ਼ਵਰੀ

ਨੌਜੁਆਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਆਪਣੇ ਸਿਸਟਮ ਵਿੱਚ ਬਹੁਤ ਸਾਰੀਆਂ ਲਾਪਰਵਾਹੀਆਂ ਹਨ ਜਿਸ ਨਾਲ ਸੜਕ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਅੰਦਰ ਅਜਿਹੇ ਕਈ ਚੌਂਕ ਅਤੇ ਮੌੜ ਖਤਰਨਾਕ ਹਨ ਜਿਥੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ ਅਤੇ ਰੋਜ਼ਾਨਾ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਹਾਦਸਿਆਂ ਦੇ ਜਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾ ਰਿਹਾ ਹੈ। Road Safety Awareness

Road Safety
ਬਠਿੰਡਾ: ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਰਕਰ ਜਖਮੀਆਂ ਨੂੰ ਚੁੱਕਦੇ ਹੋਏ।

ਸੋਨੂ ਮਹੇਸ਼ਵਰੀ ਨੇ ਕਿਹਾ ਕਿ ਬਰਨਾਲਾ ਬਾਈਪਾਸ ਰੋਡ ’ਤੇ ਜੋ ਕੱਟ ਬਣੇ ਹਨ ਬਹੁਤ ਗਲਤ ਹਨ ਕਿਉਂਕਿ ਇੱਥੇ ਓਵਰ ਬਰਿੱਜ ਬਣਾ ਕੇ ਥੱਲੇ ਦੀ ਰਸਤਾ ਦੇਣਾ ਬਣਦਾ ਹੈ। ਇਸ ਤੋਂ ਇਲਾਵਾ ਰੈਡ ਲਾਈਟਾਂ ਵੀ ਅਣਗਹਿਲੀ ਦਾ ਕਾਰਨ ਬਣਦੀਆਂ ਹਨ ਜੋ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ। ਉਨ੍ਹਾਂ ਆਖਿਆ ਵਾਹਨ ਚਾਲਕ ਵੀ ਅੱਖਾਂ ਮੀਚ ਕੇ ਬਹੁਤ ਸਪੀਡ ’ਤੇ ਵਾਹਨ ਚਲਾਉਂਦੇ ਹਨ। ਪੁਲਿਸ ਹਕੀਕਤ ਪਛਾਣ ਕੇ ਅਜਿਹੇ ਵਾਹਨ ਚਲਾਉਣ ਵਾਲਿਆਂ ਨੂੰ ਨੱਥ ਪਾਵੇ ਅਤੇ ਨਵੀਂ ਪੀੜੀ ਨੂੰ ਖਤਰਨਾਕ ਡਰਾਈਵਿੰਗ ਕਰਨ ਤੋਂ ਰੋਕਣ ਲਈ ਢੰਗ ਲੱਭੇ ਜਾਣ ਜਿਸ ਨਾਲ ਹਾਦਸਿਆਂ ਤੇ ਲਗਾਮ ਲੱਗ ਸਕੇਗੀ।