ਅੰਮ੍ਰਿਤਸਰ (ਰਾਜਨ ਮਾਨ)। ਵਾਤਾਵਰਣ ਦੀ ਸ਼ੁੱਧਤਾ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ (Environmental Cleanliness) ਦੇ ਮੰਤਵ ਨਾਲ ਸਰਕਾਰੀ ਸਕੂਲ ਵਡਾਲਾ ਭਿੱਟੇਵੱਡ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਵਾਤਾਵਰਨ, ਧਰਤੀ ਅਤੇ ਮਨੁੱਖ ਦੀ ਸਿਹਤ ਉੱਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਅਤੇ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਦੀ ਬਿਜਾਈ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ l
ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕਰਦੇ ਹੋਏ ਆਪਣੇ ਘਰ ਮਾਪਿਆਂ ਤੱਕ ਸੁਨੇਹਾਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ l ਇਸ ਮੌਕੇ ਤੇ ਪ੍ਰਭਦੀਪ ਸਿੰਘ ਗਿੱਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਿਥੇ ਮਨੁੱਖੀ ਜੀਵਨ ਨੂੰ ਵੱਡਾ ਖਤਰਾ ਪੈਦਾ ਹੋ ਰਿਹਾ ਹੈ ਉਥੇ ਸਾਡੇ ਮਿੱਤਰ ਪੰਛੀਆਂ ਦੀਆਂ ਜਾਨਾਂ ਨੂੰ ਵੀ ਖਤਰਾ ਵਧ ਗਿਆ ਹੈ। ਉਹਨਾਂ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਣ ਕਰਨ ਕਿ ਉਹ ਆਪਣੇ ਮਾਪਿਆਂ ਨੂੰ ਅਜਿਹਾ ਕਰਨ ਤੋਂ ਰੋਕਣਗੇ ਅਤੇ ਸ਼ੁੱਧ ਵਾਤਾਵਰਨ ਲਈ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਮੰਤਵ ਨਾਲ ਭਾਸ਼ਣ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਦੀ ਜ਼ਰੂਰਤ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਇਸ ਮੁਕਾਬਲੇ ਵਿਚ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਵਿਦਿਆਰਥੀਆਂ ਨੂੰ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਤੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਵੱਲੋਂ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਦੀਪ ਕੁਮਾਰ ਸਬ ਇੰਸਪੈਕਟਰ ਅਤੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਬਹੁਗਿਣਤੀ ਵਿੱਚ ਹਾਜ਼ਰ ਸਨ।