ਕੌਮਾਂਤਰੀ ਚਿੜੀ ਦਿਵਸ ’ਤੇ ਵਿਸ਼ੇਸ਼ | International Bird Day
ਸੰਪੂਰਨ ਸੁਖੀ ਘਰ ਬੱਚਿਆਂ ਦੀਆਂ ਕਿਲਕਾਰੀਆਂ ਤੇ ਸਿਹਤਮੰਦ ਚੌਗਿਰਦਾ ਹਮੇਸ਼ਾ ਪੰਛੀਆਂ ਦੇ ਮਿੱਠੇ ਗੀਤਾਂ ਨਾਲ ਹੀ ਸੋਂਹਦਾ ਹੈ। ਅਜੋਕੇ ਮਨੁੱਖ ਨੇ ਆਪਣੀ ਅਖੌਤੀ ਅਕਲ ਦੇ ਦਮ ਤੇ ਕੁਦਰਤ ਦੇ ਬਣਾਏ ਅਸੂਲਾਂ ’ਚ ਵੀ ਛਾਂਟ-ਛੰਟਾਈ ਕਰਨੋਂ ਗੁਰੇਜ ਨ੍ਹੀਂ ਕੀਤਾ। ਤਰੱਕੀ ਦੇ ਅੰਨ੍ਹੇ ਘੋੜੇ ’ਤੇ ਸਵਾਰ ਮਨੁੱਖ ਨੇ ਆਪਣੇ ਪੈਰ ਚੰਦ ’ਤੇ ਰੱਖਣ ਤੋਂ ਬਾਅਦ ਮੰਗਲ ਵੱਲ ਵਧਾ ਦਿੱਤੇ ਹਨ। ਇਸ ਤਰੱਕੀ ਦੇ ਬਲਬੂਤੇ ਹੀ ਉਸ ਨੇ ਕੁੱਖ ’ਚੋਂ ਧੀਆਂ ਛਾਂਟ ਟੁਕੜੇ-ਟੁਕੜੇ ਕਰ ਦਿੱਤੀਆਂ ਤੇ ਸਵੇਰੇ-ਸ਼ਾਮ ਮਿੱਠੇ-ਮਿੱਠੇ ਗੀਤ ਗਾਉਣ ਵਾਲੀਆਂ ਚਿੜੀਆਂ ਦਾ ਵਜ਼ੂਦ ਤੱਕ ਖ਼ਤਮ ਹੋਣ ਕਿਨਾਰੇ ਲਿਆ ਛੱਡਿਆ। ਸ਼ਾਇਦ ਹੀ ਕੋਈ ਟਾਵਾਂ-ਵਿਰਲਾ ਭਾਗਾਂ ਵਾਲਾ ਘਰ ਹੋਵੇਗਾ। (International Bird Day)
ਜਿੱਥੇ ਕਦੇ ਸਵੇਰੇ-ਸ਼ਾਮੀਂ ਹੁਣ ਚਿੜੀਆਂ ਦੇ ਮਧੁਰ ਗੀਤ ਸੁਣਾਈ ਦਿੰਦੇ ਹੋਣਗੇ। ਪ੍ਰਾਣੀਆਂ ’ਚੋਂ ਸਭ ਤੋਂ ਸਮਝਦਾਰ ਕਹਾਉਣ ਵਾਲੇ ਮਨੁੱਖ ਨੇ ਆਪਣੇ ਲਈ ਪੱਥਰ ਦੇ ਘਰ ਉਸਾਰ ਲਏ ਜਿੱਥੇ ਚਿੜੀਆਂ ਦੇ ਰੈਨ-ਬਸੇਰੇ ਤਾਂ ਕੀ ਕਿਸੇ ਚਿੜੀ ਦੀ ਤਸਵੀਰ ਤੱਕ ਨਜ਼ਰ ਨਹੀਂ ਆਉਂਦੀ। ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਤੇ ਮੋਬਾਇਲ ਟਾਵਰਾਂ ਵਿਚੋਂ ਨਿੱਕਲਣ ਵਾਲੀਆਂ ਖ਼ਤਰਨਾਕ ਤਰੰਗਾਂ ਤੇ ਹੋਰ ਆਵਾਜਾਈ ਦੇ ਸਾਧਨਾਂ ਤੋਂ ਨਿੱਕਲਦੇ ਜ਼ਹਿਰੀਲੇ ਧੂੰਏਂ ਨਾਲ ਧੁਆਂਖੇ ਵਾਤਾਵਰਨ ਨੇ ਵੀ ਚਿੜੀਆਂ ਖ਼ਤਮ ਕਰਨ ’ਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਆਪਣੇ ਵਜੂਦ ਨਾਲ ਸੰਘਰਸ਼ ਕਰਦੀਆਂ ਚਿੜੀਆਂ ਦਿਨ-ਪਰ-ਦਿਨ ਮਨੁੱਖ ਦੀ ਹੋ ਰਹੀ ਤਰੱਕੀ ਦਾ ਸ਼ਿਕਾਰ ਹੁੰਦੀਆਂ ਅੱਖੋਂ ਓਹਲੇ ਹੁੰਦੀਆਂ ਜਾ ਰਹੀਆਂ ਹਨ।
ਕਿਸੇ ਪੰਛੀ ਦੇ ਚਹਿਕਣ ਦੀ ਅਸਲ ਕੀਮਤ ਜਾਣਨੀ ਹੋਵੇ ਤਾਂ ਉਸ ਪਲ ਨੂੰ ਦੇਖੋ ਜਦੋਂ ਕੋਈ ਪੰਛੀ ਕਿਸੇ ਛੋਟੇ ਬੱਚੇ ਕੋਲ ਬੈਠ ਗੀਤ ਗਾਉਂਦਾ ਹੋਵੇ ਬੱਚਾ ਭਾਵੇਂ ਕਿੰਨਾ ਹੀ ਪਰੇਸ਼ਾਨ ਹੋਵੇ ਚਾਹੇ ਰੋ ਵੀ ਰਿਹਾ ਹੋਵੇ ਪਰ ਪੰਛੀ ਦੀ ਮੰਤਰ-ਮੁਗਧ ਕਰ ਦੇਣ ਵਾਲੀ ਧੁਨ ਸੁਣ ਉਸ ਦੇ ਬੁੱਲ੍ਹਾਂ ’ਤੇ ਆਪ-ਮੁਹਾਰੇ ਤੈਰੀ ਮੁਸਕੁਰਾਹਟ ਇਸ ਦੀ ਅਸਲ ਕੀਮਤ ਬਿਆਨ ਕਰ ਦੇਵੇਗੀ। ਇਸ ਤੋਂ ਉਲਟ ਜੇ ਕਦੇ ਭੁੱਲੀ-ਭਟਕੀ ਕੋਈ ਚਿੜੀ ਇਨਸਾਨ ਕੋਲ ਆ ਕੇ ਆਪਣੇ ਗੀਤ ਗਾਉਂਦੀ ਵੀ ਹੈ ਤਾਂ ਆਪਣੇ ਬੇਵਜ੍ਹਾ ਦੇ ਕੰਮਾਂ ਵਿੱਚ ਹਰ ਸਮੇਂ ਖਿਝਿਆ ਇਨਸਾਨ ਉਸ ਨੂੰ ਫਟਕਾਰ ਲਾ ਭਜਾ ਦਿੰਦਾ ਹੈ। ਹਰ ਪਾਸੇ ਤੋਂ ਨਿਰਾਸ਼ ਅਜੋਕੀ ਦੁਖੀ ਚਿੜੀ ਦੇ ਮੂੰਹੋਂ ਹੁਣ ਸੁਭਾਵਕ ਹੀ ਨਿੱਕਲ ਜਾਂਦਾ ਹੈ:- (International Bird Day)
ਇਹ ਤਿਣਕਾ ਦੱਸ ਹੁਣ ‘ਰਾਣੇ’ ਮੈਂ ਕਿੱਥੇ ਟਿਕਾਵਾਂ,
ਰੁੱਖ ਛੱਡਿਆ ਨਾ ਕੋਈ ਤੂੰ, ਆਲ੍ਹਣਾ ਕਿੱਥੇ ਪਾਵਾਂ?
ਕਾਫੀ ਸਮਾਂ ਪਹਿਲਾਂ ਚਿੜੀਆਂ ਬਾਰੇ ਇੱਕ ਲੇਖ ਵਿੱਚ ਘਟਨਾ ਪੜ੍ਹੀ ਕਿ ‘ਸੰਨ 1958 ਵਿੱਚ ਚੀਨ ਅੰਦਰ ਚਿੜੀਆਂ ਦੇ ਖ਼ਾਤਮੇ ਲਈ ਇੱਕ ਖ਼ਤਰਨਾਕ ਮੁਹਿੰਮ ਚਲਾਈ ਗਈ। ਸੈਂਕੜੇ ਮਿਲੀਅਨ ਚਿੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਨ੍ਹਾਂ ਦੇ ਆਲ੍ਹਣੇ ਸਾੜ ਦਿੱਤੇ ਗਏ ਤੇ ਆਂਡੇ ਤੋੜੇ ਗਏ। ਸਿਆਣੇ ਚੀਨ ਦਾ ਤਰਕ ਸੀ ਕਿ ਚਿੜੀਆਂ ਹਰ ਸਾਲ ਉਨ੍ਹਾਂ ਦੇ ਖੇਤਾਂ ਵਿਚੋਂ ਕਾਫੀ ਅਨਾਜ ਖ਼ਰਾਬ ਕਰ ਦਿੰਦੀਆਂ ਹਨ। ਪਰ ਉਸ ਦੀ ਅਖੌਤੀ ਸਿਆਣਪ ਦਾ ਭੁਲੇਖਾ ਜਲਦੀ ਹੀ ਟੁੱਟ ਗਿਆ ਜਦੋਂ 1960 ਵਿੱਚ ਚੀਨ ’ਤੇ ਇੱਕ ਅਜਿਹੀ ਆਫ਼ਤ ਆਈ ਕਿ ਚਿੜੀਆਂ ਦੀ ਅਣਹੋਂਦ ਕਾਰਨ ਕੀਟ-ਪਤੰਗਿਆਂ ਦੀ ਤਦਾਦ ਐਨੀ ਵਧ ਗਈ ਕਿ ਉਹ ਸਾਰੀਆਂ ਫ਼ਸਲਾਂ ਨੂੰ ਚੱਟਮ ਕਰ ਗਏ। (International Bird Day)
ਇਸ ਦੇ ਸਿੱਟੇ ਵਜੋਂ ਮੁਲਕ ਵਿੱਚ ਅਜਿਹਾ ਕਾਲ ਪਿਆ ਕਿ 1958 ਤੋਂ 1961 ਦੇ ਵਰਿ੍ਹਆਂ ਦੌਰਾਨ ਭੁੱਖਮਰੀ ਨਾਲ ਤਿੰਨ ਮਿਲੀਅਨ ਲੋਕਾਂ ਦੀ ਜਾਨ ਗਈ। ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਚਿੜੀਆਂ ਦੀ ਹੋਂਦ ਨਾਲ ਹੀ ਮਨੁੱਖ ਦੀ ਹੋਂਦ ਕਾਇਮ ਰਹਿ ਸਕਦੀ ਹੈ। ਇਸ ਯਥਾਰਥ ਭਰੇ ਤੱਥ ਨੇ ਮੈਨੂੰ ਐਨਾ ਪ੍ਰਭਾਵਿਤ ਕੀਤਾ ਕਿ ਤਾਉਮਰ ਮੈਂ ਇਸਨੂੰ ਆਪਣੇ ਜ਼ਿਹਨ ਵਿਚੋਂ ਚਾਹ ਕੇ ਵੀ ਨਹੀਂ ਕੱਢ ਸਕਾਂਗਾ। ਪੰਛੀਆਂ ਪ੍ਰਤੀ ਮੇਰਾ ਬਚਪਨ ਤੋਂ ਲਗਾਓ ਹੈ, ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਦਾ ਹਾਂ ਤੇ ਉਹ ਨਿਯਮ ਨਾਲ ਪੰਛੀਆਂ ਦੇ ਦਾਣੇ-ਪਾਣੀ ਲਈ ਯਤਨ ਕਰਦੇ ਹਨ। ਮੇਰਾ ਇੱਕ ਪਰਮ ਮਿੱਤਰ ਹਰ ਸਾਲ ਸੈਂਕੜੇ ਮਿੱਟੀ ਦੇ ਭਾਂਡੇ ਇੱਕ ਗਰੀਬ ਲੋੜਵੰਦ ਘੁਮਿਆਰ ਤੋਂ ਖਰੀਦ ਕੇ ਲੋਕਾਂ ਵਿੱਚ ਮੁਫਤ ਵੰਡ ਦਿੰਦਾ ਹੈ ਤਾਂ ਕਿ ਪੰਛੀਆਂ ਨੂੰ ਗਰਮੀਆਂ ਵਿੱਚ ਪਾਣੀ ਲਈ ਮੁਸ਼ੱਕਤ ਨਾ ਕਰਨੀ ਪਵੇ। (International Bird Day)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨਸਾਨ ਨੂੰ ਸਿਹਤਮੰਦ ਰਹਿਣ ਲਈ ਨਰੋਏ ਵਾਤਾਵਰਨ ਦੀ ਲੋੜ ਹੈ ਤੇ ਯਕੀਨਨ ਚਿੜੀਆਂ ਦੀ ਹੋਂਦ ਤੋਂ ਬਿਨਾ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਰਕਾਰਾਂ ਨੂੰ ਵੀ ਚਿੜੀਆਂ ਜਿਹੇ ਪੰਛੀਆਂ ਦੀ ਹੋਂਦ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਹਰ ਸੰਭਵ ਯਤਨ ਜਿਵੇਂ ਸੈਮੀਨਾਰ ਵਗੈਰਾ ਲਾ ਕੇ ਚਿੜੀਆਂ ਦੀ ਹੋਂਦ ਬਚਾਉਣੀ ਚਾਹੀਦੀ ਹੈ। ਜਿਵੇਂ ਆਪਣੇ ਹਰ ਇੱਕ-ਨਿੱਕੇ ਜਿਹੇ ਅਧਿਕਾਰ ਲਈ ਕਾਨੂੰਨ ਦੀਆਂ ਕਿਤਾਬਾਂ ਫਰੋਲ ਕੇ ਬੰਦਾ ਝੱਟ ਅਦਾਲਤ ਦਾ ਬੂਹਾ ਜਾ ਖੜਕਾਉਂਦਾ ਹੈ, ਉਵੇਂ ਇਨ੍ਹਾਂ ਬੇਜ਼ੁਬਾਨਾਂ ਨੇ ਕਿਹੜਾ ਕਿਸੇ ’ਤੇ ਕੋਈ ਕਾਨੂੰਨੀ ਕਾਰਵਾਈ ਕਰਕੇ ਆਪਣਾ ਹੱਕ ਲੈਣਾ ਹੈ, ਇਹ ਤਾਂ ਮਾਤਰ ਇੱਕ ਹੰਭਲਾ ਹੀ ਮਾਰ ਸਕਦੀਆਂ ਹਨ:-
ਆਪਣੇ ਲਈ ਤਾਂ ਤੁਸੀਂ ਬੜੇ ਬਣਾ ਲਏ,
ਇਹ ਅਦਾਲਤਾਂ ਕਚਹਿਰੀਆਂ ਤੇ ਥਾਣੇ,
ਦਰਕਾਰ ਇਨਸਾਫ ਦੀ ਤਾਂ ਸਾਨੂੰ ਵੀ ਐ,
ਦੱਸ ਕਿਸ ਦਾ ਬੂਹਾ ਖੜਕਾਈਏ ‘ਰਾਣੇ’?
ਉਂਜ ਅਜੇ ਵੀ ਕੋਈ ਦੇਰ ਨਹੀਂ ਹੋਈ ਆਓ! ਸਾਰੇ ਰਲ-ਮਿਲ ਚਿੜੀਆਂ ਮੋੜ ਲਿਆਉਣ ਦਾ ਇਮਾਨਦਾਰੀ ਨਾਲ ਅਹਿਦ ਕਰੀਏ, ਤਾਂ ਕਿ ਪੰਛੀਆਂ ਦੇ ਮਿੱਠੇ-ਮਧੁਰ ਗੀਤਾਂ ਨਾਲ ਆਪਣੀ ਹਰ ਸਵੇਰ ਦਾ ਅਗਾਜ਼ ਹੋਵੇ। ਆਪਣੇ ਮਨ ’ਚ ਰਤਾ ਇਹ ਤਸੱਵੁਰ ਕਰਕੇ ਦੇਖੋ, ਯਕੀਨਨ ਤੁਹਾਡੀ ਰੂਹ ਉਹ ਤਲਿਸਮੀ ਸੰਸਾਰ ਦੇਖ ਖੁਸ਼ੀ ਦੇ ਸਵਾਦ ਨਾਲ ਗੜੂੰਦ ਹੋ ਜਾਵੇਗੀ। ਕਾਸ਼! ਇਹ ਸੱਚ ਹੋ ਜਾਵੇ। ਆਮੀਨ! (International Bird Day)