…ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ

Help

…ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ

ਪੰਜਾਬੀ ਵਿੱਚ ਮੁਹਾਵਰਾ ਹੈ, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਹੋ ਸਕਦਾ ਹੈ ਕਿ ਇਹ ਮੁਹਾਵਰਾ ਭਲੇ ਵੇਲਿਆਂ ਵਿੱਚ ਸਹੀ ਹੋਵੇ, ਪਰ ਅੱਜ-ਕੱਲ੍ਹ ਤਾਂ ਕਈ ਵਾਰ ਕਿਸੇ ਦਾ ਭਲਾ ਕਰਦਿਆਂ ਅਜਿਹੀ ਮੁਸੀਬਤ ਗਲ ਵਿੱਚ ਪੈਂਦੀ ਹੈ ਕਿ ਨੌਕਰੀ ’ਤੇ ਖਤਰਾ ਪੈਦਾ ਹੋ ਜਾਂਦਾ ਹੈ। ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰਾ ਪਰਮ ਮਿੱਤਰ ਅਤੇ ਬੈਚਮੇਟ ਮੁਖਤਿਆਰ ਸਿੰਘ ਰੰਧਾਵਾ ਥਾਣੇ ਲੰਬੀ ਦਾ ਐਸ. ਐਚ. ਉ. ਲੱਗਾ ਹੋਇਆ ਸੀ।

ਇੱਕ ਦੁਪਹਿਰੇ ਉਹ ਥਾਣੇ ਬੈਠਾ ਸੀ ਕਿ ਵਾਇਰਲੈਸ ’ਤੇ ਮੈਸੇਜ਼ ਆਇਆ ਕਿ ਐਸ. ਐਸ. ਪੀ. ਨਾਲ ਗੱਲ ਕਰੋ। ਫੋਨ ਕਰਨ ’ਤੇ ਐਸ. ਐਸ. ਪੀ. ਨੇ ਹੁਕਮ ਕੀਤਾ ਕਿ ਮੇਰੇ ਕੋਲ ਫਲਾਣੇ ਨੇਤਾ ਜੀ ਬੈਠੇ ਹਨ। ਫੌਰਨ ਇਨ੍ਹਾਂ ਦਾ ਕੰਮ ਕਰਕੇ ਰਿਪੋਰਟ ਕਰੋ। ਉਸ ਵੇਲੇ ਲੰਬੀ ਜਿਲ੍ਹਾ ਫਰੀਦਕੋਟ ਵਿੱਚ ਪੈਂਦਾ ਸੀ ਹਰਿਆਣੇ ਦੇ ਨਾਲ ਲੱਗਦਾ ਆਖਰੀ ਥਾਣਾ ਸੀ। ਮਾੜੀਆਂ ਸੜਕਾਂ ਹੋਣ ਕਾਰਨ ਫਰੀਦਕੋਟ ਤੋਂ ਲੰਬੀ ਪਹੁੰਚਣ ਵਿੱਚ ਕਈ ਘੰਟੇ ਲੱਗ ਜਾਂਦੇ ਸਨ। ਦੁਪਹਿਰ ਦਾ ਤੁਰਿਆ ਨੇਤਾ ਕਿਤੇ ਤਿਰਕਾਲਾਂ ਨੂੰ ਆਪਣੇ ਤਿੰਨ-ਚਾਰ ਬੰਦਿਆਂ ਸਮੇਤ ਥਾਣੇ ਪਹੁੰਚਿਆ।

ਮੁਖਤਿਆਰ ਨੇ ਉਸ ਦਾ ਬਣਦਾ ਆਦਰ-ਸਤਿਕਾਰ ਕੀਤਾ ਤੇ ਚਾਹ-ਪਾਣੀ ਨਾਲ ਸੇਵਾ ਕੀਤੀ ਕਿਉਂਕਿ ਉਹ ਮੌਕੇ ਦੀ ਸੱਤਾਧਾਰੀ ਪਾਰਟੀ ਦਾ ਸੀਨੀਅਰ ਮੈਂਬਰ ਸੀ। ਕੰਮ ਪੁੱਛਣ ’ਤੇ ਨੇਤਾ ਨੇ ਚਾਹ ਨਾਲ ਪੰਜ-ਸੱਤ ਬਿਸਕੁਟ ਚੱਬ ਕੇ ਬੜੇ ਅਰਾਮ ਨਾਲ ਕਿਹਾ, ‘‘ਕੋਈ ਖਾਸ ਕੰਮ ਨਈਂ ਆ, ਤੁਸੀਂ ਥੋੜ੍ਹੀ ਜਿਹੀ ਫੋਰਸ ਤਿਆਰ ਕਰੋ। ਆਹ ਆਪਣੇ ਖਾਸ ਬੰਦੇ ਹਰਨਾਮ ਸਿੰਘ (ਕਾਲਪਨਿਕ ਨਾਂਅ) ਨੇ ਫਲਾਣੇ ਪਿੰਡ ਦੇ ਚਮਕੌਰ ਸਿੰਘ (ਕਾਲਪਨਿਕ ਨਾਂਅ) ਦੀ ਚਾਰ ਕਿੱਲੇ ਜ਼ਮੀਨ ’ਤੇ ਕਬਜ਼ਾ ਕਰਨਾ ਹੈ। ਛੇ ਮਹੀਨੇ ਹੋ ਗਏ।

ਥਾਣੇਦਾਰ ਸਾਹਿਬ ਜਦੋਂ ਸਰਕਾਰ ਤੁਹਾਡੇ ਸਾਹਮਣੇ ਬੈਠੀ ਆ

ਉਸ ਦੀ ਭੂਆ ਤੋਂ ਰਜਿਸਟਰੀ ਕਰਾਇਆਂ ਨੂੰ, ਚਮਕੌਰ ਜ਼ਮੀਨ ਈ ਨਈਂ ਛੱਡ ਰਿਹਾ।’’ ਜਦੋਂ ਮੁਖਤਿਆਰ ਨੇ ਕਬਜ਼ਾ ਵਾਰੰਟਾਂ ਬਾਰੇ ਪੁੱਛਿਆ ਤਾਂ ਨੇਤਾ ਨੇ ਉਸ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਮੂਰਖਾਨਾ ਸਵਾਲ ਪੁੱਛ ਲਿਆ ਹੋਵੇ, ‘‘ਲਉ ਹੋਰ ਸੁਣੋ! ਥਾਣੇਦਾਰ ਸਾਹਿਬ ਜਦੋਂ ਸਰਕਾਰ ਤੁਹਾਡੇ ਸਾਹਮਣੇ ਬੈਠੀ ਆ, ਫਿਰ ਕਬਜ਼ਾ ਵਾਰੰਟਾਂ ਦੀ ਕੀ ਜਰੂਰਤ ਆ?’’ ਸੁਣ ਕੇ ਮੁਖਤਿਆਰ ਨੂੰ ਚੱਕਰ ਆਉਣ ਵਾਲੇ ਹੋ ਗਏ। ਉਸ ਨੇ ਬਾਥਰੂਮ ਜਾਣ ਦੇ ਬਹਾਨੇ ਮੁਨਸ਼ੀ ਦੇ ਕਮਰੇ ਵਿੱਚ ਜਾ ਕੇ ਦੁਬਾਰਾ ਐਸ. ਐਸ. ਪੀ. ਨੂੰ ਫੋਨ ਕੀਤਾ, ‘‘ਜ਼ਨਾਬ ਨੇਤਾ ਜੀ ਤਾਂ ਧੱਕੇ ਨਾਲ ਫਲਾਣੇ ਪਿੰਡ ਦੇ ਚਮਕੌਰ ਸਿੰਘ ਦੀ ਜ਼ਮੀਨ ’ਤੇ ਕਬਜ਼ਾ ਕਰਾਉਣ ਲਈ ਕਹਿ ਰਹੇ ਨੇ।’’ ਸੁਣ ਕੇ ਐਸ. ਐਸ. ਪੀ. ਹੈਰਾਨ ਰਹਿ ਗਿਆ ਤੇ ਕਿਹਾ, ‘‘ਕੋਈ ਨਜ਼ਾਇਜ ਕਬਜ਼ਾ ਨਹੀਂ ਕਰਾਉਣਾ।

ਇਹ ਤਾਂ ਮੈਨੂੰ ਇਹ ਕਹਿ ਕੇ ਗਿਆ ਸੀ ਕਿ ਕਿਸੇ ਦੀ 107, 151 ਕਰਾਉਣੀ ਆਂ। ਇਸ ਨੂੰ ਤਰੀਕੇ ਨਾਲ ਟਾਲ ਦੇ।’’ ਜਦੋਂ ਕੋਈ ਅਫਸਰ ਤਰੀਕੇ ਨਾਲ ਕੰਮ ਕਰਨ ਲਈ ਕਹੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕੰਮ ਵੀ ਹੋਣਾ ਚਾਹੀਦਾ ਹੈ ਤੇ ਉਸ ਦਾ ਨਾਂਅ ਵੀ ਨਹੀਂ ਆਉਣਾ ਚਾਹੀਦਾ। ਮੁਖਤਿਆਰ ਨੇ ਵਾਪਸ ਆ ਕੇ ਨੇਤਾ ਨੂੰ ਟਰਕਾ ਦਿੱਤਾ ਕਿ ਅਜੇ ਮੁਲਾਜ਼ਮ ਬਾਹਰ ਡਿਊਟੀ ਗਏ ਹੋਏ ਹਨ, ਫਿਰ ਕਿਸੇ ਦਿਨ ਕਬਜ਼ਾ ਕਰਵਾ ਦਿੱਤਾ ਜਾਵੇਗਾ। ਲੀਡਰ ਸਿਰੇ ਦੇ ਘਾਗ ਹੁੰਦੇ ਹਨ, ਉਹ ਸਮਝ ਗਿਆ ਕਿ ਥਾਣੇਦਾਰ ਨੇ ਐਸ. ਐਸ. ਪੀ. ਨਾਲ ਗੱਲ ਕਰ ਲਈ ਹੈ ਤੇ ਉਸ ਦੀ ਪੋਲ ਖੱੁਲ੍ਹ ਗਈ ਹੈ। ਉਹ ਗੱਡੀ ’ਚ ਬੈਠ ਕੇ ਚੱਲਦਾ ਬਣਿਆ।

ਉਸ ਦੇ ਜਾਣ ਤੋਂ ਬਾਅਦ ਮੁਖਤਿਆਰ ਦੇ ਦਿਮਾਗ ਵਿੱਚ ਭਲਾਈ ਕਰਨ ਵਾਲਾ ਕੀੜਾ ਕੁਲਬੁਲਾਉਣ ਲੱਗ ਪਿਆ। ਉਸ ਨੇ ਸੋਚਿਆ ਕਿ ਕਿਤੇ ਨੇਤਾ ਦੇ ਬੰਦੇ ਸਿੱਧਾ ਬਾਹਰੋ-ਬਾਹਰ ਹੀ ਜ਼ਮੀਨ ’ਤੇ ਕਬਜ਼ਾ ਨਾ ਕਰ ਲੈਣ। ਉਸ ਨੇ ਖਬਰਦਾਰ ਕਰਨ ਲਈ ਅਗਲੇ ਦਿਨ ਚਮਕੌਰ ਸਿੰਘ ਨੂੰ ਥਾਣੇ ਬੁਲਾ ਲਿਆ ਤੇ ਪੁੱਛਿਆ ਕਿ ਉਸ ਦਾ ਕਿਸੇ ਨਾਲ ਕੋਈ ਜ਼ਮੀਨ ਦਾ ਕੇਸ ਚੱਲਦਾ ਹੈ? ਚਮਕੌਰ ਸਿੰਘ ਨੇ ਸੋਚਿਆ ਕਿ ਪਤਾ ਨਹੀਂ ਥਾਣੇਦਾਰ ਕਿਉਂ ਮੇਰੇ ਕੇਸ ਬਾਰੇ ਪੁੱਛ ਰਿਹਾ ਹੈ, ਉਹ ਸਾਫ ਹੀ ਮੁੱਕਰ ਗਿਆ।

ਮੁਖਤਿਆਰ ਨੇ ਨੇਤਾ ਦਾ ਸਿੱਧਾ ਨਾਂਅ ਤਾਂ ਨਾ ਲਿਆ ਪਰ ਤਰੀਕੇ ਜਿਹੇ ਨਾਲ ਚਮਕੌਰ ਨੂੰ ਸਮਝਾ ਦਿੱਤਾ ਕਿ ਉਹ ਕੁਝ ਦਿਨਾਂ ਲਈ ਪੰਜ-ਸੱਤ ਭਰੋਸੇ ਦੇ ਬੰਦੇ ਆਪਣੇ ਘਰ ਰੱਖ ਲਵੇ ਤਾਂ ਜੋ ਕੋਈ ਜ਼ਮੀਨ ’ਤੇ ਕਬਜ਼ਾ ਆਦਿ ਨਾ ਕਰ ਸਕੇ। ਸੁਣ ਕੇ ਚਮਕੌਰ ਨੇ ਮੁਖਤਿਆਰ ਦਾ ਧੰਨਵਾਦ ਕੀਤਾ ਤੇ ਚਲਾ ਗਿਆ।ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਚਮਕੌਰ ਦੀ ਜ਼ਮੀਨ ’ਤੇ ਕਿਸੇ ਨੇ ਕਬਜ਼ਾ ਤਾਂ ਨਾ ਕੀਤਾ ਪਰ ਉਸ ਨਾਲ ਜੱਗੋਂ ਤੇਰ੍ਹਵੀਂ ਹੋ ਗਈ। ਉਸ ਦੇ ਘਰ ਚਾਰ ਕੁੜੀਆਂ ਤੋਂ ਬਾਅਦ ਮੁੰਡਾ ਪੈਦਾ ਹੋਇਆ ਸੀ ਜੋ ਪੰਜ-ਛੇ ਸਾਲ ਦਾ ਸੀ। ਮੁਖਤਿਆਰ ਨੂੰ ਮਿਲਣ ਤੋਂ ਹਫਤੇ ਕੁ ਬਾਅਦ ਉਹ ਮੁੰਡਾ ਦੁਪਹਿਰੇ ਗੁਆਂਢੀਆਂ ਦੇ ਘਰ ਖੇਡਣ ਲਈ ਗਿਆ ਪਰ ਰਸਤੇ ਵਿੱਚੋਂ ਹੀ ਗਾਇਬ ਹੋ ਗਿਆ।

ਦੁਸ਼ਮਣਾਂ ਨੇ ਤੇਰਾ ਮੁੰਡਾ ਅਗਵਾ ਕਰਨਾ ਹੈ

ਲੰਬੀ ਥਾਣੇ ਦੀ ਪੁਲਿਸ ਨੇ ਮੁੰਡੇ ਨੂੰ ਲੱਭਣ ਲਈ ਅਕਾਸ਼-ਪਤਾਲ ਇੱਕ ਕਰ ਦਿੱਤਾ ਪਰ ਇਸ ਤਰ੍ਹਾਂ ਲੱਗਾ ਜਿਵੇਂ ਉਸ ਨੂੰ ਧਰਤੀ ਖਾ ਗਈ ਹੋਵੇ। ਜਦੋਂ ਮੁੰਡਾ ਨਾ ਲੱਭਿਆ ਤਾਂ ਚਮਕੌਰ ਨੂੰ ਕੂਹਣੀਮਾਰਾਂ ਨੇ ਭੜਕਾ ਦਿੱਤਾ ਕਿ ਥਾਣੇਦਾਰ ਤੈਨੂੰ ਘਰ ਬੰਦੇ ਰੱਖਣ ਲਈ ਕਹਿ ਰਿਹਾ ਸੀ, ਉਸ ਨੂੰ ਪੱਕਾ ਪਤਾ ਸੀ ਕਿ ਦੁਸ਼ਮਣਾਂ ਨੇ ਤੇਰਾ ਮੁੰਡਾ ਅਗਵਾ ਕਰਨਾ ਹੈ। ਅਗਲੇ ਦਿਨ ਉਹ ਪਿੰਡ ਇਕੱਠਾ ਕਰਕੇ ਥਾਣੇ ਪਹੁੰਚਿਆ ਤੇ ਮੁਖਤਿਆਰ ਨੂੰ ਕਹਿਣ ਲੱਗਾ ਕਿ ਦੱਸ ਮੇਰਾ ਮੁੰਡਾ ਕਿੱਥੇ ਆ? ਮੁਖਤਿਆਰ ਹੱਕਾ-ਬੱਕਾ ਰਹਿ ਗਿਆ। ਉਸ ਨੇ ਕਿਹਾ, ‘‘ਭਰਾ ਜੇ ਮੈਨੂੰ ਪਤਾ ਹੁੰਦਾ ਤੇਰਾ ਮੁੰਡਾ ਕਿੱਥੇ ਆ, ਮੈਂ ਹੁਣ ਤੱਕ ਬਰਾਮਦ ਨਾ ਕਰ ਲੈਂਦਾ?’’ ਸਾਰੇ ਥਾਣੇ ਦੀ ਪੁਲਿਸ ਉਸ ਦਿਨ ਦੀ ਇਸੇ ਕੰਮ ਲੱਗੀ ਹੋਈ ਹੈ।

ਚਮਕੌਰ ਉੱਡ-ਉੱਡ ਕੇ ਮੁਖਤਿਆਰ ਨੂੰ ਪਵੇ, ਤੂੰ ਮੈਨੂੰ ਕਿਹਾ ਨਈਂ ਸੀ ਕਿ ਆਪਣੇ ਘਰ ਬੰਦੇ ਰੱਖੀਂ। ਤੈਨੂੰ ਪਤਾ ਸੀ ਮੇਰਾ ਮੁੰਡਾ ਅਗਵਾ ਹੋਣਾ ਆ। ਮੁਖਤਿਆਰ ਨੇ ਬਥੇਰਾ ਕਿਹਾ ਕਿ ਫਲਾਣੇ ਬੰਦੇ ਤੇਰੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਮੈਂ ਤਾਂ ਤੇਰੇ ਭਲੇ ਵਾਸਤੇ ਕਿਹਾ ਸੀ। ਚਮਕੌਰ ਸਾਫ ਹੀ ਮੁੱਕਰ ਗਿਆ ਕਿ ਮੇਰਾ ਤਾਂ ਕਿਸੇ ਨਾਲ ਕੋਈ ਜ਼ਮੀਨ ਦਾ ਝਗੜਾ ਹੀ ਨਹੀਂ ਹੈ। ਮਿੰਟਾਂ ਵਿੱਚ ਹੀ ਥਾਣੇ ਵਿੱਚ ਜ਼ਿੰਦਾਬਾਦ ਮੁਰਦਾਬਾਦ ਹੋਣ ਲੱਗ ਪਈ।

ਲੋਕਾਂ ਨੇ ਥਾਣੇ ਦਾ ਘਿਰਾਉ ਕਰ ਲਿਆ ਤੇ ਸੜਕ ਵੀ ਜਾਮ ਕਰ ਦਿੱਤੀ। ਜਦੋਂ ਕੋਈ ਹੱਲ ਨਾ ਨਿੱਕਲਿਆ ਤਾਂ ਲੋਕਾਂ ਨੂੰ ਸ਼ਾਂਤ ਕਰਨ ਲਈ ਐਸ. ਐਸ. ਪੀ ਨੇ ਮੁਖਤਿਆਰ ਦਾ ਤਬਾਦਲਾ ਪੁਲਿਸ ਲਾਈਨ ਦਾ ਕਰ ਦਿੱਤਾ। ਪਰ ਚਮਕੌਰ ਨੇ ਉਸ ਦੀ ਜਾਨ ਨਾ ਛੱਡੀ। ਉਸ ਦੇ ਖਿਲਾਫ ਅਫਸਰਾਂ ਕੋਲ ਦਰਜ਼ਨਾਂ ਦਰਖਾਸਤਾਂ ਦੇਣ ਤੋਂ ਇਲਾਵਾ ਹਾਈਕੋਰਟ ਵਿੱਚ ਮੁੰਡਾ ਅਗਵਾ ਕਰਕੇ ਮਾਰ ਦੇਣ ਦੀ ਰਿੱਟ ਵੀ ਦਾਇਰ ਕਰ ਦਿੱਤੀ।

ਭੇਡਾਂ ਬੱਕਰੀਆਂ ਚਾਰਨ ਵਾਲੇ ਚੁੱਕ ਕੇ ਆਪਣੇ ਨਾਲ ਲੈ ਗਏ

ਮੁਖਤਿਆਰ ਦੀ ਖਲਾਸੀ ਉਦੋਂ ਹੋਈ ਜਦੋਂ ਸਾਲ ਕੁ ਬਾਅਦ ਕਿਸੇ ਬਿਮਾਰੀ ਕਾਰਨ ਚਮਕੌਰ ਦੀ ਮੌਤ ਹੋ ਗਈ।
ਮੁੰਡੇ ਦੇ ਅਗਵਾ ਹੋਣ ਤੋਂ ਪੰਜ-ਸੱਤ ਸਾਲ ਬਾਅਦ ਫਿਰ ਇੱਕ ਚਮਤਕਾਰ ਹੋ ਗਿਆ ਤੇ ਮੁੰਡਾ ਆਪਣੇ ਘਰ ਪਹੁੰਚ ਗਿਆ। ਅਸਲ ਵਿੱਚ ਉਸ ਨੂੰ ਪਿੰਡ ਵਿੱਚ ਰਾਜਸਥਾਨ ਤੋਂ ਆਏ ਹੋਏ ਭੇਡਾਂ ਬੱਕਰੀਆਂ ਚਾਰਨ ਵਾਲੇ ਚੁੱਕ ਕੇ ਆਪਣੇ ਨਾਲ ਲੈ ਗਏ ਸਨ ਤੇ ਮੁਫਤ ਦੇ ਗੁਲਾਮ ਵਜੋਂ ਵਰਤ ਰਹੇ ਸਨ।

ਕੁਝ ਸਾਲਾਂ ਬਾਅਦ ਜਦੋਂ ਉਹ ਜਦੋਂ ਦੁਬਾਰਾ ਪਿੰਡ ਵਿੱਚੋਂ ਗੁਜ਼ਰ ਰਹੇ ਸਨ ਤਾਂ ਲੜਕੇ ਆਪਣਾ ਘਰ ਪਹਿਚਾਣ ਲਿਆ ਤੇ ਰੌਲਾ ਪਾ ਦਿੱਤਾ। ਪਿੰਡ ਵਾਲਿਆਂ ਨੇ ਆਜੜੀਆਂ ਨੂੰ ਘੇਰ ਲਿਆ ਤੇ ਰੱਜ ਕੇ ਛਿੱਤਰ ਪਰੇਡ ਕਰਕੇ ਥਾਣੇ ਲੈ ਗਏ ਜਿੱਥੇ ਉਹ ਸਾਰਾ ਕੁਝ ਮੰਨ ਗਏ।

ਅਸਲ ਵਿੱਚ ਅਗਵਾ ਕਰਨ ਵਾਲਾ ਬੰਦਾ ਬੇਔਲਾਦ ਸੀ ਤੇ ਇਕੱਲਾ ਬੱਚਾ ਵੇਖ ਕੇ ਉਸ ਦਾ ਮਨ ਬੇਈਮਾਨ ਹੋ ਗਿਆ ਸੀ। ਉਸ ਨੇ ਦੱਸਿਆ ਕਿ ਜਿਆਦਾ ਨਸ਼ਾ ਕੀਤੇ ਹੋਣ ਕਾਰਨ ਉਸ ਨੂੰ ਇਹ ਖਿਆਲ ਹੀ ਨਹੀਂ ਸੀ ਰਿਹਾ ਕਿ ਇਹ ਲੜਕਾ ਉਸ ਨੇ ਇਸ ਪਿੰਡ ਵਿੱਚੋਂ ਅਗਵਾ ਕੀਤਾ ਸੀ। ਨਹੀਂ ਉਸ ਨੇ ਕਦੇ ਭੁੱਲ ਕੇ ਵੀ ਇਸ ਪਾਸੇ ਨਹੀਂ ਸੀ ਆਉਣਾ। ਚਮਕੌਰ ਤਾਂ ਜਿਉਂਦੇ ਜੀਅ ਆਪਣੇ ਪੁੱਤ ਦਾ ਮੂੰਹ ਨਾ ਵੇਖ ਸਕਿਆ, ਪਰ ਰੱਬ ਨੇ ਬੱਚੇ ਦੀ ਮਾਂ ’ਤੇ ਜਰੂਰ ਮਿਹਰ ਕਰ ਦਿੱਤੀ।

ਪੰਡੋਰੀ ਸਿੱਧਵਾਂ
ਮੋ. 95011-00062
ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ