Faridkot Crime News: ਦੀਵਾਲੀ ਵਾਲੇ ਦਿਨ ਫਾਇਰਿੰਗ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ 6 ਵਿਅਕਤੀ ਕਾਬੂ

Faridkot-Crime-News
Faridkot Crime News: ਦੀਵਾਲੀ ਵਾਲੇ ਦਿਨ ਫਾਇਰਿੰਗ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ 6 ਵਿਅਕਤੀ ਕਾਬੂ

ਵਾਰਦਾਤ ਦੌਰਾਨ ਵਰਤਿਆ ਅਸਲਾ ਵੀ ਬਰਾਮਦ

Faridkot Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਨੇ ਕਾਰਵਾਈ ਕਰਦੇ ਹੋਏ ਕੋਟਕਪੂਰਾ ਵਿਖੇ ਆਪਸ਼ੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਫਾਇਰਿੰਗ ਦੌਰਾਨ ਹੋਏ ਕਤਲ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 2 ਮੁੱਖ ਵਿਅਕਤੀਆਂ ਸਮੇਤ 4 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਲਾਡੀ ਨਿਹੰਗ ਉਰਫ ਜਸਪ੍ਰੀਤ ਸਿੰਘ (ਵਾਸੀ ਬਾਬਾ ਜੀਵਨ ਸਿੰਘ ਨਗਰ, ਕੋਟਕਪੂਰਾ), ਸੁਖਮਨ ਗਿੱਲ ਉਰਫ ਸੁੱਖਾ (ਵਾਸੀ ਕਟਾਰੀਆ ਹਸਪਤਾਲ ਦੀ ਬੈਕ ਸਾਈਡ, ਮੋਗਾ ਰੋਡ, ਕੋਟਕਪੂਰਾ), ਮੰਨੂ ਉਰਫ ਮਨੀ (ਵਾਸੀ ਪ੍ਰੇਮ ਨਗਰ ਕੋਟਕਪੂਰਾ), ਸੰਦੀਪ ਸਿੰਘ ਉਰਫ ਤੋਤੀ (ਵਾਸੀ ਜੀਵਨ ਨਗਰ ਗਲੀ ਨੰਬਰ 01 ਕੋਟਕਪੂਰਾ), ਭਿੰਦਰ ਸਿੰਘ ਉਰਫ ਮਨੀ (ਵਾਸੀ ਪਿੰਡ ਵਾਂਦਰ ਜਟਾਣਾ) ਵਜੋਂ ਹੋਈ ਹੈ ਅਤੇ ਇੱਕ ਜੁਵੇਨਾਇਲ ਨੂੰ ਵੀ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਵਿਅਕਤੀਆਂ ਕੋਲੋਂ ਵਾਰਦਾਤ ਦੌਰਾਨ ਵਰਤੇ ਗਏ 09 ਐਮ.ਐਮ ਪਿਸਟਲ ਅਤੇ 01 ਜਿੰਦਾ ਰੌਦ ਵੀ ਬਰਾਮਦ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਮਿਤੀ 21 ਅਕਤੂਬਰ ਦੀ ਸ਼ਾਮ ਨੂੰ ਇਨ੍ਹਾਂ ਵਿਅਕਤੀਆਂ ਵੱਲੋਂ ਬਠਿੰਡਾ ਰੋਡ ’ਤੇ ਸੈਟਰਲ ਬੈਂਕ ਦੇ ਸਾਹਮਣੇ ਨਰੇਸ਼ ਕੁਮਾਰ ਨਾਂਅ ਦੇ ਵਿਅਕਤੀ ਵੱਲੋਂ ਦੀਵਾਲੀ ਦੇ ਸਬੰਧ ਵਿੱਚ ਲਗਾਏ ਗਏ ਸਟਾਲ ’ਤੇ ਪਹੁੰਚ ਕੇ ਲਾਡੀ ਨਿਹੰਗ ਨਾਂਅ ਦੇ ਵਿਅਕਤੀ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਨਰੇਸ਼ ਕੁਮਾਰ ’ਤੇ ਫਾਇਰ ਕੀਤੀ ਗਈ ਸੀ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਸੀ।

ਇਹ ਵੀ ਪੜ੍ਹੋ: Protest Warning: ਖੇਤੀਬਾੜੀ ਵਿਕਾਸ ਅਫ਼ਸਰਾਂ ਵੱਲੋਂ ਮੰਗਾਂ ਮੰਨਵਾਉਣ ਲਈ ਤਿੱਖੇ ਸੰਘਰਸ਼ ਦੀ ਚਿਤਾਵਨੀ

ਇਸ ਦੌਰਾਨ ਸ਼੍ਰੀ ਸੰਜੀਵ ਕੁਮਾਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰਕੇ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਕਾਰਵਾਈ ਕਰਦਿਆਂ 3 ਵਿਅਕਤੀ ਮੰਨੂ ਉਰਫ ਮਨੀ, ਸੰਦੀਪ ਸਿੰਘ ਉਰਫ ਤੋਤੀ ਅਤੇ ਭਿੰਦਰ ਸਿੰਘ ਉਰਫ ਮਨੀ ਨੂੰ 27 ਅਕਤੂਬਰ ਨੂੰ ਜੈਤੋ ਰੋਡ ਵਾਲੇ ਸੂਏ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਉਪਰੰਤ ਮਿਤੀ 29 ਅਕਤੂਬਰ ਵਿੱਚ ਇਸ ਵਾਰਦਾਤ ਵਿੱਚ ਸ਼ਾਮਿਲ ਇੱਕ ਹੋਰ ਜੁਵੇਨਾਇਲ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਮੁਲਜ਼ਮਾਂ ਵੱਲੋਂ ਨਿੰਜੀ ਰੰਜਿਸ਼ ਕਾਰਨ ਦਿੱਤਾ ਵਾਰਦਾਤ ਨੂੰ ਅੰਜਾਮ

ਅੱਜ ਇਸ ਵਾਰਦਾਤ ’ਚ ਸ਼ਾਮਲ 2 ਮੁੱਖ ਮੁਲਜ਼ਮਾਂ ਲਾਡੀ ਨਿਹੰਗ ਉਰਫ ਜਸਪ੍ਰੀਤ ਸਿੰਘ ਅਤੇ ਸੁਖਮਨ ਗਿੱਲ ਉਰਫ ਸੁੱਖਾ ਨੂੰ ਕੱਚਾ ਬੀੜ ਰੋਡ ਨਜ਼ਦੀਕ ਨੈਸ਼ਨਲ ਹਾਈਵੇਅ-54 ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਲਾਡੀ ਨਿਹੰਗ ਕੋਲੋਂ ਵਾਰਦਾਤ ਦੌਰਾਨ ਵਰਤੇ ਗਏ 9 ਐਮ.ਐਮ ਪਿਸਟਲ ਅਤੇ 01 ਜਿੰਦਾ ਰੌਦ ਵੀ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਵੱਲੋਂ ਨਿੰਜੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸਣਯੋਗ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮਾਂ ਖਿਲਾਫ ਇਸ ਤੋਂ ਪਹਿਲਾ ਵੀ ਸੰਗਠਿਤ ਅਪਰਾਧ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮਾਮਲੇ ਦਰਜ ਰਜਿਸਟਰ ਹਨ। ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। Faridkot Crime News