6 ਦਿਨਾਂ ‘ਚ ਬਦਲਦੇ ਰਹੇ ਸਮੀਕਰਨ, ਆਖ਼ਰਕਾਰ ਮਨਜ਼ੂਰ ਹੋਇਆ ਸਿੱਧੂ ਦਾ ਅਸਤੀਫ਼ਾ
ਨਵਜੋਤ ਸਿੱਧੂ ਦਾ ਪਿਛਲੇ ਸਾਲ ਪਾਕਿਸਤਾਨ ਦੌਰੇ ਤੋਂ ਬਾਅਦ ਸ਼ੁਰੂ ਹੋਇਆ ਸੀ ਵਿਵਾਦ
ਅਸ਼ਵਨੀ ਚਾਵਲਾ, ਚੰਡੀਗੜ੍ਹ
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮੰਤਰੀ ਮੰਡਲ ਟੀਮ ਵਿੱਚੋਂ ਸ਼ਿਕਸਰ ਕਿੰਗ ਨਵਜੋਤ ਸਿੱਧੂ ‘ਆਊਟ’ ਹੋ ਗਏ ਹਨ। ਨਵਜੋਤ ਸਿੱਧੂ ਇਸ ਵਾਰ ਇਹੋ ਜਿਹੀ ਗੁਗਲੀ ਵਿੱਚ ਫਸੇ ਕਿ ਪਿਛਲੇ ਡੇਢ ਮਹੀਨੇ ਦੀ ਕਸਰਤ ਤੋਂ ਬਾਅਦ ਉਹ ਕਲੀਨ ਬੋਲਡ ਹੋ ਗਏ ਹਨ। ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਹੁਣ ਸਿੱਧੂ ਪੰਜਾਬ ਦੇ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹੇ ਹਨ। ਹਾਲਾਂਕਿ ਉਹ ਕਾਂਗਰਸ ਪਾਰਟੀ ਵਿੱਚ ਬਤੌਰ ਵਿਧਾਇਕ ਰਹਿਣਗੇ ਜਾਂ ਫਿਰ ਇਸ ਤੋਂ ਵੀ ਅੱਗੇ ਜਾ ਕੇ ਕੁਝ ਕਰ ਸਕਦੇ ਹਨ, ਇਸ ਸਬੰਧੀ ਨਵਜੋਤ ਸਿੱਧੂ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀਂ ਹੈ। ਨਵਜੋਤ ਸਿੱਧੂ ਨਾਲ ਸ਼ਨੀਵਾਰ ਨੂੰ ਗੱਲਬਾਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਰਗਰਮੀ ਨਾਲ ਜੁਆਬ ਦੇਣ ਵਾਲੇ ਨਵਜੋਤ ਸਿੱਧੂ ਇਸ ਵਾਰ ਸ਼ਾਂਤ ਹੋ ਕੇ ਬੈਠੇ ਹਨ ਅਤੇ ਕੋਈ ਵੀ ਜੁਆਬ ਨਹੀਂ ਦੇ ਰਹੇ ਹਨ।
ਨਵਜੋਤ ਸਿੱਧੂ ਨੇ 14 ਜੁਲਾਈ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜਿਆ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਅਮਰਿੰਦਰ ਸਿੰਘ ਨੇ 6 ਦਿਨਾਂ ਦਾ ਸਮਾਂ ਲਿਆ ਹੈ। ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਪ੍ਰਵਾਨ ਕਰਨ ਤੋਂ ਤੁਰੰਤ ਬਾਅਦ ਹੀ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿਖੇ ਸਰਕਾਰੀ ਕੋਠੀ ਨੂੰ ਖ਼ਾਲੀ ਕਰਨ ਦਾ ਕੰਮ ਸ਼ੁਰੂ ਕਰਦੇ ਹੋਏ ਆਪਣਾ ਸਾਰਾ ਸਮਾਨ ਪ੍ਰਾਈਵੇਟ ਕੰਪਨੀ ‘ਪੈਕਰਜ਼ ਅਤੇ ਮੂਵਰਜ਼’ ਰਾਹੀਂ ਪੈਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਨਵਜੋਤ ਸਿੱਧੂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਪਹਿਲੀ ਵਾਰ ਖਟਪਟ ਪਾਕਿਸਤਾਨ ਦੌਰੇ ਦੌਰਾਨ ਹੋਈ ਸੀ, ਜਦੋਂ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਖੇ ਜਾਣ ਤੋਂ ਇਨਕਾਰ ਕੀਤਾ ਸੀ ਪਰ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਦਰਕਿਨਾਰ ਕਰਦੇ ਹੋਏ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਦੌਰਾਨ ਟਿਕਟ ਬਟਵਾਰੇ ਦੌਰਾਨ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਮਿਲਣ ਦੇ ਚਲਦੇ ਦੋਸ਼ ਅਮਰਿੰਦਰ ਸਿੰਘ ‘ਤੇ ਲਗਾ ਦਿੱਤੇ ਗਏ ਸਨ ਅਤੇ ਅਮਰਿੰਦਰ ਸਿੰਘ ਨੂੰ ਖ਼ੁਦ ਇਸ ਸਬੰਧੀ ਸਪਸ਼ਟੀਕਰਨ ਤੱਕ ਦੇਣਾ ਪਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਵਿਚਕਾਰ ਦਰਾਰ ਕਾਫ਼ੀ ਜਿਆਦਾ ਵੱਧ ਗਈ ਅਤੇ ਚੋਣਾਂ ਦੌਰਾਨ ਹੀ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਬਾਦਲਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਤਾਂ ਮਾਮਲਾ ਹੋਰ ਵੀ ਜਿਆਦਾ ਭਖ ਗਿਆ, ਜਿਸ ਕਾਰਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ 4 ਸੀਟਾਂ ‘ਤੇ ਹਾਰ ਦਾ ਕਾਰਨ ਨਵਜੋਤ ਸਿੱਧੂ ਨੂੰ ਕਰਾਰ ਦੇ ਦਿੱਤਾ ਇਸ ਤੋਂ ਬਾਅਦ ਅਮਰਿੰਦਰ ਸਿੰਘ ਦੀ ਕੈਬਨਿਟ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹਿੰਦੇ ਹੋਏ ਸਿੱਧੂ ਨੇ ਅਮਰਿੰਦਰ ਸਿੰਘ ਖ਼ਿਲਾਫ਼ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣਾ ਸਪਸ਼ਟੀਕਰਨ ਦਿੱਤਾ।
ਇਸ ਤੋਂ ਖਫ਼ਾ ਹੁੰਦੇ ਹੋਏ ਅਮਰਿੰਦਰ ਸਿੰਘ ਨੇ 6 ਜੂਨ ਨੂੰ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ। ਵਿਭਾਗ ਦੇ ਖੋਹੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ 10 ਜੂਨ ਨੂੰ ਤਤਕਾਲੀਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਜਦੋਂ ਕਿ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫ਼ਾ 14 ਜੁਲਾਈ ਨੂੰ ਭੇਜਿਆ। ਇਸ ਅਸਤੀਫ਼ੇ ਨੂੰ ਅਮਰਿੰਦਰ ਸਿੰਘ ਨੇ 20 ਜੁਲਾਈ ਨੂੰ ਸਵੀਕਾਰ ਕਰਦੇ ਹੋਏ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਹੈ।
ਨਹੀਂ ਸੀ ਕੋਈ ਬਦਲ, ਅਸਤੀਫ਼ਾ ਕਰਨਾ ਪਿਆ ਮਨਜ਼ੂਰ
ਨਵਜੋਤ ਸਿੱਧੂ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਅਤੇ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਕੋਈ ਬਦਲ ਵੀ ਨਹੀਂ ਬਚਿਆ ਸੀ, ਜਿਸ ਕਾਰਨ ਹੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਹੈ। ਨਵਜੋਤ ਸਿੱਧੂ ਦਾ ਕੰਮ ਕਰਨ ਵਿੱਚ ਮਨ ਨਹੀਂ ਸੀ, ਜਿਸ ਕਾਰਨ ਹੀ ਉਨ੍ਹਾਂ ਨੇ ਆਪਣੇ 46 ਦਿਨਾਂ ਦੌਰਾਨ ਆਪਣਾ ਵਿਭਾਗ ਨਹੀਂ ਸੰਭਾਲਿਆ ਸੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਿਜਲੀ ਵਰਗੇ ਅਹਿਮ ਵਿਭਾਗ ਦੀ ਕਮਾਨ ਖ਼ੁਦ ਨੂੰ ਸੰਭਾਲਣੀ ਪਈ।
ਸਾਧੂ ਸਿੰਘ ਧਰਮਸੋਤ, ਕੈਬਨਿਟ ਮੰਤਰੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।