ਗੁਰਜੀਵਨ ਸਿੰਘ ਸਿੱਧੂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਹੋਏ ਹਨ। ਗੁਰੂ ਜੀ ਦਾ ਜਨਮ ਅਪਰੈਲ 1621 ਈ: ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸ੍ਰੀ ਅਮ੍ਰਿੰਤਸਰ ਸਾਹਿਬ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਨੇ 1664 ਈ: ਵਿੱਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲੀ। ਗੁਰੂ ਜੀ ਦਾ ਪਹਿਲਾ ਨਾਂਅ ਤਿਆਗ ਮੱਲ ਸੀ। ਗੁਰੂ ਜੀ ਦਾ ਬਚਪਨ ਸ੍ਰੀ ਅਮ੍ਰਿੰਤਸਰ ਸਾਹਿਬ ਵਿਖੇ ਬੀਤਿਆ। ਆਪਣੀ ਮੁੱਢਲੀ ਜਿੰਦਗੀ ਦੌਰਾਨ ਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਗੁਰਮੁਖੀ, ਹਿੰਦੀ, ਸੰਸਕ੍ਰਿਤ ਅਤੇ ਭਾਰਤੀ ਧਾਰਮਿਕ ਵਿਚਾਰਧਰਾਵਾਂ ਦਾ ਅਧਿਐਨ ਕੀਤਾ। ਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਤੀਰਅੰਦਾਜ਼ੀ ਅਤੇ ਘੋੜ ਸਵਾਰੀ ਦੇ ਗੁਰ ਸਿੱਖੇ। ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਤਲਵਾਰਬਾਜੀ ਸਿੱਖੀ, ਸਿਰਫ ਤੇਰਾਂ ਸਾਲਾਂ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਾਹਜਹਾਨ ਦੇ ਸੱਦੇ ‘ਤੇ ਪੈਂਦੇ ਖਾਨ ਨਾਲ ਹੋ ਰਹੇ ਯੁੱਧ ਵਿੱਚ ਜਾਣ ਲਈ ਕਿਹਾ।
ਯੁੱਧ ਦੌਰਾਨ ਉਨ੍ਹਾਂ ਨੇ ਆਪਣੀ ਤਲਵਾਰਬਾਜ਼ੀ ਦੇ ਕਰਤੱਵ ਦਿਖਾਉਂਦੇ ਹੋਏ ਦੁਸ਼ਮਣਾਂ ਦੇ ਮੂੰਹ ਮੋੜ ਦਿੱਤੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂਅ ਉਸ ਸਮੇਂ ਤਿਆਗ ਮੱਲ ਸੀ ਅਤੇ ਯੁੱਧ ਫਤਹਿ ਕਰਨ ਤੋਂ ਬਾਅਦ ਤੇਗ ਬਹਾਦਰ ਨਾਂਅ ਨਾਲ ਜਾਣੇ ਜਾਣ ਲੱਗ ਪਏ। ਗੁਰੂ ਜੀ ਦਾ ਵਿਆਹ 1632 ਈ: ਵਿੱਚ ਕਰਤਾਪੁਰ ਵਿਖੇ ਮਾਤਾ ਗੁਜਰ ਕੌਰ ਜੀ ਨਾਲ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1664 ਈ: ਵਿੱਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲਣ ਤੋਂ ਬਾਅਦ ਲੋਕਾਂ ਵਿੱਚ ਸੱਚ ਅਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਕਰਨ ਦਾ ਨਿਸ਼ਚਾ ਕਰ ਲਿਆ। ਗੁਰੂ ਜੀ ਨੇ ਪੰਜਾਬ ਤੋਂ ਇਲਾਵਾ ਬੰਗਾਲ ਅਤੇ ਅਸਾਮ ਤੱਕ ਤਕਰੀਬਨ ਸਾਰੇ ਉੱਤਰੀ ਭਾਰਤ ਦੀ ਧਰਮ ਪ੍ਰਚਾਰ ਯਾਤਰਾ ਕੀਤੀ। ਇਸ ਤੋਂ ਇਲਾਵਾ ਅਮ੍ਰਿੰਤਸਰ, ਵੱਲਾ, ਗੁਰੂ ਕਾ ਬਾਗ, ਬਕਾਲਾ, ਬਿਲਾਸਪੁਰ ਦੀ ਯਾਤਰਾ ਕਰਦਿਆਂ ਚੱਕ ਨਾਨਕੀ ਨਗਰ ਦੀ ਨੀਂਹ ਰੱਖੀ।
ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬਿਲਾਸਪੁਰ ਵਿਖੇ ਸਨ ਤਾਂ ਉਨ੍ਹਾਂ ਨੇ ਰਾਣੀ ਜਲਾਲਦੇਵੀ ਨੂੰ ਕੀਰਤਪੁਰ ਛੱਡਣ ਬਾਰੇ ਅਤੇ ਕੀਰਤਪੁਰ ਨੇੜੇ ਇੱਕ ਨਵਾਂ ਪਿੰਡ ਵਸਾਉਣ ਦਾ ਵਿਚਾਰ ਦੱਸਿਆ। ਗੁਰੂ ਜੀ ਨੇ ਰਾਣੀ ਨੂੰ ਰਕਮ ਦੇ ਕੇ ਉਹ ਜ਼ਮੀਨ ਖਰੀਦ ਲਈ ਅਤੇ ਜੂਨ 1665 ਈ: ਨੂੰ ਉਸ ਭੂਮੀ ‘ਤੇ ਨਵੇਂ ਨਗਰ ਦੀ ਨੀਂਹ ਰੱਖੀ, ਜਿਸ ਦਾ ਨਾਅ ਚੱਕ ਨਾਨਕੀ ਰੱਖਿਆ ਗਿਆ ਸੀ। ਇਸ ਤੋਂ ਅੱਗੇ ਗੁਰੂ ਜੀ ਕੈਥਲ, ਕੁਰੂਕਸ਼ੇਤਰ, ਪਟਨਾ ਦੀ ਯਾਤਰਾ ਕਰਦੇ ਹੋਏ ਢਾਕਾ ਵਿਖੇ ਪਹੁੰਚ ਗਏ ਸਨ ਤਾਂ ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਜੀ ਮਾਲਵੇ ਇਲਾਕੇ ਦੇ ਪਿੰਡਾਂ ਦੀ ਯਾਤਰਾ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ। ਉਸ ਸਮੇਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਅੱਤ ਮਚਾਈ ਹੋਈ ਸੀ ਅਤੇ ਲੋਕਾਂ ਨੂੰ ਜਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਬਣਾਇਆ ਜਾ ਰਿਹਾ ਸੀ।
ਔਰੰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਤਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸ਼ਚੈ ਕਰਕੇ ਕਸ਼ਮੀਰੀ ਪੰਡਤਾਂ ਦਾ ਜੱਥਾ ਸਿੱਖ ਧਰਮ ਦੇ ਇੱਕ ਪ੍ਰਚਾਰਕ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਕਸ਼ਮੀਰੀ ਪੰਡਤਾਂ ਨੇ ਆਪਣੇ ਨਾਲ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਗੁਰੂ ਜੀ ਨੂੰ ਸੁਣਾਈਆਂ। ਕਸ਼ਮੀਰੀ ਪੰਡਤਾਂ ਦੀ ਦਰਦ ਕਹਾਣੀ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਦਰਬਾਰ ‘ਚੋਂ ਮਾਯੂਸ ਨਹੀਂ ਪਰਤਣਗੇ। ਗੁਰੂ ਜੀ ਫਰਮਾਉਣ ਲੱਗੇ ਕਿ ਸਮਾਂ ਕਿਸੇ ਮਹਾਂਪੁਰਖ ਦੀ ਸ਼ਹੀਦੀ ਦੀ ਮੰਗ ਕਰਦਾ ਹੈ ਤਾਂ ਹੀ ਲੋਕਾਈ ਦੀ ਧਾਰਮਿਕ ਅਜ਼ਾਦੀ ਨੂੰ ਬਚਾਇਆ ਜਾ ਸਕਦਾ ਹੈ। ਇਸ ਸਮੇਂ ਨਜ਼ਦੀਕ ਹੀ ਬੈਠੇ ਉਨ੍ਹਾਂ ਦੇ ਸਪੁੱਤਰ ਗੋਬਿੰਦ ਰਾਏ ਜੀ ਨੇ ਕਿਹਾ ਕਿ ਆਪ ਜੀ ਤੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਵਿਸਵਾਸ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ।
ਉਹ ਦਿੱਲੀ ਪਹੁੰਚੇ ਅਤੇ ਔਰੰਗਜੇਬ੍ਹ ਨੂੰ ਕਿਹਾ ਕਿ ਜੇ ਤੁਸੀਂ ਮੇਰਾ ਧਕਮ ਤਬਦੀਲ ਕਰਵਾ ਲਓ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਧਰਮ ਤਬਦੀਲ ਕਰ ਲੈਣਗੇ ਔਰੰਗਜੇਬ ਨੇ ਆਪਣੀ ਵਾਹ ਲਈ ਗੁਰੂ ਜੀ ਨੂੰ ਇਸਲਾਮ ਧਰਮ ਅਪਨਾਉੇਣ ਲਈ ਤਾਂ ਗੁਰੂ ਜੀ ਨੂੰ ਨਾਨਕਸ਼ਾਹੀ ਕਲੰਡਰ ਦੇ ਮੁਤਾਬਕ 24 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਸੁਸ਼ੋਭਿਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਮਨੁੱਖੀ ਹੱਕਾਂ ਅਤੇ ਧਾਰਮਿਕ ਅਜ਼ਾਦੀ ਦੇ ਝੰਡੇ ਨੂੰ ਹਮੇਸ਼ਾ ਉੱਚਾ ਰੱਖਦੀ ਆ ਰਹੀ ਹੈ। ਵਿਸ਼ਵ ਇਤਿਹਾਸ ਵਿੱਚ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਵਿਲੱਖਣ ਹੈ ਕਿ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਲਈ ਦਿੱਤੀ ਗਈ ਹੈ, ਜੋ ਸਦਾ ਲਈ ਸਮੁੱਚੀ ਮਾਨਵਤਾ ਦੀ ਬਿਹਤਰੀ ਲਈ ਮਾਰਗ-ਦਰਸ਼ਨ ਕਰਦੀ ਰਹੇਗੀ।
ਨਥਾਣਾ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।