ਕੀ ਅਜੋਕੀ ਗਾਇਕੀ ਲਈ ਸੈਂਸਰ ਬੋਰਡ ਬਣਨਾ ਚਾਹੀਦੈ?

Should there be a censor board for modern singing?

ਕੀ ਅਜੋਕੀ ਗਾਇਕੀ ਲਈ ਸੈਂਸਰ ਬੋਰਡ ਬਣਨਾ ਚਾਹੀਦੈ?

ਮੈਂ ਇਹ ਲਿਖਤ ਭਾਵ ਲੇਖ ਜੋ ਕਿ ਲਿਖਿਆ ਹੁਣ ਹੈ, ਭਾਵੇਂ ਕਿ ਇਹ ਲਿਖਿਆ, ਹੁਣ ਤੋਂ ਦੋ ਦਹਾਕੇ ਪਹਿਲਾਂ ਉਦੋਂ ਉੱਠੀ ਅਵਾਜ ’ਚੋਂ ਹੀ ਹੈ, ਉਸ ਵਕਤ ਵੀ ਕੁਝ ਬੁੱਧੀਜੀਵੀਆਂ ਨੇ ਲੇਖ ਲਿਖੇ ਸਨ, ਪਰ ਉਸ ਤੋਂ ਬਾਅਦ ਉਸ ਉੱਪਰ ਕੋਈ ਤਵੱਜੋ ਨਹੀਂ ਦਿੱਤੀ ਗਈ। ਇਸ ਲਈ ਮੈਂ ਅੱਜ ਪੰਜਾਬੀ ਗਾਇਕੀ ਦੇ ਸਮੇਂ ਦੀ, ਪੰਜਾਬੀ ਗਾਇਕੀ ਦੀ ਗੱਲ ਕਰ ਰਿਹਾਂ ਹਾਂ, ਕਿਉਂਕਿ ਉਸ ਸਮੇਂ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚੌਧਰੀ ਸਵਰਨਾ ਰਾਮ ਨੇ ਪੰਜਾਬੀ ਗਾਇਕੀ ਅਤੇ ਵੀਡੀਓ ਫਿਲਮਾਂਕਣਾਂ ’ਚ ਆ ਰਹੀ ਅਸ਼ਲੀਲਤਾ ਬਾਰੇ ਇੱਕ ਸੈਂਸਰ ਬੋਰਡ ਬਣਾਉਣ ਦੀ ਯੋਜਨਾ ਬਣਾਈ ਸੀ, ਜੋ ਉਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਪਰ ਪੰਜਾਬੀ ਗੀਤਾਂ ਲਈ ਜਾਂ ਪੰਜਾਬੀ ਗਾਇਕੀ ਲਈ ਸੈਂਸਰ ਬੋਰਡ ਬਣਨ ਬਾਰੇ ਬਣਨ ਤੋਂ ਪਹਿਲਾਂ ਹੀ ਇਸ ਦੀ ਕਈ ਕੰਪਨੀਆਂ ਵੱਲੋਂ, ਕਈ ਕਲਾਕਾਰਾਂ ਵੱਲੋਂ ਤੇ ਗੀਤਕਾਰਾਂ ਵੱਲੋਂ ਆਲੋਚਨਾ ਹੋਣੀ ਸ਼ੁਰੂ ਹੋ ਗਈ ਸੀ, ਪਰ ਜਿੱਥੇ ਇਸ ਬੋਰਡ ਦੇ ਬਣਨ ਦੀ ਆਲੋਚਨਾ ਹੋਈ, ਉੱਥੇ ਹੀ ਬੁੱਧੀਜੀਵੀ ਵਰਗ ਤੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਵੱਲੋਂ ਇਸ ਦਾ ਸਵਾਗਤ ਵੀ ਕੀਤਾ ਗਿਆ ਸੀ।

ਸੈਂਸਰ ਬੋਰਡ ਬਣਨਾ ਜਿੱਥੇ ਜਾਇਜ਼ ਵੀ ਹੈ, ਉੱਥੇ ਉਸ ਦੇ ਕਈ ਨਕਾਰਾਤਮਿਕ ਤੇ ਸਕਾਰਾਤਮਿਕ ਪੱਖ ਵੀ ਹਨ। ਇਸ ਬਾਰੇ ਵੱਖ-ਵੱਖ ਕਲਾਕਾਰਾਂ ਦੇ ਵੱਖ-ਵੱਖ ਬਿਆਨ ਉਸ ਸਮੇਂ ਰਹੇ ਜਦੋਂ ਚੌਧਰੀ ਸਵਰਨਾ ਰਾਮ ਵੱਲੋਂ ਇਹ ਯੋਜਨਾ ਬਣਾਈ ਗਈ ਸੀ ਉਸ ਸਮੇਂ ਕਲਾਕਾਰਾਂ, ਸੱਭਿਆਚਾਰਕ ਸੰਸਥਾਵਾਂ ਦੇ ਅਹੁਦੇਦਾਰਾਂ, ਗੀਤਕਾਰਾਂ ਨੇ ਮੀਟਿੰਗਾਂ ਕੀਤੀਆਂ ਅਤੇ ਆਪਣੇ-ਆਪਣੇ ਵਿਚਾਰ ਰੱਖੇ, ਜੋ ਉਸ ਸਮੇਂ ਅਖ਼ਬਾਰਾਂ ਵਿੱਚ ਚਰਚਿਤ ਰਹੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਅਤੇ ‘ਪ੍ਰੋਫ਼ੈਸਰ ਮੋਹਨ ਸਿੰਘ ਫਾਊਂਡੇਸ਼ਨ’ ਦੇ ਬਾਨੀ ਚੇਅਰਮੈਨ ਸ੍ਰ: ਜਗਦੇਵ ਸਿੰਘ ਜੱਸੋਵਾਲ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਸੀ ਅਤੇ ਬੜੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਸੀ ਕਿ ਲੱਚਰ ਗਾਇਕੀ ਲਈ ਸਾਡੇ ਗਾਇਕ ਅਤੇ ਗੀਤਕਾਰ ਓਨੇ ਜ਼ਿੰਮੇਵਾਰ ਨਹੀਂ ਹਨ, ਜਿੰਨੇ ਕੈਸਿਟ (ਕਿਉਂਕਿ ਉਦੋਂ ਕੈਸਿਟਾਂ ਚੱਲਦੀਆਂ ਸਨ) ਕੰਪਨੀਆਂ ਅਤੇ ਟੀ. ਵੀ. ਚੈਨਲ ਚਲਾਉਣ ਵਾਲੇ ਵਪਾਰੀ ਕਿਸਮ ਦੇ ਲੋਕ ਹਨ, ਜੋ ਆਪਣੇ ਵਪਾਰ ਦੀ ਉਤਪਤੀ ਲਈ ਸਾਡੀਆਂ ਲੋਕ-ਭਾਵਨਾਵਾਂ ਨੂੰ ਕੁਚਲ ਕੇ ਸਾਡੇ ਹੀ ਧੀਆਂ-ਪੁੱਤਰਾਂ ਨੂੰ ਆਪਣੀ ਡੁਗਡੁਗੀ ਉੱਤੇ ਨੱਚਣ ਲਈ ਮਜਬੂਰ ਕਰਦੇ ਹਨ, ਇਸ ਲਈ ਸੈਂਸਰ ਬੋਰਡ ਵੱਲੋਂ ਸਿਰਫ਼ ਗੀਤਾਂ ਦੀਆਂ ਤੁਕਾਂ ਇੱਧਰ-ਉੱਧਰ ਕਰਨ ਨਾਲ ਹੀ ਆਪਣਾ ਮਕਸਦ ਪੂਰਾ ਨਹੀਂ ਹੋ ਸਕਦਾ, ਸਾਰੇ ਗਾਇਕਾਂ ਗੀਤਕਾਰਾਂ ਅਤੇ ਸੱਭਿਆਚਾਰਕ ਸ਼ਖਸੀਅਤਾਂ ਨੂੰ ਨਾਲ ਜੋੜ ਕੇ ਕੰਮ ਕਰਨ ਨਾਲ ਇਹ ਬੋਰਡ ਆਪਣੇ ਮਕਸਦ ਵਿਚ ਸਫਲ ਹੋ ਸਕਦਾ ਹੈ।

ਇਹ ਸਨ ਜੱਸੋਵਾਲ ਸਾਹਿਬ ਦੇ ਵਿਚਾਰ, ਜੋ ਉਸ ਸਮੇਂ ਦੇ ਇੱਕ ਮੈਗਜੀਨ ਵਿੱਚ ਮੇਰੇ ਆਰਟੀਕਲ ਰਾਹੀਂ ਪ੍ਰਕਾਸ਼ਿਤ ਕੀਤੇ ਗਏ ਸਨ ਹੋਰ ਵੀ ਬਹੁਤ ਸਾਰੇ ਗਾਇਕਾਂ ਅਤੇ ਸੰਗੀਤ ਖੇਤਰ ਨਾਲ ਸਬੰਧਿਤ ਸ਼ਖਸੀਅਤਾਂ ਵੱਲੋਂ ਇਸ ਦਾ ਸੁਆਗਤ ਕੀਤਾ ਗਿਆ, ਪਰ ਕੁਝ ਗਾਇਕਾਂ ਵੱਲੋਂ ਇਸ ਨੂੰ ਪੰਜਾਬੀ ਗਾਇਕੀ ਦੀ ਆਜ਼ਾਦੀ ’ਤੇ ਹਮਲਾ ਵੀ ਕਿਹਾ ਗਿਆ। ਡੇਢ ਦਰਜਨ ਦੇ ਕਰੀਬ ਗਾਇਕਾਂ ਤੇ ਗੀਤਕਾਰਾਂ ਵੱਲੋਂ ਉਸ ਸਮੇਂ ਚੰਡੀਗੜ੍ਹ ਵਿਚ ਇੱਕ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਜਿਸ ’ਚ ਕਿਹਾ ਗਿਆ ਸੀ ਕਿ ਲੱਚਰ ਅਤੇ ਅਸ਼ਲੀਲ ਗਾਇਕੀ ਨੂੰ ਨੱਥ ਪਾਉਣ ਲਈ ਅਸੀਂ ਸੈਂਸਰ ਬੋਰਡ ਬਣਾਉਣ ਦੀ ਤਜਵੀਜ਼ ਨਾਲ ਸਹਿਮਤ ਹਾਂ ਪਰ ਧਮਕੀਆਂ ਭਰੀ ਤੇ ਡੰਡਾ ਨੀਤੀ ਦਾ ਡਟ ਕੇ ਵਿਰੋਧ ਕਰਾਂਗੇ। ਇਸ ਕਾਨਫ਼ਰੰਸ ਦੌਰਾਨ ਇਸ ਗੱਲ ’ਤੇ ਵੀ ਟਿੱਪਣੀਆਂ ਕੀਤੀਆਂ ਗਈਆਂ ਸੀ ਕਿ ਸੱਭਿਆਚਾਰਕ ਮੰਤਰੀ ਵੱਲੋਂ ਸੈਂਸਰ ਬੋਰਡ ਬਣਾਉਣ ਸਬੰਧੀ 24 ਜੂਨ 2002 ਨੂੰ ਇੱਕ ਮੀਟਿੰਗ ਕਲਾਕਾਰਾਂ ਦੀ ਸੱਦੀ ਗਈ ਸੀ ਪਰ ਉਸ ਵਿੱਚ ਦਹਾਕਿਆਂਬੱਧੀ ਲੋਕ ਗਾਇਕੀ ਨੂੰ ਸਮਰਪਿਤ ਗਾਇਕਾਂ ਨੂੰ ਸੱਦਿਆ ਨਹੀਂ ਗਿਆ। ਇਸੇ ਤਰ੍ਹਾਂ ਇਸ ਮਾਮਲੇ ਸਬੰਧੀ ਹੋਰ ਵੀ ਕਾਫ਼ੀ ਵਿਚਾਰ ਸਾਹਮਣੇ ਆਏ, ਜਿਵੇਂ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਕੁਲਦੀਪ ਮਾਣਕ ਹੁਰਾਂ ਨੇ ਕਿਹਾ ਸੀ ਕਿ ਕਿਸੇ ਕਲਾਕਾਰ ਲਈ ਸਭ ਤੋਂ ਵੱਡਾ ਸੈਂਸਰ ਬੋਰਡ ਉਸ ਦੀ ਭੈਣ ਅਤੇ ਧੀ ਹੁੰਦੀ ਹੈ ਜੇਕਰ ਇਨ੍ਹਾਂ ਨੇ ਗੀਤ ਪਾਸ ਕਰ ਦਿੱਤਾ ਤਾਂ ਫਿਰ ਕਿਸੇ ਸੈਂਸਰ ਬੋਰਡ ਦੀ ਸਥਾਪਨਾ ਦੀ ਲੋੜ ਨਹੀਂ।

ਸੱਭਿਆਚਾਰਕ ਮੇਲਿਆਂ ਅਤੇ ਛੋਟੀ ਸਕਰੀਨ ਦੇ ਸੰਗੀਤਕ ਪ੍ਰੋਗਰਾਮਾਂ ਦੇ ਸੰਚਾਲਕ ਪ੍ਰੋ. ਨਿਰਮਲ ਜੌੜਾ ਦੇ ਵਿਚਾਰ ਸਨ ਕਿ ਸੈਂਸਰ ਬੋਰਡ ਦੀ ਕਾਰਜ ਵਿਧੀ ਅਤੇ ਕਾਰਜ ਖੇਤਰ ਨੂੰ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਦੋਸ਼ੀ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਹੱਕ ਵੀ ਬੋਰਡ ਕੋਲ ਹੋਣੇ ਚਾਹੀਦੇ ਹਨ ਉਜ ਜੇਕਰ ਇਸ ਮਾਮਲੇ ਨੂੰ ਡੂੰਘਾਈ ਨਾਲ ਲਿਆ ਜਾਵੇ ਤਾਂ ਇਹ ਇੱਕ ਸ਼ਲਾਘਾਯੋਗ ਕਦਮ ਹੈ, ਪਰ ਸਮੂਹ ਪੰਜਾਬੀਆਂ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਅੱਜ ਜਦੋਂ ਅਸੀਂ ਇੱਕੀਵੀਂ ਸਦੀ ਵਿੱਚ ਹਰ ਖੇਤਰ ਵਿੱਚ ਤਰੱਕੀ ਦੀਆਂ ਚੋਟੀਆਂ ਸਰ ਕਰ ਲਈਆਂ ਹਨ ਤਾਂ ਸਾਨੂੰ ਆਪਣੇ ਲੋਕ ਵਿਰਸੇ ਨੂੰ ਸੰਭਾਲਣ ਲਈ ਹੀ ਸੈਂਸਰ ਬੋਰਡ ਬਣਾਉਣਾ ਪੈ ਰਿਹਾ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਜਿੱਥੇ ਇਸ ਬੋਰਡ ਦੇ ਸਕਾਰਾਤਮਿਕ ਪੱਖ ਹਨ, ਉੱਥੇ ਨਕਾਰਾਤਮਿਕ ਪੱਖ ਵੀ ਉੱਭਰ ਕੇ ਸਾਹਮਣੇ ਆਉਣਗੇ। ਕਿਉਂਕਿ ਜੇਕਰ ਗਾਇਕੀ ਨੂੰ ਬੰਦਿਸ਼ਾਂ ਵਿੱਚ ਜਕੜਿਆ ਤਾਂ ਇਹ ਸਧਾਰਨ ਗੱਲ ਹੈ ਕਿ ਬਹੁਤ ਸਾਰੇ ਉਸਾਰੂ ਗੀਤ ਵੀ ਇਸ ਜਕੜ ਵਿੱਚ ਆ ਸਕਦੇ ਹਨ।

ਜੇਕਰ ਕੋਈ ਇਸ ਤਰ੍ਹਾਂ ਦੀ ਨੀਤੀ ਬਣ ਜਾਵੇ, ਜਿਸ ਦੇ ਨਾਲ ਇਸ ਦੇ ਨਕਾਰਾਤਮਿਕ ਪੱਖ ਨਾ ਜਾਣ ਤਾਂ ਇਹ ਇੱਕ ਉਸਾਰੂ ਕਦਮ ਹੈ। ਉਜ ਬੀਤੇ ਦਿਨੀਂ ਹੀ ਇੱਕ ਬਹੁਤ ਵਧੀਆ ਤੇ ਉਸਾਰੂ ਕਦਮ ਚੁੱਕਿਆ ਗਿਆ ਹੈ ਪੰਜਾਬ ਵਿੱਚ ਕਿ ਪੰਜਾਬ ’ਚ ਡੀ ਜੇ ’ਤੇ ਵੱਜਣ ਵਾਲੇ ਲੱਚਰ, ਸ਼ਰਾਬ ਵਾਲੇ ਅਤੇ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਲਾਅ ਐੱਡ ਆਰਡਰ ਈਸ਼ਵਰ ਸਿੰਘ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਕਿ ਇਸ ਤਰ੍ਹਾਂ ਦੇ ਗੀਤ ਕਿਤੇ ਵੀ ਵੱਜਣੇ ਨਹੀਂ ਚਾਹੀਦੇ ਹਨ। ਇਸ ਸਬੰਧੀ ਉਨ੍ਹਾਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨੂੰ ਪੱਤਰ ਭੇਜੇ ਗਏ ਹਨ, ਕਿ ਇਸ ਪਾਸੇ ਵੱਲ ਖਾਸ ਧਿਆਨ ਦਿੱਤਾ ਜਾਵੇ, ਇਹ ਇੱਕ ਚੰਗਾ ਕਦਮ ਹੈ, ਪਰ ਜਿਵੇਂ ਕਿ ਲੇਖ ਦਾ ਸਿਰਲੇਖ ਹੈ ਕਿ ਕੀ ਪੰਜਾਬੀ ਗਾਇਕੀ ਲਈ ਸੈਂਸਰ ਬੋਰਡ ਬਣਨਾ ਚਾਹੀਦਾ ਹੈ? ਜੇਕਰ ਗੀਤਾਂ ਲਈ ਸੈਂਸਰ ਬੋਰਡ ਬਣ ਜਾਵੇ ਤਾਂ ਅਜਿਹੇ ਆਦੇਸ਼ਾਂ ਦੀ ਸ਼ਾਇਦ ਲੋੜ ਹੀ ਨਾ ਪਵੇ, ਕਿਉਂਕਿ ਜਦ ਗੀਤ ਇੱਕ ਛਾਨਣੀ ਵਿੱਚੋਂ ਛਣ ਕੇ ਆਉਣਗੇ ਤਾਂ ਉਹ ਇਸ ਤੋਂ ਵੀ ਬਿਹਤਰ ਹੋਵੇਗਾ।

ਸਿਵੀਆਂ, ਬਠਿੰਡਾ
ਮੋ. 80547-57806

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ