ਸਾਰੀ ਉਮਰ ਵਿਧਾਨ ਸਭਾ ਦੇ ਖ਼ਰਚੇ ’ਤੇ ਹੋਵੇਗਾ ਇਲਾਜ, ਪਰਿਵਾਰਕ ਮੈਂਬਰ ਵੀ ਸ਼ਾਮਲ | Pension
- ਵਿਧਾਨ ਸਭਾ ਦੇ ਐਕਟ ਅਨੁਸਾਰ 1 ਦਿਨ ਲਈ ਵਿਧਾਇਕ ਰਹਿਣ ਵਾਲੇ ਨੂੰ ਵੀ ਮਿਲੇਗੀ ਪੂਰੀ Pension
ਚੰਡੀਗੜ੍ਹ (ਅਸ਼ਵਨੀ ਚਾਵਲਾ)। Pension : ਪੰਜਾਬ ਵਿਧਾਨ ਸਭਾ ਵਿੱਚ ਸਿਰਫ਼ ਢਾਈ ਸਾਲ ਵਿਧਾਇਕੀ ਕਰਨ ਵਾਲੇ ਜਲੰਧਰ ਪੱਛਮੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ 82 ਹਜ਼ਾਰ 800 ਰੁਪਏ ਪੈਨਸ਼ਨ ਮਿਲੇਗੀ। ਇੰਨਾ ਹੀ ਨਹੀਂ , ਸਗੋਂ ਸ਼ੀਤਲ ਅੰਗੁਰਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਾਰੀ ਉਮਰ ਵਿਧਾਨ ਸਭਾ ਦੇ ਖ਼ਰਚ ’ਤੇ ਇਲਾਜ ਵੀ ਹੁੰਦਾ ਰਹੇਗਾ, ਇਸ ਖ਼ਰਚ ਦੀ ਕੋਈ ਵੀ ਹੱਦ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਖ਼ੁਦ ਵਿਧਾਇਕਾਂ ਵੱਲੋਂ ਬਣਾਏ ਗਏ ਐਕਟ ਵਿੱਚ ਇਹ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਢਾਈ ਸਾਲ ਤਾਂ ਦੂਰ ਜੇਕਰ ਕੋਈ ਇੱਕ ਦਿਨ ਵੀ ਵਿਧਾਇਕ ਰਹਿ ਜਾਵੇ ਤਾਂ ਉਸ ਨੂੰ ਸਾਰੀ ਉਮਰ ਸਾਬਕਾ ਵਿਧਾਇਕ ਦੇ ਬਰਾਬਰ ਪੈਨਸ਼ਨ ਮਿਲਦੀ ਰਹੇਗੀ ਅਤੇ ਸਾਰੀ ਉਮਰ ਹੀ ਉਸ ਦੀ ਬਿਮਾਰੀ ਦਾ ਖ਼ਰਚ ਵਿਧਾਨ ਸਭਾ ਵੱਲੋਂ ਸਰਕਾਰੀ ਖ਼ਰਚ ‘ਤੇ ਕੀਤਾ ਜਾਵੇਗਾ। ਇਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੱਕ ਪਾਸੇ ਤਾਂ 5 ਜਾਂ ਫਿਰ 6 ਵਾਰੀ ਵਿਧਾਇਕ ਰਹਿਣ ਵਾਲੇ ਸਾਬਕਾ ਵਿਧਾਇਕਾਂ ਨੂੰ 82 ਹਜ਼ਾਰ 800 ਰੁਪਏ ਪੈਨਸ਼ਨ ਮਿਲੇਗੀ ਪਰ ਇੱਕ ਕਾਰਜਕਾਲ ਵੀ ਪੂਰਾ ਨਾ ਕਰਨ ਵਾਲੇ ਵਿਧਾਇਕ ਨੂੰ ਇਸ ਦੇ ਬਰਾਬਰ ਹੀ ਪੈਨਸ਼ਨ (Pension) ਮਿਲੇਗੀ।
ਭਾਵੇਂ ਦਿੱਤਾ ਹੋਵੇ ਅਸਤੀਫ਼ਾ ਜਾਂ ਫਿਰ ਵਿਧਾਨ ਸਭਾ ਵਿੱਚ ਮੈਂਬਰਸ਼ਿਪ ਹੋਵੇ ਬਰਖ਼ਾਸਤ, ਮਿਲੇਗੀ ਹਰ ਹਾਲਤ ’ਚ ਪੈਨਸ਼ਨ
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਲਾਗੂ ਪੰਜਾਬ ਵਿਧਾਨ ਸਭਾ ਮੈਂਬਰ (ਪੈਨਸ਼ਨ ਅਤੇ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ) ਐਕਟ 1977 ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਚੁਣ ਕੇ ਆਉਣ ਵਾਲੇ ਹਰ ਵਿਧਾਇਕ ਨੂੰ ਮੈਂਬਰਸ਼ਿਪ ਖ਼ਤਮ ਹੋਣ ਤੋਂ ਬਾਅਦ ਪੈਨਸ਼ਨ ਲਾ ਦਿੱਤੀ ਜਾਂਦੀ ਹੈ। ਪੰਜਾਬ ਵਿਧਾਨ ਸਭਾ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੌਜ਼ੂਦਾ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਇੱਕ ਤੋਂ ਜ਼ਿਆਦਾ ਪੈਨਸ਼ਨ ਨੂੰ ਖ਼ਤਮ ਕਰਦੇ ਹੋਏ ਸਾਬਕਾ ਵਿਧਾਇਕ ਨੂੰ 60 ਹਜ਼ਾਰ ਰੁਪਏ ਪੈਨਸ਼ਨ ਅਤੇ ਮਹਿੰਗਾਈ ਭੱਤਾ ਦੇਣ ਦੀ ਤਜਵੀਜ਼ ਨੂੰ ਪਾਸ ਕਰ ਦਿੱਤਾ ਗਿਆ।
ਇਸ ਸਮੇਂ ਪੰਜਾਬ ਵਿੱਚ 38 ਫੀਸਦੀ ਡੀਏ ਚੱਲ ਰਿਹਾ ਹੈ ਅਤੇ ਸਾਬਕਾ ਵਿਧਾਇਕਾਂ ਨੂੰ 60 ਹਜ਼ਾਰ ਰੁਪਏ ਬੇਸਿਕ ਪੈਨਸ਼ਨ ਦੇ ਨਾਲ ਹੀ 22 ਹਜ਼ਾਰ 800 ਰੁਪਏ ਮਹਿੰਗਾਈ ਭੱਤਾ ਵੀ ਮਿਲ ਰਿਹਾ ਹੈ। ਇਥੇ ਖ਼ਾਸ ਗੱਲ ਹੈ ਕਿ ਮਹਿੰਗਾਈ ਭੱਤਾ ਹਰ ਸਾਲ ਵਧ ਜਾਂਦਾ ਹੈ ਅਤੇ ਮਹਿੰਗਾਈ ਭੱਤਾ ਵਧਣ ਦੇ ਨਾਲ ਹੀ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵੀ ਵਧ ਜਾਵੇਗੀ।
ਇਸ ਐਕਟ ਅਨੁਸਾਰ ਜੇਕਰ ਕੋਈ ਵਿਧਾਇਕ ਬਤੌਰ ਮੈਂਬਰ ਸਹੰੁ ਚੁੱਕ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਕਦੇ ਵੀ ਆਪਣਾ ਅਸਤੀਫ਼ਾ ਦੇ ਦਿੰਦਾ ਹੈ ਤਾਂ ਉਸ ਸਾਬਕਾ ਵਿਧਾਇਕ ਨੂੰ ਸਾਰੀ ਉਮਰ ਹੀ ਪੈਨਸ਼ਨ ਮਿਲੇਗੀ ਅਤੇ ਸਰਕਾਰੀ ਖ਼ਰਚੇ ’ਤੇ ਇਲਾਜ ਵੀ ਮੁਫ਼ਤ ਹੁੰਦਾ ਰਹੇਗਾ।
ਮਜ਼ਬੂਰੀ ਹੋਵੇ ਜਾਂ ਫਿਰ ਗੈਰ ਜ਼ਰੂਰੀ ਅਸਤੀਫ਼ਾ ਦੇਣ ’ਤੇ ਮਿਲੇਗੀ Pension
ਵਿਧਾਨ ਸਭਾ ਦੇ ਐਕਟ ਅਨੁਸਾਰ ਕਿਸੇ ਵੀ ਵਿਧਾਇਕ ਨੂੰ ਅਸਤੀਫ਼ਾ ਦੇਣ ਦੀ ਮਜ਼ਬੂਰੀ ਹੋਵੇ ਜਾਂ ਫਿਰ ਗੈਰ ਜ਼ਰੂਰੀ ਹੋਵੇ ਤਾਂ ਦੋਵਾਂ ਹੀ ਸੂਰਤ ਵਿੱਚ ਸਾਬਕਾ ਵਿਧਾਇਕ ਨੂੰ ਪੈਨਸ਼ਨ ਮਿਲੇਗੀ। ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ 4 ਸੰਸਦ ਮੈਂਬਰਾਂ ਦੀ ਮਜ਼ਬੂਰੀ ਸਮਝੀ ਜਾ ਸਕਦੀ ਹੈ ਕਿ ਹੁਣ ਉਹ ਲੋਕ ਸਭਾ ਦੇ ਮੈਂਬਰ ਬਣ ਗਏ ਹਨ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਵਿੱਚੋਂ ਅਸਤੀਫ਼ਾ ਦੇਣਾ ਜ਼ਰੂਰੀ ਹੈ ਪਰ ਬਿਨਾਂ ਚੋਣ ਲੜੇ ਹੀ ਬਿਨਾਂ ਕਿਸੇ ਮਜ਼ਬੂਰੀ ਤੋਂ ਅਸਤੀਫ਼ਾ ਦੇ ਵਾਲੇ ਵਿਧਾਇਕ ਨੂੰ ਵੀ ਪੈਨਸ਼ਨ ਮਿਲੇਗੀ, ਇਹ ਵਿਧਾਨ ਸਭਾ ਦੇ ਐਕਟ ਦਾ ਤਰਕ ਸਮਝ ਨਹੀਂ ਆ ਰਿਹਾ ਹੈ। ਇਸ ਵਿੱਚ ਸਿਰਫ਼ ਸ਼ੀਤਲ ਅੰਗੂਰਾਲ ਦੀ ਗੱਲ ਨਹੀਂ ਕੀਤੀ ਜਾ ਰਹੀ ਹੈ, ਸਗੋਂ ਭਵਿਖ ਵਿੱਚ ਉਨ੍ਹਾਂ ਸਾਰੇ ਵਿਧਾਇਕਾਂ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੇ ਕਿ ਅਸਤੀਫ਼ਾ ਦੇਣ ਤੋਂ ਬਾਅਦ ਜਿੱਥੇ ਜ਼ਿਮਨੀ ਚੋਣ ਦਾ ਬੋਝ ਆਮ ਜਨਤਾ ’ਤੇ ਪਾਉਂਦੇ ਹਨ ਤਾਂ ਉਥੇ ਸਰਕਾਰੀ ਖਜਾਨੇ ਵਿੱਚ ਸਾਰੀ ਉਮਰ ਪੈਨਸ਼ਨ ਵੀ ਲੈਣ ਦੇ ਹੱਕਦਾਰ ਬਣ ਜਾਂਦੇ ਹਨ।