ਸ਼ੇਅਸ ਅਸ਼ਵਿਨ ਨੇ ਤੋੜਿਆ ਬੰਗਲਾਦੇਸ਼ ਦਾ ਸੁਪਨਾ

ਟੀਮ ਇੰਡੀਆ ਨੇ ਮੈਚ ਦੇ ਨਾਲ ਸੀਰੀਜ਼ ਵੀ ਜਿੱਤੀ

ਢਾਕਾ (ਏਜੰਸੀ)। ਭਾਰਤੀ ਟੀਮ ਨੇ ਕ੍ਰਿਸਮਸ ਦੇ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ ਜਿੱਤ ਲਈ ਹੈ। ਦੱਸ ਦਈਏ ਕਿ ਮੈਰੀਪੁਰ ’ਚ ਖੇਡੇ ਗਏ ਦੂਜੇ ਅਤੇ ਆਖਰੀ ਟੈਸਟ ਮੈਚ ’ਚ ਸ਼੍ਰੇਅਸ ਅਈਅਰ, ਅਸ਼ਵਿਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਦੀ ਪਕੜ ਤੋਂ ਮੈਚ ਖੋਹ ਲਿਆ। ਦੋਵਾਂ ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਮੁਸ਼ਕਲ ’ਚੋਂ ਬਾਹਰ ਕੱਢ ਕੇ ਭਾਰਤ ਨੂੰ ਜਿੱਤ ਦਿਵਾਈ।

ਚੌਥੇ ਦਿਨ ਭਾਰਤ ਨੇ ਆਪਣੀਆਂ 7 ਵਿਕਟਾਂ ਸਿਰਫ਼ 74 ਦੌੜਾਂ ’ਤੇ ਗੁਆ ਦਿੱਤੀਆਂ ਸਨ।

ਦੂਜੇ ਟੈਸਟ ਮੈਚ ਵਿੱਚ ਭਾਰਤ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਚੌਥੇ ਦਿਨ ਸਭ ਨੂੰ ਲੱਗਾ ਕਿ ਬੰਗਲਾਦੇਸ਼ ਇਹ ਮੈਚ ਆਸਾਨੀ ਨਾਲ ਜਿੱਤ ਲਵੇਗਾ। ਚੌਥੇ ਦਿਨ ਭਾਰਤ ਨੇ ਆਪਣੀਆਂ 7 ਵਿਕਟਾਂ ਸਿਰਫ਼ 74 ਦੌੜਾਂ ’ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਆਰ ਅਸ਼ਵਿਨ ਨੇ ਸ਼ਾਨਦਾਰ ਸਾਂਝੇਦਾਰੀ ਨਿਭਾਈ ਅਤੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਦੋਵਾਂ ਨੇ ਇਸ ਮੈਚ ’ਚ 8ਵੀਂ ਵਿਕਟ ਲਈ 71 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਨਿਭਾਈ। ਇਸ ਸਾਂਝੇਦਾਰੀ ਵਿੱਚ ਅਸ਼ਵਿਨ ਨੇ 42 ਅਤੇ ਸ਼੍ਰੇਅਸ ਅਈਅਰ ਨੇ 29 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਬੰਗਲਾਦੇਸ਼ ਨੇ ਭਾਰਤ ਨੂੰ 145 ਦੌੜਾਂ ਦਾ ਟੀਚਾ ਦਿੱਤਾ

ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ (51) ਅਤੇ ਲਿਟਨ ਦਾਸ (73) ਦੇ ਅਰਧ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਦੂਜੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਭਾਰਤ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ। ਜ਼ਾਕਿਰ ਨੇ 135 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਜਦਕਿ ਲਿਟਨ ਨੇ 98 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 73 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ ਤੀਜੇ ਦਿਨ ਦੀ ਸ਼ੁਰੂਆਤ ਚੰਗੀ ਕਰਦੇ ਹੋਏ ਬੰਗਲਾਦੇਸ਼ ਨੂੰ ਚਾਰ ਵਿਕਟਾਂ ’ਤੇ 70 ਦੌੜਾਂ ’ਤੇ ਢਾਹ ਦਿੱਤਾ।

ਜ਼ਾਕਿਰ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਮੇਸ਼ ਯਾਦਵ (32/1) ਦਾ ਸ਼ਿਕਾਰ ਹੋ ਗਿਆ, ਜਦਕਿ ਅਕਸ਼ਰ ਪਟੇਲ (68/3) ਨੇ ਮੇਹਿਦੀ ਹਸਨ ਮਿਰਾਜ ਨੂੰ ਆਊਟ ਕੀਤਾ। ਬੰਗਲਾਦੇਸ਼ ਦੇ ਛੇ ਵਿਕਟਾਂ ’ਤੇ 113 ਦੌੜਾਂ ’ਤੇ ਡਿੱਗਣ ਤੋਂ ਬਾਅਦ, ਵਿਕਟਕੀਪਰ ਨੂਰੁਲ ਹਸਨ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 29 ਗੇਂਦਾਂ ’ਤੇ 31 ਦੌੜਾਂ ਬਣਾਈਆਂ।

ਲਿਟਨ ਅਤੇ ਨੂਰੁਲ ਨੇ ਸੱਤਵੀਂ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦੋਂ ਕਿ ਲਿਟਨ ਅਤੇ ਤਸਕੀਨ ਅਹਿਮਦ ਨੇ ਵੀ ਨੂਰੁਲ ਦੇ ਡਿੱਗਣ ਤੋਂ ਬਾਅਦ ਅੱਠਵੀਂ ਵਿਕਟ ਲਈ 60 ਦੌੜਾਂ ਜੋੜੀਆਂ। ਇਨ੍ਹਾਂ ਦੋਵਾਂ ਸਾਂਝੇਦਾਰੀਆਂ ਦੀ ਮਦਦ ਨਾਲ ਬੰਗਲਾਦੇਸ਼ ਨੇ 231 ਦੌੜਾਂ ਬਣਾਈਆਂ ਅਤੇ ਭਾਰਤ ਦੇ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ। ਤਸਕਿਨ 46 ਗੇਂਦਾਂ ’ਤੇ 31 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਲਈ ਮੁਹੰਮਦ ਸਿਰਾਜ ਅਤੇ ਰਵੀਚੰਦਰਨ ਅਸ਼ਵਿਨ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਜੈਦੇਵ ਉਨਾਦਕਟ ਨੂੰ ਇਕ ਵਿਕਟ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ