ਗੰਭੀਰ ਬਿਮਾਰੀ ਹੈ ਮਾਨਸਿਕ ਟੁੱਟ-ਭੱਜ

Serious Is Mental Breakdown

ਗੰਭੀਰ ਬਿਮਾਰੀ ਹੈ ਮਾਨਸਿਕ ਟੁੱਟ-ਭੱਜ

ਅੱਜ ਦੇ ਸਮੇਂ ਵਿੱਚ ਵਿਗਿਆਨ ਦੇ ਤਰੱਕੀ ਕਰਨ ਨਾਲ ਮਨੁੱਖ ਦਾ ਜੀਵਨ ਤਾਂ ਜ਼ਰੂਰ ਸੌਖਾ ਹੋ ਗਿਆ ਹੈ ਪਰ ਉਹ ਮਾਨਸਿਕ ਤੌਰ ’ਤੇ ਦਿਨੋ-ਦਿਨ ਜ਼ਿਆਦਾ ਪ੍ਰੇਸ਼ਾਨ ਹੋ ਰਿਹਾ ਹੈ ਉਸ ਦੀਆਂ ਮਾਨਸਿਕ ਗੁੰਝਲਾਂ ਹਰ ਰੋਜ਼ ਵਧ ਰਹੀਆਂ ਹਨ ਅਜੋਕੇ ਤੇਜ਼ ਰਫਤਾਰ ਯੁੱਗ ਵਿੱਚ ਹਰ ਮਨੁੱਖ ਨੂੰ ਛੋਟੇ-ਛੋਟੇ ਮਾਨਸਿਕ ਵਿਕਾਰ ਚਿੰਬੜੇ ਹੋਏ ਹਨ ਜੋ ਆਮ ਵੇਖਣ ਵਿੱਚ ਨਹੀਂ ਆਉਂਦੇ ਹਨ ਪਰ ਇਹ ਮਨੁੱਖ ਦੇ ਦਿਮਾਗੀ ਸੰਤੁਲਨ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ ਇਹੋ-ਜਿਹਾ ਹੀ ਇੱਕ ਮਾਨਸਿਕ ਵਿਕਾਰ ਹੈ।

ਇਹ ਵਿਕਾਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ’ਚ ਪਾਇਆ ਜਾਂਦਾ ਹੈ ਪਰ ਇਸ ਦਾ ਪਤਾ ਬਹੁਤ ਘੱਟ ਲੱਗਦਾ ਹੈ। ਜਦੋਂ ਇਹ ਮਾਨਸਿਕ ਵਿਕਾਰ ਆਪਣੀ ਨਿਸ਼ਚਿਤ ਸੀਮਾ ਪਾਰ ਕਰ ਲੈਂਦਾ ਹੈ ਤਾਂ ਇਸ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ। ਇਸ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਇਸ ਦੇ ਅਰਥ ਬਾਰੇ ਜਾਨਣਾ ਜ਼ਰੂਰੀ ਹੈ।

ਮਾਨਸਿਕ ਟੁੱਟ-ਭੱਜ, ਜਿਸ ਨੂੰ ਪੰਜਾਬੀ ਵਿੱਚ ਸੌਖਾ ਜਿਹਾ ਕਹਿ ਸਕਦੇ ਹਾਂ ਮਨ ਦਾ ਟੁੱਟਣਾ ਹੁੰਦਾ ਹੈ। ਇਸ ਰੋਗ ਦਾ ਪੀੜਤ ਵਿਅਕਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਤੇ ਆਪਣੀ ਦੇਖਭਾਲ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਜਾਂ ਕਹਿ ਸਕਦੇ ਹਾਂ ਕਿ ਉਹ ਸਭ ਚੀਜਾਂ ਤੋਂ ਕਿਨਾਰਾ ਕਰ ਲੈਂਦਾ ਹੈ। ਉਹ ਆਪਣੇ ਕੰਮ ਤੋਂ ਜੀਅ ਚਰਾਉਣ ਲੱਗ ਜਾਂਦਾ ਹੈ। ਉਹ ਅੰਦਰੋਂ ਟੁੱਟ ਜਾਂਦਾ ਹੈ ਤੇ ਉਸਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ। ਉਹ ਬੁਝਿਆ-ਬੁਝਿਆ ਜਿਹਾ ਰਹਿਣ ਲੱਗ ਜਾਂਦਾ ਹੈ। ਇਹ ਬਿਮਾਰੀ ਆਮ ਤੌਰ ’ਤੇ ਪੰਦਰਾਂ ਤੋਂ ਤੀਹ ਸਾਲ ਦੇ ਲੋਕਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਜੇਕਰ ਇਸ ਰੋਗ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹਨ:-

  • ਵਿਅਕਤੀ ਕਲਪਨਾ ਤੇ ਯਥਾਰਥ ਵਿੱਚ ਅੰਤਰ ਕਰਨ ਦੀ ਸਮਰੱਥਾ ਗੁਆ ਬੈਠਦਾ ਹੈ।
  • ਉਹ ਆਪਣੀ ਜਿੰਮੇਵਾਰੀ ਤੇ ਆਪਣੀ ਦੇਖਭਾਲ ਕਰਨੀ ਛੱਡ ਦਿੰਦਾ ਹੈ।
  • ਉਸ ਨੂੰ ਇਕੱਲਾ ਰਹਿਣਾ ਤੇ ਇਕਲਾਪਾ ਵਧੀਆ ਲੱਗਦਾ ਹੈ।
  • ਵਿਅਕਤੀ ਆਪਣੇ-ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ ਹੈ ਤੇ ਇਕੱਲਾ ਹੀ ਹੱਸਦਾ ਰਹਿੰਦਾ ਹੈ।
  • ਕਦੇ-ਕਦੇ ਉਸਨੂੰ ਲੱਗਦਾ ਹੈ ਕਿ ਉਸ ਵਿਰੁੱਧ ਲੋਕ ਸਾਜਿਸ਼ਾਂ ਰਚ ਰਹੇ ਹਨ। ਦੋ ਬੰਦੇ ਗੱਲਾਂ ਕਰਦੇ ਉਸਨੂੰ ਲੱਗਦਾ ਹੈ ਕਿ ਉਹ ਉਸ ਵਿਰੁੱਧ ਕੋਈ ਸਾਜਿਸ਼ ਰਚ ਰਹੇ ਹਨ।
  • ਉਸਨੂੰ ਇਕੱਲੇ ਨੂੰ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ ਤੇ ਉਸ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਆਕਿ੍ਰਤੀਆਂ ਦਿਖਾਈ ਦੇਣ ਲੱਗਦੀਆਂ ਹਨ ਜੋ ਹੋਰ ਕਿਸੇ ਨੂੰ ਨਹੀਂ ਦਿਸਦੀਆਂ ਹਨ।
    ਕਦੇ-ਕਦੇ ਉਸਨੂੰ ਲੱਗਦਾ ਹੈ ਕਿ ਕੋਈ ਉਸਦਾ ਸਰੀਰ ਛੂਹ ਰਿਹਾ ਹੈ ਜਾਂ ਕੋਈ ਉਸਨੂੰ ਥਪਥਪਾ ਰਿਹਾ ਹੈ।
  • ਰੋਗੀ ਬਿਨਾਂ ਕਿਸੇ ਕਾਰਨ ਤੋਂ ਆਪਣੇ-ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
  • ਰੋਗੀ ਨੂੰ ਕਦੇ-ਕਦੇ ਲੱਗਦਾ ਹੈ ਕਿ ਕੋਈ ਬਾਹਰੀ ਤਾਕਤ ਉਸਨੂੰ ਕੰਟਰੋਲ ਕਰ ਰਹੀ ਹੈ।
  • ਉਸ ਦੀ ਨੀਂਦ ਤੇ ਦੂਜੀਆਂ ਸਰੀਰਕ ਜਰੂਰਤਾਂ ਵੀ ਵਿਗੜ ਜਾਂਦੀਆਂ ਹਨ।

ਇਸ ਰੋਗ ਦੇ ਸ਼ੁਰੂ ਵਿੱਚ ਵਿਅਕਤੀ ਇਕੱਲਾ ਰਹਿਣ ਲੱਗਦਾ ਹੈ ਤੇ ਫਿਰ ਹੌਲੀ-ਹੌਲੀ ਉਹ ਨਹਾਉਣਾ-ਧੋਣਾ ਤੇ ਸਫਾਈ ਵੱਲ ਧਿਆਨ ਦੇਣਾ ਛੱਡ ਦਿੰਦਾ ਹੈ। ਇਹ ਵੀ ਵੇਖਿਆ ਗਿਆ ਹੈ ਕਿ ਜੇਕਰ ਰੋਗੀ ਵੱਲ ਸਹੀ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਜਾਵੇ ਤਾਂ ਉਹ ਖੁਦਕੁਸ਼ੀ ਵੀ ਕਰ ਸਕਦਾ ਹੈ।

ਇਸ ਲਈ ਜੇਕਰ ਸਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਵਿੱਚ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਉਸ ਦਾ ਕਿਸੇ ਕਾਊਂਸਲਰ ਜਾਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਰੋਗੀ ਲਈ ਥੋੜ੍ਹੀ ਜਿਹੀ ਦੇਰੀ ਕੀਤੀ ਬਹੁਤ ਭਾਰੀ ਪੈ ਸਕਦੀ ਹੈ ਤੇ ਉਸਦਾ ਸਹੀ ਵਕਤ ’ਤੇ ਕੀਤਾ ਇਲਾਜ ਉਸ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ।
ਮਨਜੀਤ ਮਾਨ,
ਸਾਹਨੇਵਾਲੀ (ਮਾਨਸਾ)
ਮੋ.70098-98044

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ