ਵਾਟਰ ਸਪਲਾਈ ਤੇ ਸੈਨੀਟੇਸ਼ਨ ਦਾ ਸੀਨੀਅਰ ਸਹਾਇਕ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਸਤਪਾਲ ਥਿੰਦ, ਫਿਰੋਜ਼ਪੁਰ
ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਵੱਲੋਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਸੀਨੀਅਰ ਸਹਾਇਕ-ਕਮ-ਸੁਪਰਡੈਂਟ ਟੂ ਐਕਸੀਅਨ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਯਸ਼ਪਾਲ ਵਾਸੀ ਜੰਡੀ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਨੇ ਲਿਖਤੀ ਸ਼ਿਕਾਇਤ ਦਿੱਤੀ ਕਿ ਉਸਦੀ ਫ਼ਰਮ ਲੂਥਰਾ ਕੂਲ ਹੋਮ ਫ਼ਿਰੋਜ਼ਪੁਰ ਵੱਲੋਂ ਸਾਲ 2017 ਤੋਂ ਲੈ ਕੇ ਹੁਣ ਤੱਕ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ-1 ਫ਼ਿਰੋਜ਼ਪੁਰ ਅਧੀਨ ਵੱਖ-ਵੱਖ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਅਫ਼ਸਰਾਂ ਦੀਆਂ ਰਿਹਾਇਸ਼ਾਂ ‘ਤੇ ਏਸੀ, ਆਰਓ ਤੇ ਵਾਟਰ ਕੂਲਰਾਂ ਦੀ ਰਿਪੇਅਰ/ਸਰਵਿਸ ਵਗੈਰਾ ਦਾ ਕੰਮ ਕੀਤਾ ਗਿਆ ਸੀ
ਉਕਤ ਕੀਤੇ ਗਏ ਕੰਮਾਂ ਵਿੱਚ ਜਸਵੰਤ ਸਿੰਘ ਨੇ 1 ਲੱਖ 30 ਹਜ਼ਾਰ ਰੁਪਏ ਦੇ ਬਿੱਲ ਦਫ਼ਤਰ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ-1 ਫ਼ਿਰੋਜ਼ਪੁਰ ਵਿਖੇ ਜਮ੍ਹਾ ਕਰਵਾ ਦਿੱਤੇ ਸਨ, ਜਿਸਦਾ ਸੀਨੀਅਰ ਸਹਾਇਕ-ਕਮ-ਸੁਪਰਡੈਂਟ ਟੂ ਐਕਸੀਅਨ ਜਸਮੀਤ ਸਿੰਘ ਕੋਲ ਪੈਂਡਿੰਗ ਪਾਏ ਗਏ ਸ਼ਿਕਾਇਤਕਰਤਾ ਮੁਤਾਬਿਕ ਉਕਤ ਬਿੱਲਾਂ ਤੇ ਹੋਰ ਪੈਂਡਿੰਗ ਰਹਿੰਦੇ ਕਰੀਬ 1 ਲੱਖ ਰੁਪਏ ਦੇ ਬਿੱਲਾਂ ਨੂੰ ਪਾਸ ਕਰਵਾਉਣ ਸਬੰਧੀ ਦੋ ਦਿਨ ਪਹਿਲਾਂ ਜਸਮੀਤ ਸਿੰਘ ਸੀਨੀਅਰ ਸਹਾਇਕ ਨੂੰ ਮਿਲਿਆ ਤਾਂ ਜਸਮੀਤ ਨੇ ਕਿਹਾ, ਤੇਰੇ ਜੋ ਬਿੱਲ ਪੈਂਡਿੰਗ ਪਏ ਹਨ ਤੇ ਬਾਕੀ ਜਿਹੜੇ ਬਿੱਲ ਤੂੰ ਜਮ੍ਹਾ ਕਰਵਾਉਣੇ ਹਨ, ਜੇਕਰ ਸਾਰੇ ਬਿੱਲ ਪਾਸ ਕਰਵਾਉਣੇ ਹਨ ਤਾਂ ਬਿੱਲਾਂ ਦੀ ਪੇਮੈਂਟ ਦੀ ਕੁੱਲ 5 ਫੀਸਦੀ ਰਾਸ਼ੀ ਕਥਿਤ ਤੌਰ ‘ਤੇ ਦੇਣੀ ਪਵੇਗੀ ਤਾਂ ਹੀ ਬਿੱਲ ਐਕਸੀਅਨ ਕੋਲੋਂ ਪਾਸ ਕਰਵਾ ਕੇ ਦੇਵਾਂਗਾ,
ਨਾਲੇ ਬਿੱਲ ਪਾਸ ਕਰਵਾਉਣ ਦੇ ਇਵਜ਼ ਵਿੱਚ ਅਫ਼ਸਰਾਂ ਨੂੰ ਵੀ ਹਿੱਸਾ ਦੇਣਾ ਪੈਂਦਾ ਹੈ ਤੇ ਰਿਸ਼ਵਤ ਲਏ ਤੋਂ ਬਿਨਾਂ ਬਿੱਲ ਪਾਸ ਨਹੀਂ ਕਰਵਾਉਣੇ ਸ਼ਿਕਾਇਤਕਰਤਾ ਜਸਵੰਤ ਸਿੰਘ ਮੁਤਾਬਿਕ ਉਸ ਵੱਲੋਂ ਮਿੰਨਤਾਂ ਤਰਲੇ ਕੱਢਣ ‘ਤੇ ਜਸਮੀਤ ਸਿੰਘ ਉਸ ਕੋਲੋਂ ਰਿਸ਼ਵਤ ਦੀ ਰਕਮ ਕਿਸ਼ਤਾਂ ‘ਚ ਲੈਣ ਲਈ ਤੇ ਪਹਿਲੀ ਕਿਸ਼ਤ ਵਜੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ ਤਾਂ ਇਸ ਸਬੰਧੀ ਉਸ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ‘ਤੇ ਜਸਮੀਤ ਸਿੰਘ ਸੀਨੀਅਰ ਸਹਾਇਕ ਨੂੰ ਜਸਵੰਤ ਸਿੰਘ ਕੋਲੋਂ 15 ਹਜ਼ਾਰ ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਸਰਕਾਰੀ ਗਵਾਹ ਡਾ. ਗੁਰਨੂਰ ਸਿੰਘ ਵੈਟਨਟੀ ਅਫਸਰ ਤੇ ਨਭਦੀਪ ਬਾਂਸਲ ਐੱਸਡੀਓ ਪੀ. ਡਬਲਯੂ. ਡੀ. ਦੀ ਹਾਜ਼ਰੀ ‘ਚ ਵਿਜ਼ੀਲੈਂਸ ਦੀ ਟੀਮ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਐੱਸਐੱਸਪੀ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਜਸਮੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।