ਬਲਰਾਜ ਸਿੰਘ ਸਿੱਧੂ ਐੱਸਪੀ
ਭਾਰਤ ਵਿੱਚ ਇਲੈਕਸ਼ਨ ਇੱਕ ਅਜਿਹਾ ਵਰਤਾਰਾ ਹੈ ਜਿਸ ਦੌਰਾਨ ਦੋ ਕੁ ਮਹੀਨੇ ਨੇਤਾ ਲੋਕਾਂ ਦੇ ਚਰਨੀਂ ਪੈਂਦੇ ਹਨ ਤੇ ਫਿਰ ਪੰਜ ਸਾਲ ਲੋਕ ਨੇਤਾ ਦੇ ਚਰਨਾਂ ਵਿੱਚ ਰੁਲਦੇ ਹਨ। ਭਾਰਤ ਦਾ ਲੋਕਤੰਤਰ ਵੀ ਕਿੰਨੀ ਅਜੀਬ ਸ਼ੈਅ ਹੈ, ਕੱਲ੍ਹ ਦਾ ਇੱਕ ਆਮ ਇਨਸਾਨ ਐਮ. ਐਲ. ਏ., ਐਮ. ਪੀ. ਦੀ ਚੋਣ ਜਿੱਤ ਕੇ ਆਪਣੇ-ਆਪ ਨੂੰ ਰੱਬ ਸਮਝਣ ਲੱਗ ਜਾਂਦਾ ਹੈ। ਉਸ ਦੀ ਕੀ, ਉਸ ਦੇ ਦੂਰ ਦੇ ਰਿਸ਼ਤੇਦਾਰਾਂ ਦੀ ਵੀ ਮੜਕ ਨਹੀਂ ਝੱਲੀ ਜਾਂਦੀ। ਪਰ ਅੱਜ ਆਕੜ ਵਿਖਾਉਣ ਦਾ ਸਮਾਂ ਨਹੀਂ ਹੈ। ਭਾਰਤ ਵਿੱਚ ਪਾਰਲੀਮੈਂਟ ਚੋਣਾਂ ਹੋ ਰਹੀਆਂ ਹਨ। ਅੱਜ ਹਰ ਸਿਆਸੀ ਨੇਤਾ ਨਿਮਰਤਾ ਦੀ ਮੂਰਤ ਬਣ ਕੇ ਆਪਣੇ-ਆਪ ਨੂੰ ਵਿਚਾਰੀ ਭੋਲੀ-ਭਾਲੀ ਜਨਤਾ ਦਾ ਅਸਲ ਸੇਵਾਦਾਰ ਸਾਬਤ ਕਰਨ ‘ਤੇ ਤੁਲਿਆ ਹੋਇਆ ਹੈ। ਛੇ ਮਹੀਨੇ ਪਹਿਲਾਂ ਜਿਹਨਾਂ ਲੀਡਰਾਂ ਨੂੰ ਲੋਕ ਮਿਲਣ ਬਾਰੇ ਸੋਚ ਵੀ ਨਹੀਂ ਸੀ ਸਕਦੇ, ਅੱਜ ਉਹ ਧੂੜ ਭਰੀਆਂ ਸੜਕਾਂ ਤੇ ਗੰਦੀਆਂ ਨਾਲੀਆਂ ਵਾਲੀਆਂ ਗਲੀਆਂ ਦੀ ਧੂੜ ਫੱਕਦੇ ਫਿਰਦੇ ਹਨ। ਵੈਸੇ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦਾ ਖਾਸ ਖਿਆਲ ਰੱਖਣ ਕਿਉਂਕਿ ਹਰੇਕ ਪੰਜ ਸਾਲ ਬਾਅਦ ਉਹਨਾਂ ਨੇ ਇਹਨਾਂ ‘ਤੇ ਹੀ ਘੱਟਾ ਛਾਨਣਾ ਹੁੰਦਾ ਹੈ, ਝਟਕੇ ਘੱਟ ਵੱਜਣਗੇ।
ਅਖਬਾਰਾਂ ਵਿੱਚ ਅਜੀਬੋ-ਗਰੀਬ ਖਬਰਾਂ, ਫੋਟੋਆਂ ਆ ਰਹੀਆਂ ਹਨ। ਜਿਹੜਾ ਨੇਤਾ ਕਿਸੇ ਨਾਲ ਹੱਥ ਵੀ ਨਹੀਂ ਸੀ ਮਿਲਾਉਂਦਾ, ਉਹ ਗਰੀਬਾਂ ਦੇ ਲਿੱਬੜੇ-ਤਿੱਬੜੇ ਜਵਾਕ ਚੁੰਮ ਰਿਹਾ ਹੈ। ਜਿਸ ਦੇ ਗੰਨਮੈਨ ਚੰਗੇ-ਭਲੇ ਮੋਹਤਬਰ ਦੀ ਸਕਿਉਰਟੀ ਦੇ ਨਾਂਅ ‘ਤੇ ਬੇਇੱਜ਼ਤੀ ਕਰ ਦਿੰਦੇ ਸਨ, ਉਹ ਜਣੇ-ਖਣੇ ਨਾਲ ਸੈਲਫੀਆਂ ਖਿਚਾ ਰਿਹਾ ਹੈ। ਜਿਸ ਨੇ ਕਦੇ ਫਾਈਵ ਸਟਾਰ ਤੋਂ ਘੱਟ ਚਾਹ ਨਹੀਂ ਸੀ ਪੀਤੀ, ਉਹ ਮੁਸ਼ਕ ਮਾਰਦੀ ਗੰਦੀ ਨਾਲੀ ਕੋਲ ਖੜ੍ਹੀ ਰੇਹੜੀ ਤੋਂ ਗੋਲ ਗੱਪੇ ਛਕ ਰਿਹਾ ਹੈ ਤੇ ਗਰੀਬਾਂ ਦੀਆਂ ਝੌਂਪੜੀਆਂ ਵਿੱਚ ਜਾ ਕੇ ਭੋਜਨ ਛਕ ਰਿਹਾ ਹੈ। ਕੱਲ੍ਹ ਤੱਕ ਗੰਨਮੈਨਾਂ ਦੀਆਂ ਧਾੜਾਂ ਵਿੱਚ ਘਿਰੇ ਰਹਿਣ ਵਾਲੇ ਲੀਡਰਾਂ ਦੀ ਜਾਨ ਨੂੰ ਖਤਰਾ ਇੱਕਦਮ ਖਤਮ ਹੋ ਗਿਆ ਹੈ, ਉਹ ਸਕਿਉਰਟੀ ਨੂੰ ਪਰਾਂ ਧੱਕ ਕੇ ਲੋਕਾਂ ਨਾਲ ਘੁਲ-ਮਿਲ ਰਹੇ ਹਨ। ਯੂ. ਪੀ. ਦੇ ਇੱਕ ਮੂੰਹ-ਫਟ ਨੇਤਾ ਨੇ ਤਾਂ ਕਮਾਲ ਹੀ ਕਰ ਦਿੱਤੀ। ਪਹਿਲਾਂ ਤਾਂ ਉਸ ਨੇ ਇੱਕ ਵਿਰੋਧੀ ਮਹਿਲਾ ਨੇਤਾ ਬਾਰੇ ਇਖਲਾਕ ਤੋਂ ਗਿਰੀ ਹੋਈ ਟਿੱਪਣੀ ਕੀਤੀ। ਜਦੋਂ ਚੋਣ ਕਮਿਸ਼ਨ ਨੇ ਉਸ ਦੇ ਕੰਨ ਮਰੋੜੇ ਤਾਂ ਹੁਣ ਇਸ ਦੀਆਂ ਨਿਊਜ਼ ਚੈਨਲਾਂ ‘ਤੇ ਰੋਂਦੇ ਹੋਏ ਦੀਆਂ ਵੀਡੀਉ ਚੱਲ ਰਹੀਆਂ ਹਨ। ਇਹ ਜਦੋਂ ਕੁਝ ਸਾਲ ਪਹਿਲਾਂ ਮੰਤਰੀ ਸੀ ਤਾਂ ਇਸ ਦੀ ਇੱਕ ਮੱਝ ਗੁਆਚ ਗਈ ਸੀ। ਜਿੰਨੀ ਦੇਰ ਮੱਝ ਨਹੀਂ ਸੀ ਮਿਲੀ, ਸਾਰੇ ਜਿਲ੍ਹੇ ਦੇ ਅਫਸਰ, ਸਣੇ ਐਸ. ਐਸ. ਪੀ. ਇਸ ਦੇ ਪਿੰਡ ਬੈਠੇ ਰਹੇ ਸਨ। ਹੁਣ ਵੇਖੋ ਸਿਰਫ ਇਲੈਕਸ਼ਨ ਜਿੱਤਣ ਲਈ ਕਿਵੇਂ ਸੁਬਕ ਰਿਹਾ ਹੈ ਇਹੋ-ਜਿਹੇ ਨੇਤਾਵਾਂ ਦੇ ਖੇਖਣ ਵੇਖ ਕੇ ਤਾਂ ਗਿਰਗਿਟ ਵੀ ਸ਼ਰਮ ਨਾਲ ਮਰ ਜਾਵੇ।
ਇਲੈਕਸ਼ਨ ਦੌਰਾਨ ਜਨਤਾ ਨਾਲ ਜੋ ਵਾਅਦੇ ਕੀਤੇ ਹੁੰਦੇ ਹਨ, ਉਹ ਵੋਟਾਂ ਪੈਂਦੇ ਸਾਰ ਭੁਲਾ ਦਿੱਤੇ ਜਾਂਦੇ ਹਨ। ਜਿਹੜੇ ਲੀਡਰਾਂ ਨੇ ਲੋਕਾਂ ਨਾਲ ਧੱਕੇ ਕੀਤੇ ਹੁੰਦੇ ਹਨ, ਉਹ ਵੀ ਜਨਤਾ ਇਲੈਕਸ਼ਨ ਵੇਲੇ ਭੁੱਲ ਜਾਂਦੀ ਹੈ। ਬਹੁਤ ਘੱਟ ਲੋਕ ਘਰ ਵੋਟਾਂ ਮੰਗਣ ਆਏ ਨੇਤਾ ਨੂੰ ਉਸ ਦੀਆਂ ਪੰਜ ਸਾਲ ਦੀਆਂ ਕਰਤੂਤਾਂ ਯਾਦ ਕਰਵਾਉਂਦੇ ਹਨ। ਸਗੋਂ ਲੀਡਰ ਘਰ ਆ ਜਾਵੇ ਤਾਂ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਹੈ। ਪੰਜਾਬ ਵਿੱਚ ਤਾਂ ਇਹ ਗੱਲ ਹੀ ਲੋਕਾਂ ਨੂੰ ਲੈ ਕੇ ਬਹਿ ਗਈ ਹੈ ਕਿ ਛੱਡੋ ਜੀ ਪਿਛਲੀਆਂ ਗੱਲਾਂ, ਹੁਣ ਅਗਲਾ ਘਰ ਈ ਆ ਗਿਆ। ਅੱਜ ਲੋਕ ਜੋ ਭੱਜ-ਭੱਜ ਕੇ ਲੀਡਰਾਂ ਨਾਲ ਸੈਲਫੀਆਂ ਖਿਚਾ ਰਹੇ ਹਨ, ਜੱਫੀਆਂ ਪਾ ਰਹੇ ਹਨ, ਸਨਮਾਨ ਕਰ ਰਹੇ ਹਨ, ਉਹੀ ਜਦੋਂ ਇਹਨਾਂ ਨਿਮਰਤਾ ਦੀ ਮੂਰਤ ਬਣੇ ਨੇਤਾਵਾਂ ਨੂੰ ਕਿਸੇ ਕੰਮ ਲਈ ਮਿਲਣ ਜਾਣਗੇ ਤਾਂ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪਵੇਗਾ, ਗੰਨਮੈਨਾਂ ਤੋਂ ਧੱਕੇ ਖਾਣੇ ਪੈਣਗੇ। ਕਦੇ ਕਿਸੇ ਗਰੀਬ ਵੋਟਰ ਨੇ ਕਿਸੇ ਲੀਡਰ ਦੇ ਘਰ ਬਰੇਕਫਾਸਟ ਜਾਂ ਡਿਨਰ ਕੀਤਾ ਹੈ?
ਲੀਡਰ ਲੋਕਾਂ ਦੀ ਨਸ-ਨਸ ਤੋਂ ਵਾਕਿਫ ਹੁੰਦੇ ਹਨ। ਉਹ ਲੀਡਰ ਹੀ ਕੀ ਜੋ ਜਨਤਾ ਦੀ ਨਬਜ਼ ਨਾ ਪਹਿਚਾਣੇ। ਲੀਡਰਾਂ ਨੂੰ ਸਭ ਪਤਾ ਹੁੰਦਾ ਹੈ ਕਿ ਵੋਟਰਾਂ ਨੂੰ ਕਿਵੇਂ ਖੁਸ਼ ਕਰਨਾ ਹੈ। ਕਿਸੇ ਦੇ ਘਰ ਜਾ ਕੇ, ਕਿਸੇ ਦੇ ਪੈਰੀਂ ਹੱਥ ਲਾ ਕੇ, ਕਿਸੇ ਨੂੰ ਪੁਰਾਣੇ ਸਬੰਧਾਂ ਦਾ ਵਾਸਤਾ ਦੇ ਕੇ, ਕਿਸੇ ਨੂੰ ਪੈਸੇ-ਸ਼ਰਾਬ ਦਾ ਲਾਲਚ ਦੇ ਕੇ ਤੇ ਕਿਸੇ ਨਾਲ ਅਹੁਦਾ ਦੇਣ ਦਾ ਵਾਅਦਾ ਕਰ ਕੇ ਉਹ ਲੋਕਾਂ ਨੂੰ ਮਨਾ ਹੀ ਲੈਂਦੇ ਹਨ। ਚੋਣਾਂ ਵਿੱਚ ਲੀਡਰ ਹਮੇਸ਼ਾ ਗਰੀਬ ਬਸਤੀਆਂ ਦਾ ਰੁਖ਼ ਕਰਦੇ ਹਨ। ਕਿਉਂਕਿ ਉਹਨਾਂ ਨੂੰ ਗਿਆਨ ਹੈ ਕਿ ਅਮੀਰ ਦੀ 500 ਗਜ਼ ਦੀ ਕੋਠੀ ਵਿੱਚ ਸਿਰਫ ਦੋ ਵੋਟਾਂ ਹੋਣਗੀਆਂ, ਉਹ ਵੀ ਗਰਮੀ ਕਾਰਨ ਪਾਉਣ ਨਹੀਂ ਜਾਣਗੇ। ਜਦੋਂ ਕਿ ਗਰੀਬ ਬਸਤੀ ਦੇ 500 ਗਜ਼ ਏਰੀਆ ਵਿੱਚ 50 ਵੋਟਾਂ ਹੋਣਗੀਆਂ ਤੇ ਸਾਰੀਆਂ ਭੁਗਤਣਗੀਆਂ।
ਸਾਡੇ ਲੋਕ ਬਹੁਤ ਭੋਲੇ ਹਨ, ਝੱਟ ਪਸੀਜ ਜਾਂਦੇ ਹਨ। ਜਦੋਂ ਲੀਡਰ ਵੋਟਾਂ ਮੰਗਣ ਆਵੇ ਤਾਂ ਘੱਟੋ-ਘੱਟ ਪਿਛਲੇ ਕੀਤੇ ਵਾਅਦੇ ਤਾਂ ਯਾਦ ਕਰਵਾਉਣੇ ਚਾਹੀਦੇ ਹਨ। ਪੰਜਾਬ ਵਿੱਚ ਖਾਸ ਕਰ ਕੇ ਲੋਕ ਲੀਡਰਾਂ ਤੋਂ ਸਾਂਝੇ ਕੰਮ ਕਰਵਾਉਣ ਦੀ ਬਜਾਏ ਨਿੱਜੀ ਕੰਮ ਕਰਵਾਉਣ ਨੂੰ ਜ਼ਿਆਦਾ ਤਰਜ਼ੀਹ ਦਿੰਦੇ ਹਨ। ਲੋਕਾਂ ਦੀ ਪਹਿਲੀ ਮੰਗ ਹੁੰਦੀ ਹੈ ਅਸਲੇ ਦਾ ਲਾਇਸੰਸ ਬਣਾ ਕੇ ਦਿਉ। ਅਜਿਹੇ ਕੰਮ ਕਰਵਾਉਣੇ ਲੀਡਰ ਵਾਸਤੇ ਚੁਟਕੀ ਦਾ ਕੰਮ ਹੈ, ਸਿਰਫ ਡੀ. ਸੀ. ਨੂੰ ਫੋਨ ਹੀ ਤਾਂ ਕਰਨਾ ਹੈ। ਨਿੱਜੀ ਕੰਮਾਂ ਦੇ ਅਹਿਸਾਨ ਥੱਲੇ ਦੱਬਿਆ ਬੰਦਾ ਸਿਰ ਚੁੱਕਣ ਦੀ ਹਿੰਮਤ ਨਹੀਂ ਕਰਦਾ। ਅੱਜ ਜਿਹੜੇ ਲੀਡਰ ਕਮਾਨ ਵਾਂਗ ਝੁਕ ਕੇ ਲੋਕਾਂ ਨੂੰ ਮਿਲ ਰਹੇ ਹਨ, ਉਹਨਾਂ ਦੀ ਹਾਲਤ ਚੋਣ ਜਿੱਤਣ ਤੋਂ ਬਾਅਦ ਵੇਖਣਯੋਗ ਹੋਵੇਗੀ। ਧੌਣ ਕਿਰਲੇ ਵਾਂਗ ਆਕੜ ਜਾਵੇਗੀ, ਗੰਨਮੈਨਾਂ ਵਿੱਚ ਘਿਰੇ ਇਹਨਾਂ ਲੀਡਰਾਂ ਨੂੰ ਆਪਣੇ ਹੀ ਲੋਕਾਂ ਤੋਂ ਖਤਰਾ ਪੈਦਾ ਹੋ ਜਾਵੇਗਾ, ਚੰਗੇ-ਭਲੇ ਬੰਦੇ ਤੋਂ ਮੁਸ਼ਕ ਆਉਣੀ ਸ਼ੁਰੂ ਹੋ ਜਾਵੇਗੀ। ਇਹਨਾਂ ਨੂੰ ਮਿਲਣ ਲਈ ਰੀਡਰ, ਪੀ. ਏ., ਸਟੈਨੋ, ਅਰਦਲੀ ਤੇ ਗੰਨਮੈਨਾਂ ਆਦਿ ਕਈਆਂ ਤੋਂ ਇਜਾਜ਼ਤ ਲੈਣੀ ਪਵੇਗੀ। ਇਹੀ ਲੀਡਰ ਜੋ ਅੱਜ ਤੁਹਾਡੇ ਵਿੱਚ ਵੱਜਦੇ ਫਿਰਦੇ ਹਨ, ਦੋ-ਦੋ ਮਹੀਨੇ ਨਹੀਂ ਮਿਲਣਗੇ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।