ਵਿਗਿਆਨ ਨੇ ਕੀਤਾ ਮਨੁੱਖੀ ਜੀਵਨ ਸੁਖਾਲਾ
ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿੱਚ ਵਿਗਿਆਨ ਦਾ ਬੋਲਬਾਲਾ ਹੈ। ਹਰ ਰੋਜ਼ ਇਹੋ ਜਿਹੀਆਂ ਨਵੀਆਂ ਵਿਗਿਆਨਕ ਕਾਢਾਂ ਹੋ ਰਹੀਆਂ ਹਨ ਜੋ ਮਨੁੱਖੀ ਜੀਵਨ ਨੂੰ ਦਿਨ-ਬ-ਦਿਨ ਸੁਖਾਲਾ ਕਰ ਰਹੀਆਂ ਹਨ। ਵਿਗਿਆਨ ਦੀ ਇਸੇ ਮਹੱਤਤਾ ਅਤੇ ਜ਼ਰੂਰਤ ਨੂੰ ਦਰਸਾਉਣ ਦੇ ਨਾਲ ਨਾਲ ਵਿਗਿਆਨੀਆਂ ਦੀ ਕਰੜੀ ਮਿਹਨਤ ਨੂੰ ਸਨਮਾਨ ਦੇਣ ਲਈ ਸਾਡੇ ਦੇਸ਼ ਵਿੱਚ ਹਰ ਸਾਲ 28 ਫਰਵਰੀ ਨੂੰ ਰਾਸਟਰੀ ਵਿਗਿਆਨ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰਸਿੱਧ ਭਾਰਤੀ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਮਨ (ਸੀ.ਵੀ.ਰਮਨ) ਨੇ ਉਨ੍ਹਾਂ ਵੱਲੋਂ ਕੀਤੀ ਗਈ ਮਹਾਨ ਖੋਜ ਰਮਨ ਪ੍ਰਭਾਵ (ਇਸ ਖੋਜ ਦਾ ਸਿੱਧਾ ਸੰਬੰਧ ਪ੍ਰਕਾਸ਼ ਦੇ ਖਿੰਡਣ ਨਾਲ ਸੀ, ਜਦੋਂ ਪਾਰਦਰਸ਼ੀ ਮਾਧਿਅਮ ਵਿੱਚੋਂ ਲੰਘਣ ਵਾਲੇ ਪ੍ਰਕਾਸ਼ ਦਾ ਉਸ ਰਾਹੀਂ ਖਿੰਡਾਅ ਹੁੰਦਾ ਹੈ ਤਾਂ ਉਸ ਦੀ ਆਵਰਿਤੀ ਉਦੋਂ ਵੀ ਬਦਲ ਜਾਂਦੀ ਹੈ) ਦੀ ਘੋਸ਼ਣਾ ਕੀਤੀ ਸੀ। ਇਸ ਖੋਜ ਦਾ ਮਹਾਨ ਦਿਨ 28 ਫਰਵਰੀ1928 ਸੀ।
ਭਾਰਤ ਸਰਕਾਰ ਨੇ ਰਾਸਟਰੀ ਵਿਗਿਆਨ ਤਕਨੀਕੀ ਸੰਚਾਰ ਪ੍ਰੀਸ਼ਦ ਐੱਮ.ਸੀ ਐੱਸ.ਟੀ.ਸੀ. ਦੀ ਅਪੀਲ ਨੂੰ ਸਵੀਕਾਰਦਿਆਂ ਇਹ ਇਤਿਹਾਸਿਕ ਫੈਸਲਾ ਲਿਆ ਕਿ ਹਰ ਸਾਲ 28 ਫਰਵਰੀ ਨੂੰ ਸੀ.ਵੀ. ਰਮਨ ਦੀ ਇਤਿਹਾਸਕ ਖੋਜ ‘ਰਮਨ ਪ੍ਰਭਾਵ’ ਲਈ ਇਸ ਦਿਨ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਤੌਰ ’ਤੇ ਮਨਾਇਆ ਜਾਵੇਗਾ। ਇਸ ਤਹਿਤ ਸਭ ਤੋਂ ਪਹਿਲਾਂ 28 ਫਰਵਰੀ 1987 ਨੂੰ ਪਹਿਲੀ ਵਾਰ ‘ਰਾਸ਼ਟਰੀ ਵਿਗਿਆਨ ਦਿਵਸ’ ਮਨਾਇਆ ਗਿਆ।
ਇਸੇ ਲੜੀ ਤਹਿਤ ਵਰਤਮਾਨ ਸਾਲ ਵਿੱਚ ਵੀ 22-28 ਫਰਵਰੀ ਨੂੰ ‘ਵਿਗਿਆਨਕ ਸੰਚਾਰ ਹਫਤਾ’ ਪੂਰੇ ਭਾਰਤ ਵਿਚ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦੀ ਵਿਗਿਆਨਿਕ ਸਲਾਹਕਾਰ ਕਮੇਟੀ ਵੱਲੋਂ ਦਿੱਤੀ ਸਲਾਹ ਅਤੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਵਸ ‘ਵਿਗਿਆਨ ਸਰਵਤਰੇ ਪੂਜਯਤੇ’ ਦੀ ਥੀਮ ‘ਤੇ ਆਧਾਰਿਤ ਹੋਵੇਗਾ। ਇਸ ਮਹਾਨ ਦਿਨ ਨੂੰ ਮਨਾਉਣ ਲਈ ਪੂਰੇ ਭਾਰਤ ਵਿਚ 75 ਸਥਾਨਾਂ ਦੀ ਚੋਣ ਹੋਈ ਹੈ। ਜਿਨ੍ਹਾਂ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ’ਚ ਵਿਦਿਆਰਥੀਆਂ ਨੂੰ ਵਿਗਿਆਨ ਦੇ ਇਤਿਹਾਸਿਕ ਪਿਛੋਕੜ ਦੇ ਨਾਲ ਨਾਲ ਨਵੀਆਂ ਵਿਗਿਆਨਕ ਕਾਢਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ।
ਜੇਕਰ ਪੰਜਾਬ ਦੇ ਚੁਣੇ ਹੋਏ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅੰਮਿ੍ਰਤਸਰ, ਜਲੰਧਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚ ਪਾਣੀ ਸੰਭਾਲ ਦੀਆਂ ਤਕਨੀਕਾਂ, ਬਾਇਓ ਤਕਨਾਲੋਜੀ ਲੈਬਾਰਟਰੀਆਂ, ਹਾਈਡ੍ਰੋਪੋਨਿਕਸ ਇਕਾਈਆਂ, ਪੌਲੀ ਹਾਊਸ ਇਕਾਈਆਂ ਅਤੇ ਕੁਦਰਤੀ ਖੇਤੀ ਦੇ ਪਲਾਟ ਦੀਆਂ ਪ੍ਰਦਰਸ਼ਨੀਆਂ ਖ਼ਾਸ ਆਕਰਸ਼ਣ ਰਹਿਣਗੀਆਂ।
ਸੋ ਲੋੜ ਹੈ ‘ਰਾਸ਼ਟਰੀ ਗਿਆਨ ਦਿਵਸ‘ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਇਸ ਨੂੰ ਸਾਰਥਕ ਬਣਾਉਣ ਦੀ ਕਿਉਂਕਿ ਵਿਗਿਆਨ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਸੰਭਵ ਨਹੀਂ ਹੈ।
ਰਮਨਦੀਪ ਸ਼ਰਮਾ
(ਸਾਇੰਸ ਮਾਸਟਰ)ਮ
ਮੋਬ. 9464519891 ਸ.ਹ.ਸ. ਕੜਮਾਂ, ਫਿਰੋਜਪੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ