ਸਰਪੰਚਾਂ ਦਾ ਦਾਅਵਾ : ‘ਪੰਜ ਪਿੰਡਾਂ ਦੀ ਜ਼ਮੀਨ ਸਾਰੀ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਐਕਵਾਇਰ ਕੀਤੀ ਗਈ’
ਆਖਿਆ, ਵਿਰੋਧੀ ਸਿਰਫ਼ ਪੈਸੇ ਹੋਰ ਲੈਣ ਦੇ ਲਾਲਚ ਵਿਚ ਕਰ ਰਹੇ ਹਨ ਦੁਸ਼ਪ੍ਰਚਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਘਨੌਰ ਹਲਕੇ ਦੇ ਪੰਜ ਪਿੰਡਾਂ ਵਿਚ ਜ਼ਮੀਨ ਐਕਵਾਇਰ ਕਰਨ ਵੇਲੇ ਸਾਰੀ ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਹੈ ਤੇ ਸਾਰੇ ਯੋਗ ਲਾਭਪਾਤਰਾਂ ਨੂੰ ਬਣਦਾ ਮੁਆਵਜ਼ਾ ਵੀ ਮਿਲਿਆ ਹੈ। ਇਹ ਦਾਅਵਾ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਹੋਰ ਮੋਹਤਬਰਾਂ ਨੇ ਕੀਤਾ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਸੰਗਤ ਸਿੰਘ ਸਰਪੰਚ ਤਖਤੂਮਾਜਰਾ, ਸਰਪੰਚ ਜਗਰੂਪ ਸਿੰਘ ਸੇਹਰਾ, ਹਰਜਿੰਦਰ ਸਿੰਘ ਆਕੜੀ ਸਰਪੰਚ, ਮਨਜੀਤ ਸਿੰਘ ਸੇਹਰਾ ਅਤੇ ਸਤਨਾਮ ਸਿੰਘ ਢਿੱਲੋਂ ਸੇਹਰੀ ਨੇ ਦੱਸਿਆ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਤੇ ਸਾਰੇ ਲਾਭਪਾਤਰੀਆਂ ਬਣਦਾ 9-9 ਲੱਖ ਰੁਪਏ ਉਜਾੜਾ ਭੱਤਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਇਹ ਦਾਅਵਾ ਕਰ ਰਹੇ ਹਨ, ਅਸਲ ਵਿਚ ਉਹ ਪਿਛਲੇ ਇਕ ਸਾਲ ਤੋਂ ਚੁੱਪ ਸਨ ਤੇ ਹੁਣ ਕੁਝ ਰਾਜਸੀ ਚਾਹਤ ਰੱਖਣ ਵਾਲਿਆਂ ਦੀ ਸ਼ਹਿ ’ਤੇ ਪਿਛਲੇ ਇੱਕ ਮਹੀਨੇ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼ਾਮਲਾਟ ਜ਼ਮੀਨ ਦੇ ਕਾਸ਼ਤਕਾਰ ਸਨ, ਉਨ੍ਹਾਂ ਨੂੰ ਮੁਆਵਜ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਇੱਕ ਵਿਅਕਤੀ ਸਵਾ ਤਿੰਨ ਲੱਖ ਰੁਪਏ ਭਰਨ ਦੇ ਦਾਅਵੇ ਕਰ ਰਿਹਾ ਹੈ, ਉਸਨੇ ਕਦੇ ਵੀ ਜ਼ਮੀਨ ਚਕੋਤੇ ’ਤੇ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਚਾਰ ਵਾਰ ਪੜਤਾਲ ਹੋ ਚੁੱਕੀ ਹੈ ਤੇ ਹਰ ਵਾਰ ਉਨ੍ਹਾਂ ਵੱਲੋਂ ਅਪਣਾਈ ਗਈ ਪ੍ਰਕਿਰਿਆ ਸਹੀ ਨਿਕਲਦੀ ਹੈ। ਉਨ੍ਹਾਂ ਨੇ ਸਰਪੰਚਾਂ ਵੱਲੋਂ ਰਿਕਾਰਡ ਨਾ ਦੇਣ ਦੇ ਦੋਸ਼ ਵੀ ਨਕਾਰੇ ਤੇ ਕਿਹਾ ਕਿ ਜੇਕਰ ਅਸੀਂ ਰਿਕਾਰਡ ਨਾ ਦਿੰਦੇ ਤਾਂ ਸਰਕਾਰ ਸਾਨੂੰ ਸਸਪੈਂਡ ਨਾ ਕਰ ਦਿੰਦੀ। ਉੁਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਸ਼ਾਮਲਾਟ ਦੀ ਬੋਲੀ ਲਗਾਈ ਜਾਂਦੀ ਹੈ, ਉਸ ਦੀ ਬਕਾਇਦਾ ਵੀਡੀਓਗ੍ਰਾਫ਼ੀ ਹੁੰਦੀ ਹੈ ਤੇ ਸਾਰਾ ਰਿਕਾਰਡ ਮੌਜ਼ੂਦ ਹੈ।
ਸਰਕਾਰ ਵੱਲੋਂ ਪੰਚਾਇਤਾਂ ਨੂੰ ਮਿਲਿਆ ਪੈਸਾ ਗਲਤ ਖਰਚ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਦੱਸਿਆ ਕਿ ਜਿਹੜੇ ਸਕੂਲ ਦੇ ਉਹ 21 ਕਮਰੇ ਦੱਸ ਰਹੇ ਹਨ, ਅਸਲ ਵਿਚ ਉਥੇ ਸਿਰਫ 8 ਕਮਰੇ ਹਨ। ਇਸੇ ਤਰੀਕੇ ਜੋ ਵੀ ਉਨ੍ਹਾਂ ਦੇ ਕੰਮ ਕੀਤੇ ਹਨ ਤਾਂ ਪਿੰਡ ਵਾਸੀਆਂ ਦੀ ਭਲਾਈ ਲਈ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਪੰਚ ਕੋਲ ਪੈਸਾ ਖਰਚਣ ਦੀ ਇਕ ਹੱਦ ਹੁੰਦੀ ਹੈ ਅਤੇ ਅਜਿਹੇ ਸਾਰਾ ਪੈਸਾ ਗਲਤ ਖਰਚਣ ਦੇ ਦੋਸ਼ ਬਿਲਕੁਲ ਨਿਰਾਧਾਰ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ